“ਤੁਸੀਂ ਇਹ ਗੱਲ ਕਿਵੇਂ ਸੋਚ ਲਈ ਕਿ ਮੈਂ ਸਰਪੰਚੀ ਲਈ ਆਪਣੀ ਪਾਰਟੀ ਛੱਡ ਦਿਆਂਗਾ? ਮੈਂ ਤਾਂ ਬਿਨਾਂ ਸਰਪੰਚੀ ਤੋਂ ਹੀ ...”
(24 ਫਰਵਰੀ 2024)
ਇਸ ਸਮੇਂ ਪਾਠਕ: 395.
ਮੈਨੂੰ ਇਹ ਨਹੀਂ ਪਤਾ ਸੀ ਕਿ ਤਾਏ ਕਰਮ ਚੰਦ ਦਾ ਸੰਬੰਧ ਕਮਿਊਨਿਸਟ ਪਾਰਟੀ ਨਾਲ ਸੀ। ਮੈਂ ਬਚਪਨ ਤੋਂ ਹੀ ਉਸ ਦੀ ਕਿਰਾਏ ਦੀ ਛੋਟੀ ਜਿਹੀ ਸਬਜ਼ੀ ਦੀ ਦੁਕਾਨ ਉੱਤੇ ਇੱਕ ਲਾਲ ਝੰਡਾ ਝੁੱਲਦਾ ਹੋਇਆ ਵੇਖਦਾ ਹੁੰਦਾ ਸਾਂ। ਮੈਂ ਸੋਚਦਾ ਹੁੰਦਾ ਸਾਂ ਕਿ ਕਰਮੇ ਤਾਏ ਦੀ ਦੁਕਾਨ ’ਤੇ ਦਾਤੀ ਹਥੌੜੇ ਦੇ ਨਿਸ਼ਾਨ ਵਾਲਾ ਇਹ ਲਾਲ ਝੰਡਾ ਕਿਉਂ ਝੁੱਲਦਾ ਰਹਿੰਦਾ ਹੈ। ਤਾਏ ਨੂੰ ਉਸਦੇ ਨਾਂ ਨਾਲ ਬੁਲਾਉਣ ਦੀ ਬਜਾਏ ਹਰ ਕੋਈ ਉਸ ਨੂੰ ਕਾਮਰੇਡ ਕਹਿਕੇ ਹੀ ਬੁਲਾਉਂਦਾ ਹੁੰਦਾ ਸੀ। ਤਾਏ ਕਰਮੇ ਦੀ ਦੁਕਾਨ ਸਾਡੀ ਦੁਕਾਨ ਦੇ ਸਾਹਮਣੇ ਵਾਲੀ ਕਤਾਰ ਵਿੱਚ ਚਾਰ ਪੰਜ ਦੁਕਾਨਾਂ ਛੱਡਕੇ ਹੁੰਦੀ ਸੀ। ਤਾਏ ਦਾ ਲੰਬਾ ਕੱਦ, ਭਰਵੀਆਂ ਮੁੱਛਾਂ, ਇਕਹਿਰਾ ਸਰੀਰ ਸੀ। ਉਸਦੀ ਰੋਅਬਦਾਰ ਆਵਾਜ਼ ਹਰ ਇੱਕ ਦੇ ਮਨ ਨੂੰ ਭਾਅ ਜਾਂਦੀ ਸੀ।
ਬਚਪਨ ਤੋਂ ਹੀ ਮੈਂ ਤਾਏ ਨੂੰ ਕੁੜਤੇ, ਤੰਬੇ, ਫਤੂਹੀ ਅਤੇ ਨਰੀ ਦੀ ਜੁੱਤੀ ਵਿੱਚ ਵੇਖਿਆ। ਤਾਏ ਦੀ ਦੁਕਾਨ ’ਤੇ ਦਿਨ ਵਿੱਚ ਦੋ ਤਿੰਨ ਵਾਰ ਜਾਣਾ ਹੋ ਹੀ ਜਾਂਦਾ ਸੀ। ਕਦੇ ਸਬਜ਼ੀ ਲੈਣ ਲਈ ਤੇ ਕਦੇ ਆਪਣੇ ਲਈ ਫਲ ਲੈਣ ਲਈ। ਤਾਇਆ ਕਰਮਾ ਉਸਦੀ ਦੁਕਾਨ ਤੋਂ ਫਲ ਲੈਣ ਆਏ ਬੱਚਿਆਂ ਨੂੰ ਕੋਈ ਨਾ ਕੋਈ ਫਲ ਦੇ ਕੇ ਉਨ੍ਹਾਂ ਦੇ ਮੂੰਹ ਤੋਂ ਲਾਲ ਸਲਾਮ ਜ਼ਰੂਰ ਸੁਣਦਾ ਹੁੰਦਾ ਸੀ। ਉਨ੍ਹਾਂ ਬੱਚਿਆਂ ਵਿੱਚੋਂ ਇੱਕ ਬੱਚਾ ਮੈਂ ਵੀ ਹੁੰਦਾ ਸੀ। ਮੈਂ ਤਾਏ ਕਰਮੇ ਨੂੰ ਅਕਸਰ ਹੀ ਕੋਈ ਨਾ ਕੋਈ ਕਿਤਾਬ ਪੜ੍ਹਦਾ ਵੇਖਦਾ ਹੁੰਦਾ ਸਾਂ। ਮੈਨੂੰ ਅੱਠਵੀਂ ਜਮਾਤ ਵਿੱਚ ਇਸ ਗੱਲ ਦਾ ਪਤਾ ਲੱਗਾ ਕਿ ਤਾਇਆ ਕਰਮਾ ਕਦੇ ਸਕੂਲ ਨਹੀਂ ਗਿਆ ਸੀ, ਉਸਨੇ ਕੇਵਲ ਪੁਸਤਕਾਂ ਪੜ੍ਹਨ ਲਈ ਪੜ੍ਹਨਾ ਲਿਖਣਾ ਸਿੱਖਿਆ ਸੀ।
ਸ਼ਾਮ ਨੂੰ ਦੁਕਾਨਾਂ ਬੰਦ ਹੋਣ ਵੇਲੇ ਤਾਏ ਦੀ ਦੁਕਾਨ ਉੱਤੇ ਕਈ ਬੰਦੇ ਇਕੱਠੇ ਹੋ ਜਾਂਦੇ। ਉਨ੍ਹਾਂ ਵਿੱਚ ਮੇਰੇ ਪਿਤਾ ਜੀ ਵੀ ਹੁੰਦੇ ਸਨ। ਉਨ੍ਹਾਂ ਬੰਦਿਆਂ ਵਿੱਚ ਇੱਕ ਬਹਿਸ ਛਿੜਦੀ ਜੋ ਕਿ ਦੇਸ਼ ਦੀ ਰਾਜਨੀਤੀ ਬਾਰੇ ਹੁੰਦੀ। ਤਾਇਆ ਇਕੱਲਾ ਹੀ ਕਿਸੇ ਨੂੰ ਵੀ ਬਾਰੀ ਨਹੀਂ ਆਉਣ ਦਿੰਦਾ ਸੀ। ਛੋਟਾ ਹੋਣ ਕਰਕੇ ਮੈਨੂੰ ਤਾਏ ਕਰਮੇ ਦੀ ਲਾਲ ਸਲਾਮ ਤੇ ਉਸਦੇ ਕਾਮਰੇਡ ਹੋਣ ਬਾਰੇ ਭਾਵੇਂ ਕੋਈ ਖਾਸ ਸਮਝ ਨਹੀਂ ਸੀ ਪਰ ਉਹ ਮੇਰੇ ਮਨ ਵਿੱਚ ਪੁਸਤਕ ਦੇ ਉਸ ਪਾਠ ਵਾਂਗ ਵਸਿਆ ਹੋਇਆ ਸੀ ਜਿਸ ਨੂੰ ਮੈਂ ਬਾਰ ਬਾਰ ਪੜ੍ਹਨਾ ਚਾਹੁੰਦਾ ਸਾਂ। ਪਿਤਾ ਜੀ ਭਾਵੇਂ ਕਾਂਗਰਸੀ ਵਿਚਾਰਧਾਰਾ ਦੇ ਸਨ ਪਰ ਉਹ ਤਾਏ ਕਰਮੇ ਦੀ ਸ਼ਖਸੀਅਤ ਦੇ ਮੁਦਈ ਸਨ। ਪਿਤਾ ਜੀ ਕਦੇ ਕਦਾਈਂ ਮਾਂ ਨਾਲ ਕਰਮੇ ਤਾਏ ਦੀ ਇਮਾਨਦਾਰੀ ਅਤੇ ਵਿਚਾਰਧਾਰਾ ਦੀ ਚਰਚਾ ਕਰਦੇ ਰਹਿੰਦੇ ਸਨ।
ਅਸੀਂ ਛੋਟੇ ਹੁੰਦੇ ਇਹ ਵੇਖਕੇ ਹੈਰਾਨ ਹੁੰਦੇ ਸਾਂ ਕਿ ਤਾਏ ਕਰਮੇ ਦੀ ਦੁਕਾਨ ਕਦੇ ਕਦਾਈਂ ਸੁੰਨੀ ਹੁੰਦੀ ਸੀ। ਉਹ ਆਪਣੇ ਨਾਲ ਦੇ ਦੁਕਾਨਦਾਰਾਂ ਨੂੰ ਖਿਆਲ ਰੱਖਣ ਨੂੰ ਕਹਿਕੇ ਇੱਧਰ ਉੱਧਰ ਚਲਾ ਜਾਂਦਾ ਸੀ। ਸਾਨੂੰ ਇਹ ਨਹੀਂ ਪਤਾ ਹੁੰਦਾ ਸੀ ਕਿ ਤਾਇਆ ਕਰਮਾ ਦੁਕਾਨ ਛੱਡਕੇ ਕਿੱਥੇ ਜਾਂਦਾ ਸੀ। ਤਾਏ ਕਰਮੇ ਨੂੰ ਮੈਂ ਉਦੋਂ ਹੋਰ ਚੰਗੀ ਤਰ੍ਹਾਂ ਜਾਣਨ ਲੱਗਾ ਜਦੋਂ ਉਸ ਦੀ ਘਰ ਵਾਲੀ ਸੱਤਿਆ ਨੇ, ਜਿਸ ਨੂੰ ਅਸੀਂ ਤਾਈ ਕਹਿੰਦੇ ਸਾਂ, ਘਰਾਂ ਵਿੱਚ ਭਾਂਡੇ ਮਾਂਜਣ ਅਤੇ ਪਾਣੀ ਭਰਨ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਤਾਏ ਦਾ ਬੜਾ ਮੁੰਡਾ ਬਖਸ਼ੀਸ਼ ਅੱਠਵੀਂ ਜਮਾਤ ਵਿੱਚ ਮੇਰੀ ਜਮਾਤ ਵਿੱਚ ਦਾਖਲ ਹੋ ਗਿਆ। ਤਾਈ ਸਾਡੇ ਘਰ ਪਹਿਲਾਂ ਵੀ ਆਉਂਦੀ ਜਾਂਦੀ ਹੁੰਦੀ ਸੀ ਤੇ ਬੀਜੀ ਨੂੰ ਭਾਬੀ ਕਹਿ ਕੇ ਬੁਲਾਉਂਦੀ ਸੀ। ਇੱਕ ਦਿਨ ਉਹ ਸਾਡੇ ਘਰ ਆਕੇ ਬੀਜੀ ਨੂੰ ਕਹਿਣ ਲੱਗੀ, “ਭਾਬੀ, ਮੈਂ ਕੰਮ ਲਈ ਤੁਹਾਡਾ ਘਰ ਫੜਨਾ ਚਾਹੁੰਦੀ ਹਾਂ।”
ਮੈਂ ਬੀਜੀ ਕੋਲ ਹੀ ਬੈਠਾ ਸੀ। ਬੀਜੀ ਤਾਈ ਦੀ ਗੱਲ ਸੁਣਕੇ ਹੈਰਾਨ ਰਹਿ ਗਈ। ਬੀਜੀ ਨੇ ਉਸ ਨੂੰ ਪੁੱਛਿਆ, “ਸੱਤਿਆ, ਤੈਨੂੰ ਘਰਾਂ ਵਿੱਚ ਕੰਮ ਕਰਨ ਦੀ ਕੀ ਲੋੜ ਪੈ ਗਈ?”
