“ਅਜਿਹੀਆਂ ਕਾਰਵਾਈਆਂ ਰੋਕਣ ਲਈ ਭਾਰਤ ਸਰਕਾਰ ਵੱਲੋਂ ਯੂ ਐੱਨ ਓ ਕੋਲ ਆਪਣਾ ਪੱਖ ...”
(25 ਅਪਰੈਲ 2025)
ਬੀਤੇ ਦਿਨੀਂ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਅਨੰਤਨਾਗ ਦੇ ਕਸਬੇ ਪਹਿਲਗਾਮ ਦੇ ਨਜ਼ਦੀਕ ਬੈਸਾਰਨ ਸਥਾਨ ’ਤੇ ਅੱਤਵਾਦੀਆਂ ਵੱਲੋਂ ਕੀਤੇ ਹਮਲੇ ਨੇ ਭਾਰਤ ਹੀ ਨਹੀਂ ਸਮੁੱਚੀ ਦੁਨੀਆਂ ਦੇ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ। ਇਸ ਹਮਲੇ ਵਿੱਚ ਦੋ ਦਰਜਨ ਤੋਂ ਵੱਧ ਘੁੰਮਣ ਲਈ ਆਏ ਸੈਲਾਨੀ ਮਾਰੇ ਗਏ, ਜਿਨ੍ਹਾਂ ਵਿੱਚ ਵਿਦੇਸ਼ੀ ਵੀ ਸ਼ਾਮਲ ਹਨ। ਦੋ ਦਰਜਨ ਦੇ ਕਰੀਬ ਹੀ ਹੋਰ ਲੋਕ ਜਖ਼ਮੀ ਵੀ ਹੋਏ। ਇਹ ਸਚਾਈ ਹੈ ਕਿ ਹਰ ਉਹ ਵਿਅਕਤੀ ਮਨੁੱਖਤਾ ਦਾ ਦੁਸ਼ਮਣ ਹੁੰਦਾ ਹੈ, ਜੋ ਦਹਿਸ਼ਤ ਨਾਲ ਆਪਣੀ ਜਿੱਤ ਪ੍ਰਾਪਤ ਕਰਨੀ ਚਾਹੁੰਦਾ ਹੈ ਜਾਂ ਆਪਣੀ ਇੱਛਾ ਨੂੰ ਦੂਜਿਆਂ ’ਤੇ ਥੋਪਣਾ ਚਾਹੁੰਦਾ ਹੈ। ਇਹ ਅੱਤਵਾਦੀ ਹਮਲਾ ਮਨੁੱਖਤਾ ਦਾ ਘਾਣ ਕਰਨ ਵਾਲਾ ਕਾਇਰਤਾ ਭਰਿਆ ਦਰਦਨਾਕ ਕਾਰਾ ਹੈ, ਜਿਸਨੇ ਬੇਕਸੂਰ ਲੋਕਾਂ ਨੂੰ ਗੋਲੀਆਂ ਨਾਲ ਭੁੰਨ ਸੁੱਟਿਆ।
