“ਇਹ ਭਾਜਪਾ ਦੀਆਂ ਪੰਜਾਬ ਉੱਪਰ ਸਿਆਸੀ ਕਬਜ਼ਾ ਕਰਕੇ ਅਗਲੀ ਸਰਕਾਰ ਬਣਾਉਣ ...”
(26 ਅਪਰੈਲ 2026)
ਆਮ ਆਦਮੀ ਪਾਰਟੀ ਦੇ ਸੱਤ ਰਾਜ ਸਭਾ ਮੈਂਬਰ ਆਪਣੀ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਰਲ ਗਏ ਹਨ। ਵੱਖ ਵੱਖ ਲੋਕਾਂ ਵੱਲੋਂ ਇਸ ਰਾਜਸੀ ਰਲੇਵੇਂ ਪ੍ਰਤੀ ਵੱਖ ਵੱਖ ਵਿਚਾਰ ਸਾਹਮਣੇ ਆ ਰਹੇ ਹਨ। ਕੁਝ ਲੋਕ ਆਮ ਆਦਮੀ ਪਾਰਟੀ ਵਿੱਚ ਹੋਈ ਟੁੱਟ ਭੱਜ ਨੂੰ ਸ਼ੁਭ ਸ਼ਗਨ ਮੰਨ ਰਹੇ ਹਨ ਅਤੇ ਅਤੇ ਕੁਝ ਲੋਕਾਂ ਨੇ ਭਾਜਪਾ ਦੀ ਕੂਟਨੀਤੀ ਨੂੰ ਜ਼ਿੰਮੇਵਾਰ ਠਹਿਰਾ ਹੈ ਅਤੇ ਕੁਝ ਲੋਕ ਰਾਜ ਸਭਾ ਦੇ ਇਨ੍ਹਾਂ ਮੈਂਬਰਾਂ ਦੀ ਗਦਾਰੀ ਕਹਿ ਕੇ ਭੰਡ ਰਹੇ ਹਨ। ਪਰ ਜੇਕਰ ਨਿਰਪੱਖ ਹੋ ਕੇ ਵਿਚਾਰ ਕਰੀਏ ਤਾਂ ਇਹ ਰਲੇਵਾਂ ਭਾਰਤੀ ਲੋਕਤੰਤਰ ਲਈ ਇੱਕ ਕਾਲਾ ਅਧਿਆਇ ਹੈ, ਕਾਲਾ ਧੱਬਾ ਹੈ।
ਆਮ ਆਦਮੀ ਪਾਰਟੀ ਦੇ ਕੁੱਲ ਦਸ ਰਾਜ ਸਭਾ ਮੈਂਬਰਾਂ ਵਿੱਚੋਂ ਸੱਤ ਰਾਘਵ ਚੱਢਾ, ਸੰਦੀਪ ਪਾਠਕ, ਅਸ਼ੋਕ ਮਿੱਤਲ, ਹਰਭਜਨ ਸਿੰਘ, ਸਵਾਤੀ ਮਾਲੀਵਾਲ, ਰਜਿੰਦਰ ਗੁਪਤਾ ਅਤੇ ਵਿਕਰਮ ਸਾਹਨੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ ਅਤੇ ਤਿੰਨ ਮੈਂਬਰ ਸੰਜੇ ਸਿੰਘ, ਸੰਤ ਬਲਵੀਰ ਸਿੰਘ ਸੀਚੇਵਾਲ ਤੇ ਨਰਾਇਣ ਦਾਸ ਗੁਪਤਾ ਪਾਰਟੀ ਦੇ ਰਾਜ ਸਭਾ ਮੈਂਬਰ ਰਹਿ ਗਏ ਹਨ। ਇਹ ਇੱਕ ਵੱਡੀ ਸਾਜ਼ਿਸ਼ ਤਹਿਤ ਭਾਜਪਾ ਵਿੱਚ ਸ਼ਾਮਲ ਹੋਏ ਹਨ ਕਿਉਂਕਿ ਉਹਨਾਂ ਦੀ ਗਿਣਤੀ ਦੋ ਤਿਹਾਈ ਹੈ। ਭਾਰਤੀ ਸੰਵਿਧਾਨ ਅਨੁਸਾਰ ਜੇਕਰ ਦੋ ਤਿਹਾਈ ਤੋਂ ਘੱਟ ਹੁੰਦੇ ਤਾਂ ਉਹਨਾਂ ਦੀ ਮੈਂਬਰੀ ਖਤਮ ਹੋ ਜਾਣੀ ਸੀ। ਉਹ ਆਪਣੀ ਰਾਜ ਸਭਾ ਮੈਂਬਰੀ ਸੁਰੱਖਿਅਤ ਰੱਖ ਕੇ ਭਾਜਪਾ ਵਿੱਚ ਸ਼ਾਮਲ ਹੋਏ ਹਨ। ਇਸ ਸਾਰੀ ਸਾਜ਼ਿਸ ਦਾ ਮੁੱਖ ਧੁਰਾ ਸ੍ਰੀ ਰਾਘਵ ਚੱਢਾ ਹੈ। ਪਾਰਟੀ ਦੀ ਸਥਾਪਨਾ ਤੋਂ ਲੈ ਕੇ ਉਹ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਦਾ ਸਭ ਤੋੱ ਵੱਧ ਭਰੋਸੇਯੋਗ ਵਿਅਕਤੀ ਮੰਨਿਆ ਜਾਂਦਾ ਸੀ। ਉਹ ਇੱਕ ਤਰ੍ਹਾਂ ਕੇਜਰੀਵਾਲ ਪਰਿਵਾਰ ਦਾ ਮੈਂਬਰ ਹੀ ਸੀ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਕੇਜਰੀਵਾਲ ਨੇ ਉਸਨੂੰ ਵੱਡੀ ਤਾਕਤ ਦੇ ਕੇ ਪੰਜਾਬ ਭੇਜ ਦਿੱਤਾ ਸੀ। ਇੱਥੇ ਮੁੱਖ ਮੰਤਰੀ ਭਾਵੇਂ ਸ੍ਰੀ ਭਗਵੰਤ ਮਾਨ ਬਣੇ ਪਰ ਅਸਲ ਵਿੱਚ ਪਿੱਛੇ ਬੈਠ ਕੇ ਮੁੱਖ ਮੰਤਰੀ ਦਾ ਕਾਰਜ ਭਾਗ ਰਾਘਵ ਚੱਢਾ ਹੀ ਚਲਾਉਂਦਾ ਰਿਹਾ ਸੀ। ਪੰਜਾਬ ਦੇ ਲੋਕਾਂ ਨੇ ਉਸਦੀ ਸੂਬੇ ਵਿੱਚ ਕੀਤੀ ਜਾਂਦੀ ਦਖਲਅੰਦਾਜ਼ੀ ’ਤੇ ਬਹੁਤ ਰੌਲਾ ਵੀ ਪਾਇਆ ਸੀ, ਪਰ ਪਾਰਟੀ ਨੇ ਲੋਕਾਂ ਦੀ ਨਹੀਂ ਸੁਣੀ ਸੀ। ਫਿਰ ਅਜਿਹਾ ਸਮਾਂ ਆਇਆ ਕਿ ਸ੍ਰੀ ਕੇਜਰੀਵਾਲ ਦੀ ਦਿੱਲੀ ਵਿਖੇ ਗ੍ਰਿਫਤਾਰੀ ਹੋ ਗਈ। ਉਸ ਸਮੇਂ ਰਾਘਵ ਚੱਢਾ ਵਿਦੇਸ਼ ਵਿੱਚ ਸੀ। ਇਸ ਗ੍ਰਿਫਤਾਰੀ ’ਤੇ ਉਸਨੇ ਚੁੱਪ ਧਾਰੀ ਰੱਖੀ। ਕੋਈ ਵਿਰੋਧ ਨਾ ਕੀਤਾ ਅਤੇ ਨਾ ਹੀ ਨਿੰਦਾ ਕੀਤੀ। ਉਸਤੋਂ ਬਾਅਦ ਕੇਜਰੀਵਾਲ ਅਤੇ ਸਿਸੋਦੀਆ ਮੁਕੱਦਮੇ ਵਿੱਚੋਂ ਬਰੀ ਹੋ ਗਏ ਤਾਂ ਰਾਘਵ ਚੱਢਾ ਨੇ ਕਦੇ ਖੁਸ਼ੀ ਵੀ ਜ਼ਾਹਰ ਨਾ ਕੀਤੀ। ਲੋਕ ਇਨ੍ਹਾਂ ਦੋਵਾਂ ਮੌਕਿਆਂ ’ਤੇ ਉਸਦੀ ਚੁੱਪ ਬਾਰੇ ਚਰਚਾ ਤਾਂ ਕਰਦੇ ਰਹੇ ਪਰ ਕਾਰਨ ਬੁਝਾਰਤ ਹੀ ਬਣਿਆ ਰਿਹਾ। ਹੁਣ 3 ਅਪਰੈਲ ਨੂੰ ਪਾਰਟੀ ਵੱਲੋਂ ਰਾਜ ਸਭਾ ਲਈ ਬਣੀ ਕਮੇਟੀ ਦੇ ਉਪ ਅਹੁਦੇ ਤੋਂ ਉਸਨੂੰ ਹਟਾ ਦਿੱਤਾ ਸੀ। ਉਸ ਸਮੇਂ ਤੋਂ ਚਰਚਾਵਾਂ ਹੁੰਦੀਆਂ ਰਹੀਆਂ ਕਿ ਉਹ ਭਾਜਪਾ ਵਿੱਚ ਸ਼ਾਮਲ ਹੋ ਸਕਦਾ ਹੈ। ਹੁਣ ਉਹ ਸ਼ਾਮਲ ਹੋਇਆ ਤਾਂ ਆਪਣੇ ਨਾਲ ਛੇ ਹੋਰ ਮੈਂਬਰਾਂ ਨੂੰ ਵੀ ਲੈ ਗਿਆ।
ਹੋ ਸਕਦਾ ਹੈ ਕੇਜਰੀਵਾਲ ਦਾ ਰਾਘਵ ਚੱਢਾ ਨਾਲ ਕੋਈ ਗੁੱਸਾ, ਰੋਸਾ ਹੋਵੇ, ਪਰ ਦੂਜਿਆਂ ਪ੍ਰਤੀ ਤਾਂ ਅਜਿਹਾ ਕਦੇ ਵਿਖਾਈ ਨਹੀਂ ਸੀ ਦਿੱਤਾ, ਪਰ ਉਹ ਗਰੁੱਪ ਬਣਾ ਕੇ ਭਾਜਪਾ ਵਿੱਚ ਸ਼ਾਮਲ ਹੋਏ ਹਨ। ਇਸਦਾ ਇੱਕ ਕਾਰਨ ਤਾਂ ਇਹ ਹੈ ਕਿ ਇਹ ਸਾਰੇ ਮੈਂਬਰ ਨਾ ਤਾਂ ਸਿਆਸੀ ਸਨ ਅਤੇ ਨਾ ਹੀ ਲੋਕ ਆਗੂ ਸਨ। ਇਨ੍ਹਾਂ ਕਦੇ ਲੋਕਾਂ ਲਈ ਕੋਈ ਸੰਘਰਸ਼ ਨਹੀਂ ਸੀ ਕੀਤਾ ਅਤੇ ਪੰਜਾਬ ਦੇ ਲੋਕਾਂ ਨਾਲ ਵੀ ਇਨ੍ਹਾਂ ਦਾ ਕੋਈ ਮੋਹ ਪਿਆਰ ਨਹੀਂ ਸੀ। ਇਹੋ ਕਾਰਨ ਸੀ ਕਿ ਉਹਨਾਂ ਰਾਜ ਸਭਾ ਵਿੱਚ ਵੀ ਪੰਜਾਬ ਦੇ ਭਲੇ ਜਾਂ ਹਿਤਾਂ ਦੀ ਰਾਖੀ ਲਈ ਕਦੇ ਆਵਾਜ਼ ਨਹੀਂ ਸੀ ਉਠਾਈ। ਪਰ ਫਿਰ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਰਾਜ ਸਭਾ ਮੈਂਬਰ ਕਿਉਂ ਬਣਾਇਆ ਸੀ? ਇਹ ਸਵਾਲ ਉਹਨਾਂ ਦੀ ਨਿਯੁਕਤੀ ਤੋਂ ਹੀ ਚਰਚਾ ਵਿੱਚ ਰਿਹਾ ਹੈ। ਆਮ ਲੋਕਾਂ ਦਾ ਕਹਿਣਾ ਸੀ ਕਿ ਇਹ ਲੋਕ ਘਰ ਘਰ ਜਾ ਕੇ ਮਿੰਨਤਾਂ ਨਾਲ ਵੋਟਾਂ ਹਾਸਲ ਕਰਕੇ ਤਾਂ ਬਣੇ ਨਹੀਂ ਸਨ, ਸਿਰਫ ਪੈਸੇ ਦੇ ਜ਼ੋਰ ਨਾਲ ਬਣੇ ਸਨ, ਤਾਂ ਜੋ ਉਹ ਈ ਡੀ ਜਾਂ ਸੀ ਬੀ ਆਈ ਵਰਗੀਆਂ ਏਜੰਸੀਆਂ ਤੋਂ ਬਚੇ ਰਹਿਣ। ਮਿਸਾਲ ਵਜੋਂ 15 ਅਪਰੈਲ ਨੂੰ ਈ ਡੀ ਨੇ ਅਸ਼ੋਕ ਮਿੱਤਲ ਦੇ ਕਈ ਟਿਕਾਣਿਆਂ ’ਤੇ ਛਾਪੇਮਾਰੀ ਵੀ ਕੀਤੀ ਸੀ, ਜਿਸਨੂੰ ਲੋਕ ਭਾਜਪਾ ਦੇ ਲੋਟਸ ਅਪਰੇਸ਼ਨ ਵਾਂਗ ਹੀ ਦੇਖ ਰਹੇ ਸਨ। ਮੁਕੱਦਮਿਆਂ ਤੋਂ ਬਚ ਕੇ ਸੁਰੱਖਿਅਤ ਰਹਿਣ ਲਈ ਅਤੇ ਕਿਸੇ ਵੱਡੇ ਅਹੁਦੇ ਦੀ ਭੁੱਖ ਮਿਟਾਉਣ ਲਈ ਉਹ ਬਣੇ ਸਨ, ਉਂਜ ਉਹਨਾਂ ਦਾ ਕੋਈ ਸਿਧਾਂਤ ਤਾਂ ਹੈ ਹੀ ਨਹੀਂ ਹੈ ਅਤੇ ਨਾ ਹੀ ਉਹ ਦੇਸ਼ ਭਗਤ ਹਨ ਜਾਂ ਕਦਰਾਂ ਕੀਮਤਾਂ ਪ੍ਰਤੀ ਇਮਾਨਦਾਰ ਹਨ।
ਅੱਜ ਆਮ ਆਦਮੀ ਪਾਰਟੀ ਲਈ ਉਹਨਾਂ ਵੱਲੋਂ ਭਾਜਪਾ ਵਿੱਚ ਜਾਣਾ ਪਾਰਟੀ ਲਈ ਸਭ ਤੋਂ ਵੱਡਾ ਝਟਕਾ ਹੈ। ਪਾਰਟੀ ਬਹੁਤ ਨਿਰਾਸ ਅਤੇ ਦੁਖੀ ਹੈ। ਪਰ ਹੁਣ ਜਦੋਂ ‘ਚਿੜੀਆਂ ਚੁਗ ਗਈ ਖੇਤ, ਅਬ ਪਛਤਾਏ ਕਿਆ ਬਣੇ’ ਕਹਾਵਤ ਅਨੁਸਾਰ ਕੁਝ ਨਹੀਂ ਹੋ ਸਕਦਾ। ਇਨ੍ਹਾਂ ਲੋਕਾਂ ਨੂੰ ਰਾਜ ਸਭਾ ਮੈਂਬਰ ਬਣਾਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਸੋਚਣਾ ਚਾਹੀਦਾ ਸੀ ਕਿ ਉਹ ਕਿਹੋ ਜਿਹੇ ਲੋਕਾਂ ਨੂੰ ਇਸ ਅਹੁਦੇ ’ਤੇ ਬਿਠਾ ਰਹੇ ਹਨ? ਕੀ ਉਹ ਇਸਦੇ ਕਾਬਲ ਹਨ? ਕੀ ਉਹ ਵਿਸ਼ਵਾਸਪਾਤਰ ਰਹਿਣਗੇ? ਕੀ ਉਹ ਲੋਕ ਸੇਵਾ ਲਈ ਇਹ ਅਹੁਦਾ ਲੈਣ ਦੇ ਚਾਹਵਾਨ ਹਨ? ਪਰ ਪਾਰਟੀ ਸੁਪਰੀਮੋ ਸ੍ਰੀ ਕੇਜਰੀਵਾਲ ਨੇ ਬਗੈਰ ਕਿਸੇ ਨਾਲ ਸਲਾਹ ਕੀਤਿਆਂ ਜਿਸ ਉੱਤੇ ਉਂਗਲ ਧਰ ਦਿੱਤੀ, ਉਸਨੂੰ ਪਾਰਟੀ ਨੇ ਰਾਜ ਸਭਾ ਮੈਂਬਰ ਬਣਾ ਦਿੱਤਾ। ਪਰ ਉਹਨਾਂ ਇਹ ਉਂਗਲ ਉਹਨਾਂ ਉੱਤੇ ਹੀ ਕਿਉਂ ਧਰੀ? ਇਸ ਸਵਾਲ ਦਾ ਜਵਾਬ ਤਾਂ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਪਿਆ ਹੈ। ਪਰ ਉਹਨਾਂ ਵੱਲੋਂ ਆਪਣੀ ਪਾਰਟੀ ਨਾਲ ਦਗ਼ਾ ਕਮਾ ਕੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਪੰਜਾਬ ਨੂੰ ਵੀ ਬਦਨਾਮੀ ਝੱਲਣੀ ਪੈ ਰਹੀ ਹੈ। ਇਸ ਸ਼ਮੂਲੀਅਤ ਨੂੰ ਚੰਗਾ ਨਹੀਂ ਕਿਹਾ ਜਾ ਸਕਦਾ।
ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਇਹ ਭਾਜਪਾ ਦੀਆਂ ਪੰਜਾਬ ਉੱਪਰ ਸਿਆਸੀ ਕਬਜ਼ਾ ਕਰਕੇ ਅਗਲੀ ਸਰਕਾਰ ਬਣਾਉਣ ਵਾਲੀਆਂ ਤਿਕੜਮਬਾਜ਼ੀਆਂ ਦਾ ਹੀ ਇੱਕ ਹਿੱਸਾ ਹੈ। ਭਾਜਪਾ ਲੰਬੇ ਸਮੇਂ ਤੋਂ ਹੀ ਅਜਿਹੀਆਂ ਸਾਜ਼ਿਸਾਂ ਰਚਦੀ ਰਹੀ ਹੈ। ਉਹ ਦੂਜੀਆਂ ਪਾਰਟੀ ਨੂੰ ਖਤਮ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ। ਅਗਲੇ ਸਾਲ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਉਸਦਾ ਸਾਰਾ ਧਿਆਨ ਇਸ ਰਾਜ ’ਤੇ ਲੱਗਾ ਹੋਇਆ ਹੈ। ਉਹ ਦੂਜੀਆਂ ਪਾਰਟੀਆਂ ਵਿੱਚੋਂ ਉਹਨਾਂ ਦੇ ਆਗੂਆਂ ਨੂੰ ਆਪਣੀ ਪਾਰਟੀ ਵਿੱਚ ਰਲਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਅਜਿਹਾ ਹੋਰ ਵੀ ਕਾਫ਼ੀ ਕੁਝ ਸਾਹਮਣੇ ਆਉਣ ਦਾ ਖਦਸ਼ਾ ਹੈ। ਪਰ ਇਹ ਨੀਤੀ ਨਾ ਦੇਸ਼ ਜਾਂ ਸੂਬਿਆਂ ਦੇ ਭਲੇ ਵਿੱਚ ਹੈ ਅਤੇ ਨਾ ਹੀ ਸਮਾਜ ਜਾਂ ਲੋਕਾਂ ਦੇ ਹਿਤ ਵਿੱਚ ਹੈ। ਕਿਸੇ ਵੀ ਪਾਰਟੀ ਪ੍ਰਤੀ ਹਮਦਰਦੀ ਹੋਣੀ ਜਾਂ ਉਸਦਾ ਵਿਰੋਧੀ ਹੋਣਾ ਇੱਕ ਵੱਖਰਾ ਸਵਾਲ ਹੈ, ਪਰ ਅਜਿਹੀ ਰਲੇਵਾਂ ਨੀਤੀ ਮਾੜੀ ਹੈ।
ਰਾਜ ਸਭਾ ਦੇ ਇਨ੍ਹਾਂ ਮੈਂਬਰਾਂ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਦੇਸ਼ ਲਈ ਕਾਲਾ ਅਧਿਆਇ ਹੈ ਅਤੇ ਲੋਕਤੰਤਰ ਉੱਤੇ ਕਾਲਾ ਧੱਬਾ ਹੈ। ਲੋੜ ਹੈ ਕਿ ਪੰਜਾਬ ਦੇ ਲੋਕ ਕੇਂਦਰ ਸਰਕਾਰ ਜਾਂ ਭਾਜਪਾ ਦੀਆਂ ਅਜਿਹੀਆਂ ਕਾਰਵਾਈਆਂ ਪ੍ਰਤੀ ਜਾਗਰੂਕ ਹੋਣ, ਸੁਚੇਤ ਰਹਿਣ ਅਤੇ ਭਾਰਤੀ ਲੋਕਤੰਤਰ ਨੂੰ ਬਚਾਉਣ ਲਈ ਆਵਾਜ਼ ਉਠਾਉਣ। ਦੂਜੀਆਂ ਸਿਆਸੀ ਪਾਰਟੀਆਂ ਨੂੰ ਵੀ ਆਮ ਆਦਮੀ ਪਾਰਟੀ ਦੀ ਅੰਦਰੂਨੀ ਫੁੱਟ ਅਤੇ ਇਸ ਰਲੇਵਾਂ ਸਾਜ਼ਿਸ਼ ਤੋਂ ਸਬਕ ਸਿੱਖਣਾ ਚਾਹੀਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































