“ਇੱਕ ਦਿਨ ਭਖੀ ਭਖਾਈ ਸਰੋਜ ਨੇ ਆਪਣੇ ਬੱਚਿਆਂ ਨੂੰ ਚੁੱਕਿਆ ਤੇ ਬੱਸ ਚੜ੍ਹ ਕੇ ...”
(15 ਜੁਲਾਈ 2025)
ਲੁਧਿਆਣੇ ਵਰਗੇ ਵੱਡੇ ਸ਼ਹਿਰ ਵਿੱਚ ਦੁਕਾਨ ਕਰਨੀ ਕੋਈ ਖਾਲਾ ਜੀ ਦਾ ਵਾੜਾ ਨਹੀਂ, ਪਰ ਕ੍ਰਿਸ਼ਨ ਕੁਮਾਰ ਦੀ ‘ਬਾਲਾ ਜੀ ਗਾਰਮੈਂਟਸ’ ਨਾਂ ਦੀ ਦੁਕਾਨ ਤਾਂ ਗਿਣਤੀ ਦੀਆਂ ਦੁਕਾਨਾਂ ਵਿੱਚੋਂ ਇੱਕ ਸੀ। ਇਹ ਦੁਕਾਨ ਚਲਦੀ ਵੀ ਚੰਗੀ ਸੀ। ਕ੍ਰਿਸ਼ਨ ਕੁਮਾਰ ਦੇ ਦੋਂਹ ਪੁੱਤਰਾਂ ਵਿੱਚੋਂ ਵੱਡਾ ਅਰੁਣ ਤਾਂ ਮੈਡੀਕਲ ਦੀ ਪੜ੍ਹਾਈ ਪੂਰੀ ਕਰਕੇ ਸਰਕਾਰੀ ਹਸਪਤਾਲ ਵਿੱਚ ਡਾਕਟਰ ਨਿਯੁਕਤ ਹੋ ਗਿਆ ਅਤੇ ਉਸਨੇ ਇੱਕ ਡਾਕਟਰ ਲੜਕੀ ਨਾਲ ਹੀ ਸ਼ਾਦੀ ਕਰ ਲਈ। ਛੋਟੇ, ਵਿਜੇ ਕੁਮਾਰ ਦੀ ਉੱਚ ਵਿੱਦਿਆ ਵੱਲ ਬਹੁਤੀ ਰੁਚੀ ਨਹੀਂ ਸੀ। ਦੱਬ ਘੁੱਟ ਕੇ ਉਸਨੇ ਬੀ. ਏ. ਤਕ ਦੀ ਪੜ੍ਹਾਈ ਹੀ ਮਸਾਂ ਕੀਤੀ। ਉਸਦੀ ਦਿਲਚਸਪੀ ਦੁਕਾਨਦਾਰੀ ਵੱਲ ਵਧੇਰੇ ਸੀ। ਕ੍ਰਿਸ਼ਨ ਕੁਮਾਰ ਨੇ ਵੀ ਉਸ ਨੂੰ ਆਪਣੇ ਨਾਲ ਦੁਕਾਨ ’ਤੇ ਬਿਠਾਉਣ ਵਿੱਚ ਹੀ ਭਲਾਈ ਸਮਝੀ।
ਵਿਜੇ ਕੁਮਾਰ ਅਤੀ ਸ਼ਰੀਫ ਤੇ ਮਿੱਠੀ ਜ਼ੁਬਾਨ ਦਾ ਮਾਲਕ ਸੀ। ਜਦੋਂ ਕੋਈ ਗਾਹਕ ਦੁਕਾਨ ਵਿੱਚ ਵੜਦਾ ਤਾਂ ਉਹ ਆਪਣੇ ਮਿੱਠੇ ਅਤੇ ਸ਼ਾਂਤ ਸੁਭਾਅ ਨਾਲ ਉਸ ਨੂੰ ਅਜਿਹਾ ਕੀਲਦਾ ਕਿ ਗਾਹਕ ਖਾਲੀ ਨਹੀਂ ਸੀ ਮੁੜਦਾ। ਉਸਦੇ ਬੈਠਣ ਨਾਲ ਦੁਕਾਨ ਦਾ ਕੰਮ ਪਹਿਲਾਂ ਨਾਲੋਂ ਵੀ ਵਧ ਗਿਆ। ਉਸ ਵੱਲੋਂ ਦਿਖਾਈ ਦਿਲਚਸਪੀ ਨੂੰ ਇੱਕ ਸਾਲ ਤਕ ਬਾਪ ਨੇ ਪੂਰੀ ਤਰ੍ਹਾਂ ਵਾਚਿਆ ਤੇ ਫਿਰ ਉਹ ਵਿਜੇ ਨੂੰ ਸਫ਼ਲ ਦੁਕਾਨਦਾਰ ਮੰਨ ਕੇ ਉਸਦਾ ਘਰ ਵਸਾਉਣ ਦਾ ਫਿਕਰ ਕਰਨ ਲੱਗਾ। ਕ੍ਰਿਸ਼ਨ ਵੱਲੋਂ ਵਿਆਹ ਦੀ ਗੱਲ ਤੋਰਨ ਦੀ ਹੀ ਦੇਰ ਸੀ ਕਿ ਰਿਸ਼ਤਾ ਕਰਨ ਵਾਲਿਆਂ ਦੀਆਂ ਲਾਈਨਾਂ ਲੱਗ ਗਈਆਂ। ਅੱਜ ਦੇ ਜ਼ਮਾਨੇ ਵਿੱਚ ਸ਼ਰੀਫ਼, ਨਸ਼ਾ ਰਹਿਤ ਤੇ ਕਮਾਊ ਮੁੰਡੇ ਕਿਹੜਾ ਸੌਖੇ ਮਿਲਦੇ ਹਨ। ਕਿਸੇ ਕੁੜੀ ਦਾ ਕੱਦ ਘੱਟ ਹੁੰਦਾ, ਕਿਸੇ ਦਾ ਰੰਗ ਪੱਕਾ, ਕਿਸੇ ਦੀ ਉਮਰ ਵਿਜੇ ਤੋਂ ਵੱਧ ਹੁੰਦੀ ਤੇ ਕਿਸੇ ਦੀ ਪੜ੍ਹਾਈ ਫਿੱਟ ਨਾ ਆਉਂਦੀ। ਕਿਸੇ ਦਾ ਖਾਨਦਾਨ ਨਾ ਜਚਦਾ ਤੇ ਕਿਸੇ ਪਰਿਵਾਰ ਦਾ ਸੁਭਾਅ ਰਿਸ਼ਤੇ ਵਿੱਚ ਅੜਿੱਕਾ ਬਣਦਾ।
