“ਇੱਕ ਦਿਨ ਰਜੀਆ ਅਤੇ ਸ਼ਫੀਕ ਆਪਣੇ ਪੁੱਤਰ ਅਹਿਮਦ ਨੂੰ ਲੈਣ ਸਾਡੇ ਪਿੰਡ ਆ ਪੁੱਜੇ। ਉਨ੍ਹਾਂ ਨੇ ਕਰਤਾਰੇ ਨੂੰ ...”
(12 ਅਪਰੈਲ 2024)
ਇਸ ਸਮੇਂ ਪਾਠਕ: 290.
ਗੁਰਸੇਵਕ ਸਾਡੇ ਸਕੂਲ ਵਿੱਚ ਸ਼ੀਫੇ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਸੀ, ਭਾਵੇਂ ਸਾਰੇ ਬੱਚੇ ਜਾਣਦੇ ਸਨ ਕਿ ਸ਼ੀਫੇ ਦਾ ਅਸਲੀ ਨਾਂ ਗੁਰਸੇਵਕ ਹੈ। ਅਸਲ ਵਿੱਚ ਗੁਰਸੇਵਕ ਵੀ ਉਸਦਾ ਅਸਲੀ ਨਾਂ ਨਹੀਂ ਸੀ, ਅਸਲੀ ਨਾਂ ਉਸਦਾ ਅਹਿਮਦ ਸੀ। ਸ਼ੀਫਾ ਅਹਿਮਦ ਤੋਂ ਗੁਰਸੇਵਕ ਕਿਵੇਂ ਬਣਿਆ, ਇਹ ਵੀ ਇੱਕ ਹਰ ਮਨ ਨੂੰ ਝੰਜੋੜਨ ਵਾਲੀ ਕਹਾਣੀ ਹੈ। ਸ਼ੀਫਾ, ਕੇਵਲ ਅਤੇ ਜੋਗਿੰਦਰ, ਤਿੰਨੋਂ ਕਬੱਡੀ ਦੇ ਬਹੁਤ ਵਧੀਆ ਖਿਡਾਰੀ ਸਨ। ਸ਼ੀਫਾ, ਕੇਵਲ ਅਤੇ ਜੋਗਿੰਦਰ ਤੋਂ ਵਧੀਆ ਕਬੱਡੀ ਖੇਡਦਾ ਸੀ। ਉਹ ਤਿੰਨੋ ਮੇਰੇ ਨਾਨਕੇ ਪਿੰਡ ਤੋਂ ਅੱਠਵੀਂ ਜਮਾਤ ਪਾਸ ਕਰ ਕੇ ਆਏ ਸਨ। ਸਾਡੇ ਸਕੂਲ ਦੇ ਮੁਖੀ ਸਰਦਾਰ ਗੁਰਚਰਨ ਸਿੰਘ ਨੂੰ ਖੇਡਾਂ ਨਾਲ ਬਹੁਤ ਜ਼ਿਆਦਾ ਲਗਾਓ ਸੀ। ਸਾਡੇ ਸਕੂਲ ਦੀਆਂ ਵਾਲੀਬਾਲ ਅਤੇ ਕਬੱਡੀ ਦੀਆਂ ਟੀਮਾਂ ਕੌਮੀ ਪੱਧਰ ਤਕ ਖੇਡ ਚੁੱਕੀਆਂ ਸਨ। ਕਬੱਡੀ ਅਤੇ ਵਾਲੀਬਾਲ ਦੇ ਚੰਗੇ ਖਿਡਾਰੀ ਸਾਡੇ ਸਕੂਲ ਵਿੱਚ ਇਸ ਲਈ ਦਾਖਲਾ ਲੈਂਦੇ ਸੀ ਕਿਉਂਕਿ ਸਾਡੇ ਸਕੂਲ ਦੀਆਂ ਟੀਮਾਂ ਚੰਗੀਆਂ ਹੋਣ ਦੇ ਨਾਲ ਨਾਲ ਸਾਰੇ ਸਕੂਲ ਦੀ ਪੜ੍ਹਾਈ ਬਹੁਤ ਚੰਗੀ ਹੁੰਦੀ ਸੀ। ਸਾਡੇ ਸਕੂਲ ਮੁਖੀ ਖਿਡਾਰੀਆਂ ਦਾ ਬਹੁਤ ਧਿਆਨ ਰੱਖਦੇ ਸਨ। ਗੁਰਸੇਵਕ ਦਾ ਨਾਂ ਸ਼ੀਫਾ ਉਸਦੇ ਪੁਰਾਣੇ ਸਕੂਲ ਦੇ ਅਧਿਆਪਕਾਂ ਨੇ ਬਹੁਤ ਚੰਗੀ ਕਬੱਡੀ ਖੇਡਦਾ ਹੋਣ ਕਰਕੇ ਹੀ ਰੱਖਿਆ ਸੀ। ਸਾਡੇ ਸਕੂਲ ਮੁਖੀ ਗੁਰਸੇਵਕ, ਕੇਵਲ ਅਤੇ ਜੋਗਿੰਦਰ ਨੂੰ ਖੁਦ ਉਨ੍ਹਾਂ ਦੇ ਪਿੰਡ ਤੋਂ ਆਪਣੇ ਸਕੂਲ ਵਿੱਚ ਦਾਖਲ ਕਰਨ ਲਈ ਲੈਕੇ ਆਏ ਸਨ। ਉਹ ਤਿੰਨੋਂ ਪੜ੍ਹਾਈ ਵਿੱਚ ਹੁਸ਼ਿਆਰ ਵੀ ਬਹੁਤ ਸਨ। ਕੇਵਲ ਅਤੇ ਜੋਗਿੰਦਰ ਆਪਸ ਵਿੱਚ ਤਾਏ ਚਾਚੇ ਦੇ ਮੁੰਡੇ ਸਨ। ਉਨ੍ਹਾਂ ਨੂੰ ਪਤਾ ਸੀ ਕਿ ਸ਼ੀਫਾ ਉਨ੍ਹਾਂ ਦਾ ਨਾਲ ਦਾ ਜੰਮਿਆ ਭਰਾ ਨਹੀਂ ਹੈ ਪਰ ਉਹ ਉਸ ਨੂੰ ਆਪਣਾ ਸਕਾ ਭਰਾ ਹੀ ਸਮਝਦੇ ਸਨ।
ਇੱਕ ਦਿਨ ਸਾਡੀ ਜਮਾਤ ਦੇ ਇੱਕ ਮੁੰਡੇ ਨੇ ਸ਼ੀਫੇ ਨੂੰ ਬੁਰਾ ਭਲਾ ਕਹਿ ਦਿੱਤਾ। ਸ਼ੀਫੇ ਨੇ ਥੋੜ੍ਹਾ ਬਹੁਤ ਗੁੱਸਾ ਕਰਕੇ ਉਸ ਮੁੰਡੇ ਨੂੰ ਛੱਡ ਦਿੱਤਾ ਪਰ ਜਮਾਤ ਦੇ ਬੱਚਿਆਂ ਨੇ ਕੇਵਲ ਅਤੇ ਜੋਗਿੰਦਰ ਨੂੰ ਦੱਸ ਦਿੱਤਾ ਕਿ ਸ਼ੀਫੇ ਨੂੰ ਜਮਾਤ ਦੇ ਫਲਾਨੇ ਮੁੰਡੇ ਨੇ ਬੁਰਾ ਭਲਾ ਕਿਹਾ ਹੈ। ਬੱਸ ਫਿਰ ਕੀ ਸੀ, ਛੁੱਟੀ ਤੋਂ ਬਾਅਦ ਕੇਵਲ ਅਤੇ ਜੋਗਿੰਦਰ ਨੇ ਉਸ ਮੁੰਡੇ ਨੂੰ ਘੇਰ ਲਿਆ ਤੇ ਉਸ ਨੂੰ ਉਦੋਂ ਤਕ ਨਹੀਂ ਛੱਡਿਆ, ਜਦੋਂ ਤਕ ਉਸਨੇ ਸ਼ੀਫੇ ਤੋਂ ਮੁਆਫ਼ੀ ਨਹੀਂ ਮੰਗ ਲਈ।
