“ਸਾਲ 1978 ਵਿੱਚ ਹੀ ਜਦੋਂ ਕਾਲੇ ਦੌਰ ਵੱਲ ਕਦਮ ਵਧ ਰਹੇ ਸਨ, ਜੇ ਸਮੇਂ ਦੀਆਂ ਸਰਕਾਰਾਂ ..."
(12 ਅਪਰੈਲ 2025)
ਪੰਜਾਬ ਸਮੁੱਚੇ ਦੇਸ਼ ਦੇ ਵਿਕਾਸ ਦਾ ਧੁਰਾ ਹੈ। ਸਦੀਆਂ ਤੋਂ ਦੇਸ਼ ਵਿੱਚ ਅਨਾਜ ਦੇ ਕਾਲ ਵਰਗੀਆਂ ਸਥਿਤੀਆਂ ਨਾਲ ਜੂਝਦਾ ਰਿਹਾ ਹੈ ਅਤੇ ਵਤਨ ਨੂੰ ਬਚਾਉਣ ਅਤੇ ਦੇਸ਼ ’ਤੇ ਹੋ ਹੋਏ ਵਿਦੇਸ਼ੀ ਹਮਲਾਵਰਾਂ ਨਾਲ ਟਾਕਰਾ ਕਰਦਾ ਰਿਹਾ ਹੈ। ਦੇਸ਼ ਦੀ ਤਰੱਕੀ ਅਤੇ ਵਿਕਾਸ ਲਈ ਕੀਤੇ ਪੰਜਾਬ ਵਾਸੀਆਂ ਦੇ ਯਤਨ ਕੋਈ ਲੁਕੇ ਛੁਪੇ ਨਹੀਂ ਹਨ। ਦੇਸ਼ ਦੀ ਆਜ਼ਾਦੀ ਲਈ ਕੀਤੀਆਂ ਕੁਰਬਾਨੀਆਂ ਬਾਰੇ ਸਾਰੀ ਦੁਨੀਆਂ ਭਲੀਭਾਂਤ ਜਾਣਦੀ ਹੈ। ਅੱਜ ਵੀ ਪੰਜਾਬੀ ਦੇਸ਼ ਦੀਆਂ ਸਰਹੱਦਾਂ ’ਤੇ ਸ਼ਹੀਦੀਆਂ ਪ੍ਰਾਪਤ ਕਰ ਰਹੇ ਹਨ ਅਤੇ ਦੇਸ਼ ਦੇ ਅਨਾਜ ਭੰਡਾਰ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ। ਪਰ ਇਸਦੇ ਬਾਵਜੂਦ ਵੀ ਪੰਜਾਬ ਵਿੱਚ ਅਮਨ ਸ਼ਾਂਤੀ ਭੰਗ ਕਰਨ ਲਈ ਸਾਜ਼ਿਸ਼ਾਂ ਹੁੰਦੀਆਂ ਰਹਿੰਦੀਆਂ ਹਨ ਅਤੇ ਸਰਕਾਰਾਂ ਮੂਕ ਦਰਸ਼ਕ ਬਣ ਕੇ ਵੇਖਦੀਆਂ ਰਹਿੰਦੀਆਂ ਹਨ। ਪੰਜਾਬ ਨੇ ਪਹਿਲਾਂ ਲੰਬਾ ਸਮਾਂ ਕਾਲ਼ਾ ਦੌਰ ਹੰਢਾਇਆ ਹੈ, ਜਿਸ ਕਰਕੇ ਪੰਜਾਬ ਦਾ ਇੰਨਾ ਵੱਡਾ ਨੁਕਸਾਨ ਹੋਇਆ ਹੈ। ਉਹ ਘਾਟਾ ਅੱਜ ਤਕ ਪੂਰਾ ਨਹੀਂ ਕੀਤਾ ਜਾ ਸਕਿਆ। ਪੰਜਾਬ ਸਿਰ ਚੜ੍ਹਿਆ ਕਰਜ਼ਾ ਨਹੀਂ ਉਤਾਰਿਆ ਜਾ ਸਕਿਆ। ਹਜ਼ਾਰਾਂ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ। ਵੱਡੀ ਗਿਣਤੀ ਵਿੱਚ ਪੁਲਿਸ ਵਾਲਿਆਂ ਅਤੇ ਲੀਡਰਾਂ ਦੇ ਕਤਲ ਹੁੰਦੇ ਰਹੇ। ਹਿੰਦੂਆਂ ਨੂੰ ਬੱਸਾਂ ਵਿੱਚੋਂ ਲਾਹ ਕੇ ਮਾਰਿਆ ਜਾਂਦਾ ਰਿਹਾ। ਇੱਥੋਂ ਵਿਗੜੀ ਸਥਿਤੀ ਕਾਰਨ ਹੀ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਹੋਇਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ ਗਿਆ। ਦੇਸ਼ ਦੀ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਦਾ ਕਤਲ ਹੋਇਆ। ਪੰਜਾਬ ਸਿਰ ਅਰਬਾਂ ਰੁਪਏ ਦਾ ਕਰਜ਼ਾ ਚੜ੍ਹ ਗਿਆ। ਸੈਂਕੜੇ ਨੌਜਵਾਨ ਉਸ ਸਮੇਂ ਤੋਂ ਜੇਲ੍ਹਾਂ ਵਿੱਚ ਰੁਲ਼ ਰਹੇ ਹਨ, ਜਿਨ੍ਹਾਂ ਦਾ ਜੀਵਨ ਤਬਾਹ ਹੋ ਗਿਆ।
ਸਾਲ 1978 ਵਿੱਚ ਹੀ ਜਦੋਂ ਕਾਲੇ ਦੌਰ ਵੱਲ ਕਦਮ ਵਧ ਰਹੇ ਸਨ, ਜੇ ਸਮੇਂ ਦੀਆਂ ਸਰਕਾਰਾਂ ਗੌਰ ਕਰ ਲੈਂਦੀਆਂ ਅਤੇ ਰੋਕਣ ਲਈ ਠੋਸ ਨੀਤੀ ਤੈਅ ਕਰ ਲੈਂਦੀਆਂ ਤਾਂ ਇੱਡਾ ਵੱਡਾ ਨੁਕਸਾਨ ਨਹੀਂ ਸੀ ਹੋਣਾ। ਇਹ ਵੀ ਸਚਾਈ ਹੈ ਕਿ ਪੰਜਾਬ ਦੇ ਲੰਬਾ ਸਮਾਂ ਚੱਲੇ ਦੌਰ ਵਿੱਚ ਪੰਜਾਬ ਦੇ ਹਿੰਦੂ ਸਿੱਖਾਂ ਵਿੱਚ ਕੋਈ ਝਗੜਾ ਨਹੀਂ ਸੀ ਹੋਇਆ, ਪਿੰਡਾਂ ਵਿੱਚ ਗਿਣਤੀ ਦੇ ਘਰ ਹੋਣ ਦੇ ਬਾਵਜੂਦ ਵੀ ਹਿੰਦੂ ਧਰਮ ਨਾਲ ਸੰਬੰਧਿਤ ਲੋਕ ਸੁਖ ਸ਼ਾਂਤੀ ਨਾਲ ਵਸਦੇ ਰਹੇ। ਪਰ ਹਿੰਦੂ ਸਿੱਖਾਂ ਵਿੱਚ ਪਾੜਾ ਪਾਉਣ ਲਈ ਸਾਜ਼ਿਸ਼ਾਂ ਜ਼ਰੂਰ ਰਚੀਆਂ ਜਾਂਦੀਆਂ ਰਹੀਆਂ। ਸਮੇਂ ਦੀਆਂ ਸਰਕਾਰਾਂ ਨੇ ਇਸ ਪਾੜਾ-ਪਾਊ ਨੀਤੀ ਨੂੰ ਰੋਕਣ ਦਾ ਯਤਨ ਕਰਨ ਦੀ ਬਜਾਏ ਹਵਾ ਦਿੱਤੀ, ਜਿਸ ਸਦਕਾ ਕੇਵਲ ਪੰਜਾਬ ਹੀ ਨਹੀਂ ਸਮੁੱਚੇ ਦੇਸ਼ ਦਾ ਵੀ ਨੁਕਸਾਨ ਹੋਇਆ।
ਪੰਜਾਬ ਅਤੇ ਦੇਸ਼ ਦੇ ਕਾਲੇ ਦੌਰ ਸਮੇਂ ਹੋਏ ਨੁਕਸਾਨ ਨੂੰ ਸਿਆਸਤਦਾਨਾਂ ਨੇ ਵੀ ਰੱਜ ਕੇ ਵਰਤਿਆ। ਕੋਈ ਕਾਂਗਰਸ ਨੂੰ ਦੋਸ਼ੀ ਕਹਿੰਦਾ, ਕੋਈ ਭਾਜਪਾ ਨੂੰ ਅਤੇ ਕੋਈ ਅਕਾਲੀ ਦਲ ਨੂੰ, ਪਰ ਇਸ ਹਮਾਮ ਵਿੱਚ ਸਾਰੇ ਨੰਗੇ ਸਨ। ਹੁਣ ਤਾਂ ਇਸ ਸੰਬੰਧੀ ਦਰਜਨਾਂ ਪੁਸਤਕਾਂ ਛਪ ਚੁੱਕੀਆਂ ਹਨ, ਜਿਨ੍ਹਾਂ ਵਿੱਚ ਅੱਤਵਾਦ ਵਿਰੁੱਧ ਲੜਾਈ ਲੜਨ ਵਾਲਿਆਂ ਅਤੇ ਅੱਤਵਾਦ ਦੇ ਹੱਕ ਵਿੱਚ ਭੁਗਤਣ ਵਾਲਿਆਂ ਦੀਆਂ ਵੀ ਹਨ। ਪਰ ਸਭ ਨੇ ਇਹੋ ਹੀ ਸਪਸ਼ਟ ਕੀਤਾ ਹੈ ਕਿ ਉਸ ਦੌਰ ਵਿੱਚ ਪੰਜਾਬ ਦੀ ਨੌਜਵਾਨੀ ਦਾ ਘਾਣ ਹੋਇਆ ਹੈ, ਸੂਬੇ ਦੀ ਆਰਥਿਕ, ਧਾਰਮਿਕ ਤੇ ਸਮਾਜਿਕ ਸਥਿਤੀ ਨੂੰ ਵੱਡੀ ਸੱਟ ਵੱਜੀ। ਪਰ ਜੇ ਲਾਭ ਦੀ ਗੱਲ ਕਰੀਏ ਤਾਂ ਨਾ ਸੂਬੇ ਦਾ ਹੋਇਆ ਅਤੇ ਨਾ ਦੇਸ਼ ਦਾ, ਜੇ ਲਾਭ ਹੋਇਆ ਤਾਂ ਕੁਝ ਰਾਜਨੀਤਕ ਪਾਰਟੀਆਂ ਦਾ ਹੋਇਆ, ਜਿਨ੍ਹਾਂ ਦਰਬਾਰ ਸਾਹਿਬ ਉੱਪਰ ਹੋਏ ਹਮਲੇ, ਜਾਂ ਹਿੰਦੂਆਂ ਦੇ ਕੀਤੇ ਕਤਲਾਂ ਆਦਿ ਨੂੰ ਵਰਤ ਕੇ ਸੱਤਾ ਹਾਸਲ ਕੀਤੀ। ਪਰ ਅੱਜ ਤਕ ਵੀ ਬਹੁਤੇ ਲੋਕ ਇਨ੍ਹਾਂ ਸਾਜ਼ਿਸ਼ਾਂ ਨੂੰ ਸਮਝ ਨਹੀਂ ਸਕੇ।
