“ਪੰਦਰ੍ਹਾਂ ਦਿਨਾਂ ਬਾਅਦ ਕੀ ਹੋਵੇਗਾ, ਸਭ ਜਾਣਦੇ ਹਨ। ਹਰ ਹੱਟੀ ਭੱਠੀ ’ਤੇ ਇਹ ਚਰਚਾ ਹੋ ਰਹੀ ਹੈ ਕਿ ...”
(21 ਦਸੰਬਰ 2024)
ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਮਾਮਲਾ ਅੱਜ ਕੱਲ੍ਹ ਪੂਰਾ ਭਖਿਆ ਹੋਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਪੰਦਰਾਂ ਦਿਨਾਂ ਲਈ ਜਥੇਦਾਰ ਦੇ ਅਹੁਦੇ ਤੋਂ ਲਾਂਭੇ ਕਰਕੇ ਇਹ ਜ਼ਿੰਮੇਵਾਰੀ ਹੈੱਡ ਗ੍ਰੰਥੀ ਨੂੰ ਸੌਂਪ ਦਿੱਤੀ ਹੈ। ਗਿਆਨੀ ਹਰਪ੍ਰੀਤ ਸਿੰਘ ਵਿਰੁੱਧ ਉਸਦੇ ਤਲਾਕਸ਼ੁਦਾ ਸਾਢੂ ਵੱਲੋਂ ਲਾਏ ਦੋਸ਼ਾਂ ਦੀ ਜਾਂਚ ਕਰਨ ਲਈ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ। ਕਮੇਟੀ ਨੇ ਕੀ ਰਿਪੋਰਟ ਦੇਣੀ ਹੈ, ਇਹ ਗਿਆਨੀ ਹਰਪ੍ਰੀਤ ਸਿੰਘ ਭਲੀਭਾਂਤ ਜਾਣਦੇ ਹਨ ਅਤੇ ਆਮ ਲੋਕ ਵੀ ਸਮਝਦੇ ਹਨ। ਜੋ ਉਹਨਾਂ ’ਤੇ ਦੋਸ਼ ਲਾਏ ਹਨ, ਉਹ ਮਾਮਲਾ ਕਰੀਬ ਅਠਾਰਾਂ ਸਾਲ ਪੁਰਾਣਾ ਹੈ। ਗਿਆਨੀ ਹਰਪ੍ਰੀਤ ਸਿੰਘ ਦੇ ਸਾਢੂ ਦਾ ਆਪਣੀ ਪਤਨੀ ਨਾਲੋਂ ਤਲਾਕ ਹੋ ਚੁੱਕਾ ਹੈ। ਇੱਕ ਤਲਾਕਸ਼ੁਦਾ ਔਰਤ ਦੀ ਸਿੱਖ ਰਿਵਾਇਤ ਅਨੁਸਾਰ ਮਦਦ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਇਸ ਤਲਾਸਸ਼ੁਦਾ ਸਾਲੀ ਦੇ ਬੱਚਿਆਂ ਦੇ ਪਾਲਣ ਪੋਸਣ ਕਰਨ ਵਿੱਚ ਸਹਾਇਤਾ ਕੀਤੀ ਹੈ। ਇਸ ਤਰ੍ਹਾਂ ਉਹਨਾਂ ਇੱਕ ਸੱਚੇ ਸੁੱਚੇ ਸਿੱਖ ਵਾਲੀ ਜ਼ਿੰਮੇਵਾਰੀ ਨਿਭਾਈ ਹੈ। ਇਸ ਸੰਬੰਧੀ ਸਿੰਘ ਸਾਹਿਬ ਦੀ ਸੱਸ ਵੀ ਆਪਣਾ ਪ੍ਰਤੀਕਰਮ ਦੇ ਕੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੀਤੇ ਭਲੇ ਬਾਰੇ ਸਪਸ਼ਟੀਕਰਨ ਦੇ ਚੁੱਕੀ ਹੈ।