ਕੇਵਲ ਹੋਰਾਂ ਦਾ ਬਾਬਾ ਮੇਰੇ ਨਾਨਾ ਜੀ ਦੀ ਬਜਾਜੀ ਦੀ ਦੁਕਾਨ ਦਾ ਗਾਹਕ ਸੀ ਤੇ ਸਾਡੀ ਆਪਣੀ ਮਨਿਆਰੀ ਦੀ ਦੁਕਾਨ ਦਾ ਵੀ। ਉਸਦਾ ਨਾਂ ਕਰਤਾਰਾ ਸੀ ਤੇ ਉਹ ਪਿੰਡ ਦਾ ਲੰਬੜਦਾਰ ਸੀ। ਉਸਦਾ ਥਾਣੇ ਅਤੇ ਕਚਹਿਰੀ ਵਿੱਚ ਆਮ ਹੀ ਆਉਣਾ ਜਾਣਾ ਲੱਗਿਆ ਰਹਿੰਦਾ ਸੀ ਤੇ ਸਾਡੀ ਆਪਣੀ ਦੁਕਾਨ ’ਤੇ ਵੀ। ਸਾਡੇ ਨਾਨਕਿਆਂ ਦਾ ਹੋਣ ਕਰਕੇ ਉਹ ਮੇਰੀ ਮਾਂ ਨੂੰ ਆਪਣੀ ਧੀ ਹੀ ਮੰਨਦਾ ਸੀ। ਨਾਨਾ ਜੀ ਦੀ ਉਨ੍ਹਾਂ ਨਾਲ ਪਰਿਵਾਰਕ ਸਾਂਝ ਸੀ। ਮੇਰੀ ਮਾਂ ਅਕਸਰ ਹੀ ਇਹ ਗੱਲ ਕਰਦੀ ਰਹਿੰਦੀ ਸੀ ਕਿ ਸਾਡੇ ਪਿੰਡ ਮੁਸਲਮਾਨਾਂ ਦੇ ਬਹੁਤ ਘਰ ਸਨ, ਅਸੀਂ ਉਨ੍ਹਾਂ ਦੇ ਘਰਾਂ ਵਿੱਚ ਹੀ ਖੇਡਦੇ ਰਹਿੰਦੇ ਸਾਂ ਤੇ ਸਾਨੂੰ ਸਾਡੇ ਮਾਂ ਬਾਪ ਨੇ ਉਨ੍ਹਾਂ ਦੇ ਘਰ ਜਾਣ ਤੋਂ ਕਦੇ ਰੋਕਿਆ ਵੀ ਨਹੀਂ ਸੀ।
ਇੱਕ ਦਿਨ ਮੈਂ ਆਪਣੀ ਮਾਂ ਨੂੰ ਸ਼ੀਫੇ ਬਾਰੇ ਪੁੱਛਿਆ। ਪਹਿਲਾਂ ਤਾਂ ਮਾਂ ਸਮਝੀ ਨਹੀਂ ਪਰ ਜਦੋਂ ਮੈਂ ਕਰਤਾਰੇ ਲੰਬੜਦਾਰ ਦਾ ਨਾਂ ਲਿਆ ਤਾਂ ਉਸਨੇ ਝੱਟ ਸਾਰਾ ਕੁਝ ਦੱਸ ਦਿੱਤਾ। ਉਸਨੇ ਸ਼ੀਫੇ ਦੀ ਜ਼ਿੰਦਗੀ ਦੀ ਦਾਸਤਾਂ ਸੁਣਾਉਂਦੇ ਹੋਏ ਕਿਹਾ, “ਸਾਡੇ ਪਿੰਡ ਮੁਸਲਮਾਨਾਂ ਦੇ ਘਰ ਬਹੁਤ ਸਨ। ਸਾਰੇ ਧਰਮਾਂ ਦੇ ਲੋਕਾਂ ਦਾ ਆਪਸ ਵਿੱਚ ਬਹੁਤ ਪ੍ਰੇਮ ਪਿਆਰ ਸੀ। ਕੋਈ ਕਿਸੇ ਨੂੰ ਬੇਗਾਨਾ ਸਮਝਦਾ ਹੀ ਨਹੀਂ ਸੀ ਪਰ ਸਨ 1947 ਵਿੱਚ ਹੋਈ ਵੰਡ ਸਮੇਂ ਸਾਡੇ ਪਿੰਡ ਦੇ ਬਹੁਤ ਮੁਸਲਮਾਨ ਪਰਿਵਾਰ ਪਾਕਿਸਤਾਨ ਜਾਣ ਲਈ ਤਿਆਰ ਹੋ ਗਏ। ਸਾਡੇ ਪਿੰਡ ਦੇ ਲੋਕਾਂ ਨੇ ਉਨ੍ਹਾਂ ਪਰਿਵਾਰਾਂ ਦੇ ਲੋਕਾਂ ਨੂੰ ਬਹੁਤ ਸਮਝਾਇਆ ਕਿ ਪਿੰਡ ਵਿੱਚ ਉਨ੍ਹਾਂ ਨੂੰ ਕੋਈ ਕੁਝ ਨਹੀਂ ਕਹੇਗਾ।
