“ਦੋਵਾਂ ਮਾਮਲਿਆਂ ਨੂੰ ਵਾਚਿਆ ਜਾਵੇ ਤਾਂ ਇਹ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਦੀ ਵੱਡੀ ...”
(10 ਨਵੰਬਰ 2024)
ਉਲੰਪਿਕ ਖੇਡਾਂ ਸੰਸਾਰ ਪੱਧਰ ਦਾ ਵੱਡਾ ਟੂਰਨਾਮੈਂਟ ਹੁੰਦਾ ਹੈ ਜਿਸ ਵਿੱਚ ਦੁਨੀਆਂ ਭਰ ਦੇ ਸਰਵਉੱਚ ਸ਼੍ਰੇਸਟ ਖਿਡਾਰੀ ਤੇ ਅਥਲੀਟ ਭਾਗ ਲੈਂਦੇ ਹਨ। ਇਸ ਵਰ੍ਹੇ ਹੋਈਆਂ ਇਹਨਾਂ ਖੇਡਾਂ ਦੌਰਾਨ ਛਿੜੇ ਵਿਵਾਦਾਂ ਨੇ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਵਿੱਚ ਨਿਰਾਸਤਾ ਪੈਦਾ ਕਰ ਦਿੱਤੀ ਹੈ। ਖੇਡਾਂ ਦਾ ਸੰਚਾਲਨ ਕਰਨ ਵਾਲੀ ਸੰਸਥਾ ਅੰਤਰਰਾਸ਼ਟਰੀ ਉਲੰਪਿਕ ਕਮੇਟੀ ’ਤੇ ਵੀ ਕਈ ਸਵਾਲ ਖੜ੍ਹੇ ਹੋ ਗਏ ਹਨ। ਹੁਣ ਇਹ ਸੰਸਥਾ ਕਿਵੇਂ ਆਪਣਾ ਵਿਸ਼ਵਾਸ ਮੁੜ ਹਾਸਲ ਕਰੇਗੀ, ਇਹ ਵੀ ਵੱਡਾ ਸਵਾਲ ਹੈ।
ਅੰਤਰਰਾਸ਼ਟਰੀ ਉਲੰਪਿਕ ਕਮੇਟੀ ਇੱਕ ਫਰਾਂਸੀਸੀ ਸੰਮਤੀ ਹੈ, ਜਿਸਦਾ ਮੁੱਖ ਦਫਤਰ ਸਵਿਟਜ਼ਰਲੈਂਡ ਦੇ ਸ਼ਹਿਰ ਲੁਸਾਨੇ ਵਿੱਚ ਸਥਿਤ ਹੈ। ਇਸ ਵਿੱਚ ਦੁਨੀਆਂ ਭਰ ਵਿੱਚੋਂ 205 ਰਾਸ਼ਟਰ ਪੱਧਰ ਦੀਆਂ ਉਲੰਪਿਕ ਕਮੇਟੀਆਂ ਸ਼ਾਮਲ ਹਨ। ਹਰ ਚਾਰ ਸਾਲ ਬਾਅਦ ਇਹ ਕਮੇਟੀ ਵੱਖ ਵੱਖ ਦੇਸ਼ਾਂ ਵਿੱਚ ਖੇਡਾਂ ਕਰਵਾਉਂਦੀ ਹੈ। ਇਸ ਕਮੇਟੀ ਦਾ ਮੌਜੂਦਾ ਪ੍ਰਮੁੱਖ ਪ੍ਰਧਾਨ ਸ੍ਰੀ ਜੈਕਸ ਰੋਗੇ ਹੈ, ਜੋ ਬੈਲਜੀਅਮ ਦਾ ਨਾਗਰਿਕ ਹੈ। ਇਸ ਤੋਂ ਇਲਾਕਾ ਪ੍ਰਧਾਨਾਂ ਵਿੱਚ ਜਰਮਨੀ ਦਾ ਸ੍ਰੀ ਥਾਮਸ ਬਾਕ, ਚੀਨ ਦਾ ਯੂ ਜੈਕਿੰਗ ਅਤੇ ਸਪੇਨ ਦੇ ਯੂਆਨ ਇਟੈਨਿਓ ਤੇ ਸਮਰੰਚ ਸੈਲਿਸਿਜ ਹਨ। ਇੱਥੇ ਇਹ ਵੀ ਦੱਸਣਾ ਕੁਥਾਂ ਨਹੀਂ ਹੋਵੇਗਾ ਕਿ ਖੇਡਾਂ ਦਾ ਇਤਿਹਾਸ ਭਾਵੇਂ ਤਿੰਨ ਹਜ਼ਾਰ ਸਾਲ ਪੁਰਾਣਾ ਹੈ ਅਤੇ ਦੁਨੀਆਂ ਭਰ ਵਿੱਚ ਸੈਂਕੜੇ ਕਿਸਮ ਦੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ ਪਰ ਉਲੰਪਿਕ ਵਿੱਚ 32 ਕਿਸਮ ਦੀਆਂ ਖੇਡਾਂ ਨੂੰ ਪ੍ਰਵਾਨਗੀ ਮਿਲੀ ਹੋਈ ਹੈ। ਇਸੇ ਵਰ੍ਹੇ 26 ਜੁਲਾਈ ਤੋਂ 11 ਅਗਸਤ ਤਕ ਇਹ ਉਲੰਪਿਕ ਖੇਡਾਂ ਫਰਾਂਸ ਦੇ ਸ਼ਹਿਰ ਪੈਰਿਸ ਵਿੱਚ ਹੋਈਆਂ ਸਨ, ਜਿਹਨਾਂ ਵਿੱਚ ਭਾਰਤ ਦੇ ਖਿਡਾਰੀਆਂ ਨੇ ਚੰਗਾ ਪ੍ਰਦਾਸ਼ਨ ਕਰਦਿਆਂ 6 ਤਗਮੇਂ ਹਾਸਲ ਕੀਤੇ ਸਨ।
ਇਹਨਾਂ ਖੇਡਾਂ ਵਿੱਚ ਪਹਿਲਾ ਵਿਵਾਦ ਭਾਰਤ ਦੀ ਖਿਡਾਰਨ ਵਿਨੇਸ਼ ਫੋਗਾਟ ਦੀ ਕੁਸ਼ਤੀ ਨੂੰ ਲੈ ਕੇ ਛਿੜਿਆ ਸੀ। ਵਿਨੇਸ਼ ਕਈ ਸਾਲਾਂ ਦੀ ਮਿਹਨਤ ਸਦਕਾ ਏਸ਼ੀਆਈ ਤੇ ਰਾਸ਼ਟਰਮੰਡਲ ਖੇਡਾਂ ਵਿੱਚ ਸੋਨੇ ਦੇ ਤਗਮੇ ਜਿੱਤਣ ਉਪਰੰਤ ਉਲੰਪਿਕ ਲਈ ਚੁਣੀ ਗਈ ਸੀ। ਉਸਨੇ 50 ਕਿਲੋਗ੍ਰਾਮ ਕੁਸ਼ਤੀ ਮੁਕਾਬਲੇ ਵਿੱਚ ਭਾਗ ਲਿਆ। ਉਸ ਨੂੰ ਕਿਹਾ ਗਿਆ ਕਿ ਉਸਦਾ ਭਾਰ ਇੱਕ ਸੌ ਗਰਾਮ ਵੱਧ ਹੈ, ਉਸਨੇ ਰਾਤ ਭਰ ਭਾਰ ਘਟਾਉਣ ਲਈ ਮਿਹਨਤ ਵੀ ਕੀਤੀ। ਭਾਰ ਘੱਟ ਹੋਇਆ ਜਾਂ ਨਾ, ਪਰ ਉਲੰਪਿਕ ਕਮੇਟੀ ਨੇ ਉਸ ਨੂੰ ਕੁਸ਼ਤੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ। ਸੈਮੀ ਫਾਈਨਲ ਵਿੱਚ ਉਸ ਨੇ ਕਿਊਬਾ ਦੀ ਪਹਿਲਵਾਨ ਵਾਈ ਗੂਜਮੈਨ ਲੋਪੇਜ਼ ਨੂੰ ਹਰਾਇਆ, ਪਰ ਫਿਰ ਫਾਈਨਲ ਮੈਚ ਖੇਡਣ ਲਈ ਕਮੇਟੀ ਨੇ ਲੋਪੇਜ਼ ਨੂੰ ਮੈਦਾਨ ਵਿੱਚ ਉਤਾਰ ਕੇ ਅਮਰੀਕਾ ਦੀ ਸਾਰਾ ਐਨ ਇਲਡਰਬ੍ਰਾਂਟ ਨਾਲ ਕੁਸ਼ਤੀ ਕਰਵਾਈ। ਇਸ ਮੁਕਾਬਲੇ ਵਿੱਚ ਇਲਡਰਬ੍ਰਾਂਟ ਨੂੰ ਜਿੱਤ ਪ੍ਰਾਪਤ ਹੋ ਗਈ ਤੇ ਸੋਨੇ ਦਾ ਤਮਗਾ ਉਸਨੇ ਹਾਸਲ ਕੀਤਾ। ਜੇਕਰ ਵਿਨੇਸ਼ ਦੀ ਕੁਸ਼ਤੀ ਕਰਵਾਈ ਜਾਂਦੀ ਤਾਂ ਉਹ ਸੋਨੇ ਦਾ ਤਗਮਾ ਅਵੱਸ਼ ਜਿੱਤ ਲੈਂਦੀ ਅਤੇ ਭਾਰਤ ਦੇ ਤਗਮਿਆਂ ਦੀ ਗਿਣਤੀ 7 ਹੋ ਸਕਦੀ ਸੀ।
ਇਸ ਤੋਂ ਬਾਅਦ ਇਹ ਮੁੱਦਾ ਪੂਰਾ ਭਖਿਆ ਰਿਹਾ ਕਿ ਜੇਕਰ ਵਿਨੇਸ਼ ਦਾ ਭਾਰ ਸੌ ਗਰਾਮ ਵੱਧ ਸੀ ਤਾਂ ਉਸ ਨੂੰ ਪਹਿਲਾਂ ਕੁਸ਼ਤੀ ਕਰਨ ਦੀ ਪ੍ਰਵਾਨਗੀ ਹੀ ਕਿਉਂ ਦਿੱਤੀ ਗਈ। ਜੇਕਰ ਭਾਰ ਸਹੀ ਸੀ ਤਾਂ ਜਿੱਤਣ ਤੋਂ ਬਾਅਦ ਅਜਿਹਾ ਦੋਸ਼ ਕਿਉਂ ਲਾਇਆ ਗਿਆ। ਇਸ ਤੋਂ ਸਪਸ਼ਟ ਹੁੰਦਾ ਸੀ ਕਿ ਵਿਨੇਸ਼ ਨਾਲ ਧੋਖਾ ਕੀਤਾ ਗਿਆ ਹੈ। ਇਸ ਧੋਖੇ ਸਦਕਾ ਭਾਰਤ ਦੇ ਹਿਰਦੇ ਵਲੂੰਧਰੇ ਗਏ ਅਤੇ ਦੇਸ਼ ਦੀ ਸੰਸਦ ਵਿੱਚ ਵੀ ਇਹ ਮੁੱਦਾ ਜ਼ੋਰ ਸ਼ੋਰ ਨਾਲ ਉਠਾਇਆ ਗਿਆ। ਇੱਥੇ ਹੀ ਵੱਸ ਨਹੀਂ, ਦੁਨੀਆਂ ਭਰ ਦੇ ਖਿਡਾਰੀਆਂ ਤੇ ਖੇਡ ਪ੍ਰੇਮੀਆਂ ਵਿੱਚ ਨਿਰਾਸਤਾ ਫੈਲ ਗਈ ਅਤੇ ਉਹਨਾਂ ਗੁੱਸਾ ਵੀ ਪ੍ਰਗਟ ਕੀਤਾ।
ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਸੰਸਾਰਕ ਸੰਸਥਾ ਯੂਨਾਈਟਿਡ ਵਰਲਡ ਰੈਸਲਿੰਗ ਦੇ ਨਿਯਮਾਂ ਮੁਤਾਬਕ ਜੇ ਕੁਝ ਗਰਾਮ ਭਾਰ ਵੱਧ ਹੋਵੇ ਤਾਂ ਉਹ ਵਰਜਿਸ ਕਰਕੇ, ਭੱਜ ਕੇ ਜਾਂ ਸਾਈਕਲ ਚਲਾ ਕੇ ਭਾਰ ਘਟਾ ਕੇ ਦੁਬਾਰਾ ਤੁਲਾਈ ਕੀਤੀ ਜਾ ਸਕਦੀ ਹੈ, ਪਰ ਵਿਨੇਸ਼ ਦੇ ਮਾਮਲੇ ਵਿੱਚ ਪਹਿਲਾਂ ਵਾਲੀ ਤੁਲਾਈ ਨੂੰ ਆਧਾਰ ਬਣਾਇਆ ਗਿਆ। ਇਹ ਖੁਸ਼ੀ ਦਾ ਗੱਲ ਸੀ ਕਿ ਭਾਵੇਂ ਉਸ ਨੂੰ ਕੁਸ਼ਤੀ ਮੁਕਾਬਲੇ ਤੋਂ ਦੂਰ ਕਰ ਦਿੱਤਾ ਗਿਆ, ਪਰ ਭਾਰਤੀ ਲੋਕਾਂ ਨੇ ਉਸ ਨੂੰ ਉਲੰਪਿਕ ਜੇਤੂ ਖਿਡਾਰੀਆਂ ਵਾਲਾ ਮਾਣ ਸਨਮਾਨ ਦਿੱਤਾ। ਹਰਿਆਣਾ ਸਰਕਾਰ ਨੇ ਜੇਤੂ ਖਿਡਾਰੀ ਵਾਲੀਆਂ ਸਹੂਲਤਾਂ ਦਿੱਤੀਆਂ, ਖੇਡ ਰਤਨ ਵੀ ਦਿੱਤਾ ਗਿਆ ਅਤੇ ਵਿਨੇਸ਼ ਨੇ ਵੀ ਸਬਰ ਕਰ ਲਿਆ। ਪਰ ਇਸ ਸਮੁੱਚੇ ਮਾਮਲੇ ਨੇ ਉਲੰਪਿਕ ਕਮੇਟੀ ’ਤੇ ਸਵਾਲ ਖੜ੍ਹੇ ਕੀਤੇ, ਜਿਸ ਨਾਲ ਦੁਨੀਆਂ ਭਰ ਦੇ ਲੋਕਾਂ ਵਿੱਚ ਨਿਰਾਸਤਾ ਫੈਲ ਗਈ।
ਦੂਜਾ ਮਾਮਲਾ ਅਲਜੀਰੀਆ ਦੇ ਇਮਾਨ ਖ਼ਲੀਫਾ ਅਤੇ ਤਾਈਵਾਨ ਦੀ ਲਿਨ ਯੂ ਚਿੰਗ ਨਾਲ ਸੰਬੰਧਿਤ ਲਿੰਗ ਯੋਗਤਾ ਵਿਵਾਦ ਦਾ ਹੈ। 2023 ਵਿੱਚ ਭਾਰਤ ਵਿਖੇ ਹੋਈ ਵਿਸ਼ਵ ਚੈਂਪੀਅਨਸ਼ਿੱਪ ਸਮੇਂ ਅੰਤਰਰਾਸ਼ਟਰੀ ਸੰਘ ਨੇ ਇਹਨਾਂ ਦੋਵਾਂ ਖਿਡਾਰਨਾਂ ਨੂੰ ਮਹਿਲਾ ਵਰਗ ਵਿੱਚ ਖੇਡਣ ਤੋਂ ਅਯੋਗ ਕਰਾਰ ਦੇ ਦਿੱਤਾ ਸੀ। ਸੰਘ ਨੇ ਮੰਨਿਆ ਸੀ ਇਹਨਾਂ ਦੇ ਸਰੀਰ ਵਿੱਚ ਮਰਦਾਂ ਵਾਲੇ ਅੰਸ਼ ਹਨ ਜਿਸ ਕਰਕੇ ਇਹਨਾਂ ਨੂੰ ਔਰਤ ਵਰਗ ਵਿੱਚ ਖੇਡਣ ਤੋਂ ਰੋਕਿਆ ਜਾਂਦਾ ਹੈ। ਪਰ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਨੇ ਉਪਰੋਕਤ ਸੰਘ ’ਤੇ ਪਾਬੰਦੀ ਲਗਾ ਦਿੱਤੀ ਸੀ, ਉਸ ਤੋਂ ਬਾਅਦ ਉਲੰਪਿਕ ਕਮੇਟੀ ਨੇ ਇਮਾਨ ਖ਼ਲੀਫਾ ਨੂੰ ਔਰਤ ਵਰਗ ਵਿੱਚ ਖੇਡਣ ਦੀ ਪ੍ਰਵਾਨਗੀ ਦੇ ਦਿੱਤੀ। ਇਸ ਮੌਕੇ ਕਮੇਟੀ ਦੇ ਪ੍ਰਧਾਨ ਸ੍ਰੀ ਬਾਕ ਨੇ ਕਿਹਾ ਕਿ ਇਹਨਾਂ ਦੋ ਮਹਿਲਾਵਾਂ ਦੇ ਲਿੰਗ ਆਧਾਰਤ ਟੈੱਸਟ ਗੈਰ ਪ੍ਰਮਾਣਿਤ ਹਨ, ਉਹਨਾਂ ਕੋਲ ਔਰਤਾਂ ਦੇ ਰੂਪ ਵਿੱਚ ਪਾਸਪੋਰਟ ਹਨ ਅਤੇ ਕਈ ਸਾਲਾਂ ਤੋਂ ਔਰਤ ਵਰਗ ਵਿੱਚ ਖੇਡ ਰਹੀਆਂ ਹਨ ਅਤੇ ਉਹਨਾਂ 2021 ਵਿੱਚ ਟੋਕੀਓ ਉਲੰਪਿਕ ਵਿੱਚ ਵੀ ਮੁਕਾਬਲਾ ਕੀਤਾ ਸੀ।
ਕਮੇਟੀ ਵੱਲੋਂ ਪ੍ਰਵਾਨਗੀ ਮਿਲਣ ਉਪਰੰਤ ਇਮਾਨ ਖ਼ਲੀਫਾ ਨੇ 2024 ਉਲੰਪਿਕ ਵਿੱਚ ਕੁਸ਼ਤੀ ਮੁਕਾਬਲਾ ਕਰਦਿਆਂ ਇਟਲੀ ਦੀ ਐਂਜਲਾ ਕੈਰੀਨੀ ਨੂੰ 46 ਸਕਿੰਟਾਂ ਵਿੱਚ ਹੀ ਹਰਾ ਦਿੱਤਾ ਸੀ। ਉਸਨੇ ਕੈਰੀਨੀ ਦੇ ਨੱਕ ’ਤੇ ਮੁੱਕੀ ਨਾਲ ਅਜਿਹਾ ਵਾਰ ਕੀਤਾ ਕਿ ਉਹ ਮੁਕਾਬਲਾ ਹੀ ਛੱਡ ਗਈ। ਇਟਲੀ ਵੱਲੋਂ ਇਮਾਨ ਖ਼ਲੀਫਾ ਵਿਰੁੱਧ ਮਰਦਾਂ ਵਾਲੇ ਅੰਸ਼ ਹੋਣ ਦਾ ਦੋਸ਼ ਲਾਇਆ ਗਿਆ। ਉਸ ਸਮੇਂ ਇਹ ਵਿਵਾਦ ਦੁਨੀਆਂ ਭਰ ਵਿੱਚ ਚਰਚਾ ਦਾ ਵਿਸ਼ਾ ਬਣਿਆ। ਕਈ ਮਹੀਨੇ ਲੰਘ ਜਾਣ ਉਪਰੰਤ ਹੁਣ ਫਰਾਂਸ ਵਿੱਚ ਪ੍ਰਕਾਸ਼ਿਤ ਕੀਤੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ 25 ਸਾਲਾ ਇਮਾਨ ਖ਼ਲੀਫਾ ਵਿੱਚ ਪੁਰਸ਼ ਕ੍ਰੋਮੋਸੋਮ ਹਨ। ਹੁਣ ਸਵਾਲ ਉੱਠਦਾ ਹੈ ਕਿ ਜਦੋਂ ਖ਼ਲੀਫਾ ਨੂੰ ਅੰਤਰਰਾਸ਼ਟਰੀ ਸੰਘ ਵੱਲੋਂ ਇਹ ਕਹਿੰਦਿਆਂ ਖੇਡਣ ਤੋਂ ਰੋਕਿਆ ਗਿਆ ਸੀ, ਫਿਰ ਉਲੰਪਿਕ ਕਮੇਟੀ ਨੇ ਉਸ ਨੂੰ ਪ੍ਰਵਾਨਗੀ ਕਿਉਂ ਦਿੱਤੀ? ਜੇ ਉਸਦਾ ਟੈੱਸਟ ਕਰਵਾਉਣਾ ਸੀ ਤਾਂ ਖੇਡਣ ਤੋਂ ਪਹਿਲਾਂ ਕਰਵਾਉਣਾ ਚਾਹੀਦਾ ਸੀ ਅਤੇ ਰਿਪੋਰਟ ਆਉਣ ’ਤੇ ਖੇਡਣ ਦਾ ਫੈਸਲਾ ਕਰਨਾ ਚਾਹੀਦਾ ਸੀ। ਜੇਕਰ ਹੁਣ ਟੈੱਸਟ ਰਿਪੋਰਟ ਅਨੁਸਾਰ ਉਹ ਖੇਡਣ ਦੇ ਯੋਗ ਨਹੀਂ ਸੀ ਤਾਂ ਉਸ ਤੋਂ ਹਾਰ ਚੁੱਕੀ ਇਟਲੀ ਦੀ ਕੈਰੀਨੀ ਦਾ ਭਵਿੱਖ ਦਾਅ ’ਤੇ ਕਿਉਂ ਲਾਇਆ ਗਿਆ? ਹੁਣ ਜਾਰੀ ਹੋਈ ਇਸ ਰਿਪੋਰਟ ਨਾਲ ਵੀ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਵਿੱਚ ਨਿਰਾਸ਼ਤਾ ਤੇ ਰੋਸ ਪ੍ਰਗਟ ਹੋਇਆ ਹੈ।
ਦੋਵਾਂ ਮਾਮਲਿਆਂ ਨੂੰ ਵਾਚਿਆ ਜਾਵੇ ਤਾਂ ਇਹ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਦੀ ਵੱਡੀ ਅਣਗਹਿਲੀ ਹੈ ਜਾਂ ਪੱਖਪਾਤੀ ਰਵੱਈਏ ਦੀ ਝਲਕ ਮਿਲਦੀ ਹੈ। ਕਮੇਟੀ ਦੇ ਫੈਸਲੇ ਸਦਕਾ ਹੀ ਭਾਰਤ ਦੀ ਵਿਨੇਸ਼ ਫੋਗਾਟ ਦਾ ਸੋਨ ਤਗਮਾ ਖੁੱਸਿਆ ਅਤੇ ਇਸੇ ਤਰ੍ਹਾਂ ਹੀ ਇਟਲੀ ਦੀ ਕੈਰੀਨੀ ਦਾ ਤਗਮਾ ਖੋਹਿਆ ਗਿਆ। ਇਹਨਾਂ ਮਾਮਲਿਆਂ ਨੇ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਵਿੱਚ ਨਿਰਾਸਤਾ ਅਤੇ ਰੋਸ ਪ੍ਰਗਟ ਕਰ ਦਿੱਤਾ ਹੈ। ਖਿਡਾਰੀ ਅਤੇ ਖੇਡ ਪ੍ਰੇਮੀ ਸੋਚਣ ਲਈ ਮਜਬੂਰ ਹਨ ਕਿ ਉਲੰਪਿਕ ਕਮੇਟੀ ਨਿਯਮਾਂ ਅਨੁਸਾਰ ਫੈਸਲੇ ਕਰਨ ਵਿੱਚ ਕੁਤਾਹੀ ਕਰਦੀ ਹੈ। ਉਹਨਾਂ ਨੂੰ ਇਸ ਡਰ ਤੋਂ ਮੁਕਤ ਕਰਨਾ ਅਤੀ ਜ਼ਰੂਰੀ ਹੈ। ਉਲੰਪਿਕ ਕਮੇਟੀ ਇਹ ਡਰ ਦੂਰ ਕਰਕੇ ਖਿਡਾਰੀਆਂ ਦਾ ਵਿਸ਼ਵਾਸ ਕਿਵੇਂ ਜਿੱਤੇਗੀ, ਇਹ ਵੀ ਇੱਕ ਵੱਡਾ ਸਵਾਲ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5433)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)