“ਜੇਕਰ ਇਹ ਧਾਰਮਿਕ ਅਸਥਾਨ ਲੋਕਾਂ ਵੱਲੋਂ ਚੜ੍ਹਾਵੇ ਦੇ ਰੂਪ ਵਿੱਚ ਦਿੱਤੀ ਰਾਸ਼ੀ ਨੂੰ ਦੱਬ ਕੇ ਰੱਖਣ ਜਾਂ ਉਸਦੀ ਦੁਰਵਰਤੋਂ ...”
(17 ਅਗਸਤ 2024)
ਦਾਨ ਰਾਸ਼ੀ ਨੂੰ ਲੋਕ ਹਿਤਾਂ ਲਈ ਵਰਤਣ ਵਾਸਤੇ ਸਖ਼ਤ ਕਾਨੂੰਨ ਦੀ ਲੋੜ
ਜ਼ਿੰਦਗੀ ਵਿੱਚ ਜਾਣੇ ਅਣਜਾਣੇ ਹੋਏ ਕਥਿਤ ਪਾਪਾਂ ਨੂੰ ਬਖਸ਼ਾਉਣ, ਮੌਤ ਉਪਰੰਤ ਨਰਕ ਦੀ ਬਜਾਏ ਸਵਰਗ ਵਿੱਚ ਪਹੁੰਚਣ, ਦੁੱਖਾਂ ਕਲੇਸ਼ਾਂ ਨੂੰ ਦੂਰ ਕਰਨ, ਖੁਸ਼ੀਆਂ ਪ੍ਰਾਪਤ ਕਰਨ, ਘੱਟ ਮਿਹਨਤ ਕਰਕੇ ਵੱਧ ਲਾਭ ਹਾਸਲ ਕਰਨ ਦੀ ਭਾਰਤ ਦੇ ਲੋਕਾਂ ਦੀ ਇੱਛਾ ਤੇ ਲਾਲਸਾ ਨੇ ਉਹਨਾਂ ਨੂੰ ਅੰਧ ਵਿਸ਼ਵਾਸੀ ਅਤੇ ਪਿਛਾਂਹ ਖਿੱਚੂ ਸੋਚ ਵਾਲੇ ਬਣਾ ਦਿੱਤਾ ਹੈ। ਆਮ ਲੋਕਾਂ ਵਿੱਚ ਵਿਗਿਆਨਕ ਸੋਚ ਦੀ ਘਾਟ ਅਤੇ ਅੰਧ ਵਿਸ਼ਵਾਸੀ ਪ੍ਰਵਿਰਤੀ ਨੂੰ ਦੇਖਦਿਆਂ ਚਲਾਕ ਲੋਕਾਂ ਨੇ ਧਰਮ ਦੇ ਨਾਂ ਹੇਠ ਉਹਨਾਂ ਦੀ ਲੁੱਟ ਖਸੁੱਟ ਕਰਨ ਲਈ ਦੇਸ ਭਰ ਵਿੱਚ ਲੱਖਾਂ ਹੀ ਅਖੌਤੀ ਧਾਰਮਿਕ ਸਥਾਨ ਬਣਾ ਲਏ ਹਨ, ਜਿੱਥੇ ਉਹਨਾਂ ਦੇ ਪ੍ਰਬੰਧਕ ਅਸਥਾਨਾਂ ਦੇ ਕਹਿਣੀ ਵਾਲੇ ਅਸੂਲਾਂ ਤੇ ਫ਼ਰਜਾਂ ਦੇ ਉਲਟ ਲੋਕਾਂ ਦੀ ਲੁੱਟ ਘਸੁੱਟ ਕਰਕੇ ਐਸ਼ ਪ੍ਰਸਤੀਆਂ ਤੇ ਅਯਾਸ਼ੀਆਂ ਕਰਦੇ ਹਨ ਅਤੇ ਜਾਇਦਾਦਾਂ ਵਿੱਚ ਵਾਧਾ ਕਰਦੇ ਹਨ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਜ਼ਾਰਾਂ ਅਜਿਹੇ ਧਾਰਮਿਕ ਅਸਥਾਨ ਹਨ, ਜਿਹਨਾਂ ਦਾ ਇਤਿਹਾਸਕ ਪਿਛੋਕੜ ਗੁਰੂਆਂ ਪੀਰਾਂ ਨਾਲ ਸੰਬੰਧਿਤ ਹੈ, ਜਿਵੇਂ ਅਯੁੱਧਿਆ, ਚਿਤਰਕੂਟ, ਅਮਰਕੰਟਕ, ਰਿਸ਼ੀਕੇਸ਼, ਮਥੁਰਾ, ਪਟਨਾ, ਅੰਮ੍ਰਿਤਸਰ, ਅਨੰਦਪੁਰ ਸਾਹਿਬ, ਪਾਉਂਟਾ ਸਾਹਿਬ, ਕੁਰਕਸ਼ੇਤਰ, ਅਜਮੇਰ ਸ਼ਰੀਫ ਆਦਿ। ਇਹਨਾਂ ਤੋਂ ਇਲਾਵਾ ਲੱਖਾਂ ਅਜਿਹੇ ਅਖੌਤੀ ਧਾਰਮਿਕ ਸਥਾਨ ਹਨ, ਜਿਹਨਾਂ ਦੀ ਸਥਾਪਤੀ ਜ਼ਮੀਨ ਹੜੱਪਣ ਦੀ ਪਰਵਿਰਤੀ ਤੋਂ ਸ਼ੁਰੂ ਹੋਈ। ਸਭ ਤੋਂ ਪਹਿਲਾਂ ਕਿਸੇ ਸਥਾਨ ’ਤੇ ਛੋਟੀ ਜਿਹੀ ਮੂਰਤੀ ਰੱਖ ਕੇ ਜਾਂ ਧਾਰਮਿਕ ਝੰਡਾ ਗੱਡ ਕੇ ਸ਼ੁਰੂਆਤ ਕੀਤੀ ਅਤੇ ਫਿਰ ਉਸ ਜਗ੍ਹਾ ’ਤੇ ਵੱਡੇ ਵੱਡੇ ਧਾਰਮਿਕ ਅਸਥਾਨ ਬਣ ਗਏ, ਜਿੱਥੇ ਰੋਜ਼ਾਨਾ ਦਾ ਲੱਖਾਂ ਰੁਪਏ ਦਾ ਚੜ੍ਹਾਵਾ ਚੜ੍ਹਨ ਲੱਗ ਗਿਆ। ਅਜਿਹੇ ਅਨੇਕਾਂ ਹੋਰ ਸਥਾਨ ਹੋਂਦ ਵਿੱਚ ਆ ਰਹੇ ਹਨ।
ਅਜਿਹੇ ਗੈਰ ਇਤਿਹਾਸਕ ਧਾਰਮਿਕ ਸਥਾਨਾਂ ਦੀ ਪ੍ਰਫੁੱਲਤਾ ਵਿੱਚ ਸਿਆਸਤਦਾਨਾਂ ਦੀ ਵੀ ਅਹਿਮ ਭੂਮਿਕਾ ਹੈ, ਜਿਹੜੇ ਵੋਟਾਂ ਹਾਸਲ ਕਰਨ ਲਈ ਇਹਨਾਂ ਥਾਵਾਂ ’ਤੇ ਨੱਕ ਰਗੜ ਰਗੜ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਇਹਨਾਂ ਥਾਵਾਂ ਦੀ ਸ਼ਕਤੀ ਅਪਰ ਅਪਾਰ ਹੈ। ਸਮਾਂ ਪਾ ਕੇ ਅਜਿਹੇ ਸਥਾਨ ਮਸ਼ਹੂਰ ਹੋ ਗਏ ਅਤੇ ਇਹਨਾਂ ਦੀਆਂ ਜਾਇਦਾਦਾਂ ਵਿੱਚ ਕਈ ਕਈ ਗੁਣਾਂ ਵਾਧਾ ਹੋ ਗਿਆ। ਰੋਜ਼ਾਨਾ ਚੜ੍ਹਾਵੇ ਵਿੱਚ ਹੋਣ ਵਾਲੇ ਵਾਧੇ ਕਾਰਨ ਇਹ ਸਥਾਨ ਖੂਨ ਖਰਾਬੇ ਦੇ ਮੈਦਾਨ ਵੀ ਬਣਨ ਲੱਗੇ। ਕਬਜ਼ਾ ਜਮਾਈ ਰੱਖਣ ਜਾਂ ਦੂਜੀ ਧਿਰ ਵੱਲੋਂ ਕਬਜ਼ਾ ਖੋਹਣ ਲਈ ਗੁੰਡਿਆਂ ਤੇ ਗੈਰ ਇਖਲਾਕੀ ਲੋਕਾਂ ਦੀ ਮਦਦ ਲੈਣ ਦੀ ਜ਼ਰੂਰਤ ਬਣ ਗਈ, ਜਿਸ ਕਾਰਨ ਅਜਿਹੇ ਸਥਾਨਾਂ ’ਤੇ ਬਲਾਤਕਾਰ, ਕੁੱਟਮਾਰ, ਲੁੱਟਮਾਰ ਤੇ ਜਿਣਸੀ ਸ਼ੋਸ਼ਣ, ਅਯਾਸ਼ੀਆਂ ਦੀਆਂ ਵਾਰਦਾਤਾਂ ਹੋਣ ਲੱਗ ਪਈਆਂ।
ਉਦਾਹਰਣ ਦੇ ਤੌਰ ’ਤੇ ਸਵਾਮੀ ਸਦਾਚਾਰ, ਜੋ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੇ ਦੌਰ ਸਮੇਂ ਬਹੁਤ ਸਾਰੇ ਉੱਚਕੋਟੀ ਦੇ ਨੇਤਾਵਾਂ ਦਾ ਅਧਿਆਤਮਿਕ ਸਲਾਹਕਾਰ ਹੁੰਦਾ ਸੀ, ਪ੍ਰੰਤੂ ਉਦੋਂ ਉਸ ਨੂੰ ਜੇਲ੍ਹ ਦੀ ਦਾਲ ਪੀਣੀ ਪਈ ਜਦੋਂ ਇੰਡੀਅਨ ਰੈਸ਼ਨੇਲਿਸਟ ਐਸੋਸੀਏਸਨ ਵਰਗੇ ਸੰਗਠਨਾਂ ਨੇ ਇਹ ਸਪਸ਼ਟ ਕਰ ਦਿੱਤਾ ਕਿ ਉਹ ਇੱਕ ਚਕਲਾਘਰ ਚਲਾ ਰਿਹਾ ਹੈ। ਇਸੇ ਤਰ੍ਹਾਂ ਸਵਾਮੀ ਪ੍ਰੇਮਾਨੰਦ ਬਲਾਤਕਾਰਾਂ ਤੇ ਹੋਰ ਕਈ ਬਦ ਇਖਲਾਕੀ ਸਕੈਂਡਲਾਂ ਵਿੱਚ ਸ਼ਾਮਲ ਹੋਣ ਕਾਰਨ ਜੇਲ੍ਹ ਵਿੱਚ ਰਿਹਾ। ਇੱਥੇ ਹੀ ਬੱਸ ਨਹੀਂ, ਸੱਤਿਆ ਸਾਈਂ ਬਾਬਾ ਵਿਰੁੱਧ ਵੀ ਬੱਚਿਆਂ ਦੇ ਸ਼ੋਸ਼ਣ ਅਤੇ ਛੋਟੀ ਉਮਰ ਦੇ ਚੇਲਿਆਂ ਨਾਲ ਗੈਰ ਕੁਦਰਤੀ ਯੌਨ ਸੰਬੰਧ ਬਣਾਉਣ ਦੇ ਦੋਸ਼ ਲਗਦੇ ਰਹੇ ਹਨ। ਲੰਡਨ ਦੇ ਇੱਕ ਅਖਬਾਰ ਡੇਲੀ ਟੈਲੀਗ੍ਰਾਫ ਵਿੱਚ 22 ਸਾਲਾ ਅਮਰੀਕੀ ਸੈਮ ਯੰਗ ਨਾਲ ਅਜਿਹੀ ਘਟਨਾ ਵਾਪਰਨ ਸੰਬੰਧੀ ਖਬਰਾਂ ਪ੍ਰਕਾਸ਼ਿਤ ਹੋਈਆਂ ਸਨ, ਜਿਸਦੇ ਬਾਅਦ ਵਿਦੇਸ਼ਾਂ ਵਿੱਚ ਉਸਦੇ ਕਈ ਆਸ਼ਰਮ ਵੀ ਬੰਦ ਹੋ ਗਏ ਸਨ।
ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਗੁਰਮੀਤ ਸਿੰਘ ਵਿਰੁੱਧ ਵੀ ਅਜਿਹੇ ਮੁਕੱਦਮੇ ਚੱਲੇ ਅਤੇ ਉਮਰ ਕੈਦ ਦੀ ਸਜ਼ਾ ਹੋਈ ਅਤੇ ਕੁਝ ਮੁਕੱਦਮੇ ਅਜੇ ਸੁਣਵਾਈ ਅਧੀਨ ਹਨ। ਨਿਤਿਆਨੰਦ ਵਰਗੇ ਹੋਰ ਬਹੁਤ ਸਾਰੇ ਅਜਿਹੇ ਧਾਰਮਿਕ ਗੁਰੂ ਅਖਵਾਉਣ ਵਾਲਿਆਂ ਵਿਰੁੱਧ ਚਰਚਾ ਹੁੰਦੀ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਸਨੂੰ ਸਿੱਖ ਗੁਰਦੁਆਰਿਆਂ ਦੇ ਪ੍ਰਬੰਧ ਲਈ ਚੁਣਿਆ ਜਾਂਦਾ ਹੈ, ਉਸਦੇ ਇੱਕ ਕਮੇਟੀ ਮੈਂਬਰ ਨੇ ਦਰਬਾਰ ਸਾਹਿਬ ਵਿਖੇ ਕੀਰਤਨ ਕਰਨ ਵਾਲੇ ਨੇਤਰਹੀਣ ਕੀਰਤਨੀਏ ਦੇ ਘਰ ਵਿੱਚ ਦਾਖਲ ਹੋ ਕੇ ਉਸਦੀ ਧਰਮਪਤਨੀ ਨਾਲ ਛੇੜਛਾੜ ਕਰਨ ਦੀ ਚਰਚਾ ਵੀ ਛਿੜੀ ਸੀ। ਇਸ ਸੰਸਥਾ ਦੇ ਇੱਕ ਹੋਰ ਸੀਨੀਅਰ ਕਰਮਚਾਰੀ ਸ੍ਰੀ ਬੇਦੀ ਦੇ ਇੱਕ ਪਰਾਈ ਔਰਤ ਨਾਲ ਜਿਣਸੀ ਸੰਬੰਧਾਂ ਦੀ ਖ਼ਬਰ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਹੋਈ ਸੀ। ਬਾਬੂ ਆਸਾ ਰਾਮ ਕਈ ਸਾਲਾਂ ਤੋਂ ਬਲਾਤਕਾਰ ਦੇ ਮੁਕੱਦਮਿਆਂ ਸਦਕਾ ਜੇਲ੍ਹ ਵਿੱਚ ਬੰਦ ਹੈ।
ਜੇਕਰ ਅਜਿਹੇ ਧਾਰਮਿਕ ਸਥਾਨਾਂ ਦੀ ਆਮਦਨ ਅਤੇ ਇਕੱਠੀ ਕੀਤੀ ਜਾ ਰਹੀ ਮਾਇਆ ਬਾਰੇ ਵਿਚਾਰ ਕਰੀਏ ਤਾਂ ਸੈਂਕੜੇ ਸਾਲ ਪਹਿਲਾਂ ਵਿਦੇਸ਼ੀ ਧਾੜਵੀਆਂ ਨੇ ਹਮਲਾ ਕਰਕੇ ਸੋਮਨਾਥ ਦੇ ਮੰਦਰ ਵਿੱਚ ਲੁੱਟਮਾਰ ਕੀਤੀ ਅਤੇ ਮੰਦਰ ਦੇ ਸੋਨੇ ਦੇ ਤਖਤੇ ਪੁੱਟ ਕੇ ਲੈ ਗਏ ਸਨ, ਜੋ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਵਾਪਸ ਲਿਆਂਦੇ ਸਨ। ਇਸੇ ਤਰ੍ਹਾਂ ਅੰਗਰੇਜ਼ ਇਤਿਹਾਸਕਾਰ ਅਲਫ਼ਿਨਸਟਨ ਦੀ ਲਿਖਤ ਅਨੁਸਾਰ ਸੈਂਕੜੇ ਸਾਲ ਪਹਿਲਾਂ ਨਗਰਕੋਟ ਦੇ ਇੱਕ ਮੰਦਰ ਵਿੱਚੋਂ ਇੱਕ ਇਸਲਾਮੀ ਬਾਦਸ਼ਾਹ ਨੇ 7 ਲੱਖ ਸੁਨਹਿਰੀ ਮੋਹਰਾਂ, 9 ਮਣ ਸੋਨਾ, 2000 ਮਣ ਚਾਂਦੀ ਤੇ ਵੀਹ ਮਣ ਜਵਾਹਾਰਾਤ ਲੁੱਟੇ ਸਨ। ਇਸ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਸ ਸਮੇਂ ਇਹਨਾਂ ਮੰਦਰਾਂ ਦੀ ਆਮਦਨ ਕਿੰਨੀ ਹੋਵੇਗੀ।
ਅੱਜ ਵੀ ਤਿਰੁਪਤੀ ਮੰਦਰ, ਜਿਸ ਨੂੰ ਵੈਕਟੇਸ਼ਵਰ ਮੰਦਰ ਵੀ ਕਿਹਾ ਜਾਂਦਾ ਹੈ, ਵਿਖੇ ਇੱਕ ਸੋਨੇ ਦਾ ਰਥ ਖੜ੍ਹਾ ਹੈ। ਇਸ ਮੰਦਰ ਦੇ ਦਰਸ਼ਨਾਂ ਲਈ ਰੋਜ਼ਾਨਾ 2 ਲੱਖ ਤੋਂ ਵੱਧ ਸ਼ਰਧਾਲੂ ਪਹੁੰਚਦੇ ਹਨ, ਜੋ ਉੱਥੇ ਰੱਖੇ ਇੱਕ ਵੱਡੇ ਬਰਤਨ ਵਿੱਚ ਨਕਦੀ ਤੇ ਗਹਿਣੇ ਆਦਿ ਦਾਨ ਵਜੋਂ ਭੇਂਟ ਕਰਦੇ ਹਨ। ਇਸ ਮੰਦਰ ਦੀ ਸਲਾਨਾ ਆਮਦਨ ਕਰੀਬ 600 ਕਰੋੜ ਰੁਪਏ ਹੈ। ਕੇਰਲਾ ਦੇ ਇੱਕ ਪ੍ਰਸਿੱਧ ਸਾਬਰੀਮਾਲ ਮੰਦਰ ਵਿੱਚ ਹਰ ਸਾਲ ਮੱਕਰਜੋਤੀ ਉਤਸਵ ਲਗਦਾ ਹੈ, ਜੋ 41 ਦਿਨ ਚਲਦਾ ਹੈ। ਇਸ ਉਤਸਵ ਵਿੱਚ ਮੱਕਰਜੋਤੀ ਦੇ ਪ੍ਰਗਟ ਹੋਣ ਦੇ ਦਰਸ਼ਨ ਕਰਨ ਲਈ ਕਰੀਬ 30 ਲੱਖ ਸ਼ਰਧਾਲੂ ਪਹੁੰਚਦੇ ਹਨ, ਜਿਹਨਾਂ ਵੱਲੋਂ ਦਿੱਤੇ ਦਾਨ ਨਾਲ ਅਰਬਾਂ ਰੁਪਏ ਇਕੱਤਰ ਹੋ ਜਾਂਦੇ ਹਨ। ਦੱਖਣੀ ਭਾਰਤ ਦੇ ਇੱਕ ਹੋਰ ਮੱਠ ਵਰਦਰਾਜਾ ਪੇਰੂਮੱਲ ਮੰਦਰ ਦੀ ਜਾਇਦਾਦ 2000 ਕਰੋੜ ਤੋਂ ਉੱਪਰ ਹੈ ਅਤੇ ਇਸਦੇ ਮੁਖੀ ਜੈਇੰਦਰ ਸਰਸਵਤੀ, ਜਿਸ ਵਿਰੁੱਧ ਛੇੜਛਾੜ ਤੇ ਬਲਾਤਕਾਰ ਦੇ ਦੋਸ਼ ਲਗਦੇ ਰਹੇ ਹਨ, ਨੇ ਆਪਣੇ ਭੇਤ ਛੁਪਾ ਕੇ ਰੱਖਣ ਲਈ ਆਪਣੇ ਚੇਲੇ ਸੰਦਰ ਰਮਨ ਨੂੰ ਕਤਲ ਕਰਨ ਲਈ ਗੁੰਡਿਆਂ ਨਾਲ 2 ਕਰੋੜ ਰੁਪਏ ਵਿੱਚ ਸੌਦਾ ਤੈਅ ਕੀਤਾ ਸੀ। ਗੁਰਦੁਆਰਿਆਂ ਦਾ ਪ੍ਰਬੰਧ ਚਲਾ ਰਹੀ ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਦੀ ਸਲਾਨਾ ਆਮਦਨ ਵੀ ਢਾਈ ਅਰਬ ਤੋਂ ਜ਼ਿਆਦਾ ਹੈ। ਲੱਖਾਂ ਗੁਰਦੁਆਰੇ ਇਸ ਸੰਸਥਾ ਦੇ ਕੰਟਰੋਲ ਤੋਂ ਅਜੇ ਬਾਹਰ ਹਨ।
ਪਿਛਲੇ ਸਮੇਂ ਆਂਧਰਾ ਪ੍ਰਦੇਸ ਦੇ ਅਨੰਤਪਰ ਜ਼ਿਲ੍ਹੇ ਵਿੱਚ ਪੁਟਾਪਰਥੀ ਸਥਾਨ ’ਤੇ ਸੱਤਿਆ ਸਾਂਈ ਦੇ ਮੰਦਰ ਕੰਪਲੈਕਸ ਵਿੱਚ ਪ੍ਰਸਾਂਤ ਨਿਲਾਯਮ ਸਾਂਈ ਦੀ ਰਿਹਾਇਸ਼ ਤੋਂ 34 ਕਿਲੋ ਸੋਨਾ, 340 ਕਿਲੋ ਚਾਂਦੀ ਤੇ 1.90 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਸੀ, ਜਦੋਂ ਕਿ ਇਸ ਤੋਂ ਕੁਝ ਦਿਨ ਪਹਿਲਾਂ ਇਸੇ ਮੰਦਰ ਦੇ ਇੱਕ ਹੋਰ ਕਮਰੇ ਵਿੱਚੋਂ 98 ਕਿਲੋ ਸੋਨਾ 300 ਕਿਲੋ ਚਾਂਦੀ ਅਤੇ 11.56 ਕਰੋੜ ਰੁਪਏ ਨਕਦ ਬਰਾਮਦ ਕੀਤੇ ਗਏ ਸਨ। ਇਸੇ ਤਰ੍ਹਾਂ ਕੁਝ ਸਮਾਂ ਪਹਿਲਾਂ ਹਿਮਾਚਲ ਪ੍ਰਦੇਸ ਵਿੱਚ ਸਥਿਤ ਇੱਕ ਬੋਧੀ ਮੱਠ ਵਿੱਚੋਂ ਵੱਡੀ ਮਾਤਰਾ ਵਿੱਚ ਦੇਸੀ ਤੇ ਵਿਦੇਸ਼ੀ ਰਕਮ ਬਰਾਮਦ ਕੀਤੀ ਸੀ। ਯੋਗਾ ਗੁਰੂ ਬਾਬਾ ਰਾਮਦੇਵ ਦੇ ਆਸ਼ਰਮ ਦੀ ਅਰਬਾਂ ਰੁਪਏ ਦੀ ਆਮਦਨ ਵੀ ਜੱਗ ਜ਼ਾਹਰ ਹੋ ਚੁੱਕੀ ਹੈ।
ਗੱਲ ਕਿਸੇ ਧਰਮ ਨੂੰ ਮੰਨਣ ਜਾਂ ਨਾ ਮੰਨਣ ਦੀ ਨਹੀਂ ਅਤੇ ਨਾ ਹੀ ਕਿਸੇ ਧਾਰਮਿਕ ਸਥਾਨ ਦੀ ਵਿਰੋਧਤਾ ਹੈ, ਅਸਲ ਵਿੱਚ ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਦੇਸ਼ ਦੇ ਕਰੋੜਾਂ ਲੋਕ ਅੱਜ ਗਰੀਬੀ ਰੇਖਾ ਤੋਂ ਹੇਠਾਂ ਦਾ ਜੀਵਨ ਬਸਰ ਕਰ ਰਹੇ ਹਨ ਅਤੇ ਕਰੋੜਾਂ ਨੌਜਵਾਨ ਰੋਜ਼ਗਾਰ ਦੀ ਭਾਲ ਵਿੱਚ ਭਟਕਦੇ ਫਿਰ ਰਹੇ ਹਨ, ਦੂਜੇ ਪਾਸੇ ਧਾਰਮਿਕ ਸਥਾਨਾਂ ਦੀ ਅਰਬਾਂ ਖਰਬਾਂ ਰੁਪਏ ਦੀ ਰਾਸ਼ੀ ਅਤੇ ਸੋਨਾ ਚਾਂਦੀ ਬੰਦ ਕਮਰਿਆਂ ਵਿੱਚ ਪਈ ਹੈ ਜਾਂ ਉਹਨਾਂ ਵੱਲੋਂ ਆਮਦਨ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਇਹ ਰਾਸ਼ੀ ਲੋਕਾਂ ਵੱਲੋਂ ਦਿੱਤੇ ਦਾਨ ਦੀ ਹੈ, ਫਿਰ ਇਸ ਨੂੰ ਲੋਕਾਂ ਲਈ ਕਿਉਂ ਨਹੀਂ ਵਰਤਿਆ ਜਾ ਰਿਹਾ? ਜੇਕਰ ਇਹ ਧਾਰਮਿਕ ਅਸਥਾਨ ਲੋਕਾਂ ਵੱਲੋਂ ਚੜ੍ਹਾਵੇ ਦੇ ਰੂਪ ਵਿੱਚ ਦਿੱਤੀ ਰਾਸ਼ੀ ਨੂੰ ਦੱਬ ਕੇ ਰੱਖਣ ਜਾਂ ਉਸਦੀ ਦੁਰਵਰਤੋਂ ਕਰਨ ਦੀ ਬਜਾਏ ਸਕੂਲ, ਕਾਲਜ ਜਾਂ ਕਾਰਖਾਨੇ ਆਦਿ ਲਗਾਉਣ ’ਤੇ ਖ਼ਰਚ ਕਰਨ ਤਾਂ ਲੱਖਾਂ ਲੋਕਾਂ ਨੂੰ ਰੋਜ਼ਗਾਰ ਮਿਲ ਸਕਦਾ ਹੈ ਅਤੇ ਲੋਕਾਂ ਨੂੰ ਗਰੀਬੀ ਵਿੱਚੋਂ ਕੱਢਣ ਵਿੱਚ ਸਹਾਇਤਾ ਦਿੱਤੀ ਜਾ ਸਕਦੀ ਹੈ। ਉਹਨਾਂ ਵੱਲੋਂ ਸਥਾਪਤ ਕੀਤੇ ਜਾਣ ਵਾਲੇ ਪ੍ਰਜੈਕਟਾਂ ਜਾਂ ਹੋਰ ਸੰਸਥਾਵਾਂ ਦਾ ਕੰਟਰੋਲ ਆਪਣੇ ਪਾਸ ਰੱਖ ਕੇ ਉਹ ਆਪਣੀ ਆਮਦਨ ਵਿੱਚ ਹੋਰ ਵਾਧਾ ਕਰ ਸਕਦੇ ਹਨ, ਜਿਸ ’ਤੇ ਲੋਕਾਂ ਨੂੰ ਵੀ ਕੋਈ ਇਤਰਾਜ਼ ਨਹੀਂ ਹੋਵੇਗਾ।
