“ਆਹ ਥੋੜ੍ਹੀ ਦੂਰ ਹੀ ਅਫਗਾਨਿਸਤਾਨ ਦੀ ਹੱਦ ਐ। ਪਤਾ ਨਹੀਂ ਕਦੋਂ ਕੋਈ ਬੰਬ ਚੱਲ ਜਾਵੇ ...”
(18 ਨਵੰਬਰ 2025)
ਬਾਬਾ ਨਾਨਕ ਦੇ ਜਨਮ ਦਿਵਸ ਮੌਕੇ ਪਾਕਿਸਤਾਨ ਗਏ ਜਥੇ ਵਿੱਚ ਅਸੀਂ ਸ਼ਾਮਲ ਸਾਂ। ਇਹ ਜਥਾ ਗੁਰਦੁਆਰਾ ਸਾਹਿਬ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ ਪਹੁੰਚਿਆ। ਅਸੀਂ ਸਰੋਵਰ ਦੀਆਂ ਪੌੜੀਆਂ ਉੱਤਰ ਕੇ ਗੋਡੇ ਗੋਡੇ ਪਾਣੀ ਵਿੱਚ ਵੜ ਕੇ ਪੱਥਰ ’ਤੇ ਲੱਗੇ ਪੰਜੇ ਦੇ ਦਰਸਨ ਕੀਤੇ, ਜਿਸ ਬਾਰੇ ਇਤਿਹਾਸ ਕਹਿੰਦਾ ਹੈ ਕਿ ਇਹ ਪੰਜਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੱਥ ਦਾ ਨਿਸ਼ਾਨ ਹੈ, ਜਿਸ ਨਾਲ ਗੁਰੂ ਜੀ ਨੇ ਵਲੀ ਕੰਧਾਰੀ ਵੱਲੋਂ ਰੋੜ੍ਹਿਆ ਇਹ ਪੱਥਰ ਰੋਕਿਆ ਸੀ। ਅੱਜ ਵੀ ਇਸ ਪੱਥਰ ਦੇ ਨਾਲ ਝਰਨੇ ਦਾ ਪਾਣੀ ਆ ਰਿਹਾ ਹੈ, ਜੋ ਬਹੁਤ ਠੰਢਾ ਹੈ। ਇਸ ਪਾਣੀ ਵਿੱਚ ਮੱਛੀਆਂ ਤੈਰ ਰਹੀਆਂ ਸਨ, ਪਰ ਇਸ ਗੱਲ ਦੀ ਬਹੁਤ ਹੈਰਾਨੀ ਹੋਈ ਕਿ ਇਹ ਮੱਛੀਆਂ ਪੱਥਰ ਵੱਲ ਆਪਣਾ ਮੂੰਹ ਕਰਕੇ ਪਹੁੰਚ ਜਾਂਦੀਆਂ ਸਨ ਅਤੇ ਇਸੇ ਪਾਸੇ ਮੂੰਹ ਰੱਖ ਕੇ ਪਿੱਛੇ ਵੱਲ ਚਲੀਆਂ ਜਾਂਦੀਆਂ, ਭਾਵ ਗੁਰੂ ਜੀ ਦੇ ਹੱਥ ਛੋਹ ਵਾਲੇ ਪੱਥਰ ਵੱਲੋਂ ਮੂੰਹ ਦੂਜੇ ਪਾਸੇ ਨਹੀਂ ਸਨ ਕਰ ਰਹੀਆਂ। ਇਸ ਉਪਰੰਤ ਅਸੀਂ ਸਰਾਂ ਦੀ ਉੱਪਰਲੀ ਛੱਤ ’ਤੇ ਜਾ ਕੇ ਵਲੀ ਕੰਧਾਰੀ ਦੀ ਮਜ਼ਾਰ ਦੇਖੀ, ਜਿੱਥੋਂ ਗੁਰੂ ਜੀ ਵੱਲ ਪੱਥਰ ਰੋੜ੍ਹਿਆ ਗਿਆ ਦੱਸਿਆ ਜਾਂਦਾ ਹੈ।
ਸਾਡੀ ਇੱਛਾ ਜਾਗੀ ਕਿ ਵਲੀ ਕੰਧਾਰੀ ਦੀ ਮਜ਼ਾਰ ’ਤੇ ਵੀ ਜਾਇਆ ਜਾਵੇ ਕਿਉਂਕਿ ਆਪਣੇ ਧਰਮ ਦਾ ਤਾਂ ਉਹ ਵੀ ਪੀਰ ਹੀ ਸੀ। ਉਸਨੇ ਭਾਵੇਂ ਗੁਰੂ ਜੀ ਨੂੰ ਖਤਮ ਕਰਨ ਲਈ ਪੱਥਰ ਰੋੜ੍ਹਿਆ ਸੀ ਪਰ ਉਸਦਾ ਸਿੱਖ ਇਤਿਹਾਸ ਵਿੱਚ ਜ਼ਿਕਰ ਤਾਂ ਆਉਂਦਾ ਹੀ ਹੈ। ਅਸੀਂ ਉੱਥੇ ਜਾਣ ਦੀ ਇੱਛਾ ਲੈ ਕੇ ਗੁਰਦੁਆਰਾ ਸਹਿਬ ਦੇ ਗੇਟ ’ਤੇ ਪਹੁੰਚੇ ਤਾਂ ਸੁਰੱਖਿਆ ਕਰਮਚਾਰੀਆਂ ਨੇ ਗੁਰੂ ਘਰ ਵਿੱਚੋਂ ਬਾਹਰ ਜਾਣ ਤੋਂ ਮਨ੍ਹਾ ਕਰ ਦਿੱਤਾ। ਜਦੋਂ ਅਸੀਂ ਵਲੀ ਕੰਧਾਰੀ ਦੀ ਮਜ਼ਾਰ ’ਤੇ ਜਾਣ ਬਾਰੇ ਦੱਸਿਆ ਤਾਂ ਉਹਨਾਂ ਕਿਹਾ ਕਿ ਮਜ਼ਾਰ ਤਾਂ ਸੱਤ ਅੱਠ ਕਿਲੋਮੀਟਰ ਦੂਰ ਹੈ। ਉੱਥੇ ਜਾਣਾ ਤਾਂ ਦੂਰ, ਤੁਸੀਂ ਤਾਂ ਗੁਰਦੁਆਰੇ ਵਿੱਚੋਂ ਬਾਹਰ ਵੀ ਨਹੀਂ ਨਿਕਲ ਸਕਦੇ। ਬਾਹਰ ਜਾਣ ਦੀ ਸਖ਼ਤ ਮਨਾਹੀ ਹੈ। ਅਸੀਂ ਬਜ਼ਾਰ ਵਿੱਚੋਂ ਕੁਝ ਖਰੀਦਣ ਲਈ ਕਿਹਾ ਤਾਂ ਉਹਨਾਂ ਕਿਹਾ ਕਿ ਔਹ ਸਾਹਮਣੇ ਵਾਲੀ ਦੁਕਾਨ ਤਕ ਦੋ ਕਰਮਚਾਰੀ ਨਾਲ ਭੇਜ ਕੇ ਪੰਜ ਮਿੰਟ ਦੇ ਦਿੰਦੇ ਹਾਂ, ਇਸਤੋਂ ਵੱਧ ਨਹੀਂ। ਐਨੀ ਸਖ਼ਤੀ ਸੁਣ ਕੇ ਸਾਨੂੰ ਹੈਰਾਨੀ ਨਹੀਂ ਬਲਕਿ ਦੁੱਖ ਲੱਗਾ ਕਿ ਬਾਬਾ ਨਾਨਕ ਦੀ ਧਰਤੀ ’ਤੇ ਉਹਨਾਂ ਦੀ ਸੰਗਤ ਨਾਲ ਜ਼ਿਆਦਤੀ ਹੋ ਰਹੀ ਹੈ। ਸਾਡੇ ਵੱਲੋਂ ਪ੍ਰੇਮ ਨਾਲ ਇਸਦਾ ਕਾਰਨ ਪੁੱਛਣ ’ਤੇ ਸੁਰੱਖਿਆ ਅਫਸਰ ਨੇ ਦੱਸਿਆ, “ਸਰਦਾਰ ਜੀ! ਤੁਹਾਨੂੰ ਰੋਕ ਕੇ ਸਾਨੂੰ ਖੁਸ਼ੀ ਨਹੀਂ ਹੁੰਦੀ, ਸਗੋਂ ਦਿਲ ਨੂੰ ਦੁੱਖ ਪਹੁੰਚਦਾ ਹੈ, ਪਰ ਕੀ ਕਰੀਏ, ਆਹ ਥੋੜ੍ਹੀ ਦੂਰ ਹੀ ਅਫਗਾਨਿਸਤਾਨ ਦੀ ਹੱਦ ਐ। ਪਤਾ ਨਹੀਂ ਕਦੋਂ ਕੋਈ ਬੰਬ ਚੱਲ ਜਾਵੇ। ਤਾਲਿਬਾਨ ਵਾਲਿਆਂ ਦਾ ਇਲਾਕਾ ਨੇੜੇ ਹੀ ਐ। ਸਾਡੀ ਡਿਊਟੀ ਤੁਹਾਡੀ ਰਾਖੀ ਲਈ ਹੈ, ਜੇਕਰ ਤੁਹਾਡੇ ’ਤੇ ਕੋਈ ਮਾਮੂਲੀ ਹਮਲਾ ਵੀ ਹੋ ਜਾਵੇ, ਸਾਡੀਆਂ ਨੌਕਰੀਆਂ ਖਤਮ ਹੋ ਜਾਣਗੀਆਂ ਅਤੇ ਦੁਨੀਆਂ ਭਰ ਵਿੱਚ ਪਾਕਿਸਤਾਨ ਦੀ ਬਦਨਾਮੀ ਹੋ ਜਾਵੇਗੀ। ਇਸ ਲਈ ਸਾਡੀ ਮਜਬੂਰੀ ਹੈ, ਅਸੀਂ ਤੁਹਾਨੂੰ ਬਾਹਰ ਜਾਣ ਦੀ ਪ੍ਰਵਾਨਗੀ ਨਹੀਂ ਦੇ ਸਕਦੇ। ਨਾਨਕ ਪੀਰ ਦੇ ਸਥਾਨ ਦੇ ਦਰਸ਼ਨ ਕਰਨ ਤੁਸੀਂ ਆਏ ਹੋ, ਰੱਜ ਰੱਜ ਕੇ ਕਰੋ, ਗੁਰਦੁਆਰਾ ਸਾਹਿਬ ਦੇ ਅੰਦਰ ਤੁਹਾਨੂੰ ਪੂਰੀ ਖੁੱਲ੍ਹ ਹੈ। ਪਰ ਸਾਡੀ ਮਜਬੂਰੀ ਦਾ ਵੀ ਖਿਆਲ ਰੱਖੋ।”
ਇਹ ਸੁਣ ਕੇ ਸਾਨੂੰ ਤਸੱਲੀ ਜਿਹੀ ਹੋ ਗਈ ਅਤੇ ਅਸੀਂ ਚੁੱਪ ਚਾਪ ਗੁਰਦੁਆਰਾ ਸਾਹਿਬ ਦੇ ਅੰਦਰ ਚਲੇ ਗਏ। ਗੁਰਦੁਆਰਾ ਸਾਹਿਬ ਦੀ ਪਰਕਰਮਾ ਵਿੱਚ ਚੈਨਲਾਂ ਵਾਲਿਆਂ ਜਾਂ ਸੋਸ਼ਲ ਮੀਡੀਆ ਲਈ ਵੀਡੀਓ ਬਣਾਉਣ ਵਾਲਿਆਂ ਨੇ ਸਾਡੇ ਨਾਲ ਗੱਲਬਾਤ ਕੀਤੀ। ਇੱਥੇ ਹੀ ਇੱਕ ਪਾਕਿਸਤਾਨੀ ਸਿੱਖ ਸੱਜਣ ਇੰਦਰ ਸਿੰਘ ਮਿਲਿਆ, ਜਿਸਨੇ ਗੱਲਬਾਤ ਦੌਰਾਨ ਦੱਸਿਆ ਕਿ ਪਾਕਿਸਤਾਨ ਵਿੱਚ ਸਿੱਖਾਂ ਦੀ ਗਿਣਤੀ ਸਿਰਫ 20 ਹਜ਼ਾਰ ਦੇ ਆਸ ਪਾਸ ਹੈ, ਰਜਿਸਟਰਡ ਤਾਂ ਸੱਤ ਕੁ ਹਜ਼ਾਰ ਹੀ ਹਨ। ਉਸ ਅਨੁਸਾਰ ਸਿੱਖ ਹਸਨ ਅਬਦਾਲ, ਲਾਹੌਰ, ਨਨਕਾਣਾ ਸਾਹਿਬ, ਨਾਰੋਵਾਲ, ਪੇਸ਼ਾਵਰ ਵਿੱਚ ਹੀ ਰਹਿੰਦੇ ਹਨ। ਉਸਨੇ ਕਿਹਾ ਕਿ ਗਿਣਤੀ ਬਹੁਤ ਘੱਟ ਹੋਣ ਕਾਰਨ ਉਹ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ। ਕਈ ਵਾਰ ਸਿੱਖ ਕੁੜੀਆਂ ਨੂੰ ਮੁਸਲਮਾਨ ਨੌਜਵਾਨਾਂ ਵੱਲੋਂ ਵਰਗਲਾ ਕੇ ਵਿਆਹ ਕਰ ਲੈਣ ਦੀਆਂ ਘਟਨਾਵਾਂ ਦੀ ਚਰਚਾ ਵੀ ਛਿੜੀ ਹੈ। ਇਸ ਕਰਕੇ ਹੁਣ ਸਿੱਖ ਕਨੇਡਾ, ਇੰਗਲੈਂਡ, ਆਸਟਰੇਲੀਆ ਆਦਿ ਦੇਸਾਂ ਵੱਲ ਪ੍ਰਵਾਸ ਕਰ ਰਹੇ ਹਨ।
ਧਾਰਮਿਕ ਹਾਲਾਤ ਬਾਰੇ ਪੁੱਛਣ ’ਤੇ ਉਸਨੇ ਦੱਸਿਆ ਕਿ ਸਮੁੱਚੇ ਪਾਕਿਸਤਾਨ ਵਿੱਚ 70 ਤੋਂ ਵੱਧ ਗੁਰਦੁਆਰੇ ਅਬਾਦ ਹਨ ਅਤੇ ਦਰਜਨ ਤੋਂ ਵੱਧ ਗੁਰਦੁਆਰਿਆਂ ਦੀ ਕਾਰਸੇਵਾ ਵੀ ਚੱਲ ਰਹੀ ਹੈ। ਗੁਰੂ ਘਰਾਂ ਪ੍ਰਤੀ ਸ਼ਰਧਾ ਤੋਂ ਸਿੱਖ ਸੰਤੁਸ਼ਟ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਹੋਣ ਸਦਕਾ ਪਾਕਿਸਤਾਨ ਵਿੱਚ ਸਿੱਖਾਂ ਦੀ ਗਿਣਤੀ ਭਾਵੇਂ ਹਜ਼ਾਰਾਂ ਵਿੱਚ ਹੈ, ਪਰ ਬਾਬਾ ਨਾਨਕ ਨੂੰ ਪੂਜਣ ਅਤੇ ਉਹਨਾਂ ਦਾ ਸਤਿਕਾਰ ਕਰਨ ਵਾਲਿਆਂ ਦੀ ਗਿਣਤੀ ਲੱਖਾਂ ਵਿੱਚ ਹੈ। ਉਸਨੇ ਦੱਸਿਆ ਕਿ ਸਿੱਖ ਵੱਖ ਵੱਖ ਤਰੀਕਿਆਂ ਨਾਲ ਆਪਣੀ ਪਛਾਣ ਬਣਾਈ ਰੱਖਣ ਲਈ ਯਤਨਸ਼ੀਲ ਹਨ। ਇਸੇ ਯਤਨ ਵਜੋਂ ਸਾਲ 2018 ਵਿੱਚ ਸੂਬਾ ਖੈਬਰ ਪਖਤੂਨਵਾ ਦੇ ਹਲਕੇ ਪੇਸ਼ਾਵਰ ਤੋਂ ਅਸੰਬਲੀ ਦੀ ਚੋਣ ਲੜਨ ਲਈ ਇੱਕ ਸਿੱਖ ਰਾਦੇਸ ਸਿੰਘ ਟੋਨੀ ਪਹਿਲੀ ਵਾਰ ਮੈਦਾਨ ਵਿੱਚ ਨਿੱਤਰਿਆ ਸੀ। ਉਸ ਨੂੰ ਚੋਣ ਮੈਦਾਨ ਵਿੱਚੋਂ ਹਟਣ ਲਈ ਧਮਕੀਆਂ ਵੀ ਮਿਲਦੀਆਂ ਰਹੀਆਂ ਪਰ ਉਹ ਡਟਿਆ ਰਿਹਾ। ਜਦੋਂ ਉਸਦੀ ਚੋਣ ਸਥਿਤੀ ਬਾਰੇ ਜਾਣਨਾ ਚਾਹਿਆ ਤਾਂ ਇੰਦਰ ਸਿੰਘ ਨੇ ਦੱਸਿਆ ਕਿ ਜਿਸ ਹਲਕੇ ਵਿੱਚੋਂ ਉਹ ਚੋਣ ਲੜ ਰਿਹਾ ਸੀ, ਉਸ ਵਿੱਚ ਸਿੱਖਾਂ ਦੀਆਂ ਸਿਰਫ 60 ਵੋਟਾਂ ਸਨ ਅਤੇ ਹਿੰਦੂਆਂ ਦੀਆਂ 1250 ਵੋਟਾਂ, ਇਸ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਥਿਤੀ ਕੀ ਹੋਵੇਗੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (