“ਮਾਂ ਸਾਂਝੀ, ਧੀ ਸਾਂਝੀ ਸਾਡੀ, ਫੇਰ ਖੇਡਣ ਕਿਉਂ ਹਨੇਰੇ ਨਾਲ। ...”
(30 ਜਨਵਰੀ 2025)
1. ਉਡੀਕ
ਮਾਂ! ਤੂੰ ਮੈਨੂੰ ਜਨਮ ਦਿੱਤਾ,
ਦੁੱਧ ਚੁੰਘਾਇਆ,
ਪਾਲ ਪੋਸ ਕੇ ਵੱਡਾ ਕੀਤਾ।
ਲੋਰੀਆਂ ਦਿੰਦੀ
ਅੱਖਾਂ ਦਾ ਤਾਰਾ ਕਹਿੰਦੀ ਸੈਂ,
ਬੁਢੇਪੇ ਦਾ ਸਹਾਰਾ ਕਹਿੰਦੀ ਸੈਂ।
ਚੂਰੀ ਘਿਓ ਤੇ ਦੁੱਧ
ਕਹਿੰਦੀ ਸੈਂ ਵਧਾਉਂਦੇ ਬੁੱਧ।
ਸਕੂਲ ਤੋਰਿਆ, ਕਾਲਜ ਲਾਇਆ,
ਬਾਪ ਮੇਰੇ ਮਿਹਨਤ ਕੀਤੀ,
ਖ਼ਰਚੇ ਤੋਂ ਨਾ ਮੂੰਹ ਭੰਵਾਇਆ।
ਲੱਖਾਂ ਖ਼ਰਚ ਵਿਦੇਸ਼ ਭੇਜਿਆ
ਪਰ! ਤੋਰਨ ਵੇਲੇ ਕਹੇ
ਸ਼ਬਦ ਮੇਰੇ ਯਾਦ ਨੇ
“ਪੁੱਤ ਸੁਖੀ ਵਸੇਂ, ਮੌਜਾਂ ਮਾਣੇਂ,
ਅਸੀਂ ਆਪਣਾ ਹੈ ਫ਼ਰਜ ਨਿਭਾਇਆ।
ਤੈਨੂੰ ਵੇਖਣ ਦੀ ਤਾਂਘ ਤਾਂ ਰਹੇਗੀ
ਕਮਾਈ ਤੇਰੀ ਦੀ ਕੋਈ
ਝਾਕ ਨਹੀਂ ਰਹੇਗੀ।
ਨਾ ਵੀ ਆਇਆ
ਤਾਂ ਗਿਲਾ ਨਹੀਂ ਹੋਏਗਾ।
ਬੱਸ! ਇੱਕ ਵਾਰ ਜਰੂਰ ਆ ਜਾਵੀਂ
ਮੇਰੀ ਚਿਤਾ ਨੂੰ, ਅਗਨੀ ਵਿਖਾਉਣ।
ਪਰ ਮਾਂ!
ਮੈਂ ਤਾਂ ਇਹ ਵੀ ਫ਼ਰਜ
ਨਿਭਾ ਨਾ ਸਕਿਆ।
ਅੰਤਿਮ ਤੇਰੇ ਦਰਸ਼ਨ ਕਰਦਿਆਂ
ਚਿਤਾ ਨੂੰ ਅੱਗ ਵਿਖਾ ਨਾ ਸਕਿਆ।
* * *
2. ਗੂਠਾ
ਮੈਂ ਤਲਾਕ ਲੈਣ ਲਈ
ਦਹੇਜ ਮੰਗਣ ਦਾ ਦੋਸ਼ ਲਾਇਆ,
ਖਹਿੜਾ ਛੁਡਾਉਣ ਲਈ
ਕੁੱਟ ਮਾਰ ਕਰਨ ਦਾ ਦੋਸ਼ ਲਾਇਆ,
ਪਰ ਇਹ ਸਭ ਦੋਸ਼ ਝੂਠੇ ਸਨ।
ਮੈਂ ਤੇਰੀ ਸਮਾਜ ’ਚ ਬਣੀ
ਇੱਜ਼ਤ ਵੇਖ ਕੇ
ਤੇਰੇ ਦੁੱਧ ਚਿੱਟੇ
ਦਾਹੜੇ ਨੂੰ ਨਿਹਾਰ ਕੇ
ਸੱਚ ਲਕੋਣਾ ਹੀ ਬਿਹਤਰ ਸਮਝਿਆ
ਕਿ ਤੇਰੇ ਚਾਵਾਂ ਨਾਲ ਪਾਲੇ
ਸੋਹਣੇ ਪੁੱਤ ਨੇ
ਜਵਾਨੀ ਮੁਕਾ ਲਈ ਐ
ਚਿੱਟੇ ਤੇ ਟੀਕਿਆਂ ਨਾਲ।
ਮੇਰੀ ਜਿੰਦਗੀ ਤਾਂ ਬਚਾਅ ਲੈ ਬਾਪੂ!
