“ਉਸਨੇ ਸਮਰੱਥਾ ਅਨੁਸਾਰ ਥਾਣੇ ਤੋਂ ਲੈ ਕੇ ਹਾਈਕੋਰਟ ਤਕ ਅਤੇ ਵਿਧਾਇਕਾਂ, ਵਿਰੋਧੀ ਧਿਰ ਦੇ ਨੇਤਾਵਾਂ ਤੇ ਸੋਸ਼ਲ ਮੀਡੀਆ ’ਤੇ ...”
(15 ਸਤੰਬਰ 2024)
ਮਨੁੱਖ ਅਤੇ ਪਸ਼ੂ ਵਿਚਕਾਰ ਇਹੋ ਅੰਤਰ ਹੈ ਕਿ ਮਨੁੱਖ ਆਪਣੇ ਚੰਗੇ ਮਾੜੇ, ਆਲੇ ਦੁਆਲੇ, ਪਰਿਵਾਰ ਤੇ ਸਮਾਜ ਬਾਰੇ ਪੂਰਾ ਗਿਆਨ ਰੱਖਦਾ ਹੈ ਅਤੇ ਸਮਾਜ ਦੇ ਸਹਿਯੋਗ ਨਾਲ ਚੰਗਾ ਜੀਵਨ ਬਸਰ ਕਰਦਾ ਹੈ, ਜਦੋਂ ਕਿ ਪਸ਼ੂ ਨੂੰ ਅਜਿਹਾ ਕੋਈ ਗਿਆਨ ਨਹੀਂ ਹੁੰਦਾ, ਉਸ ਨੂੰ ਸਿਰਫ਼ ਚਾਰਾ ਖਾਣ ਤੇ ਗੋਹਾ ਕਰਨ ਦੀ ਸੋਝੀ ਹੁੰਦੀ ਹੈ। ਪਰ ਜੇ ਗਿਆਨਵਾਨ ਮਨੁੱਖ ਸਮਾਜਿਕ ਕੁਰੀਤੀਆਂ, ਨਾ ਇਨਸਾਫੀ ਅਤੇ ਬੇਕਦਰੀ ਦਾ ਸ਼ਿਕਾਰ ਹੋ ਜਾਵੇ ਤਾਂ ਉਸਦੀ ਸੋਝੀ ਵੀ ਸਹੀ ਕੰਮ ਕਰਨ ਤੋਂ ਹਟਦੀ ਜਾਂਦੀ ਹੈ। ਅਜਿਹੇ ਸਮੇਂ ਉਹ ਜਾਂ ਤਾਂ ਕਿਸੇ ਅਖੌਤੀ ਤੇ ਅਦਿੱਖ ਰੱਬ ’ਤੇ ਭਰੋਸਾ ਕਰਕੇ ਜੀਵਨ ਜਿਊਣ ਲਗਦਾ ਹੈ, ਇਹ ਜੀਵਨ ਭਾਵੇਂ ਗੰਦੀ ਨਾਲੀ ਦੇ ਕੀੜੇ ਵਰਗਾ ਹੀ ਹੋਵੇ, ਜਾਂ ਫਿਰ ਦਿਲ ਨੂੰ ਕਰੜਾ ਕਰਕੇ ਸਮਾਜ ਨੂੰ ਅਲਵਿਦਾ ਕਹਿ ਕੇ ਕਿਸੇ ਅਗਲੇ ਜਹਾਨ ਵੱਲ ਹੋ ਤੁਰਦਾ ਹੈ, ਜਿਸਨੂੰ ਆਮ ਲੋਕਾਂ ਦੀ ਭਾਸ਼ਾ ਵਿੱਚ ਖੁਦਕੁਸ਼ੀ ਜਾਂ ਆਤਮ ਹੱਤਿਆ ਕਹਿੰਦੇ ਹਨ। ਜੇ ਅਜਿਹੀ ਸਥਿਤੀ ਬਣ ਜਾਵੇ ਤਾਂ ਉਹ ਉਸ ਇਨਸਾਨ ਤੇ ਉਸਦੇ ਪਰਿਵਾਰ ਲਈ ਤਾਂ ਦੁਖਦਾਈ ਹੋਵੇਗੀ ਹੀ, ਸਮਾਜ ਲਈ ਵੀ ਸ਼ਰਮਨਾਕ ਹੈ ਅਤੇ ਇਸ ਨਾਲ ਲੋਕਾਂ ਵਿੱਚ ਨਿਰਾਸਤਾ ਅਤੇ ਚਿੰਤਾ ਪੈਦਾ ਹੋ ਸਕਦੀ ਹੈ। ਇਹ ਸ਼ਬਦ ਲਿਖਣ ਬਾਰੇ ਮਨ ਵਿੱਚ ਖਿਆਲ ਆਇਆ ਤਾਂ ਇੱਕ ਵਾਰ ਕਲਮ ਰੁਕ ਗਈ ਕਿ ਅਜਿਹੇ ਕਮਜ਼ੋਰ ਤੇ ਨਿਰਾਸ਼ਾਜਨਕ ਸ਼ਬਦ ਨਾ ਲਿਖੇ ਜਾਣ। ਫਿਰ ਉਸ ਨੌਜਵਾਨ ਜਸਵਿੰਦਰ ਸਿੰਘ ਪੂਹਲੀ ਨੇ ਮਨ ਨੂੰ ਝੰਜੋੜਾ ਦਿੱਤਾ ਕਿ ਨਹੀਂ! ਹੁਣ ਰੁਕਣਾ ਨਹੀਂ ਚਾਹੀਦਾ। ਬਠਿੰਡਾ ਜ਼ਿਲ੍ਹੇ ਦੇ ਪਿੰਡ ਪੂਹਲੀ ਦੇ ਇਸ ਨੌਜਵਾਨ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਪਿੰਡ ਦੇ ਬਾਹਰ ਨਥਾਨਾ ਸੜਕ ’ਤੇ ਆਪਣੀ ਗੱਡੀ ਵਿੱਚ ਬੈਠ ਕੇ ਕੋਈ ਜ਼ਹਿਰੀਲੀ ਵਸਤੂ ਨਿਗਲ ਲੈਣ ਉਪਰੰਤ ਮੋਬਾਇਲ ਫੋਨ ਉੱਤੇ ਲਾਈਵ ਹੋ ਕੇ ਇਸ ਰੰਗਲੀ ਦੁਨੀਆਂ ਤੋਂ ਸਦਾ ਲਈ ਵਿਦਾਇਗੀ ਲੈ ਲਈ ਸੀ।
ਜਸਵਿੰਦਰ ਸਿੰਘ ਪੱਤਰਕਾਰੀ ਕਰਦਾ ਸੀ, ਗਾਇਕ ਸੀ ਤੇ ਗੀਤਕਾਰ ਵੀ ਸੀ। ਉਹ ਸਮਾਜ ਸੇਵੀ ਤੇ ਜਾਗਰੂਕ ਵਿਅਕਤੀ ਸੀ, ਪਰ ਫਿਰ ਵੀ ਉਸ ਨੂੰ ਅਜਿਹਾ ਕਦਮ ਕਿਉਂ ਚੁੱਕਣਾ ਪਿਆ, ਇਹ ਉਸਦੀ ਲੋਕਾਂ ਨਾਲ ਕੀਤੀ ਸਿੱਧੀ ਗੱਲਬਾਤ ਤੋਂ ਕਾਫ਼ੀ ਸਪਸ਼ਟ ਹੋ ਜਾਂਦਾ ਹੈ। ਉਸਨੇ ਆਪਣੀ ਲਾਈਵ ਚਰਚਾ ਵਿੱਚ ਕਿਹਾ, “ਮੈਂ ਹਾਰ ਗਿਆ, ਤੁਸੀਂ ਇਸ ਕਦਮ ਨੂੰ ਗਲਤ ਵੀ ਕਹਿ ਸਕਦੇ ਹੋ, ਪਰ ਮੈਂ ਮਜਬੂਰ ਸੀ। ਕਈ ਸਾਲ ਹੋ ਗਏ ਮੈਨੂੰ ਸਿਸਟਮ ਨਾਲ ਲੜਦਿਆਂ, ਤਿੰਨ ਵਿਅਕਤੀਆਂ ਨੇ ਮੈਨੂੰ ਬਰਬਾਦ ਕਰ ਦਿੱਤਾ ਅਤੇ ਚੌਥੇ ਨੇ ਮੇਰੇ ਨਾਲ ਧੋਖਾ ਕੀਤਾ ਹੈ। ਮੇਰੀ ਜ਼ਮੀਨ ਜਾਇਦਾਦ ਵਿਕਵਾ ਦਿੱਤੀ। ਮੈਂ ਬੱਚਿਆਂ ਦਾ ਕੋਈ ਸ਼ੌਕ ਪੂਰਾ ਨਹੀਂ ਕਰ ਸਕਦਾ, ਜ਼ਰੂਰਤ ਪੂਰੀ ਨਹੀਂ ਕਰ ਸਕਦਾ। ਮੈਂ ਅੰਗਹੀਣ ਹਾਂ, ਮੇਰੇ ਬੱਚਿਆਂ ਦੇ ਹੁਣ ਨਿੱਕਰਾਂ ਵੀ ਪਾਟੀਆਂ ਹੋਈਆਂ ਪਾਈਆਂ ਹਨ, ਜਿਹੜੇ ਬਾਪ ਦੀ ਹੈਸੀਅਤ ਹੀ ਇੰਨੀ ਹੈ, ਉਸ ਨੂੰ ਜਿਊਣ ਦਾ ਕੀ ਹੱਕ ਹੈ? ਮੈਂ ਜ਼ਹਿਰੀਲੀ ਚੀਜ਼ ਨਿਗਲ ਲਈ ਹੈ, ਹੁਣ ਪ੍ਰਮਾਤਮਾ ਦੇ ਹੱਥ ਹੈ ਕਿ ਜਾਨ ਬਖ਼ਸ਼ੇ ਜਾਂ ਨਾ।”
ਇਹ ਵੀ ਸਚਾਈ ਹੈ ਕਿ ਮੌਤ ਨੂੰ ਗਲੇ ਲਾਉਣਾ ਕੋਈ ਆਸਾਨ ਕੰਮ ਨਹੀਂ ਹੁੰਦਾ, ਉਹ ਆਪਣੇ ਅਧੂਰੇ ਕੰਮਾਂ ਨੂੰ ਯਾਦ ਕਰਦਾ ਕਹਿੰਦਾ ਹੈ, “ਮੈਂ ਆਪਣੇ ਬਜ਼ੁਰਗ ਪਿਤਾ ਤੋਂ ਮੁਆਫ਼ੀ ਮੰਗਦਾ ਹਾਂ ਕਿਉਂਕਿ ਉਸ ਨੂੰ ਸਾਂਭਣ ਸਮੇਂ ਮੈਂ ਇਹ ਫੈਸਲਾ ਕਰ ਲਿਆ। ਮੈਂ ਬੱਚਿਆਂ ਤੋਂ ਮੁਆਫ਼ੀ ਮੰਗਦਾ ਹਾਂ ਕਿ ਮੈਂ ਤੁਹਾਡਾ ਕੋਈ ਸ਼ੌਕ ਪੂਰਾ ਨਹੀਂ ਕਰ ਸਕਿਆ। ਜਦੋਂ ਪਿੰਡ, ਸਮਾਜ ਤੇ ਰਿਸ਼ਤੇਦਾਰਾਂ ਨੇ ਨਕਾਰ ਦਿੱਤਾ, ਫਿਰ ਬੰਦਾ ਜਿਊਗਾ ਕਿਵੇਂ? ਪਰ ਮੈਂ ਮਨੋਹਰ ਸਿੰਘ ਤੇ ਕੁਝ ਹੋਰ ਵਿਅਕਤੀਆਂ ਦਾ ਧੰਨਵਾਦ ਵੀ ਕਰਦਾ ਹਾਂ ਜਿਹਨਾਂ ਔਖੇ ਸਮੇਂ ਮੇਰੀ ਮਦਦ ਕੀਤੀ ਹੈ।”
ਇਸਦੇ ਨਾਲ ਹੀ ਉਹ ਆਪਣੀ ਗਰੀਬੀ ਦਾ ਹਵਾਲਾ ਦੇ ਕੇ ਅਰਜ਼ੀਆਂ ਪੱਤਰਾਂ ਤੇ ਚਿੱਠੀਆਂ ਨਾਲ ਮੰਗੇ ਇਨਸਾਫ਼ ਦਾ ਰੋਣਾ ਰੋਂਦਾ ਹੋਇਆ ਕਹਿੰਦਾ ਹੈ, “ਮੈਂ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਮੁੱਖ ਮੰਤਰੀ ਪੰਜਾਬ, ਚੀਫ ਜਸਟਿਸ ਪੰਜਾਬ ਤੇ ਹਰਿਆਣਾ ਹਾਈਕੋਰਟ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਅਮਰਿੰਦਰ ਸਿੰਘ ਰਾਜਾ ਵੜਿੰਗ, ਮਨਦੀਪ ਸਿੰਘ ਮੰਨਾ ਨੂੰ ਚਿੱਠੀਆਂ ਲਿਖ ਕੇ ਸਹਾਇਤਾ ਮੰਗੀ ਪਰ ਮੇਰੀ ਕਿਸੇ ਨੇ ਬਾਤ ਨਹੀਂ ਪੁੱਛੀ। ਭਗਵੰਤ ਮਾਨ ਨੇ ਮੌਜੂਦਾ ਸਰਕਾਰ ਬਣਨ ਤੋਂ ਪਹਿਲਾਂ ਸਰਕਾਰ ਬਣਨ ’ਤੇ ਮਸਲੇ ਦੇ ਹੱਲ ਦਾ ਭਰੋਸਾ ਦਿੱਤਾ ਸੀ, ਪਰ ਉਹਨਾਂ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਮੈਂ ਉਨ੍ਹਾਂ ਨੂੰ ਮਿਲਣ ਦਾ ਕਈ ਵਾਰ ਯਤਨ ਤਾਂ ਕੀਤਾ ਪਰ ਮਿਲ ਨਹੀਂ ਸਕਿਆ।”
ਉਹ ਲੋਕਾਂ ਨੂੰ ਅਪੀਲ ਕਰਦਾ ਹੈ ਕਿ ਉਸ ਦੀ ਇਹ ਆਖ਼ਰੀ ਵੀਡੀਓ ਭਗਵੰਤ ਮਾਨ ਨੂੰ ਜ਼ਰੂਰ ਭੇਜੀ ਜਾਵੇ।
ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਉਸਦਾ ਇਹ ਅਸਲ ਮਾਮਲਾ ਕੀ ਸੀ। ਕਈ ਸਾਲ ਪਹਿਲਾਂ ਇੱਕ ਚਿੱਟ ਫੰਡ ਕੰਪਨੀ ਚਲਾਉਣ ਵਾਲੇ ਭੁੱਚੋ ਮੰਡੀ ਦੇ ਦੋ ਭਰਾਵਾਂ ਨੇ ਉਸਦੀ ਜ਼ਮੀਨ ਵਿਕਵਾ ਕੇ ਸਾਰਾ ਪੈਸਾ ਕੰਪਨੀ ਦੇ ਖਾਤੇ ਲਗਵਾ ਕੇ ਕਈ ਗੁਣਾ ਵਧਾਉਣ ਦਾ ਭਰੋਸਾ ਦਿੱਤਾ ਸੀ। ਪਰ ਬਾਅਦ ਵਿੱਚ ਇਸ ਕੰਪਨੀ ਵੱਲੋਂ ਉਸ ਨੂੰ ਕੁਝ ਵੀ ਨਾ ਦਿੱਤਾ ਗਿਆ। ਉਸਨੇ ਪ੍ਰੈੱਸ ਕਾਨਫਰੰਸਾਂ ਕਰਕੇ ਸੱਚ ਸਾਹਮਣੇ ਲਿਆਂਦਾ, ਥਾਨਿਆਂ ਤਕ ਪਹੁੰਚ ਕੀਤੀ ਪਰ ਕਿਸੇ ਨਾ ਸੁਣੀ। ਉਸਨੇ ਮਾਨਯੋਗ ਅਦਾਲਤ ਵਿੱਚ ਕਈ ਸਾਲ ਪਹਿਲਾਂ ਕੇਸ ਦਾਇਰ ਕੀਤਾ, ਪਰ ਇਨਸਾਫ਼ ਨਾ ਮਿਲਿਆ। ਉਹ ਕਹਿੰਦਾ ਸੀ ਕਿ ਮੈਂ ਗਰੀਬ ਆਦਮੀ ਮੁਕੱਦਮਿਆਂ ’ਤੇ ਪੈਸਾ ਨਹੀਂ ਖਰਚ ਸਕਦਾ, ਜਦੋਂ ਕਿ ਮੁਲਜ਼ਮਾਂ ਕੋਲ ਥੱਬਿਆਂ ਦੇ ਥੱਬੇ ਪੈਸੇ ਹਨ। ਸਭ ਪਾਸਿਆਂ ਤੋਂ ਨਿਰਾਸ ਹੋ ਕੇ ਉਹ ਆਪਣੇ ਆਪ ਨੂੰ ਹਾਰਿਆ ਹੋਇਆ ਸਮਝ ਗਿਆ ਅਤੇ ਵੱਡਾ ਫੈਸਲਾ ਕਰ ਬੈਠਾ।
ਗੱਲ ਕੇਵਲ ਉਸਦੀ ਮੌਤ ਦੀ ਹੀ ਨਹੀਂ, ਅਸਲ ਗੱਲ ਉਸ ਹਾਲਾਤ ਦੀ ਹੈ ਜਿਸਨੇ ਅਜਿਹਾ ਕਦਮ ਚੁੱਕਣ ਲਈ ਉਸਨੂੰ ਮਜਬੂਰ ਕੀਤਾ। ਇੱਕ ਆਮ ਵਿਅਕਤੀ ਕਿੱਥੋਂ ਤਕ ਪਹੁੰਚ ਕਰ ਸਕਦਾ ਹੈ? ਉਸਨੇ ਸਮਰੱਥਾ ਅਨੁਸਾਰ ਥਾਣੇ ਤੋਂ ਲੈ ਕੇ ਹਾਈਕੋਰਟ ਤਕ ਅਤੇ ਵਿਧਾਇਕਾਂ, ਵਿਰੋਧੀ ਧਿਰ ਦੇ ਨੇਤਾਵਾਂ ਤੇ ਸੋਸ਼ਲ ਮੀਡੀਆ ’ਤੇ ਸੰਘ ਪਾੜ ਪਾੜ ਕੇ ਇਨਸਾਫ਼ ਦਾ ਰੌਲਾ ਪਾਉਣ ਵਾਲਿਆਂ ਤੋਂ ਮੁੱਖ ਮੰਤਰੀ ਤਕ ਪਹੁੰਚ ਕੀਤੀ, ਪਰ ਉਸਦੀ ਕਿਸੇ ਨੇ ਬਾਂਹ ਨਾ ਫੜੀ। ਅਜਿਹੀ ਸਥਿਤੀ ਵਿੱਚ ਉਹ ਕਰ ਵੀ ਕੀ ਸਕਦਾ ਸੀ। ਇਸਦਾ ਸਿੱਧਾ ਅਰਥ ਹੈ ਕਿ ਉਸਦੀ ਮੌਤ ਲਈ ਕੀ ਸਾਡੇ ਦੇਸ਼ ਦਾ ਸਿਸਟਮ ਜ਼ਿੰਮੇਵਾਰ ਨਹੀਂ ਹੈ, ਜਿਸ ਨੂੰ ਆਮ ਵਿਅਕਤੀ ਦੀ ਜ਼ਿੰਦਗੀ ਮੌਤ ਜਾਂ ਉਸਦੇ ਬੱਚਿਆਂ ਦੀ ਕੋਈ ਪਰਵਾਹ ਨਹੀਂ। ਹੋਏਗਾ ਕੋਈ ਗਰੀਬ, ਅਜਿਹੇ ਵਿਅਕਤੀ ਦੇ ਮਰਨ ਨਾਲ ਸਰਕਾਰਾਂ ਜਾਂ ਪ੍ਰਸ਼ਾਸਨ ਨੂੰ ਕੀ ਫ਼ਰਕ ਪੈਂਦਾ ਹੈ? ਮਨੁੱਖ ਦੀ ਮੌਤ ਹੋਈ ਹੈ, ਇਸ ਲਈ ਮੁਕੱਦਮਾ ਤਾਂ ਦਰਜ ਹੋ ਜਾਵੇਗਾ, ਦੋਸ਼ੀ ਗਿਰਫ਼ਤਾਰ ਵੀ ਹੋ ਜਾਣਗੇ ਅਤੇ ਕੰਪਨੀ ਦੇ ਕੰਮਕਾਰ ਵਿੱਚ ਵੀ ਕੁਝ ਰੁਕਾਵਟ ਆ ਜਾਵੇਗੀ, ਪਰ ਬੁੱਢੇ ਬਾਪ ਦਾ ਪੁੱਤ ਜਾਂ ਨਾਬਾਲਗ ਬੱਚਿਆਂ ਦਾ ਬਾਪ ਤਾਂ ਮੁੜ ਕੇ ਨਹੀਂ ਆਵੇਗਾ।
ਇਹ ਮਸਲਾ ਇਕੱਲੇ ਜਸਵਿੰਦਰ ਸਿੰਘ ਪੂਹਲੀ ਦਾ ਨਹੀਂ, ਨਿੱਤ ਦਿਨ ਹੀ ਅਜਿਹੇ ਨੌਜਵਾਨ ਖੁਦਕੁਸ਼ੀਆਂ ਕਰਦੇ ਹਨ, ਜਿਹਨਾਂ ਨਾਲ ਧੱਕੇਸ਼ਾਹੀਆਂ ਹੁੰਦੀਆਂ ਹਨ ਅਤੇ ਕਿਤੋਂ ਵੀ ਇਨਸਾਫ਼ ਨਹੀਂ ਮਿਲਦਾ। ਉਹਨਾਂ ਦੇ ਪਰਿਵਾਰ ਦੁਸ਼ਵਾਰੀਆਂ ਦਾ ਬੋਝ ਝੱਲਣ ਲਈ ਮਜਬੂਰ ਹੋ ਜਾਂਦੇ ਹਨ। ਬੱਚਿਆਂ ਦਾ ਭਵਿੱਖ ਹਨੇਰੇ ਵਿੱਚ ਚਲਾ ਜਾਂਦਾ ਹੈ। ਜੇ ਇਹ ਮੰਨ ਲਈਏ ਕਿ ਅਜਿਹੀਆਂ ਘਟਨਾਵਾਂ ਬਾਰੇ ਸਿਸਟਮ ਜ਼ਿੰਮੇਵਾਰ ਹੈ ਤਾਂ ਫਿਰ ਇਸ ਸਿਸਟਮ ਨੂੰ ਸੁਧਾਰਨ ਦੀ ਜ਼ਿੰਮੇਵਾਰੀ ਕਿਸ ਦੀ ਹੈ? ਜੇਕਰ ਇਹ ਜ਼ਿੰਮੇਵਾਰੀ ਸਰਕਾਰਾਂ ਦੀ ਹੈ ਅਤੇ ਉਹ ਕਿਉਂ ਨਹੀਂ ਕਰ ਰਹੀਆਂ? ਸਰਕਾਰ ਦਾ ਕਰਤੱਵ ਹੈ ਲੋਕਾਂ ਦੇ ਆਤਮ ਵਿਸ਼ਵਾਸ ਨੂੰ ਮਜ਼ਬੂਤ ਕਰੇ। ਪਰ ਜੇ ਸਰਕਾਰਾਂ ਅੰਨ੍ਹੀਆਂ ਬੋਲੀਆਂ ਬਣ ਜਾਣ ਤਾਂ ਲੋਕਾਂ ਦਾ ਵੀ ਫਰਜ਼ ਬਣਦਾ ਹੈ ਕਿ ਅਜਿਹੇ ਮਨੁੱਖਤਾ ਨੂੰ ਮੌਤ ਦੇ ਖੂਹ ਵਿੱਚ ਧੱਕਣ ਵਾਲੇ ਸਿਸਟਮ ਵਿਰੁੱਧ ਇੱਕਮੁੱਠ ਹੋ ਕੇ ਕਿਸੇ ਵੱਡੇ ਸੰਘਰਸ਼ ਦੇ ਰਾਹ ਤੁਰਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5296)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.