“ਆਪਣੇ ਅੰਦਰ ਪੈਦਾ ਹੋਏ ਇਨ੍ਹਾਂ ਵਿਚਾਰਾਂ ’ਤੇ ਗੌਰ ਕਰਕੇ ਉਸਨੇ ਅਜਿਹੇ ਮਾਵਾਂ ਤੋਂ ਬਗੈਰ ਬੱਚਿਆਂ ...”
(15 ਫਰਵਰੀ 2026)

ਦਾਨ ਕੇਵਲ ਪੈਸੇ ਦਾ ਹੀ ਨਹੀਂ ਹੁੰਦਾ, ਬਲਕਿ ਬਹੁਤ ਪ੍ਰਕਾਰ ਦਾ ਹੁੰਦਾ ਹੈ। ਦਾਨ ਦਾ ਬਹੁਤਾ ਮਹੱਤਵ ਇਨਸਾਨੀ ਜ਼ਿੰਦਗੀ ਨਾਲ ਹੈ, ਇਸੇ ਕਰਕੇ ਵੱਖ ਵੱਖ ਤਰ੍ਹਾਂ ਦਾ ਦਾਨ ਕੀਤਾ ਜਾਂਦਾ ਹੈ, ਜਿਵੇਂ ਭੋਜਨ ਦਾਨ, ਦਵਾਈਆਂ ਦਾ ਦਾਨ, ਖੂਨ ਦਾਨ, ਅੰਗ ਦਾਨ ਆਦਿ। ਸਿਆਣੇ ਕਹਿੰਦੇ ਹਨ ਕਿ ਜੇਕਰ ਤੁਸੀਂ ਹੋਰ ਕੁਝ ਦਾਨ ਨਹੀਂ ਕਰ ਸਕਦੇ ਤਾਂ ਚੁੱਪ ਦਾ ਦਾਨ ਹੀ ਕਰੋ, ਇਹ ਵੀ ਕਿਸੇ ਦੁਖੀ ਜਾਂ ਮਰੀਜ਼ ਲਈ ਰਾਹਤ ਪਹੁੰਚਾ ਸਕਦਾ ਹੈ। ਪ੍ਰਸਿੱਧ ਵਿਦਵਾਨ ਸ੍ਰੀ ਆਇਨ ਹੈੱਡ ਦਾ ਕਹਿਣਾ ਹੈ ਕਿ ਸਦੀਆਂ ਤੋਂ ਸੰਸਾਰ ਵਿੱਚ ਅਜਿਹੇ ਇਨਸਾਨ ਜਨਮ ਲੈਂਦੇ ਰਹੇ ਹਨ ਜਿਨ੍ਹਾਂ ਨੇ ਸਿਰਫ ਆਪਣੀ ਸਮਝ ਨਾਲ ਲੈਸ ਹੋ ਕੇ ਨਵੇਂ ਰਸਤਿਆਂ ਉੱਤੇ ਤੁਰਨ ਦਾ ਹੌਸਲਾ ਕੀਤਾ ਹੈ। ਇਹ ਨਵੇਂ ਕੀਰਤੀਮਾਨ ਸਥਾਪਤ ਕਰਕੇ ਲੋਕਾਂ ਨੂੰ ਨਵੇਂ ਰਾਹ ਵਿਖਾਉਂਦੇ ਰਹੇ ਹਨ। ਹੁਣ ਅਜਿਹੀ ਇੱਕ ਭਾਰਤੀ ਖਿਡਾਰਨ ਜਵਾਲਾ ਗੁੱਟਾ ਨੇ ਦੁਨੀਆਂ ਤੋਂ ਵੱਖਰਾ ਕਰਕੇ ਵਿਖਾਇਆ ਹੈ, ਉਸਨੇ ਮਾਂ ਬਾਹਰੇ ਨਵਜੰਮੇ ਬੱਚਿਆਂ ਲਈ ਆਪਣੀ ਛਾਤੀ ਦਾ ਦੁੱਧ ਦਾਨ ਕਰਕੇ ਦਾਨ ਕਰਨ ਦੀ ਪ੍ਰਥਾ ਵਿੱਚ ਨਵੇਂ ਝੰਡੇ ਗੱਡ ਦਿੱਤੇ ਹਨ।