ਪਿੰਡ ਦੇ ਲੋਕਾਂ ਨਾਲ ਉਨ੍ਹਾਂ ਦੀ ਲੰਬੀ ਸਾਂਝ ਸੀ, ਉਨ੍ਹਾਂ ਨੂੰ ਪਿੰਡ ਛੱਡਕੇ ਜਾਣ ਦੀ ਕੋਈ ਲੋੜ ਨਹੀਂ ਸੀ। ਕਈ ਪਰਿਵਾਰਾਂ ਨੇ ਪਿੰਡ ਦੇ ਲੋਕਾਂ ਦੀ ਗੱਲ ਮੰਨ ਲਈ ਤੇ ਉਹ ਪਿੰਡ ਛੱਡਕੇ ਨਹੀਂ ਗਏ ਪਰ ਬਹੁਤ ਸਾਰੇ ਪਰਿਵਾਰ ਸਾਡਾ ਪਿੰਡ ਛੱਡਕੇ ਚਲੇ ਗਏ। ਜਾਣ ਵਾਲੇ ਪਰਿਵਾਰਾਂ ਵਿੱਚੋਂ ਇੱਕ ਪਰਿਵਾਰ ਨੂਰੇ ਦਾ ਵੀ ਸੀ। ਨੂਰੇ ਦਾ ਇੱਕ ਪੁੱਤਰ ਸੀ, ਜਿਸਦਾ ਨਾਂ ਸ਼ਫੀਕ ਸੀ। ਸ਼ਫੀਕ ਦੇ ਘਰ ਵਾਲੀ ਦਾ ਨਾਂ ਰਜੀਆ ਸੀ। ਕਰਤਾਰੇ ਲੰਬੜਦਾਰ ਅਤੇ ਨੂਰੇ ਦੇ ਪਰਿਵਾਰਕ ਸੰਬੰਧ ਸਨ। ਕਰਤਾਰੇ ਲੰਬੜਦਾਰ ਦੇ ਡੰਗਰ ਪਸ਼ੂ ਤੇ ਖੇਤਾਂ ਦਾ ਕੰਮ ਸ਼ਫੀਕ ਹੀ ਵੇਖਦਾ ਸੀ। ਸ਼ਫੀਕ ਦਾ ਵਿਆਹ ਕਰਤਾਰੇ ਲੰਬੜਦਾਰ ਨੇ ਆਪਣੇ ਹੱਥੀਂ ਕੀਤਾ ਸੀ। ਕਰਤਾਰਾ ਲੰਬੜਦਾਰ ਅਤੇ ਉਸਦੀ ਪਤਨੀ ਰਤਨੀ, ਸ਼ਫੀਕ ਦੀ ਘਰ ਵਾਲੀ ਨੂੰ ਆਪਣੀ ਨੂੰਹ ਹੀ ਮੰਨਦੇ ਸਨ। ਰਾਤ ਨੂੰ ਪਿੰਡ ਛੱਡਦਿਆਂ ਹੋਇਆਂ ਨੂਰੇ ਨੇ ਕਰਤਾਰੇ ਲੰਬੜਦਾਰ ਨੂੰ ਕਿਹਾ, “ਲੰਬੜਦਾਰ ਜੀ, ਇਹ ਮੇਰਾ ਪੰਜ ਸਾਲ ਦਾ ਪੋਤਾ ਅਹਿਮਦ ਆਪਣੇ ਕੋਲ ਅਮਾਨਤ ਵਜੋਂ ਰੱਖ ਲਓ। ਅਸੀਂ ਤਾਂ ਪਤਾ ਨਹੀਂ ਬਚਣਾ ਕਿ ਨਹੀਂ ਬਚਣਾ, ਘੱਟੋ ਘੱਟ ਇਸ ਮਾਸੂਮ ਦੀ ਜਾਨ ਤਾਂ ਬਚ ਜਾਊ। ਜੇਕਰ ਅਸੀਂ ਜਿਉਂਦੇ ਰਹੇ ਤਾਂ ਇਸ ਨੂੰ ਕਦੇ ਨਾ ਕਦੇ ਆਕੇ ਲੈ ਜਾਵਾਂਗੇ, ਜੇਕਰ ਨਾ ਬਚੇ ਤਾਂ ਇਸ ਤੋਂ ਸ਼ਫੀਕ ਵਾਂਗ ਖੇਤੀ ਬਾੜੀ ਅਤੇ ਡੰਗਰਾਂ ਦਾ ਕੰਮ ਕਰਾਉਂਦੇ ਰਿਹੋ।
“ਕਰਤਾਰੇ ਨੇ ਅਹਿਮਦ ਨੂੰ ਰੱਖ ਲਿਆ। ਕਰਤਾਰੇ ਨੂੰ ਕੀ ਪਤਾ ਸੀ ਕਿ ਇਹ ਮੁੰਡਾ ਉਸਦੇ ਪਰਿਵਾਰ ਨਾਲ ਆਪਣਿਆਂ ਵਰਗਾ ਮੋਹ ਪਾ ਲਵੇਗਾ। ਅਹਿਮਦ ਕੇਵਲ ਅਤੇ ਜੋਗਿੰਦਰ ਦੇ ਨਾਲ ਸਕੂਲ ਜਾਣ ਲੱਗ ਪਿਆ। ਕਰਤਾਰੇ ਦੇ ਇੱਕ ਮੁੰਡੇ ਗੱਜਣ ਦੇ ਕੋਈ ਬੱਚਾ ਨਹੀਂ ਸੀ। ਗੱਜਣ ਨੇ ਅਹਿਮਦ ਨੂੰ ਆਪਣੇ ਕੋਲ ਰੱਖ ਲਿਆ। ਜਦੋਂ ਅਹਿਮਦ ਨੂੰ ਸਕੂਲ ਦਾਖਲ ਕਰਵਾਉਣ ਦਾ ਵੇਲਾ ਆਇਆ ਤਾਂ ਗੱਜਣ ਨੇ ਉਸਦਾ ਨਾਂ ਗੁਰਸੇਵਕ ਰੱਖਕੇ ਉਸਦੇ ਪਿਉ ਦੀ ਜਗ੍ਹਾ ਆਪਣਾ ਨਾਂ ਲਿਖਵਾ ਦਿੱਤਾ। ਅਹਿਮਦ ਨੂੰ ਗੱਜਣ ਅਤੇ ਉਸਦੀ ਘਰ ਵਾਲੀ ਨੇ ਐਨਾ ਪਿਆਰ ਦਿੱਤਾ ਕਿ ਉਹ ਅਹਿਮਦ ਤੋਂ ਗੁਰਸੇਵਕ ਅਤੇ ਫਿਰ ਸ਼ੀਫਾ ਬਣ ਗਿਆ। ਕੁਝ ਸਾਲਾਂ ਬਾਅਦ ਗੱਜਣ ਦੇ ਆਪਣੇ ਘਰ ਵੀ ਮੁੰਡਾ ਹੋ ਗਿਆ। ਗੱਜਣ ਨੇ ਇਹ ਮੰਨ ਲਿਆ ਕਿ ਅਹਿਮਦ ਕਰਕੇ ਹੀ ਉਸਦੇ ਘਰ ਔਲਾਦ ਹੋਈ ਹੈ। ਅਹਿਮਦ ਨੂੰ ਅੱਗੇ ਨਾਲੋਂ ਵੀ ਵੱਧ ਪਿਆਰ ਮਿਲਣ ਲੱਗ ਪਿਆ।