ਤਾਈ ਨੇ ਅੱਗੋਂ ਜਵਾਬ ਦਿੱਤਾ, “ਭਾਬੀ, ਕਾਮਰੇਡ ਨੂੰ ਲੋਕਾਂ ਦੀ ਮਦਦ ਲਈ ਜਾਣਾ ਪੈਂਦਾ ਹੈ। ਬੱਚੇ ਹੁਣ ਵੱਡੇ ਹੋ ਗਏ ਹਨ, ਪਰਿਵਾਰ ਦਾ ਖਰਚਾ ਵਧ ਗਿਆ ਹੈ। ਮੈਂ ਸੋਚਿਆ, ਕਿ ਚਲੋ ਮੈਂ ਚਾਰ ਘਰ ਫੜ ਲਵਾਂ, ਪਰਿਵਾਰ ਦਾ ਖਰਚਾ ਚਲਾਉਣਾ ਸੌਖਾ ਹੋ ਜਾਊ।”
ਬੀਜੀ ਨੇ ਕਿਹਾ, “ਸੱਤਿਆ, ਤੂੰ ਕਾਮਰੇਡ ਨੂੰ ਦੁਕਾਨ ਛੱਡਕੇ ਜਾਣ ਤੋਂ ਰੋਕਿਆ ਕਰ, ਤੁਹਾਡੀ ਦੁਕਾਨ ’ਤੇ ਚੰਗੀ ਕਮਾਈ ਹੋ ਸਕਦੀ ਹੈ।”
ਤਾਈ ਵੱਲੋਂ ਬੀਜੀ ਨੂੰ ਦਿੱਤੇ ਗਏ ਜਵਾਬ ਨੇ ਤਾਏ ਕਰਮੇ ਪ੍ਰਤੀ ਮੇਰੀ ਦਿਲਚਸਪੀ ਹੋਰ ਵਧਾ ਦਿੱਤੀ। ਤਾਈ ਨੇ ਕਿਹਾ, “ਭਾਬੀ, ਕਾਮਰੇਡ ਨੂੰ ਪਾਰਟੀ ਦਾ ਹੁਕਮ ਮੰਨਕੇ ਲੋਕਾਂ ਦੀ ਮਦਦ ਕਰਨ ਜਾਣਾ ਪੈਂਦਾ ਹੈ। ਸਾਨੂੰ ਦੁਕਾਨ ਭਾਵੇਂ ਸੁੰਨੀ ਛੱਡਣੀ ਪਵੇ ਪਰ ਸਾਨੂੰ ਆਪਣੀ ਪਾਰਟੀ ਦਾ ਹੁਕਮ ਮੰਨਣਾ ਪੈਂਦਾ ਹੈ।”
ਤਾਈ ਦੀਆਂ ਗੱਲਾਂ ਨੇ ਮੇਰੇ ਮਨ ਵਿੱਚ ਇਹ ਸਵਾਲ ਖੜ੍ਹੇ ਕਰ ਦਿੱਤੇ ਕਿ ਤਾਇਆ ਕਿਨ੍ਹਾਂ ਲੋਕਾਂ ਦੀ ਮਦਦ ਕਰਨ ਜਾਂਦਾ ਹੈ ਤੇ ਇਨ੍ਹਾਂ ਨੂੰ ਪਾਰਟੀ ਦਾ ਕੀ ਹੁਕਮ ਹੁੰਦਾ ਹੈ?
ਅਸੀਂ ਨੌਂਵੀਂ ਜਮਾਤ ਵਿੱਚ ਹੋ ਗਏ। ਸਾਡੇ ਸਕੂਲ ਵਿੱਚ ਦੁਆਬੇ ਦੇ ਇਲਾਕੇ ਵਿੱਚੋਂ ਦੋ ਨਵੇਂ ਅਧਿਆਪਕ ਆਏ। ਉਨ੍ਹਾਂ ਦੇ ਨਾਂ ਸਨ, ਸਰਦਾਰ ਇਕਬਾਲ ਸਿੰਘ ਤੇ ਮਹਿੰਦਰ ਪਾਲ। ਇਕਬਾਲ ਸਿੰਘ ਸਾਨੂੰ ਅੰਗਰੇਜ਼ੀ ਪੜ੍ਹਾਉਂਦੇ ਸਨ ਤੇ ਮਹਿੰਦਰ ਪਾਲ ਸਮਾਜਿਕ ਦਾ ਵਿਸ਼ਾ ਪੜ੍ਹਾਉਂਦੇ ਸਨ। ਇੱਕ ਦਿਨ ਇਕਬਾਲ ਸਿੰਘ ਨੇ ਸਾਡਾ ਅੰਗਰੇਜ਼ੀ ਵਿਸ਼ੇ ਦਾ ਟੈੱਸਟ ਲਿਆ। ਤਾਏ ਕਰਮੇ ਦਾ ਮੁੰਡਾ ਬਖਸ਼ੀਸ਼ ਉਨ੍ਹਾਂ ਬੱਚਿਆਂ ਵਿੱਚ ਖੜ੍ਹਾ ਸੀ, ਜਿਨ੍ਹਾਂ ਨੇ ਟੈੱਸਟ ਯਾਦ ਨਹੀਂ ਕੀਤਾ ਹੋਇਆ ਸੀ। ਅਧਿਆਪਕ ਇਕਬਾਲ ਸਿੰਘ ਨੇ ਉਨ੍ਹਾਂ ਸਾਰੇ ਬੱਚਿਆਂ ਨੂੰ ਪੁੱਛਿਆ ਕਿ ਉਨ੍ਹਾਂ ਨੇ ਟੈੱਸਟ ਯਾਦ ਕਿਉਂ ਨਹੀਂ ਕੀਤਾ ਤੇ ਨਾਲ ਹੀ ਉਨ੍ਹਾਂ ਦੇ ਪਿਤਾ ਜੀ ਦਾ ਨਾਂ ਅਤੇ ਕਿੱਤਾ ਪੁੱਛਿਆ। ਜਿਵੇਂ ਹੀ ਬਖਸ਼ੀਸ਼ ਨੇ ਆਪਣੇ ਪਿਤਾ ਦਾ ਨਾਂ ਕਾਮਰੇਡ ਕਰਮ ਚੰਦ ਦੱਸਿਆ, ਅਧਿਆਪਕ ਇਕਬਾਲ ਸਿੰਘ ਨੇ ਉਸ ਨੂੰ ਆਪਣੇ ਕੋਲ ਬੁਲਾਕੇ ਕਿਹਾ, “ਅੱਛਾ, ਤੂੰ ਕਾਮਰੇਡ ਕਰਮ ਚੰਦ ਦਾ ਮੁੰਡਾ ਹੈ?”
ਅਧਿਆਪਕ ਇਕਬਾਲ ਸਿੰਘ ਨੇ ਬਖਸ਼ੀਸ਼ ਨੂੰ ਆਪਣੇ ਬਾਰੇ ਦੱਸਕੇ ਤਾਏ ਦੀ ਰਾਜ਼ੀ ਖੁਸ਼ੀ ਪੁੱਛੀ ਤੇ ਉਸ ਨੂੰ ਪੜ੍ਹਾਈ ਵੱਲ ਧਿਆਨ ਦੇਣ ਲਈ ਕਿਹਾ। ਜਮਾਤ ਦੇ ਬੱਚੇ ਇਹ ਸੁਣਕੇ ਹੈਰਾਨ ਹੋ ਗਏ ਕਿ ਅਧਿਆਪਕ ਬਖਸ਼ੀਸ਼ ਨੂੰ ਜਾਣਦਾ ਹੈ। ਅਧਿਆਪਕ ਦੇ ਜਮਾਤ ਵਿੱਚੋਂ ਬਾਹਰ ਜਾਂਦਿਆਂ ਹੀ ਬਖਸ਼ੀਸ਼ ਨੂੰ ਜਮਾਤ ਦੇ ਬੱਚੇ ਪੁੱਛਣ ਲੱਗ ਪਏ ਕਿ ਅਧਿਆਪਕ ਉਸਦੇ ਪਿਤਾ ਜੀ ਨੂੰ ਕਿਵੇਂ ਜਾਣਦਾ ਹੈ?
ਬਖਸ਼ੀਸ਼ ਬੋਲਿਆ, “ਪਿਤਾ ਜੀ ਅਧਿਆਪਕ ਜਥੇਬੰਦੀਆਂ ਦੇ ਮੁਜ਼ਾਹਰਿਆਂ ਵਿੱਚ ਜਾ ਕੇ ਬੋਲਦੇ ਰਹਿੰਦੇ ਹਨ। ਸਰ ਵੀ ਅਧਿਆਪਕ ਜਥੇਬੰਦੀ ਦੇ ਆਗੂ ਹਨ। ਇਸੇ ਲਈ ਇਹ ਇੱਕ ਦੂਜੇ ਨੂੰ ਜਾਣਦੇ ਨੇ। ਬਖਸ਼ੀਸ਼ ਆਪਣੇ ਪਿਤਾ ਜੀ ਬਾਰੇ ਇਸ ਤਰ੍ਹਾਂ ਦੱਸ ਰਿਹਾ ਸੀ ਕਿ ਜਿਵੇਂ ਉਹ ਖੁਦ ਵੀ ਕਾਮਰੇਡ ਹੁੰਦਾ ਹੈ।
ਉਸ ਦਿਨ ਤੋਂ ਬਾਅਦ ਉਨ੍ਹਾਂ ਦੋਹਾਂ ਅਧਿਆਪਕਾਂ ਦਾ ਤਾਏ ਕਰਮੇ ਦੀ ਦੁਕਾਨ ’ਤੇ ਆਉਣਾ ਜਾਣਾ ਹੋ ਗਿਆ। ਮੈਨੂੰ ਤਾਏ ਕਰਮੇ ਦੀ ਮਾਰਕਸਵਾਦੀ ਵਿਚਾਰਧਾਰਾ ਦਾ ਵੀ ਪਤਾ ਲੱਗਣ ਲੱਗ ਪਿਆ ਕਿਉਂਕਿ ਉਹ ਦੋਵੇਂ ਅਧਿਆਪਕ ਕਦੇ ਕਦੇ ਸਾਡੀ ਜਮਾਤ ਵਿੱਚ ਮਾਰਕਸਵਾਦ ਬਾਰੇ ਗੱਲਬਾਤ ਕਰਨ ਲੱਗ ਪੈਂਦੇ। ਬਖਸ਼ੀਸ਼ ਦੀਆਂ ਗੱਲਾਂ ਵਿੱਚੋਂ ਵੀ ਮਾਰਕਸਵਾਦ ਸੁਣਨ ਨੂੰ ਮਿਲਦਾ।
ਹੁਣ ਤਾਏ ਬਾਰੇ ਮੈਂ ਹੋਰ ਵੀ ਜਾਣਕਾਰੀ ਹਾਸਲ ਕਰਨ ਲੱਗ ਪਿਆ। ਸਾਡੇ ਪਿੰਡ ਦੇ ਥਾਣੇ ਵਿੱਚ ਜਿਹੜਾ ਵੀ ਨਵਾਂ ਥਾਣੇਦਾਰ ਆਉਂਦਾ, ਉਹ ਬਾਕੀ ਪਾਰਟੀਆਂ ਦੇ ਸਿਆਸੀ ਬੰਦਿਆਂ ਦੇ ਨਾਲ ਤਾਏ ਕਰਮੇ ਨੂੰ ਵੀ ਮਿਲਣ ਲਈ ਬੁਲਾਉਂਦਾ। ਪਿੰਡ ਦੀ ਪੰਚਾਇਤ, ਪੁਲਿਸ ਅਤੇ ਕਿਸੇ ਸਰਕਾਰੀ ਅਫਸਰ ਵੱਲੋਂ ਕਿਸੇ ਵਿਅਕਤੀ ਨਾਲ ਅਨਿਆਂ ਜਾਂ ਧੱਕਾ ਕਰਨ ’ਤੇ ਤਾਇਆ ਉਸ ਬੰਦੇ ਦੀ ਮਦਦ ਕਰਦਾ। ਥਾਣੇ, ਕਚਹਿਰੀ ਅਤੇ ਪਟਵਾਰਖਾਨੇ ਵਿੱਚ ਤਾਏ ਦਾ ਆਉਣਾ ਜਾਣਾ ਲੱਗਿਆ ਹੀ ਰਹਿੰਦਾ। ਦਸਵੀਂ ਜਮਾਤ ਵਿੱਚ ਤਾਂ ਮੈਨੂੰ ਤਾਏ ਕਰਮੇ ਬਾਰੇ ਬਹੁਤ ਕੁਝ ਪਤਾ ਲੱਗ ਗਿਆ।
ਇੱਕ ਘਟਨਾ ਨੇ ਤਾਂ ਮੈਨੂੰ ਤਾਏ ਦਾ ਮੁਰੀਦ ਬਣਾ ਦਿੱਤਾ। ਪੰਚਾਇਤਾਂ ਦੀਆਂ ਚੋਣਾਂ ਹੋ ਰਹੀਆਂ ਸਨ। ਕਾਂਗਰਸ ਪਾਰਟੀ ਦੇ ਦੋ ਨੇਤਾ ਤਾਏ ਦੇ ਘਰ ਜਾਕੇ ਉਸ ਨੂੰ ਕਹਿਣ ਲੱਗੇ ਕਿ ਉਹ ਉਨ੍ਹਾਂ ਦੀ ਪਾਰਟੀ ਵਿੱਚ ਆ ਜਾਵੇ, ਉਹ ਉਸ ਨੂੰ ਸਰਪੰਚ ਬਣਾਉਣ ਨੂੰ ਤਿਆਰ ਹਨ। ਤਾਏ ਦਾ ਉਨ੍ਹਾਂ ਨੂੰ ਜਵਾਬ ਸੀ, “ਵੀਰੋ, ਮੇਰੇ ਘਰ ਆਉਣ ਲਈ ਤੁਹਾਡਾ ਬਹੁਤ ਸਵਾਗਤ ਪਰ ਤੁਸੀਂ ਇਹ ਗੱਲ ਕਿਵੇਂ ਸੋਚ ਲਈ ਕਿ ਮੈਂ ਸਰਪੰਚੀ ਲਈ ਆਪਣੀ ਪਾਰਟੀ ਛੱਡ ਦਿਆਂਗਾ?ਮੈਂ ਤਾਂ ਬਿਨਾਂ ਸਰਪੰਚੀ ਤੋਂ ਹੀ ਸਰਪੰਚ ਹਾਂ।”