ਮਹਾਰਾਸ਼ਟਰ ਦੇ ਪਿੰਡ ਵਾਰਧਾ ਵਿੱਚ 1983 ਵਿੱਚ ਜਨਮੀ ਜਵਾਲਾ ਗੁੱਟਾ ਛੇ ਸਾਲ ਦੀ ਉਮਰ ਵਿੱਚ ਹੀ ਬੈਡਮਿੰਟਨ ਖੇਡਣ ਲੱਗ ਗਈ ਸੀ। ਇੱਕ ਚੰਗੇ ਕੋਚ ਵੱਲੋਂ ਕਰਵਾਈ ਮਿਹਨਤ ਸਦਕਾ ਉਹ ਉੱਚਕੋਟੀ ਦੀ ਡਬਲਜ਼ ਬੈਡਮਿੰਟਨ ਖਿਡਾਰਨ ਬਣ ਗਈ। ਸਾਲ 2010 ਵਿੱਚ ਉਸਨੇ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ। 2011 ਵਿੱਚ ਅਰਜਨ ਐਵਾਰਡ ਹਾਸਲ ਕੀਤਾ ਅਤੇ 2016 ਵਿੱਚ ਹੋਈਆਂ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ। ਕੁੱਲ 316 ਮੈਚ ਜਿੱਤ ਕੇ ਉਹ ਭਾਰਤ ਦੀ ਸਭ ਤੋਂ ਵੱਧ ਜਿੱਤਾਂ ਹਾਸਲ ਕਰਨ ਵਾਲੀ ਖਿਡਾਰਨ ਬਣੀ। ਖੇਡਾਂ ਵਿੱਚ ਵੱਡੀਆਂ ਪ੍ਰਾਪਤੀਆਂ ਕਰਨ ਦੇ ਨਾਲ ਨਾਲ ਉਹ ਆਮ ਲੋਕਾਂ ਪ੍ਰਤੀ ਵੀ ਚਿੰਤਾ ਕਰਦੀ ਰਹਿੰਦੀ ਹੈ। ਉਹ ਸਮਾਜਿਕ ਕੁਰੀਤੀਆਂ ਵਿਰੁੱਧ ਹਮੇਸ਼ਾ ਆਵਾਜ਼ ਉਠਾਉਂਦੀ ਹੈ ਅਤੇ ਕੁਰੀਤੀਆਂ ਰੋਕਣ ਲਈ ਹਰ ਸੰਭਵ ਸਹਿਯੋਗ ਦੇਣ ਨੂੰ ਵੀ ਆਪਣਾ ਫਰਜ਼ ਸਮਝਦੀ ਹੈ। ਉਹ ਖੇਡਾਂ, ਸਿੱਖਿਆ ਅਤੇ ਸਿਹਤ ਲਈ ਲੋਕਾਂ ਦੀ ਮਦਦ ਕਰਨ ਤੋਂ ਇਲਾਵਾ ਔਰਤਾਂ ਦੇ ਹੱਕਾਂ, ਬਰਾਬਰੀ ਅਤੇ ਮੁੰਡੇ ਕੁੜੀ ਦੇ ਲਿੰਗ ਅਨੁਪਾਤ ਨੂੰ ਘੱਟ ਕਰਨ ਵੱਲ ਹਮੇਸ਼ਾ ਧਿਆਨ ਦੇ ਕੇ ਸਹਿਯੋਗ ਕਰਨ ਵਿੱਚ ਜੁਟੀ ਰਹਿੰਦੀ ਹੈ।
ਉਸਦਾ ਸਾਲ 2021 ਵਿੱਚ ਸ੍ਰੀ ਵਿਸ਼ਨੂੰ ਵਿਸ਼ਾਲ ਨਾਲ ਵਿਆਹ ਹੋ ਗਿਆ, ਜੋ ਇੱਕ ਚੰਗੇ ਅਭਿਨੇਤਾ ਹਨ, ਜੋ ਉਸਦੇ ਸਮਾਜ ਭਲਾਈ ਕੰਮਾਂ ਵਿੱਚ ਸਾਥ ਦਿੰਦੇ ਹਨ। ਹੁਣ ਇਸ ਖਿਡਾਰਨ ਜਵਾਲਾ ਗੁੱਟਾ ਨੇ ਵਿਆਹ ਤੋਂ ਕਰੀਬ ਚਾਰ ਸਾਲ ਬਾਅਦ ਇੱਕ ਪੁੱਤਰੀ ਨੂੰ ਜਨਮ ਦਿੱਤਾ ਹੈ। ਉਸਨੇ ਆਪਣੀ ਬੱਚੀ ਦੀ ਤੰਦਰੁਸਤੀ ਲਈ ਆਪਣੀ ਛਾਤੀ ਦਾ ਦੁੱਧ ਪਿਲਾਉਣ ਨੂੰ ਤਰਜੀਹ ਦਿੱਤੀ, ਕਿਉਂਕਿ ਡਾਕਟਰਾਂ ਦਾ ਕਹਿਣਾ ਸੀ ਕਿ ਮਾਂ ਦਾ ਦੁੱਧ ਅੰਮ੍ਰਿਤ ਹੁੰਦਾ ਹੈ ਅਤੇ ਉਸ ਵਿੱਚ ਉਹ ਸਾਰੇ ਪੌਸ਼ਿਕ ਤੱਤ ਹੁੰਦੇ ਹਨ, ਜੋ ਇੱਕ ਬੱਚੇ ਨੂੰ ਤੰਦਰੁਸਤੀ ਅਤੇ ਵਾਧੇ ਲਈ ਲੋੜੀਂਦੇ ਹੁੰਦੇ ਹਨ। ਆਪਣੀ ਬੱਚੀ ਨੂੰ ਦੁੱਧ ਪਿਲਾਉਂਦਿਆਂ ਉਸਨੂੰ ਖਿਆਲ ਆਇਆ ਕਿ ਹਸਪਤਾਲਾਂ ਵਿੱਚ ਅਜਿਹੇ ਨਵਜੰਮੇ ਬੱਚੇ ਵੀ ਪਏ ਹਨ, ਜਿਨ੍ਹਾਂ ਦੀਆਂ ਮਾਵਾਂ ਨਹੀਂ ਹਨ। ਪਰ ਉਹ ਵੀ ਰਾਸ਼ਟਰ ਦਾ ਭਵਿੱਖ ਹਨ, ਉਹਨਾਂ ਨੂੰ ਵੀ ਅੰਮ੍ਰਿਤ ਦੀ ਜ਼ਰੂਰਤ ਹੈ। ਇਨ੍ਹਾਂ ਮਾਂ ਬਾਹਰੇ ਬੱਚਿਆਂ ਦੀ ਸੇਵਾ ਕਰਨਾ ਇੱਕ ਉੱਤਮ ਕੰਮ ਹੋ ਸਕਦਾ ਹੈ।
ਆਪਣੇ ਅੰਦਰ ਪੈਦਾ ਹੋਏ ਇਨ੍ਹਾਂ ਵਿਚਾਰਾਂ ’ਤੇ ਗੌਰ ਕਰਕੇ ਉਸਨੇ ਅਜਿਹੇ ਮਾਵਾਂ ਤੋਂ ਬਗੈਰ ਬੱਚਿਆਂ ਨੂੰ ਅੰਮ੍ਰਿਤ ਰੂਪੀ ਦੁੱਧ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ। ਹੁਣ ਉਹ ਆਪਣੀ ਬੇਟੀ ਨੂੰ ਦੁੱਧ ਪਿਲਾਉਣ ਤੋਂ ਬਾਅਦ ਆਪਣੀ ਛਾਤੀ ਦਾ 6 ਸੌ ਮਿਲੀਲਿਟਰ ਦੁੱਧ ਰੋਜ਼ਾਨਾ ਅਜਿਹੇ ਮਾਂ ਬਾਹਰੇ ਬੱਚਿਆਂ ਲਈ ਦਾਨ ਕਰ ਰਹੀ ਹੈ। ਹੁਣ ਤਕ ਉਹ 30 ਲਿਟਰ ਦੁੱਧ ਅਜਿਹੇ ਮਾਸੂਮ ਬੱਚਿਆਂ ਲਈ ਦਾਨ ਕਰ ਚੁੱਕੀ ਹੈ। ਇਸ ਤਰ੍ਹਾਂ ਇੱਕ ਅਨੋਖੀ ਮੁਹਿੰਮ ਚਲਾ ਕੇ ਜਵਾਲਾ ਗੁੱਟਾ ਨੇ ਦਾਨ ਕਰਨ ਦੀ ਪ੍ਰਥਾ ਵਿੱਚ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ। ਉਹ ਲੋਕਾਂ ਲਈ ਪ੍ਰੇਰਨਾਸਰੋਤ ਬਣ ਗਈ ਹੈ। ਸਲਾਮ ਹੈ ਜਵਾਲਾ ਗੁੱਟਾ ਦੇ ਇਸ ਮਹਾਨ ਕਾਰਜ ਲਈ।
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