ਅੱਜ ਵੀ ਪੰਜਾਬ ਵਿੱਚ ਸਾਰੇ ਧਰਮਾਂ ਦੇ ਲੋਕ ਏਕਤਾ ਨਾਲ ਵਸਦੇ ਹਨ, ਭਾਈਚਾਰਕ ਸਾਂਝ ਕਾਇਮ ਹੈ। ਪਰ ਲਗਦਾ ਹੈ ਕਿ ਇਹ ਸੁਖੀ ਵਸਦੇ ਲੋਕ ਕੁਝ ਸ਼ਰਾਰਤੀਆਂ ਨੂੰ ਚੰਗੇ ਨਹੀਂ ਲਗਦੇ। ਪੰਜਾਬ ਵਿੱਚ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਦੌਰਾਨ ਪੰਜਾਬ ਵਿੱਚ ਕਰੀਬ ਦਸ ਗ੍ਰਨੇਡ ਹਮਲੇ ਹੋ ਚੁੱਕੇ ਹਨ, ਜੋ ਪੁਲਿਸ ਚੌਂਕੀਆਂ ਅਤੇ ਥਾਨਿਆਂ ਦੇ ਨਜ਼ਦੀਕ ਕੀਤੇ ਗਏ। ਬੀਤੇ ਦਿਨੀਂ ਭਾਜਪਾ ਦੇ ਇੱਕ ਸੀਨੀਅਰ ਆਗੂ, ਜੋ ਪੰਜਾਬ ਦਾ ਸਾਬਕਾ ਮੰਤਰੀ ਵੀ ਹੈ, ਉਸਦੇ ਜਲੰਧਰ ਸਥਿਤ ਘਰ ਤੇ ਵੀ ਗ੍ਰਨੇਡ ਹਮਲਾ ਕੀਤਾ ਗਿਆ ਹੈ। ਹੈਰਾਨੀ ਦੀ ਗੱਲ ਹੈ ਕਿ ਹਮਲਾ ਵੀ ਰਿਕਸ਼ਾ ’ਤੇ ਆਏ ਨੌਜਵਾਨਾਂ ਨੇ ਕੀਤਾ ਅਤੇ ਫਰਾਰ ਹੋ ਗਏ। ਦੂਜੇ ਦਿਨ ਦੋ ਹਮਲਾਵਰ ਫੜ ਵੀ ਲਏ ਗਏ ਤੇ ਪੁਲਿਸ ਨੇ ਬਿਆਨ ਦਿੱਤਾ ਕਿ ਇਨ੍ਹਾਂ ਦਾ ਪਾਕਿਸਤਾਨ ਦੀ ਏਜੰਸੀ ਆਈ ਐੱਸ ਆਈ ਨਾਲ ਸੰਬੰਧ ਹੈ। ਸਵਾਲ ਉੱਠਦਾ ਹੈ ਕਿ ਪਾਕਿਸਤਾਨ ਦੀ ਇੱਕ ਵੱਡੀ ਖ਼ੁਫੀਆ ਏਜੰਸੀ ਹੁਣ ਰਿਕਸ਼ਾ ਵਾਲਿਆਂ ਤਕ ਪਹੁੰਚ ਗਈ ਹੈ। ਦੂਜੀ ਗੱਲ, ਰਾਤ ਦੇ ਬਾਰਾਂ-ਇੱਕ ਵਜੇ ਹਮਲਾ ਹੋਇਆ ਦੂਜੇ ਦਿਨ ਫਰਾਰ ਹੋਏ ਦੋਸ਼ੀ ਕਾਬੂ ਵਿੱਚ ਵੀ ਆ ਗਏ, ਕੀ ਪੁਲਿਸ ਉਹਨਾਂ ਦੇ ਕੋਲ ਹੀ ਬੈਠੀ ਸੀ।
ਅਸਲ ਵਿੱਚ ਪੰਜਾਬ ਸਰਕਾਰ ਅਤੇ ਪੁਲਿਸ ਅਜਿਹੇ ਬਿਆਨਾਂ ਨਾਲ ਆਪਣਾ ਬਚਾ ਕਰਨ ਲਈ ਅਤੇ ਲੋਕਾਂ ਵਿੱਚ ਆਪਣੀ ਸਾਖ ਬਚਾਉਣ ਲਈ ਯਤਨਸ਼ੀਲ ਹਨ। ਇਹ ਗੱਲ ਪੰਜਾਬ ਸਰਕਾਰ ਅਤੇ ਪੁਲਿਸ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਜੇਕਰ ਤਨਦੇਹੀ, ਸੁਹਿਰਦਤਾ ਅਤੇ ਡੁੰਘਾਈ ਨਾਲ ਅਜਿਹੀਆਂ ਘਟਨਾਵਾਂ ਬਾਰੇ ਜਾਂਚ ਪੜਤਾਲ ਕਰਕੇ ਠੋਸ ਕਦਮ ਨਾ ਚੁੱਕੇ ਤਾਂ ਹਾਲਾਤ ਕਾਬੂ ਤੋਂ ਬਾਹਰ ਹੋ ਸਕਦੇ ਹਨ। ਪੰਜਾਬ ਦੇ ਲੋਕ ਸੁੱਖ-ਸ਼ਾਂਤੀ ਚਾਹੁੰਦੇ ਹਨ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਵਿਰੁੱਧ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਨੂੰ ਲੋਕਾਂ ਸਾਹਮਣਾ ਨੰਗਾ ਕਰੇ ਅਤੇ ਇਨ੍ਹਾਂ ਸਾਜ਼ਿਸ਼ਾਂ ਨੂੰ ਨਾਕਾਮ ਕਰਨ ਲਈ ਠੋਸ ਨੀਤੀ ਤੈਅ ਕੀਤੀ ਜਾਵੇ।
ਮੁੱਖ ਮੰਤਰੀ ਭਗਵੰਤ ਮਾਨ ਤੇ ਉਸਦੇ ਸਾਥੀ ਪ੍ਰਾਪੇਗੰਡਾ ਰਾਜਨੀਤੀ ਦਾ ਤਿਆਗ ਕਰਕੇ ਪੰਜਾਬ ਦੇ ਹਿਤਾਂ ਲਈ ਕੰਮ ਕਰਨ। ਦੁੱਖ ਦੀ ਗੱਲ ਹੈ ਕਿ ਅੱਜ ਜਦੋਂ ਪੰਜਾਬ ਵਿੱਚ ਗ੍ਰਨੇਡ ਹਮਲੇ ਹੋ ਰਹੇ ਹਨ, ਮੁੱਖ ਮੰਤਰੀ ਅਤੇ ਮੰਤਰੀ ਪੰਜਾਬ ਦੇ ਸਕੂਲਾਂ ਵਿੱਚ ਕਮਰਿਆਂ ਜਾਂ ਕੰਧਾਂ ਦੀ ਮੁਰੰਮਤ ਦੇ ਉਦਘਾਟਨ ਕਰ ਰਹੇ ਹਨ। ਇੱਥੇ ਹੀ ਬੱਸ ਨਹੀਂ, ਸਕੂਲਾਂ ਵਿੱਚ ਇਨ੍ਹਾਂ ਉਦਘਾਟਨਾਂ ਲਈ ਆਪਣੀ ਪਾਰਟੀ ਦੇ ਹਾਈਕਮਾਂਡ ਦੇ ਉਹਨਾਂ ਆਗੂਆਂ, ਜਿਨ੍ਹਾਂ ਨੂੰ ਦਿੱਲੀ ਦੇ ਲੋਕਾਂ ਨੇ ਨਕਾਰ ਦਿੱਤਾ ਹੈ ਅਤੇ ਜਿਨ੍ਹਾਂ ਵਿਰੁੱਧ ਭ੍ਰਿਸ਼ਟਾਚਾਰ ਵਰਗੇ ਮੁਕੱਦਮੇ ਦਰਜ ਹਨ, ਉਹਨਾਂ ਨੂੰ ਲੋਕਾਂ ਦੇ ਰੂਬਰੂ ਕਰਵਾ ਰਹੇ ਹਨ ਤੇ ਭੰਗੜੇ ਵਿਖਾ ਰਹੇ ਹਨ। ਲੋਕਾਂ ਦਾ ਧਿਆਨ ਅਸਲ ਮੁੱਦਿਆਂ ਜਾਂ ਰਾਜ ਸਰਕਾਰ ਦੀਆਂ ਫੇਲ ਨੀਤੀਆਂ ਤੋਂ ਲਾਂਭੇ ਕਰਨ ਲਈ ਬੁਲਡੋਜ਼ਰ ਚਲਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਇਨਕਾਊਂਟਰਾਂ ਵਿੱਚ ਪੈਰਾਂ ਲੱਤਾਂ ਵਿੱਚ ਗੋਲੀਆਂ ਮਾਰੀਆਂ ਜਾ ਰਹੀਆਂ ਹਨ। ਨਸ਼ਿਆਂ ਵਿਰੁੱਧ ਵੱਡੀ ਪੱਧਰ ’ਤੇ ਪ੍ਰਚਾਰ ਕੀਤਾ ਜਾ ਰਿਹਾ ਹੈ। ਜੇ ਨਸ਼ਿਆਂ ਜਾਂ ਰੋਜ਼ਗਾਰ ਲਈ ਕੁਝ ਕੰਮ ਕੀਤਾ ਵੀ ਜਾ ਰਿਹਾ ਹੈ ਤਾਂ ਇਹ ਕਿਸੇ ’ਤੇ ਅਹਿਸਾਨ ਨਹੀਂ ਹੈ, ਸਰਕਾਰਾਂ ਦਾ ਇਹ ਫਰਜ਼ ਅਤੇ ਕਰਤਵ ਹੈ। ਇਹ ਕੰਮ ਹੋਣਾ ਚਾਹੀਦਾ ਹੈ ਅਤੇ ਜੇ ਹੋ ਰਿਹਾ ਹੈ ਤਾਂ ਚੰਗੀ ਗੱਲ ਹੈ। ਪਰ ਹਾਲਾਤ ਨੂੰ ਧਿਆਨ ਵਿੱਚ ਜ਼ਰੂਰ ਰੱਖਣਾ ਚਾਹੀਦਾ ਹੈ।
ਜਾਬ ਸਰਕਾਰ ਨੂੰ ਰੰਗਾਰੰਗ ਪ੍ਰੋਗਰਾਮਾਂ ਤੋਂ ਸੰਕੋਚ ਕਰਕੇ ਪੰਜਾਬ ਦੇ ਹਾਲਾਤ ਵਿਗਾੜਨ ਵਾਲੀਆਂ ਸਾਜ਼ਿਸ਼ਾਂ ਵਿਰੁੱਧ ਠੋਸ ਕਾਰਵਾਈਆਂ ਕਰਨ ਵੱਲ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਨੂੰ ਵੀ ਇੱਕ ਦੂਜੇ ਵਿਰੁੱਧ ਭੜਾਸ ਕੱਢਣ ਦੀ ਬਜਾਏ ਪੰਜਾਬ ਵਿੱਚ ਸ਼ਾਂਤੀ ਲਈ ਇੱਕਮੁੱਠਤਾ ਨਾਲ ਕੰਮ ਕਰਨਾ ਚਾਹੀਦਾ ਹੈ। ਪੰਜਾਬ ਵਾਸੀਆਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਕਿ ਸੂਬੇ ਦੇ ਹਾਲਾਤ ਨੂੰ ਵਿਗੜਨ ਤੋਂ ਬਚਾਇਆ ਜਾ ਸਕੇ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (