“ਦੇਸ਼ ਦੇ ਅਜਿਹੇ ਹਾਲਾਤ ਨੂੰ ਸੁਧਾਰਨ ਲਈ ਕੋਈ ਠੋਸ ਕਦਮ ਤਾਂ ਚੁੱਕਣਾ ਹੀ ਪਵੇਗਾ ...”
(6 ਜੂਨ 2026)
ਭਾਰਤ ਦੀ ਆਰਥਿਕ ਹਾਲਤ ਨਿੱਤ ਦਿਨ ਗਿਰਾਵਟ ਵੱਲ ਜਾ ਰਹੀ ਹੈ। ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਕੀਮਤ ਲਗਾਤਾਰ ਡਿਗ ਰਹੀ ਹੈ। ਮਹਿੰਗਾਈ ਵਧ ਰਹੀ ਹੈ, ਲੋਕਾਂ ਦੀ ਖਰੀਦ ਸ਼ਕਤੀ ਘਟ ਰਹੀ ਹੈ। ਆਮ ਲੋਕਾਂ ਦਾ ਜਿਊਣਾ ਦੁੱਭਰ ਹੁੰਦਾ ਜਾ ਰਿਹਾ ਹੈ। ਪਰ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਨੀਤੀਆਂ ਦੇਸ਼ ਦੇ ਹਿਤ ਵਾਲੀਆਂ ਨਹੀਂ ਹਨ, ਸਗੋਂ ਅਡਾਨੀਆਂ ਅੰਬਾਨੀਆਂ ਦੇ ਹਿਤ ਪੂਰਨ ਵਾਲੀਆਂ ਹਨ। ਕਾਰਪੋਰੇਟ ਘਰਾਣਿਆਂ ਦੀ ਆਮਦਨ ਅਤੇ ਜਾਇਦਾਦਾਂ ਵਿੱਚ ਓੜਕਾਂ ਦਾ ਵਾਧਾ ਹੋ ਰਿਹਾ ਹੈ। ਅਰਬਾਂ ਖਰਬਾਂ ਰੁਪਏ ਲੈ ਕੇ ਸਰਮਾਏਦਾਰ ਵਿਦੇਸ਼ਾਂ ਨੂੰ ਭੱਜ ਚੁੱਕੇ ਹਨ। ਸਰਕਾਰ ਆਮ ਲੋਕਾਂ ਨੂੰ ਸਹੂਲਤਾਂ ਦੇ ਸਬਜ਼ਬਾਗ ਵਿਖਾ ਕੇ, ਗੁਮਰਾਹ ਕਰਕੇ ਸਮਾਂ ਲੰਘਾ ਰਹੀ ਹੈ ਅਤੇ ਆਪਣੇ ਨਜ਼ਦੀਕੀਆਂ ਨੂੰ ਲਾਭ ਪਹੁੰਚਾ ਰਹੀ ਹੈ।
ਅਜਿਹੀ ਸਥਿਤੀ ਦੇਖਦਿਆਂ ਕਾਂਗਰਸ ਦੇ ਸੀਨੀਅਰ ਆਗੂ ਸ੍ਰੀ ਰਾਹੁਲ ਗਾਂਧੀ ਨੇ ਦੇਸ਼ ਦੀ ਆਰਥਿਕ ਹਾਲ ’ਤੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਉਹਨਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਯੋਜਨਾਬੱਧ ਤਰੀਕੇ ਨਾਲ ਦੇਸ਼ ਦੇ ਸਮਾਜਿਕ ਆਰਥਿਕ ਤਾਣੇ ਬਾਣੇ ਨੂੰ ਢਾਹ ਲਾ ਰਹੀ ਹੈ। ਉੱਤਰਾਖੰਡ ਦੇ ਅਖਮੋੜਾ ਵਿਖੇ ‘ਪਰਿਵਰਤਨ ਦਾ ਸੰਖਨਾਦ’ ਰੈਲੀ ਨੂੰ ਸੰਬੋਧਨ ਕਰਦਿਆਂ ਉਹਨਾਂ ਕੇਂਦਰ ਸਰਕਾਰ ਉੱਤੇ ਸੂਬੇ ਦੇ ਕੁਦਰਤੀ ਸਰੋਤਾਂ ਨੂੰ ਲੁੱਟਣ ਦਾ ਦੋਸ਼ ਵੀ ਲਾਇਆ ਹੈ। ਇਸਤੋਂ ਪਹਿਲਾਂ ਬੀਤੇ ਦਿਨ ਸ੍ਰੀ ਗਾਂਧੀ ਨੇ ਇਹ ਵੀ ਇੰਕਸ਼ਾਫ ਕੀਤਾ ਸੀ ਕਿ ਸ੍ਰੀ ਨਰਿੰਦਰ ਮੋਦੀ ਦਾ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਬਣਿਆ ਰਹਿਣਾ ਹੁਣ ਸੌਖਾ ਨਹੀਂ, ਇੱਕ ਸਾਲ ਤੋਂ ਪਹਿਲਾਂ ਪਹਿਲਾਂ ਉਹ ਇਸ ਅਹੁਦੇ ਤੋਂ ਲਾਂਭੇ ਕਰ ਦਿੱਤੇ ਜਾਣਗੇ। ਦੇਸ਼ ਦੇ ਲੋਕ ਸ੍ਰੀ ਰਾਹੁਲ ਗਾਂਧੀ ਦੇ ਬਿਆਨਾਂ ਨੂੰ ਬਹੁਤਾ ਵਜ਼ਨਦਾਰ ਨਹੀਂ ਮੰਨਦੇ, ਪਰ ਦੇਸ਼ ਦੀ ਆਰਥਿਕ ਹਾਲਤ ਮਾੜੀ ਹੋਣ ਬਾਰੇ ਕੇਵਲ ਉਹਨਾਂ ਹੀ ਨਹੀਂ, ਦੇਸ਼ ਦੇ ਅਰਥ ਸ਼ਾਸ਼ਤਰੀ, ਖੱਬੀਆਂ ਪਾਰਟੀਆਂ ਦੇ ਆਗੂ ਅਤੇ ਬੁੱਧੀਜੀਵੀ ਆਦਿ ਵੀ ਚਿੰਤਾ ਦਾ ਇਜ਼ਹਾਰ ਕਰ ਚੁੱਕੇ ਹਨ ਅਤੇ ਇਹ ਕਹਿ ਚੁੱਕੇ ਹਨ ਕਿ ਇਸ ਮਾੜੀ ਹਾਲਤ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਕੇਂਦਰ ਸਰਕਾਰ ਸੁਧਾਰ ਕਰਨ ਵਿੱਚ ਅਸਫਲ ਨਜ਼ਰ ਆ ਰਹੀ ਹੈ।
ਦੇਸ਼ ਦੀ ਆਰਥਿਕ ਹਾਲਤ ਕੋਈ ਪਹਿਲੀ ਵਾਰ ਅਜਿਹੀ ਨਹੀਂ ਹੋਈ। ਸਾਲ 1990 ਤੋਂ ਪਹਿਲਾਂ ਵੀ ਅਜਿਹੀ ਮੰਦੀ ਵਾਲੀ ਸਥਿਤੀ ਪੈਦਾ ਹੋ ਗਈ ਸੀ, ਦੇਸ਼ ਵਿੱਚ ਲੱਗੀ ਐਮਰਜੈਂਸੀ, ਰਿਜ਼ਰਵੇਸ਼ਨ ਮੁੱਦੇ ’ਤੇ ਉੱਠੀ ਜਨਤਕ ਲਹਿਰ ਅਤੇ ਹੋਰ ਕਾਫ਼ੀ ਕਾਰਨਾਂ ਸਦਕਾ ਆਰਥਿਕ ਹਾਲਤ ਬਰਦਾਸ਼ਤ ਤੋਂ ਬਾਹਰ ਹੋ ਗਈ ਸੀ। 1991 ਵਿੱਚ ਕਾਂਗਰਸ ਪਾਰਟੀ ਚੋਣਾਂ ਜਿੱਤ ਕੇ ਸਰਕਾਰ ਬਣਾਉਣ ਵਿੱਚ ਸਫਲ ਹੋ ਗਈ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਸਿਮਹਾ ਰਾਓ ਬਣ ਗਏ। ਰਾਜਭਾਗ ਸੰਭਾਲਦਿਆਂ ਹੀ ਉਹ ਦੇਸ਼ ਦੀ ਹਾਲਤ ਦੇਖ ਕੇ ਡੂੰਘੀ ਚਿੰਤਾ ਵਿੱਚ ਫਸ ਗਏ ਅਤੇ ਸੁਧਾਰ ਕਰਨ ਲਈ ਉਹਨਾਂ ਆਪਣੀ ਤੀਖਣ ਬੁੱਧੀ ਵਰਤਿਆਂ ਆਰਥਿਕ ਮਾਹਰਾਂ, ਪਾਰਟੀ ਨੇਤਾਵਾਂ ਆਦਿ ਨਾਲ ਸਲਾਹ ਮਸ਼ਵਰੇ ਕੀਤੇ ਅਤੇ ਇੱਕ ਚੰਗੇ ਉੱਚਕੋਟੀ ਦੇ ਅਰਥ ਸ਼ਾਸ਼ਤਰੀ ਦੀ ਭਾਲ ਕਰਨ ਲੱਗੇ। ਆਖਰ ਉਹਨਾਂ ਦੀ ਨਿਗਾਹ ਡਾ. ਮਨਮੋਹਨ ਸਿੰਘ ’ਤੇ ਪਈ। ਡਾ. ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਦਫਤਰ ਵਿੱਚ ਬੁਲਾਇਆ ਗਿਆ ਅਤੇ ਦੱਸਿਆ ਕਿ ਸਰਕਾਰ ਨੇ ਤੁਹਾਨੂੰ ਦੇਸ਼ ਦਾ ਵਿੱਤ ਮੰਤਰੀ ਬਣਾਉਣ ਦਾ ਫੈਸਲਾ ਕੀਤਾ ਹੈ। ਡਾ. ਮਨਮੋਹਨ ਸਿੰਘ ਹੈਰਾਨ ਹੋ ਗਏ, ਉਹਨਾਂ ਤਾਂ ਕਦੇ ਅਜਿਹਾ ਸੁਪਨਾ ਵੀ ਨਹੀਂ ਸੀ ਸਿਰਜਿਆ। ਪਰ ਸ੍ਰੀ ਰਾਓ ਨੇ ਕਿਹਾ ਕਿ ਦੋ ਦਿਨਾਂ ਬਾਅਦ ਤੁਹਾਡਾ ਸਹੁੰ ਚੁੱਕ ਸਮਾਗਮ ਹੋਵੇਗਾ।:
ਡਾ: ਮਨਮੋਹਨ ਸਿੰਘ ਵਿੱਤ ਮੰਤਰੀ ਬਣ ਗਏ। ਉਹਨਾਂ ਚੰਗੀਆਂ ਆਰਥਿਕ ਨੀਤੀਆਂ ਲਿਆਂਦੀਆਂ, ਵਿਦੇਸ਼ਾਂ ਨਾਲ ਸੰਬੰਧ ਸੁਧਾਰੇ ਗਏ। ਦੇਸ਼ ਨੂੰ ਆਰਥਿਕ ਹੁਲਾਰਾ ਮਿਲਿਆ। ਵਿਦੇਸ਼ਾਂ ਵਿੱਚ ਪਿਆ ਭਾਰਤ ਦਾ ਸੋਨਾ ਵਾਪਸ ਲਿਆਂਦਾ। ਦੇਸ਼ ਵਾਸੀਆਂ ਨੂੰ ਸਹੂਲਤਾਂ ਦਿੱਤੀਆਂ ਗਈਆਂ ਅਤੇ ਦੇਸ਼ ਆਰਥਿਕ ਤੌਰ ’ਤੇ ਕਾਫ਼ੀ ਮਜ਼ਬੂਤ ਹੋ ਗਿਆ। ਇਸਤੋਂ ਬਾਅਦ ਮਈ 1996 ਵਿੱਚ ਚੋਣਾਂ ਆਈਆਂ ਤਾਂ ਦੇਸ਼ ਦੀ ਸੱਤਾ ਭਾਜਪਾ ਦੇ ਹੱਥ ਆ ਗਈ ਅਤੇ ਸ੍ਰੀ ਅਟੱਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਬਣ ਗਏ। ਉਹ ਇੱਕ ਸੁਲਝੇ ਹੋਏ ਆਗੂ ਸਨ ਅਤੇ ਦੇਸ਼ ਦੇ ਭਲੇ ਲਈ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਸਨ। ਉਹਨਾਂ ਡਾ. ਮਨਮੋਹਨ ਸਿੰਘ ਦੀਆਂ ਨੀਤੀਆਂ ਨੂੰ ਪਰਖਦਿਆਂ ਆਪਣੀ ਸਰਕਾਰ ਵਿੱਚ ਵੀ ਵਿੱਤ ਮੰਤਰੀ ਬਣਾਉਣ ਬਾਰੇ ਸੋਚਿਆ, ਪਰ ਡਾ. ਮਨਮੋਹਨ ਸਿੰਘ ਨੇ ਇਹ ਸੱਦਾ ਪ੍ਰਵਾਨ ਨਾ ਕੀਤਾ ਕਿਉਂਕਿ ਹੁਣ ਉਹ ਬਕਾਇਦਾ ਕਾਂਗਰਸ ਵਿੱਚ ਸ਼ਾਮਲ ਹੋ ਚੁੱਕੇ ਸਨ। ਉਸ ਸਮੇਂ ਅੱਜ ਵਾਂਗ ਸੁਬ੍ਹਾ, ਦੁਪਹਿਰ, ਸ਼ਾਮ ਪਾਰਟੀ ਬਦਲਣ ਵਾਲਾ ਰਿਵਾਜ਼ ਵੀ ਨਹੀਂ ਸੀ ਚੱਲਿਆ ਅਤੇ ਡਾ. ਮਨਮੋਹਨ ਸਿੰਘ ਖ਼ੁਦ ਵੀ ਅਜਿਹੀ ਸੋਚ ਦੇ ਵਿਰੋਧੀ ਸਨ। ਮਈ 2009 ਵਿੱਚ ਮੁੜ ਕਾਂਗਰਸ ਦੀ ਕੇਂਦਰ ਵਿੱਚ ਸਰਕਾਰ ਬਣ ਗਈ। ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਡਾ. ਮਨਮੋਹਨ ਸਿੰਘ ਵੱਲੋਂ ਪਹਿਲੀ ਸਰਕਾਰ ਸਮੇਂ ਕੀਤੇ ਕੰਮਾਂ ਦੀ ਕਦਰ ਕਰਦਿਆਂ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ। ਉਹ ਬੋਲਦੇ ਭਾਵੇਂ ਘੱਟ ਸਨ, ਪਰ ਦੇਸ਼ ਲਈ ਦਿੱਤੇ ਉਹਨਾਂ ਦੇ ਯੋਗਦਾਨ ’ਤੇ ਅੱਜ ਵੀ ਦੇਸ਼ ਦਾ ਹਰ ਵਿਅਕਤੀ ਮਾਣ ਮਹਿਸੂਸ ਕਰਦਾ ਹੈ।
ਸਾਲ 2014 ਵਿੱਚ ਚੋਣਾਂ ਆਈਆਂ ਤਾਂ ਭਾਜਪਾ ਨੇ ਸੱਤਾ ਹਾਸਲ ਕਰ ਲਈ ਅਤੇ ਸ੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਗਏ। ਉਹ ਇੱਕ ਚੰਗੇ ਬੁਲਾਰੇ ਹਨ, ਜਿਸ ਕਰਕੇ ਲੋਕਾਂ ਦੇ ਹਰਮਨ ਪਿਆਰੇ ਆਗੂ ਹਨ। ਵਿਦੇਸ਼ਾਂ ਨਾਲ ਵੀ ਉਹਨਾਂ ਚੰਗੇ ਸੰਬੰਧ ਬਣਾਏ ਹਨ, ਆਮ ਹੀ ਦੇਸ ਵਿਦੇਸ਼ ਦੇ ਦੌਰਿਆਂ ’ਤੇ ਰਹਿੰਦੇ ਹਨ। ਅਮਰੀਕਨ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਵੀ ਉਹਨਾਂ ਦੇ ਚੰਗੇ ਸੰਬੰਧ ਹਨ। ਇਨ੍ਹਾਂ ਕਾਰਨਾਂ ਸਦਕਾ ਉਹਨਾਂ ਦੀਆਂ ਨੀਤੀਆਂ ਅਮਰੀਕਾ ਪੱਖੀ ਰਹੀਆਂ ਹਨ, ਜਿਨ੍ਹਾਂ ਨੇ ਭਾਰਤ ਦੀ ਆਰਥਿਕ ਹਾਲਤ ’ਤੇ ਸੱਟ ਮਾਰੀ ਹੈ। ਮੋਦੀ ਸਰਕਾਰ ਕਾਰਪੋਰੇਟਾਂ ਨੂੰ ਸਹੂਲਤਾਂ ਦੇ ਕੇ ਉਹਨਾਂ ਦੀਆਂ ਜਾਇਦਾਦਾਂ ਵਧਾਉਣ ਲਈ ਹੀ ਕੰਮ ਕਰਦੀ ਰਹੀ ਹੈ। ਸੈਂਕੜੇ ਪ੍ਰੋਜੈਕਟ ਕਾਰਪੋਰੇਟਾਂ ਦੇ ਹਵਾਲੇ ਕਰ ਦਿੱਤੇ ਹਨ। ਕਈ ਵੱਡੇ ਧਨਾਡ ਅਰਬਾਂ ਖਰਬਾਂ ਰੁਪਏ ਲੈ ਕੇ ਸਰਕਾਰ ਦੀ ਕ੍ਰਿਪਾ ਦ੍ਰਿਸ਼ਟੀ ਸਦਕਾ ਵਿਦੇਸ਼ਾਂ ਵਿੱਚ ਭੱਜ ਗਏ ਹਨ। ਸਰਕਾਰ ਨੂੰ ਕਾਰਪੋਰੇਟਾਂ, ਅਡਾਨੀਆਂ ਅੰਬਾਨੀਆਂ ਦਾ ਫਿਕਰ ਰਹਿੰਦਾ ਹੈ, ਆਮ ਜਨਤਾ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਫਿਰਕਾ ਪ੍ਰਸ਼ਤੀ ਸੋਚ ਕਾਰਨ ਧਰਮ ਨਿਰਪੱਖਤਾ ਨੂੰ ਢਾਹ ਲੱਗ ਰਹੀ ਹੈ। ਦੇਸ਼ ਦੀ ਹਾਲਤ ਨਿਘਾਰ ਵੱਲ ਜਾ ਰਹੀ ਹੈ, ਆਰਥਿਕ ਮੰਦੀ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ।
ਦੇਸ਼ ਦੇ ਅਜਿਹੇ ਹਾਲਾਤ ਨੂੰ ਸੁਧਾਰਨ ਲਈ ਕੋਈ ਠੋਸ ਕਦਮ ਤਾਂ ਚੁੱਕਣਾ ਹੀ ਪਵੇਗਾ, ਸ਼ਾਇਦ ਇਹ ਸ੍ਰੀ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਲਾਂਭੇ ਕਰਨ ਦਾ ਹੀ ਹੋ ਸਕਦਾ ਹੈ। ਦੇਸ਼ ਨੂੰ ਨਵਾਂ ਪ੍ਰਧਾਨ ਮੰਤਰੀ ਮਿਲੇ, ਜੋ ਚੰਗੀਆਂ ਨੀਤੀਆਂ ਤੈਅ ਕਰੇ, ਤਾਂ ਹੀ ਆਰਥਿਕ ਹਾਲਤ ਵਿੱਚ ਸੁਧਾਰ ਲਿਆਂਦਾ ਜਾ ਸਕਦਾ ਹੈ। ਇਹੋ ਕਾਰਨ ਹੈ ਕਿ ਸ੍ਰੀ ਮੋਦੀ ਦੇ ਪ੍ਰਧਾਨ ਮੰਤਰੀ ਅਹੁਦੇ ਤੋਂ ਪਾਸੇ ਹੋਣ ਦੀਆਂ ਗੱਲਾਂ ਚੱਲ ਪਈਆਂ ਹਨ। ਹੋ ਸਕਦਾ ਹੈ ਕਿ ਭਾਜਪਾ ਹੀ ਦੇਸ਼ ਦੀ ਕਮਾਨ ਕਿਸੇ ਹੋਰ ਆਗੂ ਦੇ ਹਵਾਲੇ ਕਰ ਦੇਵੇ। ਚੁੱਲ੍ਹੇ ਵਿੱਚੋਂ ਜੇ ਧੂੰਆਂ ਨਿਕਲਦਾ ਹੈ ਤਾਂ ਉਹ ਅੰਦਰ ਅੱਗ ਹੋਣ ਦਾ ਸਬੂਤ ਤਾਂ ਦਿੰਦਾ ਹੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

















































































