ਮਾਮਲਾ ਕੀ ਹੈ? ਇਹ ਸਭ ਜਾਣਦੇ ਹਨ। ਸ੍ਰ. ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਗੁਨਾਹਾਂ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਸਖ਼ਤ ਸਟੈਂਡ ਲਿਆ ਸੀ, ਜੋ ਸਿੰਘ ਸਾਹਿਬ ਦੇ ਅਹੁਦੇ ਦੀ ਜ਼ਿੰਮੇਵਾਰੀ ਬਣਦੀ ਸੀ। ਪੰਜ ਸਿੰਘ ਸਾਹਿਬਾਨਾਂ ਨੇ ਉਹਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਬੁਲਾਇਆ ਅਤੇ ਸ੍ਰ. ਬਾਦਲ ਨੇ ਸਿੰਘ ਸਾਹਿਬਾਨਾਂ ਦੇ ਪੁੱਛਣ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਖੜ੍ਹ ਕੇ ਸਾਰੇ ਗੁਨਾਹ ਕਬੂਲ ਕਰ ਲਏ ਸਨ। ਸਿੰਘ ਸਾਹਿਬ ਨੇ ਰਾਇ ਮਸ਼ਵਰਾ ਕਰਦਿਆਂ ਸ੍ਰ. ਬਾਦਲ ਨੂੰ ਸਜ਼ਾ ਸੁਣਾਈ ਅਤੇ ਉਹਨਾਂ ਇੱਕ ਸਿੱਖ ਦੀ ਹੈਸੀਅਤ ਵਿੱਚ ਸਜ਼ਾ ਪ੍ਰਵਾਨ ਵੀ ਕਰ ਲਈ। ਜਦੋਂ ਉਹ ਇਹ ਸਜ਼ਾ ਭੁਗਤਣ ਲੱਗ ਪਏ ਤਾਂ ਆਪ ਲੋਕਾਂ, ਖਾਸ ਕਰਕੇ ਸਿੱਖਾਂ ਵਿੱਚ ਉਹਨਾਂ ਪ੍ਰਤੀ ਰਵੱਈਆ ਕੁਝ ਨਰਮ ਹੋ ਗਿਆ। ਜਦੋਂ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੇਵਾ ਕਰਦੇ ਸ੍ਰ. ਬਾਦਲ ’ਤੇ ਗੋਲੀ ਚੱਲ ਗਈ ਤਾਂ ਲੋਕਾਂ ਨੇ ਇਸ ਕਾਰਵਾਈ ਨੂੰ ਚੰਗਾ ਨਾ ਸਮਝਿਆ ਅਤੇ ਸ੍ਰੀ ਸੁਖਬੀਰ ਬਾਦਲ ਪ੍ਰਤੀ ਹਮਦਰਦੀ ਪ੍ਰਗਟ ਕੀਤੀ।
ਚੰਗਾ ਹੁੰਦਾ ਜੇਕਰ ਸ੍ਰ. ਸੁਖਬੀਰ ਸਿੰਘ ਬਾਦਲ ਇਸ ਹਮਦਰਦੀ ਦਾ ਲਾਹਾ ਲੈਣ ਵਿੱਚ ਸਫ਼ਲ ਹੋ ਜਾਂਦੇ। ਸਜ਼ਾ ਤਾਂ ਕੱਟ ਹੀ ਲਈ ਸੀ, ਉਹ ਆਪਣਾ ਸਾਰਾ ਧਿਆਨ ਪਾਰਟੀ ਵੱਲ ਦੇ ਕੇ ਮੁੜ ਕਮਾਂਡ ਸੰਭਾਲਣ ਦੇ ਯਤਨ ਅਰੰਭ ਦਿੰਦੇ। ਸ਼ਾਇਦ ਉਹ ਅਜਿਹਾ ਚਾਹੁੰਦੇ ਵੀ ਹੋਣ, ਪਰ ਕਈ ਵਾਰ ਸਲਾਹਕਾਰ ਆਪਣੀ ਨੇੜਤਾ ਵਿਖਾਉਣ ਜਾਂ ਕਹਿ ਲਈਏ ਨਿੱਜੀ ਲਾਭ ਲੈਣ ਲਈ ਚਮਚੀ ਮਾਰਦਿਆਂ ਗਲਤ ਸੁਝਾਅ ਦੇ ਦਿੰਦੇ ਹਨ। ਪਰ ਇੱਕ ਕਹਾਵਤ ਹੈ ਕਿ ਜਦੋਂ ਦਿਨ ਮਾੜੇ ਹੋਣ ਤਾਂ ਊਠ ’ਤੇ ਬੈਠੇ ਬੰਦੇ ਨੂੰ ਵੀ ਕੁੱਤਾ ਵੱਢ ਜਾਂਦਾ ਹੈ। ਸ੍ਰ. ਬਾਦਲ ਦੇ ਸਲਾਹਕਾਰਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾ ਕੇ ਕਿੜ ਕੱਢਣ ਅਤੇ ਸੁਖਬੀਰ ਬਾਦਲ ਤੋਂ ਸ਼ਾਬਾਸ਼ ਲੈਣ ਲਈ ਉਹਨਾਂ ਦੇ ਤਲਾਕਸ਼ੁਦਾ ਸਾਢੂ ਤਕ ਪਹੁੰਚ ਕਰ ਲਈ। ਉਸ ਨੂੰ ਲਾਲਚ ਦੇ ਕੇ ਪੁਰਾਣਾ ਕੇਸ ਸਾਹਮਣੇ ਲਿਆਂਦਾ ਗਿਆ। ਗਿ. ਹਰਪ੍ਰੀਤ ਸਿੰਘ ’ਤੇ ਭੈੜੇ ਦੋਸ਼ ਲਾਏ ਗਏ ਅਤੇ ਉਹਨਾਂ ਦੀ ਕਿਰਦਾਰਕੁਸ਼ੀ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡੀ।
ਸਿਆਣੇ ਕਹਿੰਦੇ ਹਨ ਕਿ ਗੁੱਸਾ ਇਨਸਾਨ ਦੀ ਮੱਤ ਮਾਰ ਦਿੰਦਾ ਹੈ, ਅਜਿਹਾ ਹੀ ਇਸ ਮਾਮਲੇ ਵਿੱਚ ਹੋਇਆ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਿਰੁੱਧ ਕਾਰਵਾਈ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕਰ ਦਿੱਤੀ। ਕਮੇਟੀ ਦੇ ਪ੍ਰਧਾਨ ਸ੍ਰ. ਹਰਜਿੰਦਰ ਸਿੰਘ ਧਾਮੀ, ਜਿਹੜਾਂ ਔਰਤਾਂ ਵਿਰੁੱਧ ਮਾੜੀ ਸ਼ਬਦਾਵਲੀ ਬੋਲਣ ਦੇ ਦੋਸ਼ਾਂ ਅਧੀਨ ਮੁਆਫ਼ੀਆਂ ਮੰਗਦਾ ਫਿਰਦਾ ਹੈ, ਉਸਨੇ ਮੀਟਿੰਗ ਬੁਲਾ ਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਪੰਦਰਾਂ ਦਿਨਾਂ ਲਈ ਸਿੰਘ ਸਾਹਿਬ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਅਤੇ ਉਹਨਾਂ ’ਤੇ ਲੱਗੇ ਦੋਸ਼ਾਂ ਦੀ ਜਾਂਚ ਕਰਨ ਲਈ ਤਿੰਨ ਮੈਂਬਰੀ ਕਮੇਟੀ ਗਠਿਤ ਕਰ ਦਿੱਤੀ।
ਪੰਦਰ੍ਹਾਂ ਦਿਨਾਂ ਬਾਅਦ ਕੀ ਹੋਵੇਗਾ, ਸਭ ਜਾਣਦੇ ਹਨ। ਹਰ ਹੱਟੀ ਭੱਠੀ ’ਤੇ ਇਹ ਚਰਚਾ ਹੋ ਰਹੀ ਹੈ ਕਿ ਜਾਂਚ ਕਮੇਟੀ ਦੀ ਰਿਪੋਰਟ ਸਿੰਘ ਸਾਹਿਬ ਦੇ ਖਿਲਾਫ ਆਵੇਗੀ ਅਤੇ ਉਹਨਾਂ ਨੂੰ ਅਹੁਦੇ ਤੋਂ ਫਾਰਗ ਕਰ ਦਿੱਤਾ ਜਾਵੇਗਾ। ਹੁਣ ਸਵਾਲ ਉੱਠਦਾ ਹੈ ਕਿ ਜੇਕਰ ਅਜਿਹਾ ਹੋਇਆ ਤਾਂ ਕੀ ਇਸਦਾ ਸ਼੍ਰੋਮਣੀ ਅਕਾਲੀ ਦਲ ਜਾਂ ਸੁਖਬੀਰ ਸਿੰਘ ਬਾਦਲ ਨੂੰ ਕੋਈ ਲਾਭ ਹੋਵੇਗਾ? ਜੇ ਕਿਸੇ ਬੁੱਧੀਜੀਵੀ ਤੋਂ ਇਸ ਸਵਾਲ ਦਾ ਪ੍ਰਤੀਕਰਮ ਲਈਏ ਤਾਂ ਅੱਗੋਂ ਜਵਾਬ ਨਾਂਹ ਵਿੱਚ ਹੀ ਮਿਲਦਾ ਹੈ।
ਗਿਆਨੀ ਹਰਪ੍ਰੀਤ ਸਿੰਘ ਤਾਂ ਕਰੀਬ ਦੋ ਸਾਲਾਂ ਤੋਂ ਹੀ ਸਮਝੀ ਬੈਠੇ ਸਨ ਕਿ ਉਹਨਾਂ ਨੂੰ ਇੱਕ ਦਿਨ ਬੇਇਜ਼ਤ ਕਰਕੇ ਕੱਢਿਆ ਜਾਵੇਗਾ ਅਤੇ ਉਹ ਇਸ ਬਾਰੇ ਤਿਆਰ ਵੀ ਹਨ। ਪਰ ਉਹਨਾਂ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਅਹੁਦੇ ਦੀ ਪਰਵਾਹ ਨਹੀਂ ਕੀਤੀ। ਗਿਆਨੀ ਹਰਪ੍ਰੀਤ ਸਿੰਘ ਨੂੰ ਫਾਰਗ ਕਰਨ ਨਾਲ ਉਹਨਾਂ ਨੂੰ ਕੋਈ ਫ਼ਰਕ ਵੀ ਨਹੀਂ ਪਵੇਗਾ, ਸਗੋਂ ਉਹ ਆਜ਼ਾਦ ਮਰਜ਼ੀ ਨਾਲ ਖੁੱਲ੍ਹ ਕੇ ਆਪਣੇ ਵਿਚਾਰ ਸੰਗਤਾਂ ਦੇ ਸਨਮੁੱਖ ਰੱਖ ਸਕਣਗੇ। ਇਸ ਤੋਂ ਇਲਾਵਾ ਬਾਦਲ ਵਿਰੋਧੀ ਖੇਮੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਚ ਅਤੁੱਟ ਵਿਸ਼ਵਾਸ ਰੱਖਣ ਵਾਲਿਆਂ ਵਿੱਚ ਉਹਨਾਂ ਦਾ ਸਤਿਕਾਰ ਹੋਰ ਵਧੇਗਾ। ਸ੍ਰ. ਬਾਦਲ ਦੇ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਗਰੁੱਪ ਵਿੱਚ ਉਹਨਾਂ ਦੀ ਭੂਮਿਕਾ ਆਗੂ ਵਾਲੀ ਵੀ ਬਣ ਸਕਦੀ ਹੈ। ਕਹਿੰਦੇ ਹਨ ਕਿ ਚਾਕੂ ਖਰਬੂਜੇ ’ਤੇ ਡਿਗੇ ਜਾਂ ਖਰਬੂਜਾ ਚਾਕੂ ’ਤੇ, ਨੁਕਸਾਨ ਤਾਂ ਖਰਬੂਜੇ ਦਾ ਹੀ ਹੋਣਾ ਹੈ। ਭਾਵ ਗਿਆਨੀ ਹਰਪ੍ਰੀਤ ਸਿੰਘ ਦਾ ਕੋਈ ਨੁਕਸਾਨ ਨਹੀਂ ਹੋਣਾ, ਜੇ ਨੁਕਸਾਨ ਹੋਣਾ ਹੈ ਤਾਂ ਉਹ ਬਾਦਲ ਪਰਿਵਾਰ ਦਾ ਜਾਂ ਸ਼੍ਰੋਮਣੀ ਅਕਾਲੀ ਦਲ ਦਾ ਹੀ ਹੋਣਾ ਹੈ।
ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਸ੍ਰ. ਬਾਦਲ ਨੂੰ ਚਾਹੀਦਾ ਹੈ ਕਿ ਉਹ ਸੂਝਵਾਨ ਤੇ ਬੁੱਧੀਜੀਵੀਆਂ ਨਾਲ ਰਾਇ ਕਰਕੇ ਇਸ ਮਾਮਲੇ ’ਤੇ ਮੁੜ ਵਿਚਾਰ ਕਰਨ, ਗਲਤ ਫੈਸਲਾ ਕਰਨ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਵਰਜਣ ਅਤੇ ਸਿੰਘ ਸਾਹਿਬਾਨ ਦੇ ਅਹੁਦੇ ਦਾ ਮਾਣ ਵਧਾਉਣ। ਇਹ ਉਹਨਾਂ ਦੇ ਭਲੇ ਵਿੱਚ ਹੀ ਹੋਵੇਗਾ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5548)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)