“ਭਾਜਪਾ ਦੀ ਨੀਤੀ ਹਮੇਸ਼ਾ ਇਹ ਰਹੀ ਹੈ ਕਿ ਉਹ ਲੋਕ ਸੰਘਰਸ਼ਾਂ ਨੂੰ ਦਬਾਉਣ ...”
(4 ਨਵੰਬਰ 2026)
ਵੋਟ ਚੋਰੀ ਦੇ ਮਾਮਲੇ ਵਿੱਚ ਚੋਣ ਕਮਿਸਨਰ ਗਿਆਨੇਸ਼ ਕੁਮਾਰ ਨੂੰ ਲਾਂਭੇ ਨਾ ਕਰਨ ਦੀ ਕੇਂਦਰ ਸਰਕਾਰ, ਖਾਸ ਕਰਕੇ ਮੋਦੀ-ਸ਼ਾਹ ਦੀ ਹਿੰਡ ਨੇ ਦੇਸ਼ ਭਰ ਵਿੱਚ ਦੇਸ਼ ਦੀ ਅਜ਼ਾਦੀ ਤੋਂ ਪਹਿਲਾਂ ਵਾਲਾ ਮਾਹੌਲ ਸਿਰਜ ਕੇ ਰੱਖ ਦਿੱਤਾ ਹੈ। ਅਜ਼ਾਦੀ ਤੋਂ ਪਹਿਲਾਂ ਦੇਸ਼ ਦੀਆਂ ਸਮੁੱਚੀਆਂ ਪਾਰਟੀਆਂ ਹੀ ਅੰਗਰੇਜ਼ਾਂ ਨੂੰ ਚਲਦਾ ਕਰਨ ਅਤੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਇੱਕਮੁੱਠ ਹੋ ਕੇ ਲੜਦੀਆਂ ਰਹੀਆਂ ਹਨ। ਹੁਣ ਵੋਟ ਚੋਰੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾ ਕੇ ਜੇਲ੍ਹ ਭੇਜਣ ਦੀ ਮੰਗ ਉੱਤੇ ਵੀ ਕਰੀਬ ਸਾਰੀਆਂ ਵਿਰੋਧੀ ਪਾਰਟੀਆਂ ਇੱਕਮੁੱਠ ਹੋ ਗਈਆਂ ਹਨ। ਬੀਤੇ ਦਿਨ ਦੇਸ਼ ਦੀ ਰਾਜਧਾਨੀ ਦਿੱਲੀ ਦੇ ਰਾਮ ਲੀਲ੍ਹਾ ਗਰਾਊਂਡ ਵਿਖੇ ਹੋਈ ਮਹਾਂ ਰੈਲੀ, ਜਿਸ ਵਿੱਚ ਇੰਡੀਆ ਗੱਠਜੋੜ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਹਾਜ਼ਰ ਸਨ, ਨੇ ਸਪਸ਼ਟ ਕਰ ਦਿੱਤਾ ਹੈ ਕਿ ਭਾਜਪਾ ਨੇ ਵੋਟ ਚੋਰੀ ਕੀਤੀ ਹੈ ਅਤੇ ਹੁਣ ਲੋਕ ਜਾਗਰੂਕ ਹੋ ਚੁੱਕੇ ਹਨ ਅੱਗੇ ਲਈ ਅਜਿਹਾ ਨਹੀਂ ਹੋਣ ਦੇਣਗੇ।
ਵਿਰੋਧੀ ਧਿਰਾਂ ਦਾ ਦੋਸ਼ ਹੈ ਕਿ ਗਿਆਨੇਸ਼ ਕੁਮਾਰ ਨੇ 13 ਕਰੋੜ ਵੋਟਾਂ ਕੱਟਣ ਦਾ ਬੱਜਰ ਅਪਰਾਧ ਕੀਤਾ ਹੈ। ਇੱਥੇ ਹੀ ਬੱਸ ਨਹੀਂ, ਵੋਟ ਚੋਰੀ ਦੇ ਸਹਾਰੇ ਬਿਹਾਰ, ਮਹਾਰਾਸ਼ਟਰ ਅਤੇ ਬੰਗਾਲ ਵਿੱਚ ਭਾਜਪਾ ਨੇ ਸੱਤਾ ’ਤੇ ਕਬਜ਼ਾ ਕੀਤਾ ਹੈ। ਇਸ ਸੰਬੰਧੀ ਮਾਮਲਾ ਮਾਣਯੋਗ ਸਰਵਉੱਚ ਅਦਾਲਤ ਵਿੱਚ ਸੁਣਵਾਈ ਅਧੀਨ ਹੈ। ਉੱਤਰ ਪ੍ਰਦੇਸ਼ ਅਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵੀ ਨੇੜੇ ਹਨ ਅਤੇ ਲੋਕ ਮਹਿਸੂਸ ਕਰ ਰਹੇ ਹਨ ਕਿ ਇਨ੍ਹਾਂ ਰਾਜਾਂ ਵਿੱਚ ਵੀ ਵੋਟ ਚੋਰੀ ਦੇ ਸਹਾਰੇ ਭਾਜਪਾ ਸੱਤਾ ਹਾਸਲ ਕਰਨ ਦਾ ਯਤਨ ਕਰੇਗੀ। ਪਰ ਵਿਰੋਧੀ ਧਿਰਾਂ ਦੀ ਇਸ ਮਾਮਲੇ ’ਤੇ ਇੱਕਮੁੱਠਤਾ ਅਤੇ ਵੋਟਰਾਂ ਵਿੱਚ ਪੈਦਾ ਹੋਈ ਜਾਗਰੂਕਤਾ ਭਾਜਪਾ ਦੇ ਇਨ੍ਹਾਂ ਮਨਸੂਬਿਆਂ ਨੂੰ ਪੂਰਾ ਨਹੀਂ ਹੋਣ ਦੇਵੇਗੀ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗਿਆਨੇਸ਼ ਕੁਮਾਰ ਦੇਸ਼ ਦੀ ਭਾਜਪਾ ਦੀ ਮੋਹਰ ਬਣ ਕੇ ਕੰਮ ਕਰ ਰਿਹਾ ਹੈ, ਆਪਣੀ ਬਣਦੀ ਜ਼ਿੰਮੇਵਾਰੀ ਨਹੀਂ ਨਿਭਾ ਰਿਹਾ। ਉਸ ਵੱਲੋਂ ਕੀਤੀਆਂ ਧਾਂਦਲੀਆਂ ਜੱਗ ਜ਼ਾਹਰ ਹੋ ਚੁੱਕੀਆਂ ਹਨ। ਭਾਜਪਾ ਵੱਖ ਵੱਖ ਰਾਜਾਂ ਵਿੱਚ ਸੱਤਾ ’ਤੇ ਕਾਬਜ਼ ਹੋਣ ਲਈ ਇਸ ਕਠਪੁਤਲੀ ਨੂੰ ਵਰਤਣ ਦੇ ਯਤਨ ਕਰ ਰਹੀ ਹੈ। ਗਿਆਨੇਸ਼ ਕੁਮਾਰ ਭਾਜਪਾ ਦੇ ਹੱਕ ਵਿੱਚ ਅੱਖਾਂ ’ਤੇ ਪੱਟੀ ਬੰਨ੍ਹ ਕੇ ਮੋਹਰਾਂ ਲਾ ਰਿਹਾ ਹੈ। ਇਹੋ ਕਾਰਨ ਹੈ ਕਿ ਕੇਂਦਰ ਸਰਕਾਰ ਉਸਨੂੰ ਦੇਸ਼ ਦੇ ਇਸ ਅਤਿ ਅਹਿਮ ਅਹੁਦੇ ਤੋਂ ਲਾਂਭੇ ਕਰਨ ਦੇ ਮੁੱਦੇ ਨੂੰ ਅੱਖੋਂ ਪਰੋਖੇ ਕਰ ਰਹੀ ਹੈ। ਕੁਦਰਤ ਦਾ ਇਹ ਨਿਯਮ ਹੈ ਕਿ ਲੰਬਾ ਸਮਾਂ ਧੱਕੇਸ਼ਾਹੀਆਂ ਨਹੀਂ ਚਲਦੀਆਂ ਹੁੰਦੀਆਂ, ਆਖਰ ਧੱਕਾ ਕਰਨ ਵਾਲਿਆਂ ਨੂੰ ਮੂੰਹ ਦੀ ਖਾਣੀ ਪੈਂਦੀ ਹੈ ਅਤੇ ਜਿੱਤ ਆਮ ਲੋਕਾਂ ਦੀ ਹੁੰਦੀ ਹੈ। ਦੇਸ਼ ਦੇ ਲੋਕ ਭਾਜਪਾ ਵੱਲੋਂ ਫੈਲਾਈ ਜਾ ਰਹੀ ਫਿਰਕਾਪ੍ਰਸਤੀ ਅਤੇ ਅਡਾਨੀਆ-ਅੰਬਾਨੀਆਂ ਨੂੰ ਦਿੱਤੀ ਲੁੱਟ ਮਾਰ ਦੀ ਖੁੱਲ੍ਹ ਤੋਂ ਹੀ ਬਹੁਤ ਔਖੇ ਸਨ, ਪਰ ਹੁਣ ਵੋਟ ਚੋਰੀ ਦੇ ਸਹਾਰੇ ਸੱਤਾ ’ਤੇ ਕਾਬਜ਼ ਹੋਣ ਦੀਆਂ ਸਾਜ਼ਿਸ਼ਾਂ ਨੇ ਉਨ੍ਹਾਂ ਨੂੰ ਏਕਤਾ ਨਾਲ ਸੰਘਰਸ਼ ਵਿੱਢਣ ਲਈ ਰਾਹ ਸਾਫ ਕਰ ਦਿੱਤਾ ਹੈ।
ਬੀਤੇ ਦਿਨ ਦਿੱਲੀ ਦੇ ਰਾਮ ਲੀਲ੍ਹਾ ਗਰਾਊਂਡ ਵਿੱਚ ਕੀਤੀ ਮਹਾਂ ਰੈਲੀ ਜਿਸ ਵਿੱਚ ਮਲਿਕਾਰਾਜੁਨ ਖੜਗੇ, ਰਾਹੁਲ ਗਾਂਧੀ, ਮਮਤਾ ਬੈਨਰਜੀ, ਅਖਿਲੇਸ਼ ਯਾਦਵ, ਤੇਜਸਵੀ ਸਮੇਤ ਅਨੇਕਾਂ ਹੋਰ ਆਗੂਆਂ ਨੇ ਇੱਕਮੁੱਠਤਾ ਦਾ ਮੁਜ਼ਾਹਰਾ ਕਰਦਿਆਂ ਦੇਸ਼ ਵਾਸੀਆਂ ਨੂੰ ਸੁਚੇਤ ਕੀਤਾ ਹੈ। ਨੇਤਾਵਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਪਰਤੱਖ ਕਰਦਿਆਂ ਚੋਣ ਕਮਿਸ਼ਨ ਨੂੰ ਵਰਤ ਕੇ ਸੱਤਾ ਉੱਤੇ ਕਾਬਜ਼ ਹੋਣ ਦੀਆਂ ਸਾਜ਼ਿਸ਼ਾਂ ਦਾ ਭਾਂਡਾ ਭੰਨਿਆ ਹੈ। ਆਮ ਲੋਕ ਵਿੱਚ ਇਨ੍ਹਾਂ ਆਗੂਆਂ ਪ੍ਰਤੀ ਵਿਸ਼ਵਾਸ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਦੀਆਂ ਤਕਰੀਰਾਂ ਨੇ ਦੇਸ਼ ਵਾਸੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਇਸ ਰੈਲੀ ਸਦਕਾ ਵਿਰੋਧੀ ਧਿਰ ਮਜ਼ਬੂਤ ਹੋ ਰਹੀ ਹੈ ਅਤੇ ਕੇਂਦਰੀ ਸੱਤਾ ’ਤੇ ਕਾਬਜ਼ ਭਾਜਪਾ ਕਮਜ਼ੋਰ ਪੈ ਰਹੀ ਵਿਖਾਈ ਦਿੰਦੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ‘ਰਾਹੁਲ ਗਾਂਧੀ ਕਦੇ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ ਬਣ ਸਕਦਾ’ ਵਰਗਾ ਬਿਆਨ ਦੇਣਾ ਪੈ ਰਿਹਾ ਹੈ। ਇਹ ਬਿਆਨ ਉਸਦੇ ਅੰਦਰੋਂ ਉੱਠੇ ਡਰ ਨੂੰ ਪ੍ਰਦਰਸ਼ਿਤ ਕਰਦਾ ਹੈ।
ਭਾਜਪਾ ਦੀ ਨੀਤੀ ਹਮੇਸ਼ਾ ਇਹ ਰਹੀ ਹੈ ਕਿ ਉਹ ਲੋਕ ਸੰਘਰਸ਼ਾਂ ਨੂੰ ਦਬਾਉਣ ਜਾਂ ਅੱਖੋਂ ਪਰੋਖੇ ਕਰਨ ਲਈ ਹਰ ਢੰਗ ਤਰੀਕਾ ਵਰਤਦੀ ਹੈ ਅਤੇ ਜਦੋਂ ਲੋਕਾਂ ਦਾ ਦਬਾਅ ਵਧ ਜਾਂਦਾ ਹੈ ਤਾਂ ਪੂਛ ਦਬਾ ਕੇ ਭੱਜ ਜਾਂਦੀ ਹੈ। ਕਿਸਾਨ ਅੰਦੋਲਨ, ਧਰਮਿੰਦਰ ਪ੍ਰਧਾਨ ਦਾ ਅਸਤੀਫ਼ਾ ਆਦਿ ਅਜਿਹੀ ਨੀਤੀ ਦੀਆਂ ਉਦਾਹਰਨਾਂ ਹਨ। ਵੋਟ ਚੋਰੀ ਦੇ ਮਾਮਲੇ ਵਿੱਚ ਗਿਆਨੇਸ਼ ਕੁਮਾਰ ਦੇ ਮੁੱਦੇ ’ਤੇ ਵੀ ਅਜਿਹਾ ਹੀ ਹੋਵੇਗਾ। ਉਸਨੂੰ ਲਾਂਭੇ ਕਰਨਾ ਪਵੇਗਾ, ਮੁਕੱਦਮਾ ਵੀ ਦਰਜ ਕਰਨਾ ਪਵੇਗਾ ਅਤੇ ਸਰਕਾਰ ਨੂੰ ਲੋਕਾਂ ਸਾਹਮਣੇ ਝੁਕਣਾ ਪਵੇਗਾ।
ਦਿੱਲੀ ਦੀ ਮਹਾਂ ਰੈਲੀ ਨੇ ਵਿਰੋਧੀ ਧਿਰਾਂ ਦੇ ਹੌਸਲੇ ਵਧਾਏ ਹਨ ਅਤੇ ਕੇਂਦਰ ਸਰਕਾਰ ਦੀ ਆਕੜ ਮੱਠੀ ਪਾਈ ਹੈ। ਦੇਸ਼ ਦੇ ਆਮ ਲੋਕ ਜਾਗਰੂਕ ਹੋਏ ਹਨ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਗਿਆਨੇਸ਼ ਕੁਮਾਰ ਨੂੰ ਤੁਰੰਤ ਪਾਸੇ ਕਰਕੇ ਲੋਕਾਂ ਸਾਹਮਣੇ ਸਥਿਤੀ ਸਪਸ਼ਟ ਕਰੇ। ਵੋਟ ਚੋਰੀ ਨਾਲ ਕਾਬਜ਼ ਹੋਣ ਦਾ ਖਿਆਲ ਛੱਡ ਕੇ ਲੋਕਾਂ ਤੋਂ ਸਹਿਯੋਗ ਹਾਸਲ ਕਰਨ ਵੱਲ ਧਿਆਨ ਦੇਵੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