ਸਾਰੇ ਰਿਸ਼ਤੇਦਾਰ ਵਿਜੇ ਨੂੰ ਰਿਸ਼ਤਾ ਕਰਾਉਣ ਲਈ ਲਟੋ ਪੀਂਘ ਹੋਏ ਫਿਰਦੇ ਸਨ। ਵਿਜੇ ਦੀ ਮਾਸੀ ਲੱਛਮੀ ਦੇਵੀ ਨੇ ਵੀ ਇੱਕ ਕੁੜੀ ਬਾਰੇ ਦੱਸ ਪਾਈ, ਜੋ ਬਰਨਾਲਾ ਦੇ ਕੱਚਾ ਕਾਲਜ ਰੋਡ ’ਤੇ ਉਸਦੇ ਗੁਆਂਢ ਵਿੱਚੋਂ ਹੀ ਸੀ। ਬੀ. ਏ. ਪਾਸ ਸਰੋਜ ਦਾ ਗੋਰਾ ਰੰਗ, ਨੀਲੀਆਂ ਅੱਖਾਂ, ਸ਼ਾਹ ਕਾਲੇ ਵਾਲ, ਲੰਬਾ ਤੇ ਪਤਲਾ ਸਰੀਰ, ਵਿਚੋਲਣ ਬਣਨ ਦੀ ਇੱਛੁਕ ਲੱਛਮੀ ਨੇ ਜਾਣੋ ਮੁੰਡੇ ਦੇ ਬਰਾਬਰ ਤੱਕੜੀ ਵਿੱਚ ਤੋਲ ਕੇ ਕੁੜੀ ਲੱਭ ਲਈ ਹੋਵੇ। ਮੁੰਡੇ ਵਾਲਿਆਂ ਨੂੰ ਲੈਣ ਦੇਣ ਦੀ ਤਾਂ ਕੋਈ ਝਾਕ ਨਹੀਂ ਸੀ, ਪਰ ਕੁੜੀ ਉਹਨਾਂ ਦੇ ਮਨਪਸੰਦ ਦੀ ਜ਼ਰੂਰ ਹੋਣੀ ਚਾਹੀਦੀ ਸੀ। ਦੋਵਾਂ ਪਰਿਵਾਰਾਂ ਦੀ ਗੱਲ ਤੁਰੀ, ਬਾਕੀ ਸਭ ਕੁਝ ਠੀਕ ਹੋ ਗਿਆ ਪਰ ਅੰਤਿਮ ਫੈਸਲਾ ਕੁੜੀ ਦੇਖਣ ਬਾਅਦ ਹੀ ਹੋਣਾ ਸੀ। ਕੀਤੇ ਮਸ਼ਵਰੇ ਅਨੁਸਾਰ ਵਿਜੇ ਅਤੇ ਉਸਦੇ ਮਾਤਾ ਪਿਤਾ ਜਨਮ ਅਸ਼ਟਮੀ ਦੇ ਸ਼ੁਭ ਦਿਹਾੜੇ ’ਤੇ ਬਰਨਾਲੇ ਲੱਛਮੀ ਦੇ ਘਰ ਪਹੁੰਚ ਗਏ। ਲੱਛਮੀ ਵੱਡੀ ਉਮੀਦ ਨਾਲ ਸਰੋਜ ਅਤੇ ਉਸਦੇ ਮਾਂ ਬਾਪ ਨੂੰ ਸੱਦ ਕੇ ਲੈ ਆਈ। ਮੁੰਡੇ ਵਾਲਿਆਂ ਨੇ ਸੋਫੇ ’ਤੇ ਬੈਠੀ ਸਰੋਜ ਨੂੰ ਸਿਰ ਤੋਂ ਪੈਰਾਂ ਤਕ ਕਈ ਵਾਰ ਨਿਹਾਰਿਆ। ਉਹਨਾਂ ਨੂੰ ਕੁੜੀ ਵਿੱਚ ਕਿਸੇ ਵੀ ਪਾਸਿਉਂ ਘਾਟ ਨਾ ਦਿਖਾਈ ਦਿੱਤੀ। ਬੋਲ ਚਾਲ ਪਰਖਣ ਲਈ ਜਦੋਂ ਲੜਕੀ ਨਾਲ ਗੱਲ ਕੀਤੀ ਤਾਂ ਇਉਂ ਲੱਗਿਆ ਜਿਵੇਂ ਆਵਾਜ਼ ਵਿੱਚ ਉਹ ਸ਼ਹਿਦ ਘੋਲ ਕੇ ਬਾਹਰ ਛੱਡ ਰਹੀ ਹੋਵੇ। ਸਰੋਜ ਦਾ ਰੰਗ ਰੂਪ ਤੇ ਸਲੀਕਾ ਦੇਖ ਕੇ ਵਿਜੇ ਤਾਂ ਇੰਨਾ ਲਟਬੌਰਾ ਹੋ ਗਿਆ ਕਿ ਇਹ ਕਹਿਣ ਤਕ ਚਲਾ ਗਿਆ, “ਚੁੰਨੀ ਚੜ੍ਹਾ ਕੇ ਹੀ ਨਾ ਲੈ ਚੱਲੀਏ।” ਪਰ ਅਜਿਹਾ ਕਰਨ ਨਾਲ ਕ੍ਰਿਸ਼ਨ ਦਾ ਲੋਕਾਂ ਅਤੇ ਰਿਸ਼ਤੇਦਾਰਾਂ ਵਿੱਚ ਨੱਕ ਨਹੀਂ ਸੀ ਰਹਿਣਾ। ਉਸਨੇ ਭਾਵੇਂ ਲੱਛਮੀ ਨੂੰ ਤਾਂ ਇਹੋ ਕਿਹਾ ਕਿ ਕੁਝ ਦਿਨ ਸੋਚ ਵਿਚਾਰ ਕਰਕੇ ਦੱਸਾਂਗੇ, ਪਰ ਅੰਦਰੋਂ ਤਾਂ ਸਾਰਿਆਂ ਦੇ ਮਨਾਂ ਵਿੱਚ ਉਹੋ ਕੁਝ ਸੀ, ਜੋ ਵਿਜੇ ਦੇ ਮਨ ਵਿੱਚ ਸੀ।
ਹਫ਼ਤੇ ਕੁ ਮਗਰੋਂ ਮੁੰਡੇ ਵਾਲਿਆਂ ਨੇ ਲੱਛਮੀ ਦੇਵੀ ਨੂੰ ਫੋਨ ਕਰਕੇ ਹਾਂ ਕਰ ਦਿੱਤੀ। ਜਦੋਂ ਉਸਨੇ ਸਰੋਜ ਦੇ ਪਰਿਵਾਰ ਨੂੰ ਇਹ ਸੁਨੇਹਾ ਦਿੱਤਾ ਤਾਂ ਉਹਨਾਂ ਹੱਥ ਜੋੜ ਕੇ ਅਸਮਾਨ ਵੱਲ ਤਕਦਿਆਂ ਦੇਵੀ ਦੇਵਤਿਆਂ ਦਾ ਸ਼ੁਕਰਾਨਾ ਕੀਤਾ। ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਖਰੀਦੋ ਫਰੋਖਤ, ਹਲਵਾਈ, ਮੈਰਿਜ ਪੈਲੇਸ, ਸ਼ਰਾਬ ਦੇ ਪਰਮਿਟ, ਗਾਉਣ ਵਜਾਉਣ, ਗੱਡੀਆਂ ਆਦਿ ਕਿੰਨੇ ਹੀ ਕੰਮ ਸਨ ਕਰਨ ਵਾਲੇ, ਜਿਨ੍ਹਾਂ ਦੋਵਾਂ ਪਰਿਵਾਰਾਂ ਦੀਆਂ ਭਾਜੜਾਂ ਪਾ ਦਿੱਤੀਆਂ।
ਵਿਆਹ ਦਾ ਦਿਨ ਆ ਗਿਆ, ਲਾੜਾ ਲਾੜੀ ਨੇ ਇੱਕ ਦੂਜੇ ਦੇ ਗਲਾਂ ਵਿੱਚ ਜੈ ਮਾਲਾ ਪਾਈਆਂ, ਪੰਡਤ ਨੇ ਫੇਰੇ ਕਰਵਾਏ ਅਤੇ ਜੋੜੀ ਸਟੇਜ ’ਤੇ ਜਾ ਕੇ ਸ਼ਸੋਭਿਤ ਹੋ ਗਈ। ਜਦੋਂ ਸ਼ਗਨ ਦੇਣ ਵਾਲੇ ਸਟੇਜ ਵੱਲ ਜਾਂਦੇ ਤਾਂ ਉਹ ਪਹਿਲਾਂ ਸਾਹਮਣੇ ਖੜ੍ਹ ਕੇ ਜੋੜੀ ਨੂੰ ਨਿਹਾਰਦੇ ਤੇ ਸਿਫਤਾਂ ਕਰਦੇ ਹੀ ਅੱਗੇ ਵਧਦੇ। ਤੋਰ ਤਰਾਈ ਹੋਈ, ਸਰੋਜ ਹੁਣ ਪੇਕਾ ਘਰ ਛੱਡ ਸਹੁਰੇ ਘਰ ਪਹੁੰਚ ਗਈ। ਘਰ ਵਿੱਚ ਫਿਰਦੀ ਤਾਂ ਘਰ ਹੀ ਰੁਸ਼ਨਾਇਆ ਜਾਂਦਾ। ਸਾਲ ਕੁ ਬਾਅਦ ਸਰੋਜ ਨੇ ਇੱਕ ਪੁੱਤਰ ਤੇ ਇੱਕ ਪੁੱਤਰੀ, ਜੁੜਵੇਂ ਬੱਚਿਆਂ ਨੂੰ ਜਨਮ ਦਿੱਤਾ। ਪਰਿਵਾਰ ਇੱਕ ਤਰ੍ਹਾਂ ਸੰਪੂਰਨ ਹੋ ਗਿਆ, ਖੁਸ਼ੀਆਂ ਖੇੜੇ ਸੰਭਾਲੇ ਨਾ ਜਾਂਦੇ।
ਸਿਆਣੇ ਕਹਿੰਦੇ ਹਨ ਕਿ ਚੰਗੇ ਬੁਰੇ, ਖੁਸ਼ੀ ਗਮੀ, ਵਾਧੇ ਘਾਟੇ ਸਭ ਦਾ ਇੱਕ ਸਿਰਾ ਹੁੰਦਾ ਹੈ। ਸ਼ਾਇਦ ਇਸ ਪਰਿਵਾਰ ਦੀਆਂ ਖੁਸ਼ੀਆਂ ਵੀ ਸਿਰੇ ਦੇ ਨਜ਼ਦੀਕ ਪਹੁੰਚ ਗਈਆਂ ਸਨ। ਵਿਜੇ ਦੀ ਦੁਕਾਨ ’ਤੇ ਇੱਕ ਸ਼ਾਦੀ ਸ਼ੁਦਾ ਔਰਤ ਰੇਖਾ ਰਾਣੀ ਆਇਆ ਕਰਦੀ ਸੀ, ਜੋ ਵਿਜੇ ਤੋਂ ਕਈ ਸਾਲ ਛੋਟੀ ਉਮਰ ਦੀ ਲਗਦੀ ਸੀ। ਰੇਖਾ ਨਾਲ ਵਿਜੇ ਦਾ ਮੋਹ ਹੋ ਗਿਆ, ਜੋ ਭੈਣ ਭਰਾਵਾਂ ਵਾਲਾ ਸੀ। ਵਿਜੇ ਨੇ ਰੇਖਾ ਨੂੰ ਆਪਣੀ ਧਰਮ ਦੀ ਭੈਣ ਬਣਾ ਲਿਆ। ਉਹ ਆਪਣੀ ਇਸ ਛੋਟੀ ਧਰਮ ਭੈਣ ਨੂੰ ਅੰਤਾਂ ਦਾ ਪਿਆਰ ਕਰਦਾ, ਉਸਦੀ ਦੁੱਖ ਸੁਖ ਵਿੱਚ ਮਦਦ ਕਰਦਾ ਅਤੇ ਰੇਖਾ ਵੀ ਆਪਣੇ ਵੀਰ ਵਿਜੇ ਦੀ ਤੰਦਰੁਸਤੀ ਅਤੇ ਚੜ੍ਹਦੀ ਕਲਾ ਲਈ ਦੇਵੀ ਦੇਵਤਿਆਂ ਮੋਹਰੇ ਸੁੱਖਣਾ ਸੁੱਖਦੀ ਨਾ ਥੱਕਦੀ। ਮੋਹ ਇੰਨਾ ਜ਼ਿਆਦਾ ਵਧ ਗਿਆ ਕਿ ਰੇਖਾ ਵਗੈਰ ਕਿਸੇ ਕੰਮ ਤੋਂ ਵਿਜੇ ਦੀ ਦੁਕਾਨ ’ਤੇ ਮਿਲਣ ਲਈ ਆ ਜਾਂਦੀ, ਭਰਾ ਦਾ ਵਿਛੋੜਾ ਉਸ ਤੋਂ ਬਰਦਾਸ਼ਤ ਨਾ ਹੁੰਦਾ। ਭੈਣ ਭਰਾ ਘੰਟਾ ਘੰਟਾ ਬੈਠੇ ਗੱਲਾਂਬਾਤਾਂ ਦੁੱਖ-ਸੁਖ ਕਰਦੇ, ਹੱਸਦੇ ਖੇਡਦੇ ਤੇ ਖਾਂਦੇ ਪੀਂਦੇ। ਇਸ ਮੋਹ ਭਰੇ ਮਿਲਾਪ ਨਾਲ ਦੋਵਾਂ ਨੂੰ ਸ਼ਾਂਤੀ ਮਿਲਦੀ। ਜੇ ਕਦੇ ਰੇਖਾ ਨੂੰ ਸਮਾਂ ਨਾ ਮਿਲਦਾ ਤਾਂ ਜਦੋਂ ਵੀ ਵਿਹਲ ਮਿਲਦੀ, ਵਿਜੇ ਰੇਖਾ ਦੇ ਘਰ ਪਹੁੰਚ ਜਾਂਦਾ ਤੇ ਕਈ ਵਾਰ ਤਾਂ ਦੁਪਹਿਰ ਦਾ ਖਾਣਾ ਵੀ ਉਸਦੇ ਘਰ ਹੀ ਖਾਂਦਾ। ਸਰੋਜ ਨੂੰ ਵੀ ਉਹਨਾਂ ਦੇ ਇਸ ਮੋਹ ਭਰੇ ਮਿਲਣ ਦੀ ਬਿੜਕ ਸੀ ਤੇ ਉਹ ਬੁਰਾ ਵੀ ਨਹੀਂ ਸੀ ਮਨਾਉਂਦੀ।
ਇਨਸਾਨ ਨੂੰ ਆਪਣੇ ਭਵਿੱਖ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ਕਿ ਆਉਣ ਵਾਲੇ ਦਿਨ ਕਿਹੋ ਜਿਹੇ ਹੋਣਗੇ, ਖੁਸ਼ੀਆਂ ਗਮੀ ਵਿੱਚ ਵੀ ਬਦਲ ਸਕਦੀਆਂ ਹਨ ਅਤੇ ਗਮੀ ਖੁਸ਼ੀਆਂ ਵਿੱਚ ਬਦਲ ਸਕਦੀ ਹੈ। ਵਿਜੇ ਨੂੰ ਵੀ ਖੁਸ਼ੀ ਭਰੇ ਮਾਹੌਲ ਕਾਰਨ ਰੱਬ ਯਾਦ ਨਹੀਂ ਸੀ, ਪਰ ਉਸਨੇ ਆਪਣੇ ਆਉਣ ਵਾਲੇ ਮਾੜੇ ਦਿਨਾਂ ਬਾਰੇ ਤਾਂ ਕਦੇ ਚਿਤਵਿਆ ਵੀ ਨਹੀਂ ਸੀ। ਰੇਖਾ ਨਾਲ ਖਾਰ ਖਾਂਦੀ ਉਸਦੀ ਇੱਕ ਗੁਆਂਢਣ ਨੇ ਵਸਦੇ ਰਸਦੇ ਘਰ ਦੀਆਂ ਖੁਸ਼ੀਆਂ ਨੂੰ ਗਮੀ ਵਿੱਚ ਬਦਲਣ ਦੀ ਸ਼ੁਰੂਆਤ ਕਰਦਿਆਂ ਕਿਸੇ ਤਰ੍ਹਾਂ ਸਰੋਜ ਦਾ ਫੋਨ ਨੰਬਰ ਹਾਸਲ ਕਰਕੇ ਉਸ ਨੂੰ ਫੋਨ ਕੀਤਾ, ਉਸਨੇ ਭੈਣ ਭਰਾ ਵਾਲੇ ਪਵਿੱਤਰ ਰਿਸ਼ਤੇ ਨੂੰ ਇੱਕ ਵਿਖਾਵਾ ਕਹਿੰਦਿਆਂ ਸਰੋਜ ਕੋਲ ਰੱਜ ਕੇ ਲੂਤੀਆਂ ਲਾਈਆਂ। ਉਸਨੇ ਕਿਹਾ ਕਿ ਆਪਣੇ ਸਰੀਰਕ ਸਬੰਧਾਂ ਨੂੰ ਪਰਦੇ ਵਿੱਚ ਰੱਖਣ ਲਈ ਹੀ ਅਜਿਹਾ ਡਰਾਮਾ ਕੀਤਾ ਜਾ ਰਿਹਾ ਹੈ। ਕੁਝ ਸਮੇਂ ਤਕ ਤਾਂ ਸਰੋਜ ਗੁਆਂਢਣ ਦੀਆਂ ਗੱਲਾਂ ਨੂੰ ਅਣਗੌਲਿਆਂ ਕਰਦੀ ਰਹੀ ਪਰ ਔਰਤ ਦਾ ਮਨ ਬੜਾ ਸ਼ੱਕੀ ਅਤੇ ਕਮਜ਼ੋਰ ਹੁੰਦਾ ਹੈ। ਵਾਰ ਵਾਰ ਸੁਣਨ ’ਤੇ ਸਰੋਜ ਵਿਜੇ ਨੂੰ ਸ਼ੱਕ ਦੀ ਨਜ਼ਰ ਨਾਲ ਤੱਕਣ ਲੱਗ ਪਈ। ਵਿਜੇ ਜਦੋਂ ਵੀ ਰੇਖਾ ਦੇ ਘਰ ਜਾਂਦਾ ਤਾਂ ਗੁਆਂਢਣ ਸਰੋਜ ਨੂੰ ਫੋਨ ਕਰਕੇ ਦੱਸ ਦਿੰਦੀ ਕਿ ਕਿੰਨੇ ਵਜੇ ਉਸਦੇ ਘਰ ਆਇਆ ਤੇ ਕਿੰਨੇ ਵਜੇ ਵਾਪਸ ਗਿਆ।
ਵਿਜੇ ਘਰ ਪਹੁੰਚਦਾ ਤਾਂ ਸਰੋਜ ਪੁੱਛਦੀ ਕਿ ਦਿਨ ਸਮੇਂ ਉਹ ਕਿੱਥੇ ਗਿਆ ਸੀ? ਵਿਜੇ ਦੱਸ ਦਿੰਦਾ ਕਿ ਉਹ ਰੇਖਾ ਦੇ ਘਰ ਗਿਆ ਸੀ। ਜਦੋਂ ਉਹ ਹਰ ਰੋਜ਼ ਹੀ ਪੁੱਛਣ ਲੱਗੀ ਤਾਂ ਵਿਜੇ ਨੂੰ ਇਹ ਗੱਲ ਚੰਗੀ ਨਾ ਲੱਗੀ। ਹੁਣ ਉਹ ਕਦੇ ਸੱਚ ਦੱਸ ਦਿੰਦਾ ਕਿ ਅਤੇ ਕਦੇ ਕਹਿ ਦਿੰਦਾ ਕਿ ਉਹ ਤਾਂ ਬਜ਼ਾਰ ਵਿੱਚ ਆਪਣੇ ਇੱਕ ਦੋਸਤ ਕੋਲ ਗਿਆ ਸੀ। ਵਿਜੇ ਨੂੰ ਇਹ ਪਤਾ ਨਹੀਂ ਸੀ ਕਿ ਰੇਖਾ ਦੇ ਘਰ ਦੀ ਸਾਰੀ ਰਿਪੋਰਟ ਫੋਨ ਰਾਹੀਂ ਸਰੋਜ ਕੋਲ ਪਹੁੰਚ ਜਾਂਦੀ ਹੈ। ਵਿਜੇ ਵੱਲੋਂ ਰੱਖੇ ਜਾਂਦੇ ਲੁਕੋ ਨੇ ਸਰੋਜ ਦੇ ਸ਼ੱਕ ਨੂੰ ਸਚਾਈ ਵਿੱਚ ਬਦਲਣ ਦਾ ਕਾਰਜ ਕੀਤਾ। ਹੁਣ ਸਰੋਜ ਦੇ ਮਨ ਵਿੱਚ ਇਹ ਪੱਕੀ ਧਾਰਨਾ ਬਣ ਗਈ ਕਿ ਸੱਚਮੁੱਚ ਹੀ ਭੈਣ ਭਰਾ ਦਾ ਮੋਹ ਇੱਕ ਵਿਖਾਵਾ ਹੈ ਅਤੇ ਉਹਨਾਂ ਦੇ ਸਬੰਧ ਸਰੀਰਕ ਹੀ ਹਨ। ਘਰ ਵਿੱਚ ਸਰੋਜ ਤੇ ਵਿਜੇ ਦਾ ਝਗੜਾ ਰਹਿਣ ਲੱਗ ਪਿਆ। ਸਰੋਜ ਦਾ ਮੂੰਹ ਹਮੇਸ਼ਾ ਫੁੱਲਿਆ ਹੀ ਰਹਿੰਦਾ। ਉਹ ਵਿਜੇ ਨੂੰ ਸਿੱਧੇ ਮੂੰਹ ਨਾ ਬੁਲਾਉਂਦੀ। ਘਰ ਵਿੱਚ ਮਾਤਮ ਛਾਇਆ ਰਹਿੰਦਾ। ਦੋਵਾਂ ਦਾ ਕੰਮਕਾਰ ਵਿੱਚ ਦਿਲ ਨਾ ਲਗਦਾ, ਬੱਚਿਆਂ ਵੱਲ ਵੀ ਧਿਆਨ ਘਟ ਗਿਆ।
ਵਿਜੇ ਨੇ ਬਹੁਤ ਵਾਰ ਸਰੋਜ ਨੂੰ ਸਮਝਾਇਆ ਅਤੇ ਸਹੁੰਆਂ ਵੀ ਖਾਧੀਆਂ ਕੇ ਉਹਨਾਂ ਦਾ ਮੋਹ-ਪਿਆਰ ਭੈਣ ਭਰਾਵਾਂ ਵਾਲਾ ਹੀ ਹੈ, ਸ਼ੱਕ ਨਹੀਂ ਕਰਨਾ ਚਾਹੀਦਾ। ਪਰ ਸਰੋਜ ਦੇ ਮਨ ਵਿੱਚ ਗੁਆਂਢਣ ਨੇ ਅਜਿਹਾ ਫਤੂਰ ਭਰਿਆ ਕਿ ਉਹ ਟੱਸ ਤੋਂ ਮੱਸ ਨਾ ਹੋਈ। ਇੱਕ ਦਿਨ ਭਖੀ ਭਖਾਈ ਸਰੋਜ ਨੇ ਆਪਣੇ ਬੱਚਿਆਂ ਨੂੰ ਚੁੱਕਿਆ ਤੇ ਬੱਸ ਚੜ੍ਹ ਕੇ ਮਾਂ ਬਾਪ ਕੋਲ ਬਰਨਾਲੇ ਪਹੁੰਚ ਗਈ। ਝਗੜਾ ਕਾਫ਼ੀ ਵਧ ਗਿਆ। ਦੋਵੇਂ ਆਪਣੇ ਆਪ ਨੂੰ ਸੱਚੇ ਮੰਨ ਕੇ ਅੜੇ ਗਏ। ਰਿਸ਼ਤੇਦਾਰ ਅਤੇ ਸਕੇ ਸਬੰਧੀ ਇਕੱਠੇ ਹੋਏ, ਜਿਨ੍ਹਾਂ ਸਰੋਜ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਇਹ ਫੈਸਲਾ ਕਰ ਚੁੱਕੀ ਸੀ ਕਿ ਸਹੁਰੇ ਘਰ ਉਹ ਉਦੋਂ ਹੀ ਜਾਵੇਗੀ ਜਦੋਂ ਵਿਜੇ ਰੇਖਾ ਦਾ ਖਹਿੜਾ ਛੱਡ ਦੇਵੇਗਾ ਤੇ ਉਸ ਨਾਲ ਬੋਲ ਚਾਲ ਵੀ ਬੰਦ ਕਰ ਦੇਵੇਗਾ। ਰਿਸ਼ਤੇਦਾਰਾਂ ਨੇ ਵਿਜੇ ਨਾਲ ਗੱਲ ਕੀਤੀ ਤਾਂ ਉਸਨੇ ਸਪਸ਼ਟ ਕਹਿ ਦਿੱਤਾ ਕਿ ਉਹ ਪਵਿੱਤਰ ਹੈ, ਰੇਖਾ ਵੀ ਪਵਿੱਤਰ ਹੈ ਤੇ ਉਹਨਾਂ ਦਾ ਰਿਸ਼ਤਾ ਵੀ ਪਵਿੱਤਰ ਹੈ, ਇਸ ਲਈ ਝੂਠ ਤੁਫਾਨ ਮੋਹਰੇ ਸੱਚ ਦੀ ਬਲੀ ਨਹੀਂ ਦੇਵੇਗਾ। ਹਮਦਰਦੀ ਦੀ ਆੜ ਵਿੱਚ ਬਲਦੀ ਤੇ ਅੱਗ ਪਾਉਣ ਵਾਲੀਆਂ ਫਫੇਕੁੱਟਣੀਆਂ ਨੇ ਸਰੋਜ ਨੂੰ ਸਮਝਾਉਂਦਿਆਂ ਇਹ ਵੀ ਕਿਹਾ, “ਕੁੜੇ ਤੂੰ ਆਪਣੇ ਘਰ ਰਹਿ ਕੇ ਆਪਣੇ ਬੱਚਿਆਂ ਦਾ ਪਾਲਣ ਪੋਸਣ ਕਰ ਲੈ। ਸ਼ੁਕਰ ਕਰ, ਇਹ ਰਾਤ ਨੂੰ ਤਾਂ ਘਰ ਆ ਜਾਂਦਾ ਹੈ। ਜੇ ਇਹ ਦਿਨ ਰਾਤ ਹੀ ਰੇਖਾ ਦੇ ਘਰ ਰਹਿਣ ਲੱਗ ਗਿਆ, ਫਿਰ ਤੂੰ ਕੀ ਕਰੇਂਗੀ। ਔਰਤ ਦਾ ਮਰਦ ਤੇ ਬਾਹਲਾ ਜ਼ੋਰ ਨੀ ਚਲਦਾ।” ਅਜਿਹੀਆਂ ਗੱਲਾਂ ਸੁਣ ਕੇ ਸਰੋਜ ਨੂੰ ਸਣੇ ਕੱਪੜੀਂ ਅੱਗ ਲੱਗ ਜਾਂਦੀ।
ਸਰੋਜ ਦਾ ਗੁੱਸਾ ਇਸ ਕਦਰ ਵਧ ਗਿਆ ਕਿ ਉਸਨੇ ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ ਦੇ ਪੇਸ਼ ਹੋ ਕੇ ਆਪਣੇ ਪਤੀ ਵਿਰੁੱਧ ਸਾਰੀ ਭੜਾਸ ਕੱਢ ਮਾਰੀ ਅਤੇ ਆਪਣੀ ਅਤੇ ਆਪਣੇ ਬੱਚਿਆਂ ਦੀ ਜ਼ਿੰਦਗੀ ਬਚਾਉਣ ਲਈ ਵਿਜੇ ਵਿਰੁੱਧ ਠੋਸ ਕਾਰਵਾਈ ਕਰਨ ਦੀ ਮੰਗ ਰੱਖ ਦਿੱਤੀ। ਉਸਦੀ ਸਾਰੀ ਕਹਾਣੀ ਨੂੰ ਸੁਣਨ ਉਪਰੰਤ ਪੁਲਿਸ ਅਧਿਕਾਰੀ ਨੇ ਇਹ ਮਾਮਲਾ ਮਹਿਲਾ ਥਾਣਾ ਦੇ ਸਪੁਰਦ ਕਰ ਦਿੱਤਾ। ਮਹਿਲਾ ਥਾਣਾ ਵਿੱਚ ਦੋਵਾਂ ਧਿਰਾਂ ਨੂੰ ਬੁਲਾਇਆ ਗਿਆ, ਬਿਆਨ ਦਰਜ ਕੀਤੇ ਗਏ। ਦੋਵਾਂ ਨੂੰ ਸਮਝਾਉਣ ਦੇ ਯਤਨ ਕੀਤੇ ਗਏ। ਆਪਣੇ ਲਈ ਨਹੀਂ ਤਾਂ ਆਪਣੇ ਬੱਚਿਆਂ ਦੀ ਭਲਾਈ ਲਈ ਘਰ ਵਸਦਾ ਰੱਖਣ ਲਈ ਨਸੀਹਤਾਂ ਦਿੱਤੀਆਂ ਗਈਆਂ। ਪਰ ਇਹ ਨਸੀਹਤਾਂ ਵੀ ਬੇਅਰਥ ਗਈਆਂ ਕਿਉਂਕਿ ਸਰੋਜ ਆਪਣੇ ਸ਼ੱਕ ਨੂੰ ਸੱਚ ਸਮਝ ਕੇ ਆਪਣੇ ਫੈਸਲੇ ’ਤੇ ਅੜੀ ਹੋਈ ਸੀ ਅਤੇ ਵਿਜੇ ਸੱਚ ਨੂੰ ਸੱਚ ਕਹਿ ਕੇ ਸੱਚ ਦੀ ਬਲੀ ਨਾ ਦੇਣ ’ਤੇ ਬਜ਼ਿੱਦ ਸੀ। ਸਰੋਜ ਨੇ ਅਜਿਹੇ ਘਰੇਲੂ ਹਾਲਾਤ ਵਿੱਚ ਸਹੁਰੇ ਘਰ ਜਾਣ ਤੋਂ ਇਨਕਾਰ ਕਰਦਿਆਂ ਤਲਾਕ ਲੈਣ ਦਾ ਫੈਸਲਾ ਕਰ ਲਿਆ। ਇਹ ਕੋਈ ਛੋਟਾ ਮਾਮਲਾ ਨਹੀਂ ਸੀ, ਜਿਸਦਾ ਤੁਰੰਤ ਫੈਸਲਾ ਸੁਣਾ ਦਿੱਤਾ ਜਾਂਦਾ। ਆਖਰ ਮਹਿਲਾ ਥਾਣੇ ਨੇ ਦੋਵਾਂ ਧਿਰਾਂ ਨੂੰ ਪਰਿਵਾਰਾਂ ਦੇ ਮੁਖੀਆਂ ਅਤੇ ਸੁਹਿਰਦ ਰਿਸ਼ਤੇਦਾਰਾਂ ਸਮੇਤ ਅਗਲੀ ਪੇਸ਼ੀ ’ਤੇ ਪਹੁੰਚਣ ਲਈ ਕਹਿ ਦਿੱਤਾ।
ਦਿੱਤੀ ਹੋਈ ਤਾਰੀਖ ਪੇਸ਼ੀ ਤੇ ਦੋਵਾਂ ਪਰਿਵਾਰਾਂ ਦੇ ਮੈਂਬਰ, ਪੰਚਾਇਤੀ ਅਤੇ ਮੋਹਤਬਰ ਵਿਅਕਤੀ ਮਹਿਲਾ ਥਾਣੇ ਪਹੁੰਚ ਗਏ। ਕਈ ਘੰਟੇ ਸਰੋਜ ਅਤੇ ਵਿਜੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਗੱਲ ਕਿਸੇ ਸਿਰੇ ਨਾ ਲੱਗੀ। ਆਖ਼ਰ ਸਭ ਦੀ ਇੱਕ ਸਾਂਝੀ ਰਾਇ ਬਣ ਗਈ ਕਿ ਜੇ ਇਕੱਠੇ ਨਹੀਂ ਰਹਿ ਸਕਦੇ ਤਾਂ ਵਿਜੇ ਅਤੇ ਸਰੋਜ ਵੱਖ ਵੱਖ ਰਹਿ ਕੇ ਆਪਣੀ ਆਪਣੀ ਜ਼ਿੰਦਗੀ ਦਾ ਬਾਕੀ ਸਮਾਂ ਬਤੀਤ ਕਰ ਲੈਣ। ਦੋਵੇਂ ਇਸ ਫੈਸਲੇ ਨਾਲ ਸਹਿਮਤ ਹੋ ਗਏ। ਪਰ ਇਸ ਵਿੱਚ ਵੀ ਇੱਕ ਵੱਡਾ ਮਾਮਲਾ ਹੋਰ ਸਾਹਮਣੇ ਆ ਗਿਆ। ਉਹ ਸੀ ਦੋਵਾਂ ਬੱਚਿਆਂ ਦਾ। ਵਿਜੇ ਦਾ ਕਹਿਣਾ ਸੀ ਕਿ ਬੱਚੇ ਉਹ ਆਪਣੇ ਪਾਸ ਰੱਖ ਕੇ ਉਹਨਾਂ ਦਾ ਪਾਲਣ ਪੋਸਣ ਕਰੇਗਾ ਤੇ ਪੜ੍ਹਾਈ ਕਰਵਾਏਗਾ, ਸਰੋਜ ਕਹਿੰਦੀ ਸੀ ਕਿ ਮੈਂ ਬੱਚਿਆਂ ਨੂੰ ਜਨਮ ਦਿੱਤਾ ਹੈ, ਮੈਂ ਆਪਣੇ ਤੋਂ ਦੂਰ ਨਹੀਂ ਕਰ ਸਕਦੀ, ਉਹਨਾਂ ਨੂੰ ਮੈਂ ਆਪਣੇ ਕੋਲ ਰੱਖਾਂਗੀ।
ਕਈ ਘੰਟਿਆਂ ਤਕ ਇਹ ਮਾਮਲਾ ਰਿੜਕ ਹੁੰਦਾ ਰਿਹਾ। ਆਖ਼ਰ ਪੰਚਾਇਤਾਂ ਅਤੇ ਪੁਲਿਸ ਅਧਿਕਾਰੀਆਂ ਨੇ ਫੈਸਲਾ ਕਰ ਦਿੱਤਾ ਕਿ ਪੁੱਤਰ ਆਪਣੇ ਪਿਤਾ ਕੋਲ ਰਹੇਗਾ ਅਤੇ ਪੁੱਤਰੀ ਅਜੇ ਆਪਣੀ ਮਾਂ ਕੋਲ ਰਹੇਗੀ। ਫੈਸਲਾ ਦੋਵਾਂ ਧਿਰਾਂ ਨੂੰ ਵੀ ਮਨਜ਼ੂਰ ਸੀ। ਲੜਕੇ ਨੂੰ ਪਿਤਾ ਦੇ ਸਪੁਰਦ ਕਰ ਦਿੱਤਾ ਅਤੇ ਲੜਕੀ ਆਪਣੀ ਮਾਂ ਦੀ ਗੋਦ ਵਿੱਚ ਸੀ। ਦੋਵੇਂ ਧਿਰਾਂ ਥਾਣੇ ਵਿੱਚੋਂ ਬਾਹਰ ਆ ਗਈਆਂ। ਵਿਜੇ ਆਪਣੇ ਪੁੱਤਰ ਨੂੰ ਲੈ ਕੇ ਕੁਝ ਗਜ਼ ਦੂਰ ਇੱਕ ਜੂਸ ਦੀ ਰੇਹੜੀ ਕੋਲ ਜਾ ਖੜ੍ਹਾ ਅਤੇ ਸਰੋਜ ਇੱਕ ਪਾਸੇ ਚਾਹ ਵਾਲੀ ਦੁਕਾਨ ’ਤੇ ਜਾ ਖੜ੍ਹੀ ਹੋਈ। ਵਿਜੇ ਆਪਣੇ ਪੁੱਤਰ ਨੂੰ ਮੋਹ ਪਿਆਰ ਨਾਲ ਆਪਣੇ ਨਾਲ ਲਾ ਰਿਹਾ ਸੀ, ਬੱਚੇ ਨੇ ਵੀ ਆਪਣੇ ਪਿਤਾ ਦੀ ਕਮੀਜ਼ ਦਾ ਲੜ ਘੁੱਟ ਕੇ ਫੜਿਆ ਹੋਇਆ ਸੀ, ਪਰ ਉਸਦੀ ਨਿਗਾਹ ਆਪਣੀ ਮਾਂ ਵੱਲ ਸੀ। ਉਹ ਵਾਰ ਵਾਰ ਮਾਂ ਕੋਲ ਜਾਣ ਲਈ ਕਹਿ ਰਿਹਾ ਸੀ, ਪਰ ਬੇਵੱਸ ਹੋਇਆ ਅੱਖਾਂ ਵਿੱਚੋਂ ਹੰਝੂ ਕੇਰ ਰਿਹਾ ਸੀ। ਵਿਜੇ ਨੇ ਉਸ ਨੂੰ ਜੂਸ ਦਾ ਗਿਲਾਸ ਦਿੱਤਾ ਤਾਂ ਉਹ ਆਪਣੇ ਭਰੇ ਹੋਏ ਗਲੇਡੂ ਵਾਲੀ ਆਵਾਜ਼ ਵਿੱਚ ‘ਮੈਂ ਨਹੀਂ ਜੂਸ ਪੀਣਾ, ਮੈਂ ਨਹੀਂ ਪੀਣਾ’ ਕਹਿੰਦਾ ਰਿਹਾ। ਵਿਜੇ ਨੇ ਪਿਆਰ ਨਾਲ ਜੂਸ ਪਿਲਾਉਣ ਦੀ ਬਥੇਰੀ ਕੋਸ਼ਿਸ਼ ਕੀਤੀ ਪਰ ਉਹ ਦੋ ਤਿੰਨ ਘੁੱਟਾਂ ਹੀ ਅੰਦਰ ਲੰਘਾ ਸਕਿਆ।
ਸਰੋਜ ਦੂਰ ਖੜ੍ਹੀ ਕਾਫੀ ਬੁਰਾ ਭਲਾ ਵੀ ਕਹਿ ਰਹੀ ਸੀ, ਪਰ ਉਸਦੇ ਨਾਲ ਆਏ ਵਿਅਕਤੀਆਂ ਨੇ ਉਸ ਨੂੰ ਗੱਡੀ ਵਿੱਚ ਬਿਠਾ ਲਿਆ। ਗੱਡੀ ਥਾਣੇ ਦੇ ਗੇਟ ਮੋਹਰਿਉਂ ਤੁਰ ਪਈ। ਗੱਡੀ ਤੁਰਦੀ ਜਾ ਰਹੀ ਸੀ। ਮਾਂ ਕੋਲੋਂ ਵਿਛੜੇ ਪੁੱਤ ਦੀ ਨਿਗਾਹ ਗੱਡੀ ਵੱਲ ਘੁੰਮਦੀ ਜਾ ਰਹੀ ਸੀ। ਗੱਡੀ ਮੋੜ ਕੱਟ ਕੇ ਦਿਸਣੋਂ ਹਟ ਗਈ। ਬੱਚੇ ਨੇ ਵੱਡਾ ਸਾਰਾ ਹਉਕਾ ਲਿਆ, ਮੈਂ ਤਾਂ ... ਮੰਮੀ ... ਕੋਲ...!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (