BalwinderSBhullar7ਜਿਹੜੀ ਸਰਕਾਰ ਮਾਂ, ਪਤਨੀ ਅਤੇ ਧੀ ਦਾ ਰੁਤਬਾ ਹਾਸਲ ਕਰਨ ਵਾਲੀ ਔਰਤ ਦੀ ...
(20 ਮਈ 2026)


ਸੰਸਾਰ ਵਿੱਚ ਅੱਜ ਅਸੀਂ ਕਿੱਥੇ ਖੜ੍ਹੇ ਹਾਂ ਇਸ ’ਤੇ ਬਹੁਤਾ ਖੁਸ਼ ਨਹੀਂ ਹੋਣਾ ਚਾਹੀਦਾ
, ਸਗੋਂ ਚਿੰਤਾ ਇਹ ਹੋਣੀ ਚਾਹੀਦੀ ਹੈ ਕਿ ਅਸੀਂ ਜਾ ਕਿੱਧਰ ਨੂੰ ਰਹੇ ਹਾਂਸਰਕਾਰਾਂ ਦਾ ਪਹਿਲਾ ਫਰਜ਼ ਆਪਣੇ ਦੇਸ ਦੇ ਸਮਾਜਿਕ ਵਿਰਸੇ ਸੱਭਿਆਚਾਰ ਨੂੰ ਸੰਭਾਲਣ ਦਾ ਹੁੰਦਾ ਹੈ, ਪਰ ਇਹ ਤਬਾਹ ਹੋ ਰਿਹਾ ਹੈਇਸ ਵੱਲ ਸਰਕਾਰਾਂ ਦਾ ਕੋਈ ਧਿਆਨ ਨਹੀਂ ਹੈ ਸੱਤਾਧਾਰੀ ਲੋਕ ਵਿਕਾਸ ਦੇ ਸਬਜ਼ਬਾਗ ਦਿਖਾ ਕੇ ਆਪ ਵੀ ਖੁਸ਼ ਹੋ ਰਹੇ ਹਨ ਅਤੇ ਜਨਤਾ ਨੂੰ ਵੀ ਪਰਚਾਉਣ ਵਿੱਚ ਲੱਗੇ ਹੋਏ ਹਨ

ਕਿਸੇ ਦੇਸ ਦੇ ਸਮਾਜ ਅਤੇ ਵਿਰਸੇ ਦੀ ਨੈਤਿਕਤਾ ਦੀ ਪਛਾਣ ਇਸ ਗੱਲ ਤੋਂ ਹੁੰਦੀ ਹੈ ਕਿ ਉਹ ਆਪਣੇ ਬੱਚਿਆਂ ਲਈ ਕੀ ਕਰਦਾ ਹੈ, ਔਰਤਾਂ ਲਈ ਕੀ ਕਰਦਾ ਹੈਜੇਕਰ ਇਸ ਸੰਦਰਭ ਵਿੱਚ ਦੇਖੀਏ ਤਾਂ ਸਾਡੇ ਦੇਸ ਵਿੱਚ ਬੱਚਿਆਂ ਅਤੇ ਖਾਸ ਕਰਕੇ ਲੜਕੀਆਂ, ਔਰਤਾਂ ਦਾ ਭਵਿੱਖ ਅਸੁਰੱਖਿਅਤ ਹੈਉਹਨਾਂ ਦਾ ਭਵਿੱਖ ਹਨੇਰੇ ਵਾਲਾ ਦਿਖਾਈ ਦੇ ਰਿਹਾ ਹੈ। ਰੁਜ਼ਗਾਰ ਮਿਲਣ ਦੀਆਂ ਸੰਭਾਵਨਾਵਾਂ ਘਟ ਜਾਣ ਦੀ ਗੱਲ ਤਾਂ ਦੂਰ, ਨਿੱਤ ਦਿਨ ਅਗਵਾ ਕਰਨ, ਕੁੱਟਮਾਰ, ਕਤਲ, ਬਲਾਤਕਾਰ, ਛੇੜਛਾੜ ਆਦਿ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈਹਵਸ ਦਾ ਸ਼ਿਕਾਰ ਨਾਬਾਲਗ ਬਾਲੜੀਆਂ ਮਾਂਵਾਂ ਬਣ ਰਹੀਆਂ ਹਨਅਜਿਹੇ ਅਪਰਾਧਾਂ ਸੰਬੰਧੀ ਭਾਰਤ ਦੀਆਂ ਸਰਕਾਰਾਂ ਨੇ ਅਨੇਕਾਂ ਕਾਨੂੰਨ ਬਣਾਏ ਹਨ ਅਤੇ ਬਣਾ ਰਹੀਆਂ ਹਨ ਪਰ ਉਹਨਾਂ ਨੂੰ ਲਾਗੂ ਕਰਨ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾਸਰਕਾਰਾਂ ਦੁਆਰਾ ਕਾਨੂੰਨ ਨੂੰ ਲਾਗੂ ਕਰ ਸਕਣ ਦੀ ਅਸਫਲਤਾ ਤੋਂ ਵੱਡਾ ਹੋਰ ਕੋਈ ਦੋਸ਼ ਅਤੇ ਨਲਾਇਕੀ ਨਹੀਂ ਹੋ ਸਕਦੀ