“ਨੂਰੇ ਦੀ ਪਾਕਿਸਤਾਨ ਜਾਕੇ ਮੌਤ ਹੋ ਗਈ ਪਰ ਇੱਕ ਦਿਨ ਰਜੀਆ ਅਤੇ ਸ਼ਫੀਕ ਆਪਣੇ ਪੁੱਤਰ ਅਹਿਮਦ ਨੂੰ ਲੈਣ ਸਾਡੇ ਪਿੰਡ ਆ ਪੁੱਜੇ। ਉਨ੍ਹਾਂ ਨੇ ਕਰਤਾਰੇ ਨੂੰ ਕਿਹਾ ਕਿ ਉਹ ਆਪਣਾ ਪੁੱਤਰ ਲਿਜਾਣਾ ਚਾਹੁੰਦੇ ਹਨ। ਗੱਜਣ ਨੇ ਤਾਂ ਅਹਿਮਦ ਨੂੰ ਦੇਣ ਤੋਂ ਸਾਫ ਨਾਂਹ ਕਰ ਦਿੱਤੀ ਪਰ ਕਰਤਾਰੇ ਨੇ ਕਿਹਾ ਕਿ ਉਸਨੇ ਉਨ੍ਹਾਂ ਦਾ ਪੁੱਤਰ ਉਨ੍ਹਾਂ ਦੇ ਆਉਣ ’ਤੇ ਉਨ੍ਹਾਂ ਦੇ ਹਵਾਲੇ ਕਰਨ ਦਾ ਵਾਅਦਾ ਕੀਤਾ ਹੋਇਆ ਹੈ, ਉਹ ਅਹਿਮਦ ਨੂੰ ਪੁੱਛ ਲੈਣ। ਜੇਕਰ ਅਹਿਮਦ ਉਨ੍ਹਾਂ ਦੇ ਨਾਲ ਜਾਣਾ ਚਾਹੁੰਦਾ ਹੈ ਤਾਂ ਉਹ ਉਸ ਨੂੰ ਲਿਜਾ ਸਕਦੇ ਹਨ। ਰਜੀਆ ਅਤੇ ਸ਼ਫੀਕ ਨੇ ਜਦੋਂ ਅਹਿਮਦ ਨੂੰ ਉਨ੍ਹਾਂ ਦੇ ਨਾਲ ਜਾਣ ਲਈ ਕਿਹਾ ਤਾਂ ਉਸਨੇ ਜਾਣ ਤੋਂ ਸਾਫ ਨਾਂਹ ਕਰਦਿਆਂ ਕਿਹਾ ਕਿ ਉਸ ਦਾ ਨਾਂ ਗੁਰਸੇਵਕ ਹੈ ਤੇ ਉਸਦੇ ਮਾਂ ਬਾਪ ਗੱਜਣ ਅਤੇ ਉਸਦੀ ਪਤਨੀ ਹਨ। ... ਰਜੀਆ ਅਤੇ ਸ਼ਫੀਕ ਨੂੰ ਖਾਲੀ ਹੱਥ ਜਾਣਾ ਪਿਆ।”
ਅਹਿਮਦ ਯੂਨੀਵਰਸਟੀ ਤੋਂ ਐੱਮ ਐੱਸ ਸੀ ਕਰਨ ਤੋਂ ਬਾਅਦ ਇੱਕ ਬੈਂਕ ਵਿੱਚ ਅਫਸਰ ਲੱਗ ਗਿਆ। ਕੁਝ ਸਾਲਾਂ ਬਾਅਦ ਉਹ ਅਮਰੀਕਾ ਚਲਾ ਗਿਆ। ਅਮਰੀਕਾ ਜਾ ਕੇ ਉਸਨੇ ਸਾਰੇ ਪਰਿਵਾਰ ਨੂੰ ਆਪਣੇ ਕੋਲ ਸੱਦ ਲਿਆ। ਗੱਜਣ ਸਿੰਘ ਦੇ ਕਹਿਣ ’ਤੇ ਉਹ ਰਜੀਆ ਅਤੇ ਸ਼ਫੀਕ ਨੂੰ ਮਿਲਣ ਲੱਗ ਪਿਆ ਅਤੇ ਉਨ੍ਹਾਂ ਦੀ ਮਦਦ ਵੀ ਕਰਨ ਲੱਗ ਪਿਆ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4884)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)