“ਦੇਸ਼ ਪੱਧਰ ’ਤੇ ਰੌਲਾ ਪੈ ਜਾਣ ’ਤੇ ਇਹ ਮਾਮਲਾ ਸੀ ਬੀ ਆਈ ਨੂੰ ਸੌਂਪਣਾ ਪਿਆ ਸੀ। ਸੀ ਬੀ ਆਈ ਨੇ ਅਦਾਲਤ ਵਿੱਚ ...”
(9 ਮਈ 2024)
ਇਸ ਸਮੇਂ ਪਾਠਕ: 605.
ਭਾਰਤ ਲੋਕਤੰਤਰ ਦੇਸ਼ ਹੈ, ਇੱਥੇ ਵੋਟਾਂ ਨਾਲ ਸਰਕਾਰਾਂ ਚੁਣੀਆਂ ਜਾਂਦੀਆਂ ਹਨ। ਇਹਨਾਂ ਸਰਕਾਰਾਂ ਨੇ ਦੇਸ਼ ਦੇ ਸੰਵਿਧਾਨ ਅਨੁਸਾਰ ਕੰਮ ਕਰਨਾ ਹੁੰਦਾ ਹੈ। ਭਾਰਤੀ ਸੰਵਿਧਾਨ ਧਰਮ ਨਿਰਪੱਖਤਾ ’ਤੇ ਆਧਾਰਤ ਹੈ। ਸਰਕਾਰਾਂ ਦਾ ਕੰਮ ਸਾਰੇ ਧਰਮਾਂ ਦਾ ਆਦਰ ਕਰਨਾ, ਸਭ ਦੀ ਸੁਰੱਖਿਆ ਕਰਨਾ, ਲੋਕਾਂ ਨੂੰ ਸੁਖ ਸਹੂਲਤਾਂ ਦੇਣੀਆਂ, ਅਪਰਾਧ ਨੂੰ ਰੋਕਣਾ ਆਦਿ ਹੈ। ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਲਗਤਾਰ ਦੋ ਵਾਰ ਦੀ ਸਰਕਾਰ ਪੂਰੀ ਕਰ ਚੁੱਕੀ ਹੈ ਅਤੇ ਤੀਜੀ ਵਾਰ ਸੱਤਾ ਹਥਿਆਉਣ ਲਈ ਯਤਨਸ਼ੀਲ ਹੈ। ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੈ, ਭਾਜਪਾ ਪਿਛਲੇ ਦਸ ਸਾਲਾਂ ਵਿੱਚ ਕੀਤੇ ਕੰਮਾਂ ਦੇ ਆਧਾਰ ’ਤੇ ਵੋਟਾਂ ਹਾਸਲ ਕਰਨ ਦਾ ਦਾਅਵਾ ਕਰ ਰਹੀ ਹੈ। ਪਰ ਅਜਿਹੇ ਸਮੇਂ ਲੋਕਾਂ ਨੂੰ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਵਿਚਾਰ ਚਰਚਾ ਕਰਕੇ ਹੀ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਅੱਜ ਜੇ ਦੇਸ਼ ਦਾ ਹਾਲ ਵੇਖਿਆ ਜਾਵੇ ਤਾਂ ਮਹਿੰਗਾਈ ਸਿਖ਼ਰਾਂ ’ਤੇ ਪਹੁੰਚ ਗਈ ਹੈ। ਦੇਸ਼ ਦੀ ਰੀੜ੍ਹ ਦੀ ਹੱਡੀ ਕਿਸਾਨੀ ਖਾਤਮੇ ਦੇ ਕਿਨਾਰੇ ਹੈ, ਛੋਟਾ ਦੁਕਾਨਦਾਰ ਤਬਾਹ ਹੋ ਰਿਹਾ ਹੈ। ਅਪਰਾਧ ਲਗਾਤਾਰ ਵਧ ਰਹੇ ਹਨ, ਘੱਟ ਗਿਣਤੀਆਂ ਉੱਤੇ ਹਮਲੇ ਹੋ ਰਹੇ ਹਨ। ਔਰਤਾਂ ਸੁਰੱਖਿਅਤ ਨਹੀਂ ਹਨ। ਅਮੀਰ ਹੋਰ ਅਮੀਰ ਹੋ ਰਿਹਾ ਹੈ ਤੇ ਗਰੀਬ ਹੋਰ ਗਰੀਬ ਹੋ ਰਿਹਾ ਹੈ, ਕਾਰਪੋਰੇਟ ਘਰਾਣੇ ਵਧ ਫੁੱਲ ਰਹੇ ਹਨ। ਅਜਿਹੇ ਹਾਲਾਤ ਹੁੰਦਿਆਂ ਵੀ ਭਾਜਪਾ ਆਪਣੀ ਦੋ ਵਾਰ ਦੀ ਸਰਕਾਰ ਨੂੰ ਸਫ਼ਲ ਕਰਾਰ ਦੇ ਕੇ ਤੀਜੀ ਵਾਰ ਸੱਤਾ ਹਥਿਆਉਣ ਲਈ ਕੋਸ਼ਿਸ਼ ਕਰ ਰਹੀ ਹੈ।
ਭਾਜਪਾ ਵੱਲੋਂ ਅਜਿਹਾ ਪ੍ਰਚਾਰ ਪਹਿਲੀ ਵਾਰ ਨਹੀਂ ਕੀਤਾ ਜਾ ਰਿਹਾ, ਪਹਿਲਾਂ ਵੀ ਦੋ ਵਾਰ ਅਜਿਹੇ ਝੂਠੇ ਪ੍ਰਚਾਰ ਸਦਕਾ ਹੀ ਸੱਤਾ ’ਤੇ ਕਬਜ਼ਾ ਕੀਤਾ ਗਿਆ ਸੀ। ਭਾਜਪਾ ਵੱਲੋਂ ਦੇਸ਼ ਦੇ ਧਰਮ ਨਿਰਪੱਖ ਸੰਵਿਧਾਨ ਨੂੰ ਅੱਖੋਂ ਪਰੋਖੇ ਕਰਕੇ ਫਿਰਕੂ ਪਾੜਾ ਪਾ ਕੇ ਵੋਟਾਂ ਹਾਸਲ ਕੀਤੀਆਂ ਜਾਂਦੀਆਂ ਹਨ। ਗੁਆਂਢੀ ਦੇਸ਼ ਪਾਕਿਸਤਾਨ ਨੂੰ ਵੱਡਾ ਦੁਸ਼ਮਣ ਕਰਾਰ ਦਿੰਦਿਆਂ ਸਰਹੱਦੀ ਟਕਰਾਅ ਵਧਾ ਕੇ ਦੇਸ਼ ਵਾਸੀਆਂ ਨੂੰ ਗੁਮਰਾਹ ਕੀਤਾ ਜਾਂਦਾ ਹੈ। ਦੇਸ਼ ਦੇ ਅੰਦਰ ਘੱਟ ਗਿਣਤੀਆਂ ਨੂੰ ਗਊ ਮਾਸ ਦੇ ਨਾਂ ਹੇਠ ਕੁੱਟਮਾਰ ਕਰਕੇ ਦੰਗੇ ਭੜਕਾਏ ਜਾਂਦੇ ਹਨ ਤੇ ਫਿਰਕੂ ਧਰੁਵੀਕਰਨ ਕੀਤਾ ਜਾਂਦਾ ਹੈ। ਘੱਟ ਗਿਣਤੀਆਂ ਨੂੰ ਦੇਸ਼ ਦੇ ਦੁਸ਼ਮਣ ਵਜੋਂ ਪੇਸ਼ ਕਰਕੇ ਬਹੁਗਿਣਤੀ ਹਿੰਦੂਆਂ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਡਰਾਮੇ ਕੀਤੇ ਜਾਂਦੇ ਹਨ। ਮਸਜਿਦਾਂ ਵਿੱਚ ਹਿੰਦੂ ਰਹੁਰੀਤਾਂ ਅਨੁਸਾਰ ਪੂਜਾ ਅਰਚਨਾ ਕਰਨ ਲਈ ਜ਼ੋਰ ਲਾਇਆ ਜਾ ਰਿਹਾ ਹੈ ਤਾਂ ਜੋ ਹੌਲੀ ਹੌਲੀ ਉੱਥੇ ਮੰਦਰ ਸਥਾਪਤ ਕੀਤੇ ਜਾ ਸਕਣ। ਵੋਟਾਂ ਹਾਸਲ ਕਰਨ ਲਈ ਬਾਬਰੀ ਮਸਜਿਦ ਦੀ ਜਗ੍ਹਾ ਬਣਾਏ ਜਾ ਰਹੇ ਮੰਦਰ ਦੇ ਮੁਕੰਮਲ ਹੋਣ ਤੋਂ ਪਹਿਲਾਂ ਹੀ ਉਸਦਾ ਉਦਘਾਟਨ ਕਰਕੇ ਹਿੰਦੂ ਵੋਟਰਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਅਜਿਹਾ ਸਭ ਕੁਝ ਬਹੁਗਿਣਤੀ ਹਿੰਦੂਆਂ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਹੀ ਕੀਤਾ ਜਾਂਦਾ ਹੈ।
ਕੇਂਦਰ ਦੀ ਮੋਦੀ ਸਰਕਾਰ ਦੌਰਾਨ ਪਿਛਲੇ ਸਾਲ ਮਨੀਪੁਰ ਸੂਬੇ ਦੇ ਜ਼ਿਲ੍ਹੇ ਕਾਂਗਪੋਕਪੀ ਵਿੱਚ ਵੀ ਅਜਿਹੀ ਫਿਰਕੂ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ, ਜਿੱਥੇ ਮਨੁੱਖਤਾ ਦੀ ਜਨਮਦਾਤੀ ਔਰਤ ਨੂੰ ਫਿਰਕਾਪ੍ਰਸਤ ਗੁੰਡਿਆਂ ਨੇ ਅਲਫ਼ ਨਗਨ ਹਾਲਤ ਵਿੱਚ ਪਿੰਡ ਵਿੱਚ ਘੁਮਾਇਆ ਅਤੇ ਇੱਕ ਨਾਲ ਸਮੂਹਿਕ ਬਲਾਤਕਾਰ ਕੀਤਾ। ਇਹ ਘਟਨਾ ਦੇਸ਼ ਲਈ ਅਤੀ ਸ਼ਰਮਨਾਕ ਮੰਨੀ ਜਾ ਸਕਦੀ ਹੈ। ਇਹਨਾਂ ਦੋਂਹ ਔਰਤਾਂ ਨੂੰ ਪੁਲਿਸ ਅਧਿਕਾਰੀ ਆਪਣੀ ਗੱਡੀ ਵਿੱਚ ਪ੍ਰਦਰਸ਼ਨਕਾਰੀਆਂ ਕੋਲ ਲੈ ਕੇ ਆਏ। ਇਹਨਾਂ ਦੋਂਹ ਔਰਤਾਂ ਵਿੱਚੋਂ ਇੱਕ ਔਰਤ ਕਾਰਗਿਲ ਦੀ ਲੜਾਈ ਲੜਨ ਵਾਲੇ ਫੌਜੀ ਦੀ ਪਤਨੀ ਸੀ।
ਪੁਲਿਸ ਨੇ ਇਹਨਾਂ ਔਰਤਾਂ ਨੂੰ ਬਚਾਉਣ ਦਾ ਕੋਈ ਉਪਰਾਲਾ ਨਾ ਕੀਤਾ। ਕਾਫ਼ੀ ਦਿਨਾਂ ਬਾਅਦ ਜਦੋਂ ਇਸ ਘਟਨਾ ਦੀ ਵੀਡੀਓ ਵਾਇਰਲ ਹੋ ਗਈ ਤਾਂ ਉਸ ਸਮੇਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਡੀ ਵਾਈ ਚੰਦਰਚੂੜ ਨੇ ਕਿਹਾ ਸੀ ਕਿ ਫਿਰਕੂ ਗੜਬੜ ਦੌਰਾਨ ਔਰਤਾਂ ਨੂੰ ਔਜ਼ਾਰ ਵਜੋਂ ਵਰਤਣਾ ਕਦੇ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ, ਇਹ ਸੰਵਿਧਾਨ ਦਾ ਸਭ ਤੋਂ ਘਿਨਾਉਣਾ ਅਪਮਾਨ ਹੈ। ਸੋਸ਼ਲ ਮੀਡੀਆ ਤੋਂ ਮਿਲੀ ਖ਼ਬਰ ਤੋਂ ਬਾਅਦ ਸਮੁੱਚੇ ਦੇਸ਼ ਵਿੱਚ ਔਰਤਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਹੋਣ ਲੱਗੀ ਤਾਂ ਸਰਕਾਰ ਨੇ ਕੁਝ ਵਿਅਕਤੀਆਂ ਉੱਤੇ ਮੁਕੱਦਮਾ ਦਰਜ਼ ਕਰਕੇ ਖਾਨਾਪੂਰਤੀ ਕਰ ਦਿੱਤੀ। ਉਹ ਪੁਲਿਸ ਵਾਲੇ ਕਿਹੜੇ ਸਨ, ਜਿਹਨਾਂ ਇਹ ਔਰਤਾਂ ਨੂੰ ਪ੍ਰਦਰਸ਼ਨਕਾਰੀਆਂ ਦੇ ਸਪੁਰਦ ਕੀਤਾ, ਇਹ ਸਪਸ਼ਟ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ। ਸਗੋਂ ਇਸ ਘਟਨਾ ਨੂੰ ਦਬਾ ਦੇਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ।
ਦੇਸ਼ ਪੱਧਰ ’ਤੇ ਰੌਲਾ ਪੈ ਜਾਣ ’ਤੇ ਇਹ ਮਾਮਲਾ ਸੀ ਬੀ ਆਈ ਨੂੰ ਸੌਂਪਣਾ ਪਿਆ ਸੀ। ਸੀ ਬੀ ਆਈ ਨੇ ਅਦਾਲਤ ਵਿੱਚ ਚਾਰਜਸ਼ੀਟ ਪੇਸ਼ ਕੀਤੀ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮਨੀਪੁਰ ਦੇ ਅਧਿਕਾਰੀ ਹੀ ਇਹਨਾਂ ਔਰਤਾਂ ਨੂੰ ਲੈ ਕੇ ਪ੍ਰਦਰਸ਼ਨਕਾਰੀਆਂ ਕੋਲ ਪਹੁੰਚੇ ਸਨ ਤੇ ਭੀੜ ਦੇ ਸਪੁਰਦ ਕਰ ਦਿੱਤੀਆਂ ਸਨ। ਅਦਾਲਤ ਵਿੱਚ ਪੇਸ਼ ਦਾਅਵੇ ਉਪਰੰਤ ਹਰ ਇਨਸਾਫ਼ਪਸੰਦ ਵਿਅਕਤੀ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਕਿ ਕੀ ਇਹ ਦੇਸ਼ ਦੇ ਧਰਮ ਨਿਰਪੱਖ ਸੰਵਿਧਾਨ ਅਨੁਸਾਰ ਹੋਇਆ ਹੈ? ਜੇ ਸੰਵਿਧਾਨ ਅਜਿਹੀ ਇਜਾਜ਼ਤ ਨਹੀਂ ਦਿੰਦਾ ਤਾਂ ਦੋਸ਼ੀਆਂ ਵਿਰੁੱਧ ਤੁਰੰਤ ਕੋਈ ਕਾਰਵਾਈ ਕਿਓਂ ਨਾ ਕੀਤੀ ਗਈ? ਇਹ ਮਾਮਲਾ ਦਬਾ ਦੇਣ ਦਾ ਯਤਨ ਕਿਉਂ ਕੀਤਾ ਗਿਆ? ਇਸ ਘਟਨਾ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਲੋਕਾਂ ਸਾਹਮਣੇ ਪਰਤੱਖ ਕਿਉਂ ਨਹੀਂ ਕੀਤਾ ਗਿਆ? ਅਜਿਹਾ ਘਿਨਾਉਣਾ ਅਪਰਾਧ ਤਾਂ ਮੁਗ਼ਲ ਕਾਲ ਦੌਰਾਨ ਵੀ ਨਹੀਂ ਹੋਇਆ ਸੀ, ਜੋ ਭਾਜਪਾ ਸਰਕਾਰ ਦੌਰਾਨ ਹੋਇਆ ਹੈ।