ਸਾਡਾ ਦੇਸ ਗੁਰੂਆਂ ਪੀਰਾਂ ਰਹਿਬਰਾਂ ਦੀ ਧਰਤੀ ਹੈ, ਸਦੀਆਂ ਪਹਿਲਾਂ ਇਸ ਧਰਤੀ ’ਤੇ ਹਮਲਾ ਕਰਨ ਵਾਲੇ ਮੁਗਲ ਹਮਲਾਵਰਾਂ ਵੱਲੋਂ ਅਗਵਾ ਕਰਕੇ ਲਿਜਾਈਆਂ ਜਾਂਦੀਆਂ ਮੁਟਿਆਰਾਂ ਨੂੰ ਜੰਗਲਾਂ ਵਿੱਚ ਰਹਿੰਦੇ ਸਿੱਖ ਛੁਡਵਾ ਕੇ ਉਹਨਾਂ ਦੇ ਘਰੀਂ ਪਹੁੰਚਾਉਂਦੇ ਰਹੇ ਹਨਇਹ ਸਾਡਾ ਵਿਰਸਾ ਹੈ, ਜਿਸ ’ਤੇ ਸਾਨੂੰ ਮਾਣ ਹੈ ਅਤੇ ਦੁਨੀਆਂ ਭਰ ਵਿੱਚ ਅਜਿਹੀਆਂ ਕਹਾਣੀਆਂ ਪ੍ਰਚਲਿਤ ਹਨਪਰ ਅੱਜ ਜਿਸ ਦੇਸ ਨੂੰ ਅਸੀਂ ਤਰੱਕੀ ਦੀਆਂ ਬੁਲੰਦੀਆਂ ਛੋਹਣ ਵਾਲਾ ਕਹਿ ਰਹੇ ਹਾਂ, ਇਸ ਵਿੱਚ ਆਪਣੇ ਲੋਕਾਂ ਦੀਆਂ ਸਰਕਾਰਾਂ ਹੋਣ ਦੇ ਬਾਵਜੂਦ ਔਰਤਾਂ, ਬੱਚੀਆਂ ਨਾਲ ਮੁਗ਼ਲਾਂ ਦੇ ਰਾਜ ਵਾਂਗ ਵਰਤਾਓ ਕਰਨ ਦੀਆਂ ਘਟਨਾਵਾਂ ਵਾਪਰ ਰਹੀਆਂ ਹਨਸਾਡੇ ਦੇਸ਼ ਦੀਆਂ ਧੀਆਂ ਨਾਲ ਸਾਡੇ ਹੀ ਦੇਸ ਦੇ ਲੋਕਾਂ ਵੱਲੋਂ ਜੋ ਕੀਤਾ ਜਾ ਰਿਹਾ ਹੈ, ਇਹ ਯਾਦ ਕਰਦਿਆਂ ਕਲੇਜਾ ਮੂੰਹ ਨੂੰ ਆਉਂਦਾ ਹੈਪਰ ਲੋਕਾਂ ਦੀ ਰੱਖਿਆ ਕਰਨ ਵਾਲੀ ਪੁਲਿਸ ਵੀ ਇਨਸਾਫ ਦਿਵਾਉਣ ਲਈ ਕੁਝ ਕਰਦੀ ਨਜ਼ਰ ਨਹੀਂ ਆ ਰਹੀਬਲਾਤਕਾਰ ਜਾਂ ਛੇੜਛਾੜ ਦੇ ਬਹੁਤੇ ਕੇਸਾਂ ਨੂੰ ਤਾਂ ਦਬਾਅ ਦੇਣ ’ਤੇ ਹੀ ਜ਼ੋਰ ਪਾਇਆ ਜਾਂਦਾ ਹੈ। ਜੇਕਰ ਮੁਕੱਦਮਾ ਦਰਜ  ਕੀਤਾ ਵੀ ਜਾਵੇ ਤਾਂ ਅਜਿਹਾ ਕੀਤਾ ਜਾਂਦਾ ਹੈ ਕਿ ਮੁਲਜਮ ਕੁਝ ਮਹੀਨਿਆਂ ਵਿੱਚ ਬਰੀ ਹੋ ਕੇ ਮੁੜ ਵੱਧ ਹੌਸਲੇ ਨਾਲ ਅਪਰਾਧ ਕਰਨ ਲਗਦੇ ਹਨਅਦਾਲਤਾਂ ਵੱਲੋਂ ਵੀ ਪੀੜਿਤਾਂ ਨੂੰ ਇਨਸਾਫ ਨਹੀਂ ਮਿਲਦਾ, ਆਖਰ ਉਹ ਸਾਰੀ ਉਮਰ ਸ਼ਰਮਿੰਦਗੀ ਵਾਲੀ ਜ਼ਿੰਦਗੀ ਹੰਢਾਉਂਦੀਆਂ ਹਨ ਜਾਂ ਫਿਰ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲ੍ਹਾ ਖਤਮ ਕਰ ਲੈਂਦੀਆਂ ਹਨ

ਜਿਸਨੂੰ ਇਤਿਹਾਸ ਦਾ ਜ਼ਰਾ ਜਿੰਨਾ ਵੀ ਗਿਆਨ ਹੈ ਉਹ ਇਹ ਜਾਣਦਾ ਹੈ ਕਿ ਮਹਾਨ ਸਮਾਜਿਕ ਤਬਦੀਲੀਆਂ ਔਰਤਾਂ ਦੇ ਉਭਾਰ ਤੋਂ ਬਿਨਾਂ ਅਸੰਭਵ ਹਨ ਸਮਾਜਿਕ ਤਰੱਕੀ ਸਹੀ ਢੰਗ ਨਾਲ ਔਰਤਾਂ ਦੀ ਸਮਾਜਿਕ ਪੁਜ਼ੀਸ਼ਨ ਤੋਂ ਹੀ ਮਿਣੀ ਜਾ ਸਕਦੀ ਹੈਇਹ ਵੀ ਸਚਾਈ ਹੈ ਕਿ ਜਦੋਂ ਤਕ ਔਰਤਾਂ ਦੀ ਸਥਿਤੀ ਵਿੱਚ ਸੁਧਾਰ ਨਹੀਂ ਹੁੰਦਾ, ਉਦੋਂ ਤਕ ਸੰਸਾਰ ਦਾ ਭਲਾ ਨਹੀਂ ਹੋ ਸਕਦਾਪਰ ਭਾਰਤ ਵਿੱਚ ਔਰਤ ਜਾਤੀ ਨਾਲ ਕੀ ਵਾਪਰ ਰਿਹਾ ਹੈ, ਜੇ ਇਸ ’ਤੇ ਡੁੰਘਾਈ ਨਾਲ ਵਿਚਾਰ ਕਰੀਏ ਤਾਂ ਦੁੱਖ ਅਤੇ ਚਿੰਤਾ ਨਾਲ ਮਨ ਉਦਾਸ ਹੀ ਨਹੀਂ ਸਗੋਂ ਸ਼ਰਮਸਾਰ ਹੋ ਜਾਂਦਾ ਹੈ

ਮਿਸਾਲ ਵਜੋਂ ਕਈ ਸਾਲ ਪਹਿਲਾਂ ਸਲੀਮ ਕੁਰੈਸ਼ੀ ਆਪਣੀ ਗਰਭਵਤੀ ਭੈਣ ਦਾ ਪਤਾ ਲੈਣ ਲਈ ਪਰਿਵਾਰ ਸਮੇਤ ਬੁਲੰਦ ਸ਼ਹਿਰ ਵੱਲ ਜਾਂਦਾ ਹੋਇਆ ਜਦੋਂ ਨੋਇਡਾ ਦੇ ਨਜ਼ਦੀਕ ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਜੇਵਰ ਇਲਾਕੇ ਵਿੱਚ ਪੁੱਜਾ ਤਾਂ ਗੁੰਡਿਆਂ ਨੇ ਉਸਦੀ ਕਾਰ ਦੇ ਟਾਇਰ ਵਿੱਚ ਗੋਲੀ ਮਾਰ ਕੇ ਕਾਰ ਰੋਕ ਲਈ, ਮਰਦਾਂ ਨੂੰ ਬੰਨ੍ਹ ਦਿੱਤਾ ਅਤੇ ਔਰਤਾਂ ਨੂੰ ਖੇਤਾਂ ਵਿੱਚ ਲਿਜਾ ਕੇ ਉਹਨਾਂ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆਇਸੇ ਤਰ੍ਹਾਂ ਹਰਿਆਣਾ ਵਿੱਚ ਜਾਟ ਅੰਦੋਲਨ ਸਮੇਂ ਗੜਗਾਓ ਨਜ਼ਦੀਕ ਗੁੰਡਿਆਂ ਨੇ ਗੱਡੀਆਂ ਰੋਕ ਰੋਕ ਕੇ ਮਰਦਾਂ ਦੀ ਕੁੱਟ ਮਾਰ ਕਰਦਿਆਂ ਉਹਨਾਂ ਦੀਆਂ ਔਰਤਾਂ ਅਤੇ ਲੜਕੀਆਂ ਨੂੰ ਖੋਹ ਕੇ ਉਹਨਾਂ ਨਾਲ ਸਮੂਹਿਕ ਬਲਾਤਕਾਰ ਕੀਤੇ ਸਨ। ਸਮੇਂ ਦੀ ਸਰਕਾਰ ਨੇ ਇਹ ਘਟਨਾਵਾਂ ਵਾਪਰਨ ਬਾਰੇ ਹੀ ਇਨਕਾਰ ਕਰ ਦਿੱਤਾ ਸੀ

ਔਰਤਾਂ ਹੀ ਨਹੀਂ, ਛੋਟੀਆਂ ਛੋਟੀਆਂ ਬਾਲੜੀਆਂ ਨੂੰ ਹਵਸ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਅਤੇ ਕਈ ਤਾਂ ਮਾਂ ਬਣਨ ਲਈ ਮਜਬੂਰ ਹੋ ਜਾਂਦੀਆਂ ਹਨਬੀਤੇ ਸਾਲ ਚੰਡੀਗੜ੍ਹ ਦੇ ਇੱਕ ਹਸਪਤਾਲ ਵਿੱਚ ਦੇਸ਼ ਦੀ ਸਭ ਤੋਂ ਛੋਟੀ ਦਸ ਸਾਲ ਦੀ ਬਾਲੜੀ ਅਜਿਹੀ ਮਾਂ ਬਣ ਗਈ ਸੀਲੁਧਿਆਣਾ ਵਿੱਚ ਇੱਕ ਪੰਦਰਾਂ ਸਾਲ ਦੀ ਲੜਕੀ ਨੇ ਬੱਚੇ ਨੂੰ ਜਨਮ ਦੇ ਦਿੱਤਾ ਸੀਫਰੀਦਕੋਟ ਜ਼ਿਲ੍ਹੇ ਦੀ ਚੌਦਾਂ ਸਾਲ ਅਤੇ ਰੋਹਤਕ ਜ਼ਿਲ੍ਹੇ ਦੀ ਦਸ ਸਾਲ ਦੀ ਬੱਚੀ ਹਵਸ ਦਾ ਸ਼ਿਕਾਰ ਹੁੰਦੀ ਰਹੀ

