“ਇਸ ਨਹਿਰ ਦਾ ਜਿੱਧਰ ਨੂੰ ਪਾਣੀ ਜਾਂਦਾ ਹੈ, ਤੂੰ ਸੁਬ੍ਹਾ ਤਕ ਉੱਧਰ ਨੂੰ ਤੁਰਿਆ ਜਾਈਂ। ਤੂੰ ...”
(18 ਜੁਲਾਈ 2025)
ਪੰਜਾਬ ਦਾ ਕਾਲ਼ਾ ਦੌਰ ਸਿਖ਼ਰਾਂ ’ਤੇ ਸੀ। ਨਿੱਤ ਦਿਨ ਪੁਲਿਸ ਅਤੇ ਅੱਤਵਾਦੀਆਂ ਦੇ ਮੁਕਾਬਲੇ ਹੁੰਦੇ, ਬਹੁਤਾ ਕਰਕੇ ਅੱਤਵਾਦੀ ਹੀ ਮਾਰੇ ਜਾਂਦੇ ਸਨ ਕਿਉਂਕਿ ਉਹ ਥੋੜ੍ਹੀ ਜਗ੍ਹਾ ਵਿੱਚ ਘਿਰ ਗਏ ਹੁੰਦੇ ਸਨ। ਪਰ ਕਦੇ ਕਦੇ ਕੋਈ ਪੁਲਿਸ ਵਾਲਾ ਵੀ ਅੱਤਵਾਦੀਆਂ ਦੀ ਗੋਲੀਆਂ ਨਾਲ ਮਾਰਿਆ ਜਾਂਦਾ ਸੀ। ਮੌਤ ਮੌਤ ਵਿੱਚ ਫ਼ਰਕ ਜ਼ਰੂਰ ਹੁੰਦਾ ਸੀ, ਜੇ ਪੁਲਿਸ ਵਾਲਾ ਮਾਰਿਆ ਜਾਂਦਾ ਤਾਂ ਉਸ ਨੂੰ ਸ਼ਹੀਦ ਕਰਾਰ ਦੇ ਕੇ ਪੂਰਾ ਮਾਣ ਸਨਮਾਨ ਦਿੱਤਾ ਜਾਂਦਾ, ਉਸਦੇ ਵਾਰਸਾਂ ਨੂੰ ਹਰ ਤਰ੍ਹਾਂ ਦੀ ਮਦਦ ਅਤੇ ਸਹੂਲਤਾਂ ਦਿੱਤੀਆਂ ਜਾਂਦੀਆਂ। ਜੇ ਅੱਤਵਾਦੀ ਮਾਰਿਆ ਜਾਂਦਾ ਤਾਂ ਉਸਦੇ ਵਾਰਸਾਂ ਨੂੰ ਦੱਸਿਆ ਵੀ ਨਾ ਜਾਂਦਾ, ਉਸਦੀ ਲਾਸ਼ ਕਿਸੇ ਨਹਿਰ, ਦਰਿਆ ਵਿੱਚ ਰੋੜ੍ਹ ਦਿੱਤੀ ਜਾਂਦੀ ਜਾਂ ਫਿਰ ਵੇਲੇ ਕੁਵੇਲੇ ਕਿਸੇ ਸ਼ਮਸ਼ਾਨਘਾਟ ਵਿੱਚ ਪੁਲਿਸ ਹੀ ਸਸਕਾਰ ਕਰ ਦਿੰਦੀ।
ਉਦੋਂ ਪੰਜਾਬ ਦੇ ਹਾਲਾਤ ਹੀ ਅਜਿਹੇ ਬਣ ਚੁੱਕੇ ਸਨ ਕਿ ਜਦੋਂ ਕੋਈ ਮੁਕਾਬਲਾ ਹੁੰਦਾ ਅਤੇ ਅੱਤਵਾਦੀ ਮਾਰੇ ਜਾਂਦੇ, ਤਾਂ ਲੋਕ ਨਾ ਹੈਰਾਨ ਹੁੰਦੇ ਅਤੇ ਨਾ ਹੀ ਬਹੁਤਾ ਦੁੱਖ ਮਨਾਉਂਦੇ। ਇੱਕ ਨੌਜਵਾਨ ਦਾ ਦੁਨੀਆਂ ਤੋਂ ਚਲੇ ਜਾਣ ਦਾ ਕੁਝ ਦੁੱਖ ਤਾਂ ਮਹਿਸੂਸ ਕਰਦੇ, ਪਰ ਆਮ ਲੋਕ ਕਹਿ ਦਿੰਦੇ ਕਿ ਜਦੋਂ ਇਹ ਖਾੜਕੂ ਲਹਿਰ ਵਿੱਚ ਪੈ ਗਿਆ ਸੀ, ਉਦੋਂ ਹੀ ਪਤਾ ਲੱਗ ਗਿਆ ਸੀ ਕਿ ਇਸਨੇ ਇੱਕ ਨਾ ਇੱਕ ਦਿਨ ਮਾਰਿਆ ਹੀ ਜਾਣਾ ਹੈ। ਜਦੋਂ ਕਿਸੇ ਬੇਕਸੂਰ ਨੌਜਵਾਨ ਨੂੰ ਫੜ ਕੇ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਂਦਾ ਤਾਂ ਜ਼ਰੂਰ ਲੋਕ ਦੁੱਖ ਪ੍ਰਗਟ ਕਰਦੇ। ਬਹੁਤ ਸਾਰੇ ਉੱਚ ਪੁਲਿਸ ਅਫਸਰ ਅਜਿਹੇ ਸਨ, ਜੋ ਮੁਕੱਦਮਾ ਦਰਜ ਕਰਨ ਵਾਲੇ ਚੱਕਰ ਵਿੱਚ ਪੈਣ ਦੀ ਬਜਾਏ ਫੜੇ ਨੌਜਵਾਨ ਨੂੰ ਮਾਰ ਮੁਕਾਉਣ ਨੂੰ ਹੀ ਤਰਜੀਹ ਦਿੰਦੇ। ਉਹਨਾਂ ਦੇ ਮਨਾਂ ਵਿੱਚੋਂ ਮਨੁੱਖ ਪ੍ਰਤੀ ਮੋਹ ਸਤਿਕਾਰ ਜਾਂ ਕਿਸੇ ਦੇ ਜਿਊਣ ਦੇ ਹੱਕ ਬਾਰੇ ਖਿਆਲ ਖਤਮ ਹੋ ਗਏ ਸਨ। ਉਹ ਨੌਜਵਾਨਾਂ ਦਾ ਸ਼ਿਕਾਰ ਕਰਨ ਨੂੰ ਹੀ ਆਪਣਾ ਕਰਮ ਧਰਮ ਮੰਨਣ ਲੱਗ ਪਏ ਸਨ ਅਤੇ ਇਸ ਵਿੱਚੋਂ ਤਰੱਕੀਆਂ ਭਾਲਦੇ ਸਨ। ਇਹ ਗੱਲ ਅੱਜ ਭਾਵੇਂ ਸੱਚੀ ਨਹੀਂ ਲਗਦੀ, ਪਰ ਜਿਨ੍ਹਾਂ ਉਹ ਦੌਰ ਅੱਖੀਆਂ ਦੇਖਿਆ ਹੈ, ਉਹਨਾਂ ਤੋਂ ਪੁੱਛਿਆ ਜਾਵੇ ਤਾਂ ਇਹ ਸੱਚ ਉਜਾਗਰ ਹੋ ਜਾਂਦਾ ਹੈ।
ਇੱਕ ਦਿਨ ਪੰਜਾਬ ਦੇ ਇੱਕ ਉੱਚ ਅਧਿਕਾਰੀ ਨੇ ਇੱਕ ਥਾਣੇ ਦਾ ਦੌਰਾ ਕੀਤਾ। ਥਾਣੇ ਦੀ ਹਵਾਲਾਤ ਵਿੱਚ ਇੱਕ ਉੱਭਰਦੀ ਜਵਾਨੀ ਵਾਲਾ ਮੁੰਡਾ ਬੈਠਾ ਸੀ, ਜਿਸਦੇ ਸਿਰ ’ਤੇ ਜੂੜਾ, ਲੂਈਂ ਜਿਹੀ ਦਾਹੜੀ, ਲੰਬਾ ਕੱਦ ਸੀ। ਉਹ ਅੱਤਵਾਦੀ ਨਹੀਂ ਸੀ, ਕਿਸੇ ਗੁਆਂਢੀ ਨਾਲ ਮਾਮੂਲੀ ਝਗੜੇ ਕਾਰਨ ਹੀ ਫੜਿਆ ਗਿਆ ਸੀ। ਉਸ ਨੂੰ ਦੇਖਦਿਆਂ ਹੀ ਅਧਿਕਾਰੀ ਥਾਣੇ ਦੇ ਮੁਖੀ ਨੂੰ ਕਹਿਣ ਲੱਗਾ, “ਇਹ ਹਵਾਲਾਤ ਵਿੱਚ ਕਿਉਂ ਬਿਠਾਇਆ ਹੈ, ਅੱਜ ਸ਼ਾਮ ਨੂੰ ਇਸਦਾ ਨਿਬੇੜਾ ਕਰਕੇ ਮੈਨੂੰ ਰਿਪੋਰਟ ਕਰੀਂ।”
ਉੱਚ ਅਧਿਕਾਰੀ ਇੰਨਾ ਖੂੰਖਾਰ ਅਤੇ ਜ਼ਾਲਮ ਬਿਰਤੀ ਵਾਲ਼ਾ ਵਿਅਕਤੀ ਸੀ ਕਿ ਉਸ ਮੋਹਰੇ ਸਵਾਲ ਜਵਾਬ ਕਰਨ ਦਾ ਤਾਂ ਕੋਈ ਹੌਸਲਾ ਕਰ ਹੀ ਨਹੀਂ ਸੀ ਸਕਦਾ। ਥਾਣਾ ਮੁਖੀ ਨੇ “ਯੈੱਸ ਸਰ” ਕਿਹਾ, ਅਤੇ ਅਧਿਕਾਰੀ ਚਲਾ ਗਿਆ। ਥਾਣੇ ਦਾ ਮੁਖੀ ਸੱਚਾ ਸੁੱਚਾ, ਰੱਬ ਤੋਂ ਡਰਨ ਵਾਲਾ ਇਨਸਾਨ ਸੀ। ਉਸਨੇ ਨਾ ਕਦੇ ਕੋਈ ਗਲਤ ਕੰਮ ਕੀਤਾ ਸੀ ਅਤੇ ਨਾ ਕਰਨਾ ਚਾਹੁੰਦਾ ਸੀ। ਉਹ ਕਸੂਤੀ ਸਥਿਤੀ ਵਿੱਚ ਫਸ ਗਿਆ ਕਿ ਕੀ ਕੀਤਾ ਜਾਵੇ। ਉਹ ਬੇਕਸੂਰ ਨੌਜਵਾਨ ਨੂੰ ਮਾਰ ਮੁਕਾਉਣ ਨਾਲੋਂ ਤਾਂ ਵੱਡਾ ਹੋਰ ਪਾਪ ਨਹੀਂ ਹੋ ਸਕਦਾ, ਮੈਂ ਇਹ ਪਾਪ ਕਰਾਂ ਵੀ ਕਿਉਂ? ਦੂਜੇ ਪਾਸੇ ਅਫਸਰ ਨੂੰ ਰਿਪੋਰਟ ਵੀ ਦੇਣੀ ਹੈ, ਜੇ ਅਜਿਹਾ ਨਾ ਕੀਤਾ ਤਾਂ ਐਨਾ ਸਖ਼ਤ ਅਫਸਰ ਬੈਲਟ ਲੁਹਾ ਕੇ ਘਰ ਨੂੰ ਤੋਰ ਦੇਊ। ਉਹ ਸੋਚਾਂ ਵਿੱਚ ਡੁੱਬਿਆ ਉਦਾਸ ਜਿਹਾ ਬੈਠਾ ਰਿਹਾ।
ਉੱਪਰੋਂ ਸ਼ਾਮ ਢਲਣ ਲੱਗੀ। ਥਾਣਾ ਮੁਖੀ ਨੇ ਨੌਜਵਾਨ ਨੂੰ ਜਿਪਸੀ ਵਿੱਚ ਬਿਠਾਇਆ, ਨਾਲ ਆਪਣਾ ਇੱਕ ਵਿਸਵਾਸ਼ਪਾਤਰ ਸਿਪਾਹੀ ਲਿਆ ਅਤੇ ਰਾਜਸਥਾਨ ਨੂੰ ਜਾਣ ਵਾਲੀ ਨਹਿਰ ਦੀ ਪਟੜੀ ’ਤੇ ਜਾ ਖੜ੍ਹੇ। ਉਸਨੇ ਨੌਜਵਾਨ ਨੂੰ ਕਿਹਾ, “ਕਾਕਾ ਮੈਨੂੰ ਹੁਕਮ ਹੋਇਆ ਹੈ ਕਿ ਮੈਂ ਤੈਨੂੰ ਮਾਰ ਕੇ ਅਫਸਰ ਨੂੰ ਦੱਸਾਂ। ਮੈਂ ਹੁਕਮ ਵਿੱਚ ਬੱਝਾ ਹੋਇਆ ਹਾਂ, ਦੱਸ ਮੈਂ ਕੀ ਕਰਾਂ?”