ਕੋਈ ਵੀ ਚੋਣਾਂ ਹੁੰਦੀਆਂ, ਪਾਰਟੀ ਤਾਏ ਨੂੰ ਹੀ ਉਨ੍ਹਾਂ ਦਾ ਪ੍ਰਬੰਧ ਸੌਂਪਦੀ। ਤਾਏ ਦੇ ਸਾਈਕਲ ਤੇ ਕਮਿਊਨਿਸਟ ਪਾਰਟੀ ਦਾ ਝੰਡਾ ਲੱਗਿਆ ਹੁੰਦਾ। ਚੋਣਾਂ ਦੇ ਦਿਨਾਂ ਵਿੱਚ ਅਸੀਂ ਤਾਏ ਤੋਂ ਪਾਰਟੀ ਦੇ ਚੋਣ ਨਿਸ਼ਾਨ ਦੇ ਬਿੱਲੇ ਲੈ ਕੇ ਆਪਣੀਆਂ ਜੇਬਾਂ ਉੱਤੇ ਲਗਾਉਂਦੇ। ਜਦੋਂ ਵੀ ਉਸਦੀ ਪਾਰਟੀ ਦਾ ਜਲਸਾ ਹੁੰਦਾ, ਤਾਇਆ ਉਸਦੇ ਪ੍ਰਬੰਧ ਕਰਦਾ ਅਤੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦਾ। ਤਾਏ ਦੇ ਦੋਵੇਂ ਮੁੰਡਿਆਂ ਬਖਸ਼ੀਸ਼ ਤੇ ਬਲਬੀਰ ਨੇ ਪੜ੍ਹਾਈ ਛੱਡਕੇ ਤਾਏ ਦੀ ਦੁਕਾਨ ਸੰਭਾਲ ਲਈ। ਤਾਇਆ ਜ਼ਿੰਦਗੀ ਦੇ ਆਖ਼ਰੀ ਸਾਹਾਂ ਤਕ ਦਿਨ ਰਾਤ ਪਾਰਟੀ ਦੇ ਕੰਮਾਂ ਵਿੱਚ ਲੱਗਾ ਰਿਹਾ। ਉਸਨੇ ਅਤੇ ਤਾਈ ਸੱਤਿਆ ਨੇ ਗੁਰਬਤ ਤਾਂ ਕੱਟ ਲਈ ਪਰ ਆਪਣੇ ਸਿਧਾਤਾਂ ਨਾਲ ਸਮਝੌਤਾ ਨਹੀਂ ਕੀਤਾ।
ਮੈਨੂੰ ਤਾਏ ਕਰਮੇ ਦੀ ਪਾਰਟੀ ਵਿੱਚ ਉਸਦੇ ਕੱਦ ਦਾ ਉਦੋਂ ਪਤਾ ਲੱਗਾ ਜਦੋਂ ਉਸਦੇ ਦਾਹ ਸੰਸਕਾਰ ’ਤੇ ਲੋਕਾਂ ਦਾ ਭਾਰੀ ਇਕੱਠ ਵੇਖਣ ਨੂੰ ਮਿਲਿਆ। ਉਸਦਾ ਦਾਹ ਸੰਸਕਾਰ ਪਾਰਟੀ ਦੇ ਲਾਲ ਝੰਡੇ ਵਿੱਚ ਲਪੇਟ ਕੇ ਕੀਤਾ ਗਿਆ। ਮੈਨੂੰ ਅੱਜ ਦੇ ਦੌਰ ਵਿੱਚ ਕਰਮੇ ਤਾਏ ਦੇ ਸਿਧਾਂਤ ਉਦੋਂ ਬਹੁਤ ਯਾਦ ਆਉਂਦੇ ਹਨ ਜਦੋਂ ਅੱਜ ਦੇ ਲੀਡਰ ਇੱਕ ਪਾਰਟੀ ਵਿੱਚ ਵਿਧਾਇਕ, ਮੰਤਰੀ ਲੋਕ ਸਭਾ ਮੈਂਬਰ ਦੀ ਸੱਤਾ ਦਾ ਸੁਖ ਭੋਗਕੇ ਕਿਸੇ ਦੂਜੀ ਪਾਰਟੀ ਵਿੱਚ ਚਲੇ ਜਾਂਦੇ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4751)
(ਸਰੋਕਾਰ ਨਾਲ ਸੰਪਰਕ ਲਈ: (