ਹੁਣ ਰਾਜਸਥਾਨ ਵਿੱਚ ਵਾਪਰੀ ਇੱਕ ਗੈਂਗਰੇਪ ਘਟਨਾ ਨੇ ਫਿਰ ਇਨਸਾਫਪਸੰਦ ਲੋਕਾਂ ਦੇ ਹਿਰਦਿਆਂ ਨੂੰ ਵੰਲੂਧਰ ਕੇ ਰੱਖ ਦਿੱਤਾ ਹੈਇਸ ਸੂਬੇ ਦੇ ਜ਼ਿਲ੍ਹਾ ਜੋਧਪੁਰ ਦੇ ਇੱਕ ਪਿੰਡ ਦੀ ਲੜਕੀ ਨਾਲ ਕਈ ਸਾਲ ਪਹਿਲਾਂ ਇੱਕ ਸਰਵਿਸ ਸੈਂਟਰ ਅਪਰੇਟਰ ਨੇ ਬਲਾਤਕਾਰ ਕੀਤਾ ਸੀ। ਉਸ ਸਮੇਂ ਉਸਨੇ ਗੁਪਤ ਵੀਡੀਓ ਬਣਾ ਲਈ ਫਿਰ ਇਸ ਵੀਡੀਓ ਦੇ ਅਧਾਰ ’ਤੇ ਉਸ ਨਾਲ ਕਈ ਸਾਲ ਗੈਂਗਰੇਪ ਕਰਦੇ ਰਹੇ ਅਤੇ ਉਸਤੋਂ ਪੈਸਾ ਵੀ ਬਟੋਰਦੇ ਰਹੇਆਖਰ ਉਸਨੇ ਇਸ ਸਾਲ ਦੀ 20 ਮਾਰਚ ਨੂੰ ਖੁਦਕੁਸ਼ੀ ਕਰ ਲਈਪੁਲਿਸ ਨੇ ਇਸ ਮਾਮਲੇ ਸੰਬੰਧੀ ਐੱਫ ਆਈ ਆਰ ਦਰਜ ਕਰਕੇ ਖਾਨਾਪੂਰਤੀ ਤਾਂ ਕਰ ਦਿੱਤੀ, ਪਰ ਅਮਲ ਵਿੱਚ ਕਥਿਤ ਦੋਸ਼ੀਆਂ ਵਿਰੁੱਧ ਕੋਈ ਠੋਸ ਕਾਰਵਾਈ ਨਹੀਂ ਕੀਤੀਪੁਲਿਸ ਵੱਲੋਂ ਅਜਿਹੀ ਸ਼ਹਿ ਮਿਲਣ ’ਤੇ ਦੋਸ਼ੀਆਂ ਦੇ ਹੌਸਲੇ ਇਸ ਕਦਰ ਵਧ ਗਏ ਕਿ ਉਹਨਾਂ ਉਸਦੀ ਛੋਟੀ ਭੈਣ ਨਾਲ ਵੀ ਜਿਣਸੀ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ, ਜਿਸਨੇ ਆਪਣੀ ਮ੍ਰਿਤਕ ਭੈਣ ਦੀ ਮੌਤ ਸੰਬੰਧੀ ਇਨਸਾਫ ਦੀ ਮੰਗ ਕੀਤੀ ਸੀਉਸਨੇ ਪੁਲਿਸ ਕੋਲ ਸ਼ਿਕਾਇਤਾਂ ਕੀਤੀਆਂ, ਪਰ ਉਸਦੀ ਕਿਸੇ ਨਾ ਸੁਣੀਆਖਰ ਉਸਨੇ ਵੀ ਕੁਝ ਦਿਨ ਪਹਿਲਾਂ ਕੋਈ ਜ਼ਹਿਰੀਲੀ ਵਸਤੂ ਖਾ ਕੇ ਆਪਣੀ ਜੀਵਨ ਲੀਲ੍ਹਾ ਖਤਮ ਕਰ ਲਈ

ਸਵਾਲ ਉੱਠਦਾ ਹੈ ਕਿ ਜੇਕਰ ਬਲਾਤਕਾਰੀਆਂ ਵਿਰੁੱਧ ਸਖਤ ਕਾਰਵਾਈ ਹੁੰਦੀ, ਪੁਲਿਸ ਠੋਸ ਕਾਰਵਾਈ ਕਰਦੀ ਅਤੇ ਆਦਲਤਾਂ ਤੋਂ ਇਨਸਾਫ ਮਿਲ ਜਾਂਦਾ ਤਾਂ ਦੂਜੀ ਲੜਕੀ ਦੀ ਜਾਨ ਬਚਾਈ ਜਾ ਸਕਦੀ ਸੀਪਰ ਅਜਿਹਾ ਪਹਿਲੀ ਵਾਰ ਨਹੀਂ ਹੋਇਆਬਿਕਲੀਸ ਬਾਨੋ ਦੇ ਪਰਿਵਾਰ ਦੇ ਸੱਤ ਜੀਆਂ ਨੂੰ ਕਤਲ ਕਰਕੇ ਗੁੰਡਿਆਂ ਨੇ ਉਸ ਨਾਲ ਗੈਂਗਰੇਪ ਕੀਤਾ ਸੀ। ਉਸਨੇ ਕਈ ਸਾਲ ਲੰਬੀ ਲੜਾਈ ਲੜ ਕੇ ਦੋਸ਼ੀਆਂ ਨੂੰ ਸਜ਼ਾ ਦਿਵਾਈਪਰ ਦੋਸ਼ੀਆਂ ਦਾ ਸੰਬੰਧ ਦੇਸ਼ ’ਤੇ ਰਾਜ ਕਰਦੀ ਪਾਰਟੀ ਭਾਜਪਾ ਨਾਲ ਸੀ, ਜਿਸ ਕਰਕੇ ਭਾਜਪਾ ਸਰਕਾਰ ਨੇ ਦੋਸ਼ੀਆਂ ਨੂੰ ਸਜ਼ਾ ਪੂਰੀ ਕਰਨ ਤੋਂ ਪਹਿਲਾਂ ਹੀ ਰਿਹਾਅ ਕਰਵਾ ਦਿੱਤਾਪਰ ਬਿਕਲੀਸ ਬਾਨੋ ਨੇ ਮੁੜ ਅਦਾਲਤ ਦਾ ਦਰਵਾਜਾ ਖੜਕਾ ਕੇ ਉਹਨਾਂ ਨੂੰ ਦੁਬਾਰਾ ਜੇਲ੍ਹ ਭਿਜਵਾਇਆਅਜਿਹਾ ਹੀ ਨਿਰਭੈਆ ਕਾਂਡ ਸਮੇਂ ਹੋਇਆ। ਪੁਲਿਸ ਅਤੇ ਸਰਕਾਰਾਂ ਗੁੰਡਿਆਂ ਦਾ ਸਾਥ ਦਿੰਦੀਆਂ ਰਹੀਆਂਅਜਿਹੇ ਅਨੇਕਾਂ ਕੇਸ ਹਨ ਜਿਨ੍ਹਾਂ ਤੋਂ ਗੁੰਡਿਆਂ ਨੂੰ ਹੌਸਲਾ ਮਿਲਿਆ ਅਤੇ ਸ਼ਰੇਆਮ ਰੇਲਾਂ, ਬੱਸਾਂ, ਗੱਡੀਆਂ, ਅਤੇ ਹੋਰ ਪਬਲਿਕ ਥਾਂਵਾਂ ’ਤੇ ਬਲਾਤਕਾਰ ਦੀਆਂ ਘਟਨਾਵਾਂ ਵਾਪਰਨ ਲੱਗੀਆਂਜੇ ਪੁਲਿਸ ਦੋਸ਼ੀਆਂ ਵਿਰੁੱਧ ਬਣਦੀ ਸਖਤ ਕਾਰਵਾਈ ਕਰੇ, ਸਰਕਾਰਾਂ ਦੋਸ਼ੀਆਂ ਦੀ ਪੁਸ਼ਤਪਨਾਹੀ ਨਾ ਕਰਨ ਅਤੇ ਅਦਾਲਤਾਂ ਪੀੜਿਤਾਂ ਨੂੰ ਇਨਸਾਫ ਦੇਣ ਤਾਂ ਹੀ ਔਰਤਾਂ, ਬੱਚੀਆਂ ਦੇ ਬਲਾਤਕਾਰ ਅਤੇ ਜਿਣਸੀ ਸ਼ੋਸ਼ਣ ਨੂੰ ਰੋਕਿਆ ਜਾ ਸਕਦਾ ਹੈ। ਪਰ ਅਜਿਹਾ ਹੋ ਨਹੀਂ ਰਿਹਾ, ਇਹ ਦੁਖਦਾਈ ਹੈ

ਇਨ੍ਹਾਂ ਦੋਸ਼ਾਂ ਤੋਂ ਇਲਾਵਾ ਜੇਕਰ ਮਾਰਕੁੱਟ, ਛੇੜਛਾੜ, ਜਬਰਦਸਤੀ ਸ਼ਾਦੀ ਕਰ ਦੇਣ, ਜਨਮ ਤੋਂ ਪਹਿਲਾਂ ਭਰੂਣ ਦੀ ਹੱਤਿਆ ਕਰਨ, ਘਰਾਂ ਵਿੱਚ ਕੰਮ ਕਰਨ ਵਾਲੀਆਂ ਗਰੀਬ ਔਰਤਾਂ ਦਾ ਜਿਣਸੀ ਸ਼ੋਸ਼ਣ ਜਾਂ ਕਾਰਖਾਨਿਆਂ ਵਿੱਚ ਮਜ਼ਦੂਰ ਔਰਤਾਂ ਦੇ ਜਿਸਮਾਂ ਨੂੰ ਨੋਚ ਲੈਣ ਦੀਆਂ ਘਟਨਾਵਾਂ ਦੇ ਅੰਕੜੇ ਇਕੱਠੇ ਕੀਤੇ ਜਾਣ ਤਾਂ ਸ਼ਾਇਦ ਉਹਨਾਂ ਦੀ ਗਿਣਤੀ ਕਰਨੀ ਵੀ ਅਸੰਭਵ ਹੋਵੇਦੇਵਤਿਆਂ ਗੁਰੂਆਂ ਪੀਰਾਂ ਫਕੀਰਾਂ ਦੇ ਦੇਸ਼ ਭਾਰਤ ਵਿੱਚ ਔਰਤਾਂ ਉੱਪਰ ਜ਼ੁਲਮਾਂ ਵਿੱਚ ਹੋ ਰਿਹਾ ਲਗਾਤਾਰ ਵਾਧਾ ਮਨ ਨੂੰ ਠੇਸ ਪਹੁੰਚਾਉਂਦਾ ਹੈਪਰ ਪੁਲਿਸ, ਸਰਕਾਰਾਂ ਅਤੇ ਅਦਾਲਤਾਂ ਦੀ ਇਨ੍ਹਾਂ ਮਾਮਲਿਆਂ ਵਿੱਚ ਕਾਰਗੁਜ਼ਾਰੀ ਤਸੱਲੀਬਖਸ ਨਹੀਂ ਹੈ