ਲੋਕ ਸਭਾ ਚੋਣਾਂ ਹੋ ਰਹੀਆਂ ਹਨ। ਭਾਜਪਾ ਮੁੜ ਸੱਤਾ ’ਤੇ ਕਾਬਜ਼ ਹੋਣ ਲਈ ਲੋਕਾਂ ਤੋਂ ਵੋਟਾਂ ਮੰਗ ਰਹੀ ਹੈ। ਜੇਕਰ ਭਾਜਪਾ ਮੁੜ ਸੱਤਾ ’ਤੇ ਕਾਬਜ਼ ਹੋ ਗਈ ਤਾਂ ਘੱਟ ਗਿਣਤੀਆਂ ਸੁਰੱਖਿਅਤ ਹੋ ਜਾਣਗੀਆਂ?ਔਰਤਾਂ ਅਪਮਾਨਿਤ ਨਹੀਂ ਹੋਣਗੀਆਂ? ਅਪਰਾਧ ਰੁਕ ਜਾਣਗੇ? ਸੰਵਿਧਾਨ ਅਨੁਸਾਰ ਸਰਕਾਰ ਚਲਾਈ ਜਾਵੇਗੀ? ਇਹ ਵਿਚਾਰ ਹਰ ਬੁੱਧੀਜੀਵੀ ਅਤੇ ਜਾਗਰੂਕ ਵਿਅਕਤੀ ਦੇ ਜ਼ਿਹਨ ਵਿੱਚ ਪੈਦਾ ਹੋ ਰਹੇ ਹਨ। ਭਾਜਪਾ ਦੀਆਂ ਵਿਰੋਧੀ ਕਰੀਬ ਸਾਰੀਆਂ ਪਾਰਟੀਆਂ ਇਹ ਪ੍ਰਚਾਰ ਕਰ ਰਹੀਆਂ ਹਨ ਕਿ ਜੇਕਰ ਭਾਜਪਾ ਮੁੜ ਸੱਤਾ ਵਿੱਚ ਆ ਗਈ ਤਾਂ ਸੰਵਿਧਾਨ ਤੋੜਿਆ, ਬਦਲਿਆ ਜਾਵੇਗਾ, ਜਿਸ ਵਿੱਚੋਂ ਧਰਮ ਨਿਰਪੱਖਤਾ ਖਤਮ ਕਰ ਦਿੱਤੀ ਜਾਵੇਗੀ। ਇਹ ਵੱਡੀ ਚਿੰਤਾ ਹੈ, ਕਿਉਂਕਿ ਮਨੀਪੁਰ ਵਿੱਚ ਵਾਪਰੀ ਔਰਤਾਂ ਨੂੰ ਨਗਨ ਅਵਸਥਾ ਵਿੱਚ ਘੁਮਾਉਣ ਵਾਲੀ ਇਹ ਘਟਨਾ ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਦੀ ਤਸਵੀਰ ਸਪਸ਼ਟ ਕਰ ਰਹੀ ਹੈ। ਸੋ ਲੋੜ ਹੈ ਕਿ ਦੇਸ਼ ਦੇ ਲੋਕ ਛੋਟੇ ਮੋਟੇ ਨਿੱਜੀ ਕੰਮਾਂ ਨੂੰ ਛੱਡ ਕੇ ਇਸ ਵੱਡੀ ਚਿੰਤਾ ਤੇ ਵਿਚਾਰ ਚਰਚਾ ਕਰਨ ਉਪਰੰਤ ਹੀ ਵੋਟ ਦੀ ਵਰਤੋਂ ਕਰਨ। ਦੇਸ਼ ਦਾ ਧਰਮ ਨਿਰਪੱਖ ਸੰਵਿਧਾਨ ਤੇ ਲੋਕਤੰਤਰ ਬਚਾਉਣਾ ਅਤੀ ਜ਼ਰੂਰੀ ਹੈ, ਇਸ ਨੂੰ ਭੁਲਾਇਆ ਨਾ ਜਾਵੇ। ਭਾਜਪਾ ਨੂੰ ਚਾਹੀਦਾ ਹੈ ਕਿ ਲੋਕਾਂ ਦੇ ਮਨਾਂ ਵਿੱਚ ਉੱਤਰੇ, ਇਹਨਾਂ ਸਵਾਲਾਂ ਬਾਰੇ ਸਪਸ਼ਟੀਕਰਨ ਦੇ ਕੇ ਕੋਈ ਗਾਰੰਟੀ ਦੇਵੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4951)
(ਸਰੋਕਾਰ ਨਾਲ ਸੰਪਰਕ ਲਈ:(This email address is being protected from spambots. You need JavaScript enabled to view it.)