ਇਹ ਵੀ ਇੱਕ ਦੁਖਦਾਈ ਪਹਿਲੂ ਹੈ ਕਿ ਧਾਰਮਿਕ ਸਥਾਨਾਂ ਦੇ ਮੁਖੀ ਸਮੇਂ ਸਮੇਂ ਦੀਆਂ ਹਕੂਮਤਾਂ ਦੇ ਸੰਦ ਬਣ ਜਾਂਦੇ ਹਨ, ਸਿਆਸਤਦਾਨ ਉਹਨਾਂ ਦੇ ਡੇਰਿਆਂ ਦੀ ਪ੍ਰਫੁੱਲਤਾ ਜਾਂ ਸੁਰੱਖਿਆ ਦਾ ਭਰੋਸਾ ਦੇ ਕੇ ਉਹਨਾਂ ਨੂੰ ਆਪਣੇ ਹਿਤਾਂ ਲਈ ਵਰਤਦੇ ਹਨ। ਅਜਿਹੇ ਸਾਧ ਸੰਤ ਲਾਈਲੱਗ ਲੋਕਾਂ ਨੂੰ ਗੁਮਰਾਹ ਕਰਕੇ ਸਿਆਸਤਦਾਨਾਂ ਦੇ ਹੱਕ ਵਿੱਚ ਭੁਗਤਾ ਦਿੰਦੇ ਹਨ। ਇਹੋ ਕਾਰਨ ਹੈ ਕਿ ਕਿਸੇ ਵੀ ਸਰਕਾਰ ਨੇ ਧਾਰਮਿਕ ਸਥਾਨਾਂ ਵਿੱਚ ਹੋ ਰਹੇ ਕੁਕਰਮਾਂ ਜਾਂ ਨਾਜਾਇਜ਼ ਖ਼ਰਚਿਆਂ ਨੂੰ ਰੋਕਣ ਦੀ ਜੁਰਅਤ ਨਹੀਂ ਕੀਤੀ, ਸਗੋਂ ਦਾਨ ਵਜੋਂ ਦਿੱਤੀ ਜਾਣ ਵਾਲੀ ਰਾਸ਼ੀ ਤੇ ਆਮਦਨ ਟੈਕਸ ਤੋਂ ਛੋਟ ਦਿੱਤੀ ਜਾਂਦੀ ਹੈ। ਅੱਜ ਸਮੇਂ ਦੀ ਲੋੜ ਹੈ ਕਿ ਭਾਰਤ ਸਰਕਾਰ ਇੱਕ ਅਜਿਹੇ ਕਮਿਸ਼ਨ ਦਾ ਗਠਨ ਕਰੇ ਜਿਸ ਨੂੰ ਧਾਰਮਿਕ ਸਥਾਨਾਂ ’ਤੇ ਜਾ ਕੇ ਪੁਣਛਾਣ ਕਰਨ ਅਤੇ ਆਡਿਟ ਕਰਨ ਦੇ ਪੂਰੇ ਅਧਿਕਾਰ ਹੋਣ ਅਤੇ ਅਸਲੀਅਤ ਸਾਹਮਣੇ ਆਉਣ ’ਤੇ ਧਾਰਮਿਕ ਸਥਾਨਾਂ ਦੀ ਆਮਦਨ ਨੂੰ ਲੋਕ ਹਿਤਾਂ ਲਈ ਵਰਤਣ ਵਾਸਤੇ ਕੋਈ ਸਖ਼ਤ ਕਾਨੂੰਨ ਹੋਂਦ ਵਿੱਚ ਲਿਆਂਦਾ ਜਾਵੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5222)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.