ਕੁਝ ਸਾਲ ਪਹਿਲਾਂ ਗਲੋਬਲ ਐਕਸਪ੍ਰਟਸ ਵੱਲੋਂ ਸਰਵੇਖਣ ਕਰਵਾਇਆ ਗਿਆ ਸੀ। ਉਸ ਵਿੱਚ ਔਰਤ ਅਸੁਰੱਖਿਅਤ ਮਾਮਲਿਆਂ ਵਿੱਚ ਭਾਰਤ ਪਹਿਲੇ ਸਥਾਨ ’ਤੇ ਪਹੁੰਚ ਚੁੱਕਾ ਸਪਸ਼ਟ ਹੋਇਆ ਸੀਅਫਗਾਨਸਤਾਨ ਅਤੇ ਸੀਰੀਆ ਦੂਜੇ ਅਤੇ ਅਮਰੀਕਾ ਤੀਜੇ ਸਥਾਨ ’ਤੇ ਰਿਹਾ, ਜਦੋਂ ਕਿ ਸੋਮਾਲੀਆ ਚੌਥੇ ਅਤੇ ਸਾਉਦੀ ਅਰਬ ਪੰਜਵੇਂ ਥਾਂ ’ਤੇ ਰਿਹਾ ਸੀਨਿੱਤ ਦਿਨ ਭਾਰਤ ਵਿੱਚ ਬਲਾਤਕਾਰ, ਸਮੂਹਿਕ ਬਲਾਤਕਾਰ, ਮਸੂਮ ਬੱਚੀਆਂ ਨਾਲ ਬਲਾਤਕਾਰ ਅਤੇ ਕਤਲ, ਘਰੇਲੂ ਹਿੰਸਾ, ਔਰਤਾਂ ਨੂੰ ਗੁਲਾਮ ਬਣਾਉਣ, ਔਰਤਾਂ ਦੀ ਵੇਚ-ਖਰੀਦ, ਜਬਰਦਸਤੀ ਵਿਆਹ, ਸਰੀਰਕ ਸ਼ੋਸ਼ਣ, ਦਾਜ ਲਈ ਕਤਲ, ਤਲਾਕ, ਭਰੂਣ ਹੱਤਿਆ, ਮਾਰਕੁੱਟ ਆਦਿ ਘਟਨਾਵਾਂ ਵਾਪਰ ਹੀ ਨਹੀਂ ਰਹੀਆਂ ਬਲਕਿ ਉਹਨਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜੋ ਚਿੰਤਾਜਨਕ ਅਤੇ ਸ਼ਰਮਨਾਕ ਹੈ

ਜਿਹੜੀ ਸਰਕਾਰ ਮਾਂ, ਪਤਨੀ ਅਤੇ ਧੀ ਦਾ ਰੁਤਬਾ ਹਾਸਲ ਕਰਨ ਵਾਲੀ ਔਰਤ ਦੀ ਸੁਰੱਖਿਆ ਹੀ ਨਹੀਂ ਕਰ ਸਕਦੀ, ਉਸਤੋਂ ਹੋਰ ਆਸ ਕਿਵੇਂ ਰੱਖੀ ਜਾ ਸਕਦੀ ਹੈ? ਸੋ ਸਰਕਾਰਾਂ, ਅਦਾਲਤਾਂ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ, ਬੁੱਧੀਜੀਵੀਆਂ ਵੱਲੋਂ ਇਸ ਅਤੀ ਸੰਵੇਦਨਸ਼ੀਲ ਮਾਮਲੇ ਵੱਲ ਉਚੇਚਾ ਧਿਆਨ ਦੇਣਾ ਸਮੇਂ ਦੀ ਲੋੜ ਹੈ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਬਲਵਿੰਦਰ ਸਿੰਘ ਭੁੱਲਰ

ਬਲਵਿੰਦਰ ਸਿੰਘ ਭੁੱਲਰ

A veteran journalist and writer.
WhatsApp: (91 - 98882 - 75913)

Email: (bhullarbti@gmail.com)

More articles from this author