ਕਿਸੇ ਵੀ ਅੱਤਵਾਦੀ ਹਮਲੇ ਰਾਹੀਂ ਮਨੁੱਖਤਾ ਦਾ ਘਾਣ ਕਰਨਾ ਘਿਨਾਉਣੀ ਕਾਰਵਾਈ ਹੁੰਦਾ ਹੈ, ਪਰ ਜੇਕਰ ਇਹ ਫਿਰਕਾਪ੍ਰਸਤੀ ਦੇ ਅਧਾਰ ’ਤੇ ਧਰਮ ਦੀ ਆੜ ਵਿੱਚ ਕੀਤਾ ਜਾਵੇ ਤਾਂ ਇਹ ਹੋਰ ਵੀ ਕਈ ਗੁਣਾ ਜ਼ਿਆਦਾ ਬੁਰਾ ਤੇ ਘਿਨਾਉਣਾ ਹੁੰਦਾ ਹੈ। ਪਹਿਲਗਾਮ ਵਿਖੇ ਹੋਏ ਅੱਤਵਾਦੀ ਹਮਲੇ ਵਿੱਚੋਂ ਵੀ ਫਿਰਕਾਪ੍ਰਸਤੀ ਦੀ ਬੋਅ ਆਉਂਦੀ ਹੈ। ਬੈਸਾਰਨ ਦਾ ਸਥਾਨ ਜਿਸ ਨੂੰ ਸੁੰਦਰਤਾ ਦੇ ਅਧਾਰ ’ਤੇ ਮਿਨੀ ਸਵਿਟਜ਼ਰਲੈਂਡ ਵੀ ਕਿਹਾ ਜਾਂਦਾ ਹੈ, ਉੱਥੇ ਦੁਨੀਆਂ ਭਰ ਵਿੱਚੋਂ ਲੋਕ ਅਨੰਦ ਹਾਸਲ ਕਰਨ ਆਉਂਦੇ ਹਨ। ਇਨ੍ਹਾਂ ਸੈਲਾਨੀਆਂ ਵਿੱਚ ਉਹ ਵਿਦੇਸ਼ੀ ਵੀ ਸ਼ਾਮਲ ਹੁੰਦੇ ਹਨ, ਜਿਨ੍ਹਾਂ ਦਾ ਨਾ ਕਿਸੇ ਧਰਮ ਨਾਲ ਕੋਈ ਵਿਰੋਧ ਹੈ ਅਤੇ ਨਾ ਭਾਰਤ ਜਾਂ ਪਾਕਿਸਤਾਨ ਨਾਲ ਕੋਈ ਸੰਬੰਧ ਹੁੰਦਾ ਹੈ। ਅੱਤਵਾਦੀਆਂ ਨੇ ਹਮਲਾ ਕਰਕੇ ਗੋਲੀਆਂ ਮਾਰਨ ਤੋਂ ਪਹਿਲਾਂ ਲੋਕਾਂ ਤੋਂ ਉਹਨਾਂ ਦੇ ਨਾਂ ਅਤੇ ਸੂਬੇ ਬਾਰੇ ਪੁੱਛਿਆ ਤਾਂ ਜੋ ਇਹ ਪਤਾ ਲੱਗ ਸਕੇ ਕਿ ਉਹ ਕਿਹੜੇ ਧਰਮ ਨਾਲ ਸੰਬੰਧਿਤ ਹਨ। ਜੇਕਰ ਕਿਸੇ ਨੇ ਮੁਸਲਮਾਨ ਹੋਣ ਬਾਰੇ ਕਿਹਾ ਤਾਂ ਅੱਤਵਾਦੀਆਂ ਨੇ ‘ਕਲਮਾ’ ਸੁਣਾਉਣ ਲਈ ਕਿਹਾ। ਇਸ ਤਰ੍ਹਾਂ ਉਹਨਾਂ ਇਹ ਤਸੱਲੀ ਕੀਤੀ ਕਿ ਇਸਲਾਮ ਧਰਮ ਨਾਲ ਸੰਬੰਧਿਤ ਵਿਅਕਤੀਆਂ ਨੂੰ ਛੱਡ ਕੇ ਹੋਰ ਧਰਮਾਂ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਵੇ।
ਜੇਕਰ ਧਰਮਾਂ ਦੀ ਗੱਲ ਕੀਤੀ ਜਾਵੇ ਤਾਂ ਦੁਨੀਆਂ ਦਾ ਕੋਈ ਵੀ ਧਰਮ ਕਿਸੇ ਬੇਕਸੂਰ ਵਿਅਕਤੀ ਨੂੰ ਮਾਰ ਮੁਕਾਉਣ ਦੀ ਇਜਾਜ਼ਤ ਨਹੀਂ ਦਿੰਦਾ। ਇਸਲਾਮ ਧਰਮ ਵੀ ਮਨੁੱਖਤਾ ਨੂੰ ਖਤਮ ਕਰਨ ਦਾ ਨਹੀਂ ਬਲਕਿ ਭਲਾਈ ਦਾ ਸੰਦੇਸ਼ ਦਿੰਦਾ ਹੈ। ਪ੍ਰੰਤੂ ਪਹਿਲਗਾਮ ਵਿੱਚ ਇਸ ਘਿਨਾਉਣੀ ਕਾਰਵਾਈ ਨੂੰ ਅੰਜਾਮ ਦੇਣ ਵਾਲੇ ਅੱਤਵਾਦੀ ਇਸਲਾਮ ਧਰਮ ਨਾਲ ਸੰਬੰਧਿਤ ਸਨ, ਉਹਨਾਂ ਧਰਮ ਦੇ ਅਧਾਰ ’ਤੇ ਪੜਤਾਲ ਕਰਕੇ ਹੀ ਦੂਜੇ ਧਰਮਾਂ ਦੇ ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆ। ਕੀ ਅਜਿਹਾ ਇਸਲਾਮ ਦੇ ਅਸੂਲਾਂ ਮੁਤਾਬਿਕ ਕੀਤਾ ਗਿਆ? ਜੇਕਰ ਇਸਲਾਮ ਦੇ ਅਸੂਲਾਂ ਦੇ ਵਿਰੁੱਧ ਕੀਤਾ ਗਿਆ ਤਾਂ ਇਸਲਾਮ ਨਾਲ ਸੰਬੰਧਿਤ ਧਾਰਮਿਕ ਆਗੂਆਂ ਜਾਂ ਸਿਆਸੀ ਨੇਤਾਵਾਂ ਨੇ ਇਸ ਕਾਰੇ ਦਾ ਕਿੰਨਾ ਕੁ ਵਿਰੋਧ ਕੀਤਾ ਹੈ? ਇਸ ਦਰਦਨਾਕ ਘਟਨਾ ਦੀ ਭਾਰਤ ਤੋਂ ਇਲਾਵਾ ਅਮਰੀਕਾ, ਰੂਸ, ਇੰਗਲੈਂਡ ਆਦਿ ਦੇਸਾਂ ਨੇ ਨਖੇਧੀ ਕੀਤੀ ਹੈ। ਪਰ ਦੁਨੀਆਂ ਵਿੱਚ ਇਸਲਾਮੀ ਦੇਸ਼ਾਂ ਨੇ ਇਸ ਘਟਨਾ ਬਾਰੇ ਚੁੱਪ ਧਾਰੀ ਰੱਖੀ ਹੈ। ਕੀ ਅਜਿਹੀ ਚੁੱਪ ਅੱਤਵਾਦ ਨੂੰ ਹੱਲਾਸ਼ੇਰੀ ਨਹੀਂ ਦਿੰਦੀ?
ਅੱਤਵਾਦੀ ਦਨਦਨਾਉਂਦੇ ਹੋਏ ਆਏ ਤੇ ਦਰਜਨਾਂ ਲੋਕਾਂ ਨੂੰ ਮਾਰ ਕੇ ਅਤੇ ਫੱਟੜ ਕਰਕੇ ਤੁਰਦੇ ਬਣੇ। ਪੀੜਿਤ ਲੋਕ ਮਦਦ ਲਈ ਕੁਰਲਾਉਂਦੇ ਰਹੇ। ਲਹੂ ਲੁਹਾਣ ਹੋਏ ਫੱਟੜਾਂ ਜਾਂ ਲਾਸ਼ਾਂ ਕੋਲ ਉਹਨਾਂ ਦੇ ਰਿਸ਼ਤੇਦਾਰ ਤੇ ਸੰਬੰਧੀ ਧਾਹਾਂ ਮਾਰਦੇ ਰਹੇ, ਪਰ ਮਦਦ ਕਰਨ ਵਾਲਾ ਕੋਈ ਨਾ ਬਹੁੜਿਆ। ਜਦੋਂ ਪਹਿਲਾਂ ਵੀ ਜੰਮੂ ਕਸ਼ਮੀਰ ਵਿੱਚ ਅੱਤਵਾਦੀ ਹਮਲੇ ਹੁੰਦੇ ਰਹਿੰਦੇ ਹਨ, ਫਿਰ ਸਰਕਾਰਾਂ ਇਸ ਇਲਾਕੇ ਵਿੱਚ ਲੋਕਾਂ ਨੂੰ ਸੁਰੱਖਿਆ ਦੇਣ ਤੋਂ ਕਿਉਂ ਅਵੇਸਲੀਆਂ ਰਹੀਆਂ? ਇਸ ਇਲਾਕੇ ਵਿੱਚ ਸੁਰੱਖਿਆ ਕਰਮਚਾਰੀ ਕਿਉਂ ਤਾਇਨਾਤ ਨਹੀਂ ਕੀਤੇ ਗਏ? ਜੇਕਰ ਸਰਕਾਰਾਂ ਦਾ ਧਿਆਨ ਹੁੰਦਾ ਤਾਂ ਮਰਨ ਵਾਲਿਆਂ ਵਿੱਚੋਂ ਕੁਝ ਕੁ ਨੂੰ ਬਚਾਇਆ ਵੀ ਜਾ ਸਕਦਾ ਸੀ।
ਪੁਣੇ ਦੇ ਇੱਕ ਕਾਰੋਬਾਰੀ ਦੀ ਇੱਕ ਨੌਜਵਾਨ ਪੁੱਤਰੀ ਅਸ਼ਵਨੀ ਜਗਦਲੇ ਦੇ ਸਾਹਮਣੇ ਉਸਦੇ ਬਾਪ ਨੂੰ ਅੱਤਵਾਦੀਆਂ ਨੇ ਟੈਂਟ ਵਿੱਚੋਂ ਬਾਹਰ ਬੁਲਾ ਕੇ ਨਾਂ ਪੁੱਛਿਆ, ਕੁਰਾਨ ਦੀ ਆਇਤ ਸੁਣਾਉਣ ਲਈ ਕਿਹਾ ਅਤੇ ਫਿਰ ਉਸਦੇ ਹਿੰਦੂ ਹੋਣ ਬਾਰੇ ਜਾਣਕਾਰੀ ਮਿਲਣ ’ਤੇ ਮੋਦੀ ਦਾ ਹਿਮਾਇਤੀ ਕਹਿ ਕੇ ਉਸ ਨੂੰ ਗੋਲੀਆਂ ਨਾਲ ਭੁੰਨ ਸੁੱਟਿਆ। ਫਿਰ ਜਗਦਲੇ ਦੇ ਚਾਚੇ ਨੂੰ ਗੋਲੀਆਂ ਮਾਰ ਕੇ ਖਤਮ ਕਰ ਦਿੱਤਾ। ਜਗਦਲੇ ਬੇਵੱਸ ਹੋਈ ਮਦਦ ਲਈ ਚੀਕਾਂ ਮਾਰਦੀ ਰਹੀ, ਪਿੱਟਦੀ ਰਹੀ। ਸ਼ਾਂਤ ਚਿੱਤ ਨਾਲ ਅੰਦਾਜ਼ਾ ਲਾ ਕੇ ਵੇਖੋ ਕਿ ਉਸ ਸਮੇਂ ਜਗਦਲੇ ਦੀ ਹਾਲਤ ਕੀ ਹੋਵੇਗੀ? ਅੱਤਵਾਦੀਆਂ ਦੇ ਚਲੇ ਜਾਣ ਤੋਂ ਬਾਅਦ ਡਰਕੇ ਖੱਚਰਾਂ ਵਾਲੇ ਜਾਂ ਗਾਈਡ ਦੇ ਤੌਰ ’ਤੇ ਕੰਮ ਕਰਨ ਵਾਲੇ ਕੁਝ ਲੋਕ ਸਾਹਮਣੇ ਆਏ ਤੇ ਜਖ਼ਮੀਆਂ ਨੂੰ ਬਚਾਉਣ ਲਈ ਯਤਨ ਕਰਨ ਲੱਗੇ। ਸੁਰੱਖਿਆ ਦਾ ਪ੍ਰਬੰਧ ਨਾ ਹੋਣ ਦਾ ਜਿੱਥੇ ਦੁੱਖ ਹੁੰਦਾ ਹੈ, ਉੱਥੇ ਆਮ ਲੋਕਾਂ ਵੱਲੋਂ ਕੀਤੇ ਯਤਨਾਂ ’ਤੇ ਕੁਝ ਤਸੱਲੀ ਵੀ ਮਿਲਦੀ ਹੈ।
ਪਾਕਿਸਤਾਨ ਸਰਕਾਰ ਜਾਂ ਉਸਦੇ ਨੇਤਾਵਾਂ ਵੱਲੋਂ ਧਾਰੀ ਚੁੱਪੀ ਜਿੱਥੇ ਅੱਤਵਾਦ ਨੂੰ ਹੱਲਾਸ਼ੇਰੀ ਦਿੰਦੀ ਹੈ, ਉੱਥੇ ਇਸਲਾਮ ਧਰਮ ਦੇ ਅਸੂਲਾਂ ਨੂੰ ਵੀ ਸੱਟ ਮਾਰਦੀ ਹੈ। ਕੋਈ ਵੀ ਸਰਕਾਰ ਜੋ ਅੱਤਵਾਦ ਨੂੰ ਹੱਲਾਸ਼ੇਰੀ, ਸੁਰੱਖਿਆ ਅਤੇ ਸ਼ਹਿ ਦਿੰਦੀ ਹੈ, ਉਹ ਵੀ ਨਿਰਦੋਸ਼ ਲੋਕਾਂ ਦੇ ਡੁੱਲ੍ਹੇ ਖੂਨ ਲਈ ਜ਼ਿੰਮੇਵਾਰ ਹੁੰਦੀ ਹੈ ਅਤੇ ਬਰਾਬਰ ਦੀ ਗੁਨਾਹਗਾਰ ਵੀ ਹੁੰਦੀ ਹੈ। ਇਹ ਜ਼ਰੂਰੀ ਨਹੀਂ ਕਿ ਨਫ਼ਰਤੀ ਅੱਤਵਾਦ ਦਾ ਸੇਕ ਪਹਿਲਾਂ ਦੁਸ਼ਮਣ ਨੂੰ ਹੀ ਭਸਮ ਕਰੇ, ਉਸਦੀ ਲਾਟ ਉਸ ਨੂੰ ਖ਼ੁਦ ਨੂੰ ਵੀ ਸਾੜ ਕੇ ਸੁਆਹ ਕਰ ਸਕਦੀ ਹੈ। ਫਿਰਕੂ ਸਮੱਸਿਆਵਾਂ ਦਾ ਹੱਲ ਦੂਜਿਆਂ ਧਰਮਾਂ ਨਾਲ ਸੰਬੰਧਿਤ ਲੋਕਾਂ ਨੂੰ ਖਤਮ ਕਰਕੇ ਨਹੀਂ ਕੀਤਾ ਜਾ ਸਕਦਾ, ਬਲਕਿ ਪ੍ਰੇਮ ਭਾਵਨਾ ਨਾਲ ਦੂਜੇ ਧਰਮਾਂ ਦੇ ਲੋਕਾਂ ਨੂੰ ਮਾਣ ਸਨਮਾਨ ਦੇ ਕੇ ਹੀ ਕੀਤਾ ਜਾ ਸਕਦਾ ਹੈ।
