“ਜ਼ਿੰਦਗੀ ਵਿੱਚ ਚੰਗੇ ਮਾਪਦੰਡ ਲੈਕੇ ਤੁਰੇ ਲੋਕ ਮਰਯਾਦਾ ਲੰਘਕੇ ਚਰਚਿਤ ਹੋਣ ਦੀ ਬਜਾਏ ...”
(9 ਸਤੰਬਰ 2025)
ਮਨੁੱਖ ਇਸ ਸੰਸਾਰ ਵਿੱਚ ਕੁਝ ਵੀ ਨਾਲ ਲੈਕੇ ਨਹੀਂ ਆਉਂਦਾ। ਉਸਦੀ ਸੋਚ, ਉਸਦਾ ਸੁਭਾਅ, ਸਲੀਕਾ, ਜ਼ਿੰਦਗੀ ਪ੍ਰਤੀ ਨਜ਼ਰੀਆ, ਉਸਦੀਆਂ ਆਦਤਾਂ ਅਤੇ ਸਮਾਜ ਵਿੱਚ ਵਿਚਰਨ ਦਾ ਢੰਗ, ਇਹ ਸਭ ਕੁਝ ਉਸ ਨੂੰ ਪਰਿਵਾਰ ਤੋਂ ਮਿਲੇ ਸੰਸਕਾਰ, ਮਾਹੌਲ, ਉਸਦੀ ਸੰਗਤ, ਸਿੱਖਿਆ ਅਤੇ ਉਸਦਾ ਆਲਾ ਦੁਆਲਾ ਤੈਅ ਕਰਦੇ ਹਨ। ਇਹ ਹੀ ਉਸਦੀ ਜ਼ਿੰਦਗੀ ਦੇ ਮਾਪਦੰਡ ਹੁੰਦੇ ਹਨ। ਇਹ ਮਾਪਦੰਡ ਹੀ ਉਸਦੇ ਚਰਿੱਤਰ ਦੀ ਤਸਵੀਰ ਹੁੰਦੇ ਹਨ। ਜ਼ਿੰਦਗੀ ਜਿਊਣ ਦੇ ਚੰਗੇ ਮਾੜੇ ਮਾਪਦੰਡਾਂ ਬਾਰੇ ਜਾਣਕਾਰੀ ਹਰ ਮਨੁੱਖ ਨੂੰ ਹੁੰਦੀ ਹੈ ਪਰ ਚੰਗੇ ਮਾੜੇ ਮਾਪਦੰਡਾਂ ਵਿੱਚੋਂ ਉਹ ਚੋਣ ਕਿਨ੍ਹਾਂ ਦੀ ਕਰਦਾ ਹੈ, ਇਹ ਮਨੁੱਖ ਦੀ ਇੱਛਾ ਉੱਤੇ ਨਿਰਭਰ ਕਰਦਾ ਹੈ। ਉਸਦੀ ਇਹੋ ਇੱਛਾ ਉਸਦੇ ਚਰਿੱਤਰ ਦੀ ਤਸਵੀਰ ਹੁੰਦੀ ਹੈ। ਇਨਸਾਨੀਅਤ, ਵਿਵੇਕ, ਸਬਰ, ਸੰਤੋਖ, ਤਿਆਗ, ਸਹਿਜਤਾ, ਨਿਮਰਤਾ, ਸਹਿਣਸ਼ੀਲਤਾ, ਫਰਾਖਦਿਲੀ, ਧੀਰਜ, ਹਿੰਮਤ, ਹੌਸਲਾ, ਆਤਮ ਵਿਸ਼ਵਾਸ, ਆਤਮ ਨਿਰਭਰਤਾ, ਸਿਰੜ, ਸਵੈਮਾਣ, ਇਮਾਨਦਾਰੀ ਅਤੇ ਕਿਰਤ ਕਰਨ ਦਾ ਜਜ਼ਬਾ ਜ਼ਿੰਦਗੀ ਜਿਊਣ ਦੇ ਚੰਗੇ ਮਾਪਦੰਡਾਂ ਵਿੱਚ ਗਿਣੇ ਜਾਂਦੇ ਹਨ। ਚੰਗੇ ਮਾੜੇ ਚਰਿੱਤਰ ਅਤੇ ਚੰਗੇ ਮਾੜੇ ਮਾਪਦੰਡਾਂ ਦੀ ਜਾਣਕਾਰੀ ਹਰ ਕੋਈ ਰੱਖਦਾ ਹੈ ਪਰ ਚੰਗੇ ਮਾਪਦੰਡਾਂ ਦੀ ਚੋਣ ਲਈ ਆਪਣੇ ਮਨ ਉੱਤੇ ਕਾਬੂ ਪਾਉਣਾ ਪੈਂਦਾ ਹੈ। ਜ਼ਿੰਦਗੀ ਜਿਊਣ ਦੀ ਅਸਲੀਅਤ ਨੂੰ ਸਮਝਣਾ ਪੈਂਦਾ ਹੈ। ਰੌਬਰਟ ਗਰੀਨ ਦਾ ਮੰਨਣਾ ਸੀ ਕਿ ਵਿਵੇਕ ਭਰਪੂਰ ਵਿਵਹਾਰ ਦਾ ਹੋਣਾ ਸਿੱਖਿਅਤ ਹੋਣ ਨਾਲੋਂ ਹਜ਼ਾਰ ਗੁਣਾ ਬਿਹਤਰ ਹੈ। ਆਪਣੇ ਸੁਖਾਂ ਦੀ ਇੱਛਾ ਰੱਖਣ ਦੇ ਨਾਲ-ਨਾਲ ਦੂਜਿਆਂ ਦੇ ਭਲੇ ਲਈ ਯਤਨਸ਼ੀਲ ਹੋਣਾ ਮਨੁੱਖ ਦੇ ਉੱਚ ਚਰਿੱਤਰ ਦਾ ਪ੍ਰਮਾਣ ਹੁੰਦਾ ਹੈ। ਜ਼ਿੰਦਗੀ ਵਿੱਚ ਆਪਣੇ ਵਿਅਕਤੀਤਵ ਨੂੰ ਸਿਫਰ ਰੱਖੋ ਤਾਂ ਕਿ ਉਸ ਨੂੰ ਕੋਈ ਵਧਾ ਘਟਾ ਨਾ ਸਕੇ ਪਰ ਜਿਸ ਨਾਲ ਖੜ੍ਹੇ ਹੋ ਜਾਓ ਉਸਦੀ ਕੀਮਤ ਦਸ ਗੁਣਾ ਹੋ ਜਾਵੇ, ਜ਼ਿੰਦਗੀ ਦੇ ਉੱਚੇ ਮਾਪਦੰਡ ਉੱਚੇ ਚਰਿੱਤਰ ਦੀ ਪੇਸ਼ਨਗੋਈ ਕਰਦੇ ਹਨ।
ਫੁੱਟਬਾਲ ਦੇ ਅੰਤਰਰਾਸ਼ਟਰੀ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਅਤੇ ਐਲਬਰਟ ਦੋਵੇਂ ਉੱਚ ਕੋਟੀ ਦੇ ਖਿਡਾਰੀ ਸਨ। ਅੰਤਰਰਾਸ਼ਟਰੀ ਪੱਧਰ ਉੱਤੇ ਖੇਡਣ ਲਈ ਦੋਹਾਂ ਵਿੱਚੋਂ ਕਿਸੇ ਇੱਕ ਦੀ ਚੋਣ ਹੋਣੀ ਸੀ। ਪ੍ਰਬੰਧਕਾਂ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਫੁੱਟਬਾਲ ਦੇ ਇੱਕ ਮੈਚ ਵਿੱਚ ਜਿਹੜਾ ਸਭ ਤੋਂ ਵੱਧ ਗੋਲ ਕਰੇਗਾ, ਉਸ ਨੂੰ ਟੀਮ ਵਿੱਚ ਥਾਂ ਦਿੱਤੀ ਜਾਵੇਗੀ। ਦੋਹਾਂ ਨੇ ਦੋ ਦੋ ਗੋਲ ਕਰ ਦਿੱਤੇ ਸਨ। ਐਲਬਰਟ ਨੇ ਪੰਜਵਾਂ ਗੋਲ ਖੁਦ ਕਰਨ ਦੀ ਬਜਾਏ ਰੋਨਾਲਡੋ ਨੂੰ ਪਾਸ ਦੇ ਦਿੱਤਾ ਤਾਂ ਕਿ ਉਹ ਗੋਲ ਕਰ ਸਕੇ। ਵੱਧ ਗੋਲ ਕਰਨ ਵਜੋਂ ਰੋਨਾਲਡੋ ਨੂੰ ਟੀਮ ਵਿੱਚ ਥਾਂ ਮਿਲ ਗਈ। ਰੋਨਾਲਡੋ ਨੇ ਐਲਬਰਟ ਨੂੰ ਪ੍ਰਸ਼ਨ ਕੀਤਾ, “ਐਲਬਰਟ, ਤੂੰ ਮੇਰੇ ਲਈ ਇਹ ਤਿਆਗ ਕਿਉਂ ਕੀਤਾ ਹੈ?”
ਐਲਬਰਟ ਨੇ ਅੱਗੋਂ ਕਿਹਾ, “ਰੋਨਾਲਡੋ, ਤੂੰ ਮੇਰੇ ਨਾਲੋਂ ਵਧੀਆ ਖਿਡਾਰੀ ਹੈਂ, ਦੇਸ਼ ਨੂੰ ਇੱਕ ਵਧੀਆ ਖਿਡਾਰੀ ਦੀ ਲੋੜ ਹੈ।”
ਐਲਬਰਟ ਦੇ ਇਹ ਸ਼ਬਦ ਸੁਣਕੇ ਰੋਨਾਲਡੋ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਰੋਨਾਲਡੋ ਨੇ ਸਭ ਤੋਂ ਪਹਿਲਾਂ ਖਰੀਦੇ ਬੰਗਲਾ ਅਤੇ ਗੱਡੀ ਐਲਬਰਟ ਨੂੰ ਤੋਹਫੇ ਵਜੋਂ ਭੇਂਟ ਕਰ ਦਿੱਤੇ।
ਜ਼ਿੰਦਗੀ ਵਿੱਚ ਚੰਗੇ ਮਾਪਦੰਡ ਲੈਕੇ ਤੁਰੇ ਲੋਕ ਮਰਯਾਦਾ ਲੰਘਕੇ ਚਰਚਿਤ ਹੋਣ ਦੀ ਬਜਾਏ ਅਸੂਲਾਂ ਅਤੇ ਸਿਧਾਂਤਾਂ ਉੱਤੇ ਤੁਰਦਿਆਂ ਹੋਇਆਂ ਦੂਜਿਆਂ ਦੇ ਦਿਲਾਂ ਵਿੱਚ ਜਗ੍ਹਾ ਬਣਾਕੇ ਆਪਣੇ ਚੰਗੇ ਚਰਿੱਤਰ ਦੀ ਤਸਵੀਰ ਪੇਸ਼ ਕਰਦੇ ਹਨ। ਚੰਗੇ ਮਾਪਦੰਡਾਂ ਤੋਂ ਜ਼ਿੰਦਗੀ ਨੂੰ ਤਾਕਤ ਅਤੇ ਚੰਗੇ ਚਰਿੱਤਰ ਤੋਂ ਮਨੁੱਖ ਨੂੰ ਸਨਮਾਨ ਮਿਲਦਾ ਹੈ।
ਪ੍ਰਸਿੱਧ ਬਿੰਬਲਡਨ ਖਿਡਾਰੀ ਜੈਨਿਕ ਸਿਨਰ ਟਰਾਫੀ ਜਿੱਤਣ ਤੋਂ ਮਗਰੋਂ ਜਸ਼ਨ ਮਨਾਉਣ ਦੀ ਥਾਂ ਆਪਣੇ ਕਸਬੇ ਦੇ ਉਸ ਮਿਡਲ ਸਕੂਲ ਵਿੱਚ ਗਿਆ, ਜਿੱਥੇ ਉਹ ਪੜ੍ਹਿਆ ਸੀ। ਉਸਨੇ ਟਰਾਫੀ ਤੋਂ ਮਿਲਣ ਵਾਲੀ ਕਰੋੜਾਂ ਰੁਪਏ ਦੀ ਇਨਾਮ ਰਾਸ਼ੀ ਆਪਣੇ ਉਸ ਸਕੂਲ ਨੂੰ ਦਿੰਦੇ ਹੋਏ ਕਿਹਾ ਕਿ ਉਸਦੀ ਜ਼ਿੰਦਗੀ ਦੀ ਸ਼ੁਰੂਆਤ ਇਸ ਸਕੂਲ ਤੋਂ ਹੋਈ ਹੈ। ਉਹ ਚਾਹੁੰਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਬੱਚੇ ਵੀ ਇਸ ਸਕੂਲ ਤੋਂ ਚੰਗੀ ਸਿੱਖਿਆ ਹਾਸਲ ਕਰਕੇ ਬੁਲੰਦੀਆਂ ਨੂੰ ਛੂਹਣ। ਉਸਦੇ ਇਹ ਵਿਚਾਰ ਉਸਦੀ ਜ਼ਿੰਦਗੀ ਦੇ ਚੰਗੇ ਮਾਪਦੰਡਾਂ ਅਤੇ ਉੱਚ ਚਰਿੱਤਰ ਦੀ ਤਸਦੀਕ ਕਰਦੇ ਹਨ। ਸਬਰ ਅਤੇ ਕਦਰ ਕਰਨਾ ਚੰਗੇ ਮਾਪਦੰਡਾਂ ਵਾਲੀ ਜ਼ਿੰਦਗੀ ਜਿਊਣ ਵਾਲੇ ਲੋਕਾਂ ਦੇ ਹੀ ਹਿੱਸੇ ਆਉਂਦਾ ਹੈ, ਉਨ੍ਹਾਂ ਦਾ ਹੀ ਚਰਿੱਤਰ ਉੱਚਾ ਹੁੰਦਾ ਹੈ। ਚੰਗੇ ਚਰਿੱਤਰ ਵਾਲੇ ਲੋਕਾਂ ਦੇ ਦੂਜਿਆਂ ਨਾਲ ਮਤਭੇਦ ਹੋ ਸਕਦੇ ਹਨ ਪਰ ਮਨਭੇਦ ਨਹੀਂ ਹੁੰਦੇ। ਗਲਤੀ ਨੂੰ ਕਬੂਲ ਕਰਨ ਦੀ ਹਿੰਮਤ ਅਤੇ ਸੁਧਾਰ ਕਰਨ ਦੀ ਨੀਯਤ ਵੀ ਜ਼ਿੰਦਗੀ ਦੇ ਚੰਗੇ ਮਾਪਦੰਡਾਂ ਵਿੱਚ ਆਉਂਦਾ ਹੈ। ਇਹ ਇਨਸਾਨ ਨੂੰ ਬਹੁਤ ਕੁਝ ਸਿਖਾਉਂਦਾ ਹੈ। ਹੈਲਨ ਕੈਲਰ ਕਹਿੰਦਾ ਹੈ ਕਿ ਦਿਆਲਤਾ ਅਤੇ ਇਨਸਾਨੀਅਤ ਨਾਲ ਜ਼ਿੰਦਗੀ ਜਿਊਣ ਵਾਲੇ ਉੱਚ ਚਰਿੱਤਰ ਵਾਲੇ ਲੋਕ ਆਪਣੀਆਂ ਪੈੜਾਂ ਛੱਡ ਜਾਂਦੇ ਹਨ, ਜਿਨ੍ਹਾਂ ਦੀ ਚਰਚਾ ਉਨ੍ਹਾਂ ਦੇ ਇਸ ਦੁਨੀਆ ਤੋਂ ਤੁਰ ਜਾਣ ਤੋਂ ਬਾਅਦ ਵੀ ਹੁੰਦੀ ਰਹਿੰਦੀ ਹੈ। ਸ਼ਰਧਾ ਨਾਲ ਗਿਆਨ, ਨਿਮਰਤਾ ਅਤੇ ਯੋਗਤਾ ਨਾਲ ਸਥਾਨ ਅਤੇ ਇਨ੍ਹਾਂ ਤਿੰਨਾਂ ਨਾਲ ਹਰ ਥਾਂ ਸਨਮਾਨ ਹਾਸਲ ਕਰਨ ਦਾ ਗੁਰ ਉੱਚ ਚਰਿੱਤਰ ਵਾਲੇ ਲੋਕਾਂ ਕੋਲ ਹੀ ਹੁੰਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (