“ਸਮੁੱਚੇ ਦੇਸ਼ਵਾਸੀਆਂ ਨੂੰ ਚਾਹੀਦਾ ਹੈ ਕਿ ਇਸ ਅਤੀ ਨਾਜ਼ਕ ਸਮੇਂ ’ਤੇ ਦੇਸ਼ ਪਿਆਰ ਦੀ ਭਾਵਨਾ ...”
(27 ਅਪਰੈਲ 2025)
ਪਾਕਿਸਤਾਨੀ ਸ਼ਹਿ ਪ੍ਰਾਪਤ ਅੱਤਵਾਦੀਆਂ ਨੇ ਪਹਿਲਗਾਮ ਦੇ ਬੈਸਾਰਨ ਸਥਾਨ ’ਤੇ ਹਮਲਾ ਕਰਕੇ ਜੋ ਦੋ ਦਰਜਨਾਂ ਤੋਂ ਵੱਧ ਸੈਲਾਨੀ ਮਾਰ ਦਿੱਤੇ ਹਨ, ਇਹ ਅਤੀ ਦੁਖਦਾਈ ਘਟਨਾ ਹੈ ਅਤੇ ਪਾਕਿਸਤਾਨ ਇਸ ਸੰਬੰਧੀ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਇਸ ਘਟਨਾ ਨੂੰ ਅੰਜਾਮ ਧਾਰਮਿਕ ਫਿਰਕਾਪ੍ਰਸਤੀ ਨੂੰ ਅਧਾਰ ਬਣਾ ਕੇ ਕੀਤਾ ਗਿਆ ਹੈ। ਇਸ ਘਟਨਾ ਦੀ ਅੱਜ ਪੰਜਾਬ ਦੇ ਹਰ ਗਲੀ ਕੂਚੇ ਵਿੱਚ ਚਰਚਾ ਹੋ ਰਹੀ ਹੈ। ਪਰ ਇਸ ਘਟਨਾ ’ਤੇ ਪਾਕਿਸਤਾਨ ਅਤੇ ਭਾਰਤ, ਖਾਸ ਕਰਕੇ ਪੰਜਾਬ ਵਿੱਚ ਹੋ ਰਹੀ ਚਰਚਾ ਵਿੱਚ ਬਹੁਤ ਵਖਰੇਵਾਂ ਹੈ, ਜੋ ਚਿੰਤਾ ਵੀ ਪ੍ਰਗਟ ਕਰਦਾ ਹੈ।
ਪਾਕਿਸਤਾਨੀ ਕਹਿ ਰਹੇ ਹਨ ਕਿ ਜੇ ਅੱਤਵਾਦੀ ਪਾਕਿਸਤਾਨ ਤੋਂ ਆਉਂਦੇ ਹਨ ਤਾਂ ਭਾਰਤ ਸਰਕਾਰ ਉਹਨਾਂ ਨੂੰ ਸਰਹੱਦ ਕਿਉਂ ਪਾਰ ਕਰਨ ਦਿੰਦੀ ਹੈ? ਜੇ ਭਾਰਤ ਨੇ ਪਾਕਿਸਤਾਨ ਦਾ ਪਾਣੀ ਬੰਦ ਕੀਤਾ ਤਾਂ ਉਹ ਕਹਿ ਰਹੇ ਹਨ ਕਿ ਇਹ ਵੀ ਇੱਕ ਤਰ੍ਹਾਂ ਜੰਗ ਹੀ ਸਮਝੀ ਜਾਵੇਗੀ, ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹ ਸ਼ਿਮਲਾ ਸਮਝੌਤਾ ਰੱਦ ਕਰਨ ਵਰਗੀਆਂ ਵੀ ਧਮਕੀਆਂ ਦੇ ਰਹੇ ਹਨ। ‘ਨਾਲੇ ਚੋਰ ਨਾਲੇ ਚਤਰ’ ਜਾਂ ‘ਉਲਟਾ ਚੋਰ ਕੋਤਵਾਲ ਨੂੰ ਡਾਂਟੇ’ ਵਾਲੀ ਗੱਲ ਹੈ। ਕਹਿਣ ਤੋਂ ਭਾਵ ਹੈ ਕਿ ਉਹ ਭਾਰਤ ਸਰਕਾਰ ਜਾਂ ਫੌਜ ਨੂੰ ਹੀ ਦੋਸ਼ੀ ਬਣਾ ਰਹੇ ਹਨ। ਉਹ ਇਸ ਘਟਨਾ ਦੀ ਨਿੰਦਾ ਨਹੀਂ ਕਰ ਰਹੇ ਅਤੇ ਨਾ ਹੀ ਅੱਤਵਾਦੀਆਂ ਨੂੰ ਬੁਰਾ ਭਲਾ ਕਹਿ ਰਹੇ ਹਨ। ਬੱਸ! ਮਲਵੀਂ ਜਿਹੀ ਜੀਭ ਨਾਲ ਕਹਿ ਦਿੰਦੇ ਹਨ, ‘ਜੋ ਹੋਇਆ ਚੰਗਾ ਨਹੀਂ ਹੋਇਆ।’
ਇੱਧਰ ਭਾਰਤੀ ਅਤੇ ਖਾਸ ਕਰਕੇ ਪੰਜਾਬ ਦੇ ਲੋਕ ਚਰਚਾ ਕਰਦੇ ਹੋਏ ਭਾਰਤ ਸਰਕਾਰ ਸਿਰ ਹੀ ਦੋਸ਼ ਮੜ੍ਹ ਰਹੇ ਹਨ ਕਿ ਪਹਿਲਗਾਮ ਵਿੱਚ ਸੁਰੱਖਿਆ ਕਰਮਚਾਰੀ ਕਿਉਂ ਨਹੀਂ ਸਨ। ਸਰਕਾਰ ਵੱਲੋਂ ਯੋਗ ਪ੍ਰਬੰਧ ਨਹੀਂ ਸਨ। ਸਰਕਾਰ ਦੀ ਅਣਗਹਿਲੀ ਹੈ, ਜਿਸ ਸਦਕਾ ਇਹ ਘਟਨਾ ਵਾਪਰੀ। ਗੱਲ ਇਹ ਨਹੀਂ ਕਿ ਅਣਗਹਿਲੀ ਨਹੀਂ ਸੀ, ਬਿਲਕੁਲ ਸੀ। ਪਰ ਜੋ ਅੱਜ ਦੇ ਹਾਲਾਤ ਹਨ, ਦੇਸ਼ ’ਤੇ ਜੰਗ ਦੇ ਬੱਦਲ ਮੰਡਲਾ ਰਹੇ ਹਨ। ਇਸ ਮੌਕੇ ਦੇਸ਼ ਨਾਲ ਖੜ੍ਹਨਾ ਜ਼ਰੂਰੀ ਹੈ, ਜਿਹੜਾ ਹਰ ਭਾਰਤ ਵਾਸੀ ਦਾ ਫਰਜ਼ ਬਣਦਾ ਹੈ। ਦੇਸ਼ ਦੀ ਸਰਕਾਰ, ਫੌਜ ਨੂੰ ਹੌਸਲਾ ਦੇਣ ਦੀ ਲੋੜ ਹੈ। ਪਹਿਲਾਂ ਆਪਣੇ ਬਾਹਰਲੇ ਦੁਸ਼ਮਣ ਨਾਲ ਨਿੱਬੜਣਾ ਜ਼ਰੂਰੀ ਹੈ, ਅੰਦਰੂਨੀ ਲੜਾਈ ਬਾਅਦ ਵਿੱਚ ਵੀ ਲੜੀ ਜਾ ਸਕਦੀ ਹੈ। ਪਰ ਹੈਰਾਨੀ ਹੁੰਦੀ ਹੈ ਕਿ ਪਾਕਿਸਤਾਨੀ ਆਪਣੇ ਦੇਸ਼ ਨਾਲ ਡਟ ਕੇ ਖੜ੍ਹੇ ਹਨ ਅਤੇ ਉੱਥੋਂ ਦੀ ਸਰਕਾਰ ਦੇ ਵਿਰੁੱਧ ਇੱਕ ਵੀ ਸ਼ਬਦ ਬੋਲਣ ਨੂੰ ਤਿਆਰ ਨਹੀਂ। ਇੱਧਰ ਭਾਰਤੀ ਲੋਕ ਆਪਣੀ ਹੀ ਸਰਕਾਰ ਵਿਰੁੱਧ ਪ੍ਰਚਾਰ ਕਰਨ ’ਤੇ ਲੱਗੇ ਹੋਏ ਹਨ। ਇਹ ਸੱਚ ਹੈ ਕਿ ਭਾਰਤ ਦੀ ਸਰਕਾਰ ਵੀ ਫ੍ਰਿਰਕਾਪ੍ਰਸਤੀ ਨੂੰ ਅਧਾਰ ਬਣਾ ਕੇ ਚਲਦੀ ਹੈ ਅਤੇ ਇਸਦੀਆਂ ਕੁਝ ਗਲਤੀਆਂ ਵੀ ਹਨ। ਪਰ ਅਕਲ ਤੋਂ ਕੰਮ ਲੈਣਾ ਚਾਹੀਦਾ ਹੈ, ਬਾਹਰਲੇ ਦੁਸ਼ਮਣ ਵੱਲੋਂ ਵਿਹਲੇ ਹੋ ਕੇ ਆਪਣੇ ਦੇਸ਼ ਦੀ ਸਰਕਾਰ ਨਾਲ ਲੜ ਲੈਣਾ, ਪਹਿਲਾਂ ਦੇਸ਼ ਨੂੰ ਬਚਾਉਣਾ ਜ਼ਰੂਰੀ ਹੁੰਦਾ ਹੈ।
ਸਮੁੱਚੇ ਦੇਸ਼ਵਾਸੀਆਂ ਨੂੰ ਚਾਹੀਦਾ ਹੈ ਕਿ ਇਸ ਅਤੀ ਨਾਜ਼ਕ ਸਮੇਂ ’ਤੇ ਦੇਸ਼ ਪਿਆਰ ਦੀ ਭਾਵਨਾ ਵਿਖਾਉਣ ਅਤੇ ਤਨ ਮਨ ਧਨ ਨਾਲ ਦੇਸ਼ ਦੀ ਸੇਵਾ ਕਰਨ ਦਾ ਸੰਕਲਪ ਲੈਣ, ਦੁਸ਼ਮਣ ਦਾ ਹਮਲਾ ਰੋਕਣ ਲਈ ਹਿੱਕ ਤਾਣ ਕੇ ਖੜ੍ਹਨ। ਪਹਿਲਗਾਮ ਵਿੱਚ ਵੀ ਭਾਰਤ ਦਾ ਨੁਕਸਾਨ ਹੋਇਆ ਹੈ ਅਤੇ ਜੰਗ ਵਿੱਚ ਵੀ ਭਾਰਤ ਦਾ ਨੁਕਸਾਨ ਕਰਵਾ ਕੇ ਬਾਅਦ ਵਿੱਚ ਪਛਤਾਉਣ ਨਾਲੋਂ ਪਹਿਲਾਂ ਹੀ ਆਪਣੇ ਫ਼ਰਜ਼ਾਂ ਦਾ ਖਿਆਲ ਕਰਨ। ਅਜਿਹੀ ਸਥਿਤੀ ਵਿੱਚ ਪਹਿਲਾਂ ਦੇਸ਼ ਸੇਵਾ, ਬਾਕੀ ਸਭ ਕੁਝ ਬਾਅਦ ਵਿੱਚ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.om)