ਪੰਚਾਇਤੀ ਕਾਗਜਾਂ ’ਤੇ
ਗੂਠਾ ਲਾ ਕੇ।
* * *
3. ਦੀਪ ਜਗਾਈਏ
ਦੁਸ਼ਮਣੀ ਮੇਰੀ ਨਹੀਂ ਹੈ ਤੇਰੇ ਨਾਲ,
ਦੁਸ਼ਮਣੀ ਤੇਰੀ ਨਹੀਂ ਹੈ ਮੇਰੇ ਨਾਲ,
ਹਵਾ ਸਾਂਝੀ ਮਿੱਟੀ ਸਾਂਝੀ ਆਪਣੀ,
ਸਰਕਾਰੀ ਦੁਸ਼ਮਣੀ ਹੱਦਾਂ ਬਨੇਰੇ ਨਾਲ।
ਅੱਲ੍ਹਾ ਵਾਹਿਗੁਰੂ ਹਰੀ ਓਮ ਤਾਂ,
ਤੁਰਦੇ ਰਹਿਣ ਇੱਕੋ ਘੇਰੇ ਨਾਲ।
ਗੋਲੀ ਚੱਲੇ ਤਾਂ ਮਰਦੈ ਭਾਈ,
ਪਾਈਆਂ ਵੰਡਾਂ ਸੂਰ ਗਾਂ ਵਛੇਰੇ ਨਾਲ।
ਮਾਂ ਸਾਂਝੀ, ਧੀ ਸਾਂਝੀ ਸਾਡੀ,
ਫੇਰ ਖੇਡਣ ਕਿਉਂ ਹਨੇਰੇ ਨਾਲ।
‘ਭੁੱਲਰ’ ਦੀਪ ਜਗਾਈਏ ਮੁਹੱਬਤ ਵਾਲਾ,
ਰਲ ਮਿਲ ਸਾਰੇ ਜੇਰੇ ਨਾਲ।
* * *
4. ਦਾਰੂ
ਜਨਮ ਤਾਂ ਹਰ ਜੀਵ ਲੈਂਦੈ
ਹਰ ਪੰਛੀ ਉਡਾਰੀਆਂ ਭਰਦੈ
ਮੈਨੂੰ ਵੀ ਜਨਮ ਮਿਲਿਐ
ਮੈਂ ਚਾਵਾਂ ਤੇ ਖੁਸ਼ੀਆਂ ਨਾਲ
ਹੰਢਾਉਂਦਾ ਹਾਂ ਜਿੰਦਗੀ।
ਮੈਂ ਕਿਤੇ ਮੱਥਾ ਨਹੀਂ ਰਗੜਦਾ
ਮੈਂ ਕਿਤੇ ਟੱਲ ਨਹੀਂ ਖੜਕਾਉਂਦਾ
ਮੈਂ ਵੁਜ਼ੂ ਕਰ ਨਮਾਜ ਨਹੀਂ ਪੜ੍ਹਦਾ
ਮੈਂ ਨਾਂਗਾ ਬਣ ਇੱਕ ਲੱਤ ਨਹੀਂ ਖੜ੍ਹਦਾ।
ਜਦੋਂ ਮੇਰਾ ਜੀਵਨ ਸਾਫ਼ ਐ
ਤਾਂ ਮੈਨੂੰ ਫਿਕਰ ਨਹੀਂ ਅਗਲੇ ਜੀਵਨ ਦਾ
ਕੀੜਾ ਬਣਾ ਜਾਂ ਪੰਛੀ।
ਮੈਨੂੰ ਪਤੈ, ਮੈਂ ਕੁਝ ਨਹੀਂ ਬਣਨਾ,
ਆਖ਼ਰ ਮਿਟ ਜਾਣੈ
ਜਹਾਜ਼ ਦੇ ਧੂੰਏਂ ਦੀ ਲਕੀਰ ਵਾਂਗ,
ਕਿਸ਼ਤੀ ਦੀ ਪਾਣੀ ’ਚ ਬਣੀ ਲਕੀਰ ਵਾਂਗ।
ਘੁਲ਼ ਜਾਵਾਂਗਾ ਧੂੰਆਂ ਬਣ
ਉਸੇ ਵਾਤਾਵਰਣ ’ਚ
ਜਿਸ ’ਚੋਂ ਜਨਮ ਲਿਐ।
ਕੁਝ ਨਹੀਂ ਰੱਖਿਆ ਇਹਨਾਂ ਗੱਲਾਂ ’ਚ
ਫੇਰ! ਕਿਉਂ ਨਾ ਪੀ ਲਵਾਂ
ਘੁੱਟ ਘੁੱਟ ਕਰਕੇ
ਫਿਕਰ ਉਡਾਊ ਦਾਰੂ
ਤੇ ਸੌਂ ਜਾਵਾਂ ਰੱਜ ਕੇ।
ਚਿਹਰਾ ਕੱਜ ਕੇ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)