ਹੁਣ ਸਵਾਲ ਉੱਠਦਾ ਹੈ ਕਿ ਦੂਜੇ ਦੇਸ਼, ਭਾਰਤ ਦੇ ਲੋਕ ਅਤੇ ਦੇਸ਼ ਦੀ ਕੇਂਦਰ ਸਰਕਾਰ ਦਾ ਨਜ਼ਰੀਆ ਕੀ ਹੈ। ਜਿੱਥੋਂ ਤਕ ਦੁਨੀਆਂ ਦੇ ਹੋਰ ਦੇਸ਼ਾਂ ਦਾ ਸਵਾਲ ਹੈ, ਅਮਰੀਕਾ, ਰੂਸ ਅਤੇ ਹੋਰ ਸ਼ਾਂਤੀ ਪਸੰਦ ਕਈ ਦੇਸ਼ਾਂ ਨੇ ਇਸ ਦਰਦਨਾਕ ਘਟਨਾ ਤੇ ਦੁੱਖ ਪ੍ਰਗਟ ਕੀਤਾ ਅਤੇ ਅਤੇ ਭਾਰਤ ਨੂੰ ਸਹਿਯੋਗ ਦੇਣ ਦਾ ਇਸ਼ਾਰਾ ਵੀ ਕੀਤਾ ਹੈ। ਭਾਰਤ ਦੇ ਆਮ ਲੋਕ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਨਿੱਤ ਦਿਨ ਭਾਰਤ ਦੇ ਲੋਕਾਂ ਨੂੰ ਅੱਤਵਾਦੀ ਭੁੰਨ ਸੁੱਟਦੇ ਹਨ ਅਤੇ ਆਪ ਬਚ ਕੇ ਨਿਕਲ ਜਾਂਦੇ ਹਨ। ਰੋਜ਼ ਰੋਜ ਆਪਣੇ ਬੰਦੇ ਮਰਵਾਉਣ ਨਾਲੋਂ ਕੋਈ ਪੱਕਾ ਹੱਲ ਲੱਭਣਾ ਚਾਹੀਦਾ ਹੈ। ਇਹ ਸੱਚ ਹੈ ਕਿ ਭਾਰਤ ਦੇ ਲੋਕ ਸ਼ਾਂਤੀ ਚਾਹੁੰਦੇ ਹਨ, ਪਰ ਜੇ ਦੁਸ਼ਮਣ ਸਿਰ ਹੀ ਚੜ੍ਹਦਾ ਆਵੇ ਤਾਂ ਜਵਾਬ ਵੀ ਦੇਣਾ ਚਾਹੀਦਾ ਹੈ। ਦੇਸ਼ ਦੀ ਕੇਂਦਰ ਸਰਕਾਰ ਵੀ ਚਿੰਤਤ ਦਿਖਾਈ ਦਿੰਦੀ ਹੈ। ਪਹਿਲਗਾਮ ਦੀ ਘਟਨਾ ਵਾਪਰ ਜਾਣ ਦੇ ਤੁਰੰਤ ਬਾਅਦ ਦੇਸ਼ ਦਾ ਗ੍ਰਹਿ ਮੰਤਰੀ ਅਮਿੱਤ ਸ਼ਾਹ ਘਟਨਾ ਸਥਾਨ ’ਤੇ ਪਹੁੰਚਿਆ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਆਪਣਾ ਸਾਉਦੀ ਅਰਬ ਦਾ ਦੌਰਾ ਵਿਚਕਾਰ ਹੀ ਛੱਡ ਕੇ ਵਾਪਸ ਪਰਤ ਆਇਆ। ਕੇਂਦਰ ਸਰਕਾਰ ਫੌਜਾਂ ਦੇ ਮੁਖੀਆਂ ਨਾਲ ਸਲਾਹ ਮਸ਼ਵਰੇ ਵੀ ਕਰ ਰਹੀ ਹੈ। ਉੱਧਰ ਪਾਕਿਸਤਾਨ ਸਰਕਾਰ ਵੀ ਇਸ ਮਾਮਲੇ ’ਤੇ ਪੂਰੀ ਨਿਗਾਹ ਰੱਖ ਰਹੀ ਹੈ। ਕੁੱਲ ਮਿਲਾ ਕੇ ਸਥਿਤੀ ਨਾਜ਼ੁਕ ਬਣੀ ਹੋਈ ਹੈ। ਪਰ ਦੋਵਾਂ ਦੇਸ਼ਾਂ ਨੂੰ ਇਹ ਗੱਲ ਵੀ ਧਿਆਨ ਵਿੱਚ ਰੱਖਣੀ ਪਵੇਗੀ ਕਿ ਜੇਕਰ ਹਾਲਾਤ ਲੜਾਈ ਵੱਲ ਵਧ ਗਏ ਤਾਂ ਦੋਵਾਂ ਦੇਸ਼ਾਂ ਦਾ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਹੈ।
ਕਿਸੇ ਦੇਸ਼ ਦੀ ਖੁਸ਼ਹਾਲੀ ਅਤੇ ਵਿਕਾਸ ਲਈ ਸ਼ਾਂਤੀ ਜ਼ਰੂਰੀ ਹੈ। ਅੱਤਵਾਦ ਤਬਾਹੀ ਦਾ ਅਧਾਰ ਬਣਦਾ ਹੈ, ਇਸ ਲਈ ਅੱਤਵਾਦੀ ਕਾਰਵਾਈਆਂ ਰੋਕਣ ਲਈ ਦੋਵਾਂ ਦੇਸ਼ਾਂ ਵੱਲੋਂ ਸਖ਼ਤ ਰੁਖ਼ ਇਖਤਿਆਰ ਕਰਨਾ ਪਵੇਗਾ। ਰਾਸ਼ਟਰ ਜਾਂ ਆਮ ਲੋਕਾਂ ’ਤੇ ਹੋਏ ਹਮਲੇ ਨੂੰ ਬਰਦਾਸ਼ਤ ਕਰਨਾ ਅਤੇ ਅਪਮਾਨ ਸਹਿਣਾ ਵੀ ਕਾਇਰਤਾ ਹੁੰਦੀ ਹੈ। ਸੂਝਵਾਨ ਹੁਕਮਰਾਨ ਸੁਚੇਤ ਹੁੰਦੇ ਹਨ ਅਤੇ ਜਰਨੈਲ ਚੌਕਸ ਰਹਿੰਦੇ ਹਨ। ਸੋ ਭਾਰਤ ਸਰਕਾਰ ਨੂੰ ਵੀ ਕੁਝ ਸੋਚਣਾ-ਕਰਨਾ ਪਵੇਗਾ, ਪਹਿਲਗਾਮ ਵਰਗੀਆਂ ਘਟਨਾਵਾਂ ਅੱਤਵਾਦੀਆਂ ਦੇ ਹੌਸਲੇ ਵਧਾਉਂਦੀਆਂ ਹਨ। ਅਜਿਹੀਆਂ ਕਾਰਵਾਈਆਂ ਰੋਕਣ ਲਈ ਭਾਰਤ ਸਰਕਾਰ ਵੱਲੋਂ ਯੂ ਐੱਨ ਓ ਕੋਲ ਆਪਣਾ ਪੱਖ ਮਜ਼ਬੂਤੀ ਨਾਲ ਰੱਖਣਾ ਚਾਹੀਦਾ ਹੈ ਅਤੇ ਦੇਸ਼ ਦੀਆਂ ਸਮੁੱਚੀਆਂ ਸਿਆਸੀ ਪਾਰਟੀਆਂ, ਫੌਜਾਂ ਦੇ ਮੁਖੀਆਂ, ਵੱਖ ਵੱਖ ਧਰਮਾਂ ਦੇ ਮੁਖੀਆਂ, ਬੁੱਧੀਜੀਵੀਆਂ, ਲੇਖਕਾਂ ਆਦਿ ਨਾਲ ਸਲਾਹ ਮਸ਼ਵਰਾ ਕਰਕੇ ਕੋਈ ਠੋਸ ਨੀਤੀ ਤਿਆਰ ਕਰਨੀ ਚਾਹੀਦੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.om)