ਨੌਜਵਾਨ ਹੱਥ ਜੋੜ ਕੇ ਕਹਿਣ ਲੱਗਾ, “ਤੁਹਾਡੀ ਮਰਜ਼ੀ ਐ ਜੀ, ਮੈਂ ਤਾਂ ਹੁਣ ਕੀ ਕਰ ਸਕਦਾ ਹਾਂ। ਮੇਰਾ ਕੋਈ ਕਸੂਰ ਤਾਂ ਹੈ ਨਹੀਂ। ਮੇਰੀ ਸੁਣਨੀ ਵੀ ਕਿਹਨੇ ਐ। ਤੁਸੀਂ ਜੋ ਮਰਜ਼ੀ ਕਰੋ, ਮੈਂ ਤਾਂ ਬੇਵੱਸ ਹਾਂ। ਜੇ ਤੁਸੀਂ ਠੀਕ ਸਮਝਦੇ ਓਂ ਤਾਂ ਗੋਲੀ ਮਾਰ ਦਿਓ, ਛੱਡ ਸਕਦੇ ਓਂ ਤਾਂ ਥੋਡੀ ਮਿਹਰਬਾਨੀ ਹੋਊਗੀ।”
ਇਹ ਬੋਲ ਸੁਣ ਕੇ ਥਾਣਾ ਮੁਖੀ ਨੇ ਦੋ ਕੁ ਮਿੰਟ ਸੋਚਿਆ ਤੇ ਫਿਰ ਕਹਿਣ ਲੱਗਾ, “ਭਾਈ! ਮੈਨੂੰ ਪਤੈ ਤੂੰ ਬੇਕਸੂਰ ਹੈਂ। ਬੇਕਸੂਰ ਨੂੰ ਮਾਰ ਦੇਣ ਦੀ ਕੋਈ ਵੀ ਧਰਮ ਇਜਾਜ਼ਤ ਨਹੀਂ ਦਿੰਦਾ। ਇਹ ਵੱਡਾ ਪਾਪ ਹੁੰਦਾ ਹੈ। ਹੁਣ ਤੈਨੂੰ ਇੱਕ ਭਰੋਸੇ ਨਾਲ ਛੱਡ ਸਕਦੇ ਹਾਂ ਕਿ ਇਸ ਨਹਿਰ ਦਾ ਜਿੱਧਰ ਨੂੰ ਪਾਣੀ ਜਾਂਦਾ ਹੈ, ਤੂੰ ਸੁਬ੍ਹਾ ਤਕ ਉੱਧਰ ਨੂੰ ਤੁਰਿਆ ਜਾਈਂ। ਤੂੰ ਪੰਜਾਬ ਤੋਂ ਬਾਹਰ ਹੋ ਜਾਵੇਂਗਾ। ਮੁੜ ਕੇ ਪੰਜਾਬ ਵੱਲ ਮੂੰਹ ਨਾ ਕਰੀਂ। ਆਪਣੇ ਘਰਦਿਆਂ ਨਾਲ ਵੀ ਕੋਈ ਰਾਬਤਾ ਨਾ ਰੱਖੀਂ। ਅਸੀਂ ਕਹਿ ਦਿਆਂਗੇ ਕਿ ਮਾਰ ਦਿੱਤਾ ਹੈ। ਜੇ ਤੈਨੂੰ ਇਹ ਮਨਜ਼ੂਰ ਹੈ ਤਾਂ ਜਾਹ ਭੱਜ ਜਾ। ਜੇ ਕਿਤੇ ਪੰਜਾਬ ਦਾ ਮਾਹੌਲ ਠੀਕ ਹੋ ਗਿਆ ਤਾਂ ਮੁੜ ਆਵੀਂ।”
ਨੌਜਵਾਨ ਡਰ ਨਾਲ ਕੰਬਦਾ ਹੋਇਆ ਕਹਿਣ ਲੱਗਾ, “ਤੁਸੀਂ ਮੇਰੇ ਤੁਰੇ ਜਾਂਦੇ ਦੇ ਪਿੱਛੋਂ ਗੋਲੀ ਮਾਰੋਂਗੇ।”
