BalwinderSBhullar7“ਲੋਕ ਇਨਸਾਫ ਲਈ ਇਕੱਠੇ ਹੋ ਰਹੇ ਹਨ, ਸੰਘਰਸ਼ ਵਿੱਢਣ ਦੇ ਰੌਂ ਵਿੱਚ ਹਨ ...”ParvinderSJhota1
(15 ਅਕਤੂਬਰ 2026)

 

ParvinderSJhota1

ਮਾਨਸਾ ਵਿਖੇ ਨਸ਼ਾ ਵੇਚਣ ਵਾਲੇ ਅਸ਼ਵਨੀ ਕੁਮਾਰ ਵੱਲੋਂ ਕੀਤੇ ਨਸ਼ਾ ਵਿਰੋਧੀ ਸਮਾਜ ਸੇਵਕ ਪਰਵਿੰਦਰ ਸਿੰਘ ਝੋਟਾ ਦਾ ਕਤਲ ਕੋਈ ਅਚਾਨਕ ਹੋਈ ਘਟਨਾ ਨਹੀਂ ਹੈ ਅਤੇ ਨਾ ਹੀ ਇਹ ਆਪਸੀ ਰੰਜਸ਼ ਕਾਰਨ ਹੋਇਆ ਕਤਲ ਹੈ। ਇਹ ਕਤਲ ਗਿਣੀ ਮਿਥੀ ਸਾਜ਼ਿਸ਼ ਅਤੇ ਸੋਚੀ ਸਮਝੀ ਸਕੀਮ ਤਹਿਤ ਕੀਤਾ ਗਿਆ ਕਤਲ ਹੈ ਤਾਂ ਜੋ ਨਸ਼ਾ ਵੇਚਣ ਤੋਂ ਰੋਕਣ ਵਾਲਿਆਂ ਨੂੰ ਇਹ ਸੁਨੇਹਾ ਦਿੱਤਾ ਜਾ ਸਕੇ ਕਿ ਉਨ੍ਹਾਂ ਦੇ ਕਾਰੋਬਾਰ ਵਿੱਚ ਕੋਈ ਦਖਲ ਅੰਦਾਜ਼ੀ ਨਾ ਕਰੇ। ਇਸ ਘਟਨਾਕ੍ਰਮ ਦੇ ਪਿੱਛੇ ਸਿਆਸਤਦਾਨਾਂ, ਪੁਲਿਸ ਅਤੇ ਨਸ਼ਾ ਤਸਕਰਾਂ ਦਾ ਗੱਠਜੋੜ ਕੰਮ ਕਰਦਾ ਹੋਣ ਦੀ ਬੋਅ ਆ ਰਹੀ ਹੈ। ਇਸ ਕਤਲ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ, ਜਿਨ੍ਹਾਂ ਬਾਰੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਚਰਚਾ ਹੋਣੀ ਚਾਹੀਦੀ ਹੈ।

ਪਰਵਿੰਦਰ ਝੋਟਾ ਕਈ ਸਾਲਾਂ ਤੋਂ ਨਸ਼ੇ ਰੋਕਣ ਲਈ ਪੂਰੀ ਸਰਗਰਮੀ ਨਾਲ ਜੂਝ ਰਿਹਾ ਸੀ। ਉਸਨੇ ਬਹੁਤ ਸਾਰੇ ਨਸ਼ਾ ਤਸਕਰਾਂ ਨੂੰ ਲੋਕਾਂ ਸਾਹਮਣੇ ਨੰਗਾ ਕੀਤਾ, ਸਰਕਾਰ ਅਤੇ ਪੁਲਿਸ ਨੂੰ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਲਈ ਸਲਾਹਾਂ ਦਿੱਤੀਆਂ। ਪਰ ਪੁਲਿਸ ਨੇ ਉਸਦੀਆਂ ਸਲਾਹਾਂ ਨੂੰ ਹਮੇਸ਼ਾ ਨਜ਼ਰਅੰਦਾਜ਼ ਕੀਤਾ। ਉਹ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਨਸ਼ਿਆਂ ਦਾ ਵਿਰੋਧ ਕਰ ਰਿਹਾ ਸੀ, ਜਿਸ ਕਰਕੇ ਉਸਨੂੰ ਨਸ਼ਾ ਤਸਕਰਾਂ ਵੱਲੋਂ ਲਗਾਤਾਰ ਧਮਕੀਆਂ ਵੀ ਮਿਲਦੀਆਂ ਰਹੀਆਂ ਸਨ। ਪੁਲਿਸ ਨੇ ਵੀ ਕਈ ਵਾਰ ਪਰਵਿੰਦਰ ਸਿੰਘ ਨੂੰ ਨਸ਼ਾ ਵੇਚਣ ਵਾਲਿਆਂ ਵਿਰੁੱਧ ਅਵਾਜ਼ ਉਠਾਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ ਅਤੇ ਇੱਕ ਵਾਰ ਉਸ ਉੱਤੇ ਝੂਠਾ ਮੁਕੱਦਮਾ ਵੀ ਦਰਜ ਕੀਤਾ ਗਿਆ ਸੀ। ਜਿਸ ਦੋਸ਼ੀ ਅਸ਼ਵਨੀ ਕੁਮਾਰ ਨੇ ਉਸਦਾ ਕਤਲ ਕੀਤਾ ਹੈ, ਉਸ ਬਾਰੇ ਵੀ ਉਹ ਕਈ ਸਾਲ ਪਹਿਲਾਂ ਸਪਸ਼ਟ ਕਰ ਚੁੱਕਾ ਸੀ ਕਿ ਉਹ ਨਸ਼ੇ ਵੇਚਦਾ ਹੈ। ਦੋਸ਼ੀ ਅਸ਼ਵਨੀ ਕੁਮਾਰ ਵਿਰੁੱਧ ਕਈ ਮੁਕੱਦਮੇ ਵੀ ਦਰਜ ਹੋਏ ਸਨ, ਪਰ ਉਹ ਫਿਰ ਵੀ ਲਗਾਤਾਰ ਨਸ਼ੇ ਵੇਚ ਰਿਹਾ ਸੀ ਅਤੇ ਪੁਲਿਸ ਸਭ ਕੁਝ ਜਾਣਦੀ ਹੋਣ ਦੇ ਬਾਵਜੂਦ ਅੱਖਾਂ ਮੀਚੀ ਬੈਠੀ ਸੀ।

ਕਤਲ ਸਮੇਂ 13 ਅਕਤੂਬਰ ਨੂੰ ਵੀ ਪਰਵਿੰਦਰ ਸਿੰਘ ਅਸ਼ਵਨੀ ਕੁਮਾਰ ਦੀ ਦੁਕਾਨ ’ਤੇ ਇੱਕ ਬਜ਼ੁਰਗ ਨਾਲ ਗਿਆ ਸੀ। ਇਸ ਬਜ਼ੁਰਗ ਨੇ ਦੱਸਿਆ ਕਿ ਉਹ ਅਸ਼ਵਨੀ ਕੁਮਾਰ ਤੋਂ ਨਸ਼ਾ ਖਰੀਦ ਕਰਕੇ ਲਿਆਇਆ ਹੈ। ਪਰਵਿੰਦਰ ਝੋਟਾ ਨੇ ਅਸ਼ਵਨੀ ਕੁਮਾਰ ਨੂੰ ਉਸਦੀ ਦੁਕਾਨ ਵਿੱਚ ਪਹੁੰਚ ਕੇ ਕਿਹਾ ਕਿ ਉਹ ਨਸ਼ਾ ਵੇਚਣਾ ਬੰਦ ਕਰ ਦੇਵੇ। ਉਸ ਵੱਲੋਂ ਇਸਨੂੰ ਝੂਠਾ ਦੋਸ਼ ਕਿਹਾ ਗਿਆ ਤਾਂ ਬਜ਼ੁਰਗ ਨੇ ਸਪਸ਼ਟ ਕੀਤਾ ਕਿ ਉਹ ਕੁਝ ਸਮਾਂ ਪਹਿਲਾਂ ਹੀ ਇਸ ਦੁਕਾਨ ਤੋਂ ਨਸ਼ਾ ਲੈ ਕੇ ਗਿਆ ਹੈ। ਪਰਵਿੰਦਰ ਝੋਟਾ ਨੇ ਇਸ ਸਚਾਈ ਬਾਰੇ ਸਬੰਧਤ ਪੁਲਿਸ ਨੂੰ ਸੂਚਨਾ ਦੇਣ ਦੀ ਗੱਲ ਕੀਤੀ ਤਾਂ ਅਸ਼ਵਨੀ ਨੇ ਰਿਵਾਲਵਰ ਕੱਢ ਲਿਆ। ਫਿਰ ਵੀ ਪਰਵਿੰਦਰ ਝੋਟਾ ਨੇ ਅਸ਼ਵਨੀ ਨੂੰ ਕਿਹਾ ਕਿ ਉਹ ਕੋਈ ਲੜਾਈ ਨਹੀਂ ਕਰਨਗੇ, ਉਹ ਪੁਲਿਸ ਨੂੰ ਇਤਲਾਹ ਦੇਣਗੇ; ਪਰ ਤੂੰ ਗੋਲੀ ਮਾਰਨੀ ਹੈ ਤਾਂ ਭਾਵੇਂ ਮਾਰ ਦੇ। ਦੋਸ਼ੀ ਅਸ਼ਵਨੀ ਕੁਮਾਰ ਨੇ ਹੱਥ ਵਿੱਚ ਰਿਵਾਲਵਰ ਫੜ ਕੇ ਫੋਨ ’ਤੇ ਕਿਸੇ ਨਾਲ ਗੱਲ ਕੀਤੀ ਅਤੇ ਫਿਰ ਪਰਵਿੰਦਰ ਸਿੰਘ ਦੇ ਗੋਲੀ ਮਾਰ ਦਿੱਤੀ। ਕੁਝ ਹੀ ਮਿੰਟਾਂ ਵਿੱਚ ਪਰਵਿੰਦਰ ਦੀ ਮੌਤ ਹੋ ਗਈ ਅਤੇ ਇਹ ਖਬਰ ਅੱਗ ਵਾਂਗ ਪੰਜਾਬ ਵਿੱਚ ਫੈਲ ਗਈ ਅਤੇ ਲੋਕ ਮਾਨਸਾ ਵਿੱਚ ਇਕੱਠੇ ਹੋਣ ਲੱਗ ਪਏ।

ਲੋਕ ਗੁੱਸੇ ਵਿੱਚ ਸਨ, ਉਨ੍ਹਾਂ ਦਾ ਗੁੱਸਾ ਵੀ ਜਾਇਜ਼ ਸੀ। ਇੱਕ ਨਸ਼ਾ ਸਮਗਲਰ ਨੇ ਸਮਾਜ ਸੇਵੀ ਦਾ ਕਤਲ ਕੀਤਾ ਸੀ। ਲੋਕਾਂ ਨੇ ਅਸ਼ਵਨੀ ਦੀ ਦੁਕਾਨ ਦੀ ਭੰਨਤੋੜ ਕੀਤੀ ਅਤੇ ਪਰਵਿੰਦਰ ਦੇ ਕਤਲ ਦਾ ਇਨਸਾਫ ਲੈਣ ਲਈ ਪਰਿਵਾਰ ਦੀ ਸਹਿਮਤੀ ਨਾਲ ਸਸਕਾਰ ਨਾ ਕਰਨ ਦਾ ਫੈਸਲਾ ਲੈ ਲਿਆ। ਪਰ ਪੁਲਿਸ ਕੋਸ਼ਿਸ਼ ਕਰ ਰਹੀ ਸੀ ਕਿ ਪਰਵਿੰਦਰ ਸਿੰਘ ਦਾ ਜਲਦੀ ਤੋਂ ਜਲਦੀ ਸਸਕਾਰ ਕਰ ਦਿੱਤਾ ਜਾਵੇ ਤਾਂ ਜੋ ਮਾਮਲੇ ਨੂੰ ਦਬਾਉਣਾ ਅਸਾਨ ਹੋ ਸਕੇ।

ਇੱਥੇ ਹੀ ਬੱਸ ਨਹੀਂ, ਪੁਲਿਸ ਨਸ਼ਾ ਤਸਕਰ ਵੱਲੋਂ ਸਮਾਜ ਸੇਵਕ ਦੇ ਕੀਤੇ ਕਤਲ ਨੂੰ ਨਿੱਜੀ ਰੰਜਿਸ਼ ਦਾ ਮਾਮਲਾ ਬਣਾਉਣ ਲੱਗੀ। ਥਾਣਾ ਮੁਖੀ ਤੋਂ ਲੈ ਕੇ ਐੱਸ ਐੱਸ ਪੀ, ਡੀ ਆਈ ਜੀ ਤਕ ਨੇ ਇਹ ਬਿਆਨ ਜਾਰੀ ਕੀਤੇ ਕਿ ਇਹ ਨਿੱਜੀ ਰੰਜਸ਼ ਦਾ ਮਾਮਲਾ ਹੈ। ਦੂਜੇ ਪਾਸੇ ਪੰਜਾਬ ਸਰਕਾਰ ਦੇ ਮੰਤਰੀਆਂ ਅਮਨ ਅਰੋੜਾ ਅਤੇ ਹਰਪਾਲ ਸਿੰਘ ਚੀਮਾ ਨੇ ਵੀ ਨਿੱਜੀ ਝਗੜੇ ਕਾਰਨ ਹੋਇਆ ਕਤਲ ਕਰਾਰ ਦਿੱਤਾ। ਸਵਾਲ ਉੱਠਦਾ ਹੈ ਕਿ ਕੀ ਪਰਵਿੰਦਰ ਸਿੰਘ ਦਾ ਅਸ਼ਵਨੀ ਨਾਲ ਨਾ ਕੋਈ ਪਲਾਟ ਦੁਕਾਨ ਦਾ ਰੌਲਾ ਸੀ ਜਾਂ ਜ਼ਮੀਨ ਜਾਇਦਾਦ ਦਾ? ਅਸਲ ਮਾਮਲਾ ਤਾਂ ਨਸ਼ਾ ਵੇਚਣ ਅਤੇ ਨਸ਼ਾ ਵੇਚਣ ਤੋਂ ਰੋਕਣ ਦਾ ਸੀ। ਇਹ ਨਿੱਜੀ ਮਾਮਲਾ ਕਿਵੇਂ ਹੋ ਗਿਆ? ਅਸ਼ਵਨੀ ਕੁਮਾਰ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਰਿਹਾ ਸੀ ਅਤੇ ਪਰਵਿੰਦਰ ਝੋਟਾ ਜਵਾਨੀ ਨੂੰ ਬਚਾਉਣ ਦੇ ਯਤਨ ਕਰ ਰਿਹਾ ਸੀ। ਇਸ ਵਿੱਚ ਨਿੱਜ ਕਿੱਥੋਂ ਆ ਗਿਆ? ਸਰਕਾਰ ਅਤੇ ਪੁਲਿਸ ਵੱਲੋਂ ਇੱਕ ਸਾਜ਼ਿਸ ਤਹਿਤ ਦੋਸ਼ੀ ਦਾ ਪੱਖ ਪੂਰਦਿਆਂ ਇਸਨੂੰ ਨਿੱਜੀ ਰੰਜਿਸ਼ ਦਾ ਮਾਮਲਾ ਬਣਾਇਆ ਜਾ ਰਿਹਾ ਹੈ।

ਪਰਵਿੰਦਰ ਝੋਟਾ ਦੀ ਸਮਾਜ ਪ੍ਰਤੀ ਸਮਰਪਿਤ ਹੋ ਕੇ ਕੀਤੀ ਸੇਵਾ ਅਤੇ ਉਸਦੇ ਚੰਗੇ ਕਾਜ਼ ਨੂੰ ਦੇਖਦਿਆਂ ਵੱਡੀ ਗਿਣਤੀ ਵਿੱਚ ਲੋਕ ਮਾਨਸਾ ਵਿਖੇ ਇਕੱਠੇ ਹੋ ਰਹੇ ਹਨ। ਪੰਜਾਬ ਦਾ ਭਲਾ ਚਾਹੁਣ ਵਾਲੀਆਂ ਜਥੇਬੰਦੀਆਂ ਪਹੁੰਚ ਰਹੀਆਂ ਹਨ। ਸਰਕਾਰ ਵਿਰੋਧੀ ਪਾਰਟੀਆਂ ਇਕੱਠ ਵਿੱਚ ਸ਼ਾਮਲ ਹੋ ਰਹੀਆਂ ਹਨ। ਲੋਕਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ, ਸਰਕਾਰ ਵੱਲੋਂ ਪੁਲਿਸ ਦੇ ਜ਼ੋਰ ਨਾਲ ਲੋਕਾਂ ਨੂੰ ਉੱਥੇ ਪਹੁੰਚਣ ਤੋਂ ਰੋਕਿਆ ਜਾ ਰਿਹਾ ਹੈ। ਦੋਸ਼ੀ ਪਰਿਵਾਰ ਦੀ ਜਾਇਦਾਦ ਆਦਿ ਦੀ ਰਾਖੀ ਕੀਤੀ ਜਾ ਰਹੀ ਹੈ। ਅਜਿਹਾ ਉਸ ਸਰਕਾਰ ਦੇ ਦੌਰ ਵਿੱਚ ਹੋ ਰਿਹਾ ਹੈ, ਜੋ ਨਸ਼ਾ ਰੋਕਣ ਦੇ ਵਾਅਦੇ ਕਰਕੇ ‘ਯੁੱਧ ਨਸ਼ਿਆਂ ਵਿਰੁੱਧ’ ਨਾਂ ਹੇਠ ਮੁਹਿੰਮ ਚਲਾਉਣ ਦਾ ਡਰਾਮਾ ਕਰ ਰਹੀ ਹੈ। ਨਿੱਤ ਦਿਨ ਨਸ਼ਿਆਂ ਨਾਲ ਨੌਜਵਾਨ ਮਰ ਰਹੇ ਹਨ, ਨਸ਼ਿਆਂ ਵਿਰੁੱਧ ਅਵਾਜ਼ ਉਠਾਉਣ ਵਾਲਿਆਂ ’ਤੇ ਪੁਲਿਸ ਵੱਲੋਂ ਤਸ਼ੱਦਦ ਹੁੰਦਾ ਹੈ। ਪੁਲਿਸ ਅਤੇ ਨਸ਼ਾ ਤਸਕਰਾਂ ਤੋਂ ਡਰਦਾ ਜੇਕਰ ਕੋਈ ਬਾਪ ਜਾਂ ਪਰਿਵਾਰਕ ਮੈਂਬਰ ਖੁਦਕੁਸ਼ੀ ਕਰ ਲੈਂਦਾ ਹੈ ਤਾਂ ਸਰਕਾਰ ਉਸਦਾ ਧੱਕੇ ਨਾਲ ਸਸਕਾਰ ਕਰਕੇ ਮਾਮਲਾ ਦਬਾਉਣ ਦਾ ਕੰਮ ਕਰਦੀ ਹੈ। ਆਪਣੀ ਅਖੌਤੀ ਨਸ਼ਾ ਵਿਰੋਧੀ ਮੁਹਿੰਮ ਬਾਰੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਕਿਤੇ ਕਿਤੇ ਬਲਡੋਜ਼ਰ ਚਲਾਉਣ ਦਾ ਡਰਾਮਾ ਕੀਤਾ ਜਾਂਦਾ ਹੈ। ਮਾਨਸਾ ਵਿਖੇ ਨਸ਼ਾ ਤਸਕਰ ਅਸ਼ਵਨੀ ਕੁਮਾਰ ਦੀ ਦੁਕਾਨ ’ਤੇ ਬਲਡੋਜ਼ਰ ਤਾਂ ਕੀ ਚਲਾਉਣਾ ਸੀ, ਪੁਲਿਸ ਦੁਕਾਨ ਦੀ ਰਾਖੀ ਕਰ ਰਹੀ ਹੈ।

ਪਰਵਿੰਦਰ ਸਿੰਘ ਝੋਟੇ ਦੇ ਕਤਲ ਨਾਲ ਸਿਆਸਤਦਾਨਾਂ, ਪੁਲਿਸ ਅਤੇ ਨਸ਼ਾ ਤਸਕਰਾਂ ਦਾ ਗੱਠਜੋੜ ਨੰਗਾ ਹੋਇਆ ਹੈ। ਪੰਜਾਬ ਸਰਕਾਰ ਦੇ ਨਸ਼ਾ ਰੋਕਣ ਦੇ ਦਾਅਵਿਆਂ ਦੀ ਫੂਕ ਨਿਕਲ ਗਈ ਹੈ। ਇਸ ਕਤਲ ਨੇ ਕਈ ਸਵਾਲ ਖੜ੍ਹੇ ਕੀਤੇ ਹਨ। ਅਸ਼ਵਨੀ ਨੇ ਗੋਲੀ ਮਾਰਨ ਤੋਂ ਪਹਿਲਾਂ ਫੋਨ ’ਤੇ ਗੱਲ ਕੀਤੀ ਸੀ। ਉਸਨੇ ਗੱਲ ਕਿਸ ਨਾਲ ਕੀਤੀ ਸੀ? ਕੀ ਕਿਸੇ ਦੀ ਸਲਾਹ ਨਾਲ ਇਹ ਕਤਲ ਹੋਇਆ? ਇਹ ਪੜਤਾਲ ਹੋਣੀ ਚਾਹੀਦੀ ਹੈ। ਅਸ਼ਵਨੀ ’ਤੇ ਪਹਿਲਾਂ ਨਸ਼ਿਆਂ ਦੇ ਤਿੰਨ ਮੁਕੱਦਮੇ ਦਰਜ ਹੋਏ ਅਤੇ ਲਗਾਤਾਰ ਪੁਲਿਸ ਨੂੰ ਉਸ ਵੱਲੋਂ ਨਸ਼ਾ ਵੇਚਣ ਬਾਰੇ ਇਤਲਾਹਾਂ ਦਿੱਤੀਆਂ ਜਾਂਦੀਆਂ ਰਹੀਆਂ, ਫਿਰ ਪੁਲਿਸ ਨੇ ਉਸਨੂੰ ਕਿਉਂ ਨਾ ਰੋਕਿਆ? ਨਸ਼ਾ ਤਸਕਰ ਅਸ਼ਵਨੀ ਵੱਲੋਂ ਪਰਵਿੰਦਰ ਝੋਟਾ ਅਤੇ ਹੋਰ ਨਸ਼ਾ ਰੋਕਣ ਵਾਲਿਆਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਰਹੀਆਂ, ਪਰ ਪੁਲਿਸ ਨੇ ਉਸਦਾ ਅਸਲਾ ਕਿਉਂ ਨਾ ਜਮ੍ਹਾਂ ਕਰਵਾਇਆ? ਇਸ ਕਤਲ ਪਿੱਛੇ ਕਿਹੜੇ ਕਿਹੜੇ ਸਿਆਸਤਦਾਨ ਜਾਂ ਅਧਿਕਾਰੀ, ਕਰਮਚਾਰੀ ਕੰਮ ਕਰ ਰਹੇ ਹਨ? ਇਹ ਪੜਤਾਲ ਹੋਣੀ ਚਾਹੀਦੀ ਹੈ।

ਲੋਕ ਇਨਸਾਫ ਲਈ ਇਕੱਠੇ ਹੋ ਰਹੇ ਹਨ, ਸੰਘਰਸ਼ ਵਿੱਢਣ ਦੇ ਰੌਂ ਵਿੱਚ ਹਨ, ਇਹ ਜਾਇਜ਼ ਹੈ। ਪੰਜਾਬ ਸਰਕਾਰ ਜੇ ਨਸ਼ੇ ਨਹੀਂ ਰੋਕ ਸਕਦੀ, ਕਤਲਾਂ ਨੂੰ ਨਹੀਂ ਰੋਕ ਸਕਦੀ ਤਾਂ ਉਸਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਪਰਵਿੰਦਰ ਸਿੰਘ ਝੋਟੇ ਦੇ ਕਤਲ ਦੀ ਪੂਰੀ ਸਾਜ਼ਿਸ ਲੋਕਾਂ ਸਾਹਮਣੇ ਪਰਤੱਖ ਕਰਨੀ ਚਾਹੀਦੀ ਹੈ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਬਲਵਿੰਦਰ ਸਿੰਘ ਭੁੱਲਰ

ਬਲਵਿੰਦਰ ਸਿੰਘ ਭੁੱਲਰ

A veteran journalist and writer.
WhatsApp: (91 - 98882 - 75913)

Email: (bhullarbti@gmail.com)

More articles from this author