ਥਾਣਾ ਮੁਖੀ ਭਰੋਸਾ ਦਿੰਦਾ ਕਹਿਣ ਲੱਗਾ, “ਨਹੀਂ ਕਾਕਾ! ਤੂੰ ਮੇਰੇ ਪੁੱਤਾਂ ਵਰਗਾ ਐਂ, ਬੱਸ ਟਾਈਮ ਨਾ ਖਰਾਬ ਕਰ। ਤੁਰ ਜਾ ਜੇ ਬਚਣਾ ਹੈ। ਪਰ ਮੇਰੀ ਗੱਲ ’ਤੇ ਪੱਕਾ ਰਹੀਂ।”
ਜਾਨ ਕਿਸ ਨੂੰ ਪਿਆਰੀ ਨਹੀਂ ਹੁੰਦੀ। ਨੌਜਵਾਨ ਨਹਿਰ ਦੀ ਪਟੜੀ ਪਟੜੀ ਤੁਰ ਪਿਆ। ਥਾਣਾ ਮੁਖੀ ਉੱਥੇ ਖੜ੍ਹਾ ਉਸ ਨੂੰ ਉਦੋਂ ਤਕ ਦੇਖਦਾ ਰਿਹਾ, ਜਦੋਂ ਤਕ ਉਹ ਅੱਖਾਂ ਤੋਂ ਓਹਲੇ ਨਾ ਹੋ ਗਿਆ। ਫਿਰ ਉਸਨੇ ਆਪਣੇ ਉੱਚ ਅਧਿਕਾਰੀ ਕੋਲ ਜਾ ਰਿਪੋਰਟ ਪੇਸ਼ ਕੀਤੀ, “ਜਨਾਬ, ਤੁਹਾਡੇ ਹੁਕਮ ਦੀ ਪਾਲਣਾ ਕਰਦਿਆਂ ਮੈਂ ਉਸ ਲੜਕੇ ਨੂੰ ਮਾਰ ਕੇ ਲਾਸ਼ ਨਹਿਰ ਵਿੱਚ ਸੁੱਟ ਦਿੱਤੀ ਹੈ।”
ਨੌਜਵਾਨ ਦੇ ਘਰਦਿਆਂ ਨੇ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਥਾਣਿਆਂ ਵਿੱਚ ਵੀ ਪਤਾ ਕੀਤਾ। ਆਖ਼ਰ ਮਾਰ ਦਿੱਤਾ ਸਮਝ ਕੇ ਉਸਦੇ ਨਮਿੱਤ ਸਹਿਜ ਪਾਠ ਦਾ ਭੋਗ ਪਾ ਦਿੱਤਾ। ਸਮਾਂ ਲੰਘਦਾ ਗਿਆ। ਉਹ ਨੌਜਵਾਨ ਰਾਜਸਥਾਨ ਵਿੱਚ ਕੰਮ ਧੰਦਾ ਕਰਕੇ ਆਪਦਾ ਗੁਜ਼ਾਰਾ ਕਰਦਾ ਰਿਹਾ। ਉਸਦਾ ਕੰਮ ਵਧੀਆਂ ਚੱਲ ਪਿਆ, ਉਹ ਵਿਆਹਿਆ ਗਿਆ ਅਤੇ ਬਾਲ ਬੱਚੇ ਵਾਲਾ ਵੀ ਹੋ ਗਿਆ। ਸਮਾਂ ਲੰਘਣ ਨਾਲ ਇੱਧਰ ਪੰਜਾਬ ਵਿੱਚ ਅੱਤਵਾਦ ਦਾ ਦੌਰ ਵੀ ਖਤਮ ਹੋ ਗਿਆ। ਕਰੀਬ ਵੀਹ ਸਾਲ ਬਾਅਦ ਉਸ ਨੌਜਵਾਨ ਦੇ ਪਰਿਵਾਰ ਨੂੰ ਪਤਾ ਲੱਗਾ ਕਿ ਉਹਨਾਂ ਦਾ ਪੁੱਤ ਜਿਊਂਦਾ ਹੈ। ਇਸ ਤਰ੍ਹਾਂ ਇੱਕ ਭਲੇਮਾਣਸ ਅਤੇ ਸੱਚ ’ਤੇ ਪਹਿਰਾ ਦੇਣ ਵਾਲੇ ਥਾਣਾ ਮੁਖੀ ਦੇ ਰਹਿਮ ਸਦਕਾ ਉਸ ਨੌਜਵਾਨ ਦੀ ਜਾਨ ਬਚ ਗਈ।
ਪੰਜਾਬ ਦੇ ਕਾਲੇ ਦੌਰ ਵਿੱਚ ਵਾਪਰੀਆਂ ਅਜਿਹੀਆਂ ਘਟਨਾਵਾਂ ਦਾ ਜ਼ਿਕਰ ਸੁਣਦਿਆਂ ਅੱਜ ਵੀ ਲੋਕਾਂ ਦਾ ਦਿਲ ਕੰਬਣ ਲੱਗ ਜਾਂਦਾ ਹੈ ਕਿ ਕਿਵੇਂ ਕਾਨੂੰਨ ਦੀ ਪਰਵਾਹ ਨਾ ਕਰਦਿਆਂ, ਰੱਬ ਦਾ ਖ਼ੌਫ ਭੁਲਾ ਕੇ, ਪੰਜਾਬ ਵਿੱਚ ਨੌਜਵਾਨੀ ਦਾ ਘਾਣ ਕਰਕੇ ਪੁਲਿਸ ਅਧਿਕਾਰੀਆਂ ਵੱਲੋਂ ਤਰੱਕੀਆਂ ਲਈਆਂ ਜਾਂਦੀਆਂ ਰਹੀਆਂ ਹਨ। ਅਜਿਹੇ ਪਾਪ ਕਰਨ ਵਾਲੇ ਅਧਿਕਾਰੀ ਅਫਸਰ ਅੱਜ ਸੇਵਾਮੁਕਤੀ ਬਾਅਦ ਰੱਬ ਦਾ ਨਾਂ ਲੈਣ ਤੇ ਮਾਲਾ ਦੇ ਮਣਕੇ ਗਿਣਨ ਵਿੱਚ ਰੁੱਝੇ ਰਹਿੰਦੇ ਹਨ। ਪਰ ਪਾਪ ਇਉਂ ਧੋਤੇ ਨਹੀਂ ਜਾ ਸਕਦੇ। ਬੇਕਸੂਰ ਨੌਜਵਾਨਾਂ ਨੂੰ ਖਤਮ ਕਰਨ ਵਾਲਿਆਂ ਨੂੰ ਕਈ ਕਈ ਦਹਾਕਿਆਂ ਬਾਅਦ ਅਦਾਲਤਾਂ ਵੱਲੋਂ ਸਜ਼ਾਵਾਂ ਮਿਲ ਰਹੀਆਂ ਹਨ। ਇਹ ਠੀਕ ਹੈ ਕਿ ਮਾਪਿਆਂ ਦੇ ਪੁੱਤ ਤਾਂ ਵਾਪਸ ਨਹੀਂ ਆ ਸਕਦੇ, ਪਰ ਉਹਨਾਂ ਦੇ ਹਿਰਦਿਆਂ ਨੂੰ ਕੁਝ ਸ਼ਾਂਤੀ ਜ਼ਰੂਰ ਮਿਲ ਜਾਂਦੀ ਹੈ ਕਿ ਆਖ਼ਰ ਇਨਸਾਫ਼ ਤਾਂ ਮਿਲਿਆ ਹੈ। ਦੂਜੇ ਪਾਸੇ ਸੱਚ ’ਤੇ ਪਹਿਰਾ ਦੇਣ ਵਾਲੇ ਅਫਸਰਾਂ ਕਰਮਚਾਰੀਆਂ ਦੀ ਲੋਕ ਕਦਰ ਅਤੇ ਇੱਜ਼ਤ ਕਰਦੇ ਹਨ। ਉਹ ਸਿਰ ਉੱਚਾ ਕਰਕੇ ਲੋਕਾਂ ਵਿੱਚ ਵਿਚਰਦੇ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (