“ਮਨੁੱਖ ਜਿੰਨੀਆਂ ਵੱਧ ਤੋਂ ਵੱਧ ਇੱਛਾਵਾਂ ਪਾਲਦਾ ਹੈ, ਉਹ ਉੰਨਾ ਹੀ ਤਣਾਅ ਵਿੱਚ ਰਹਿੰਦਾ ਹੈ। ਜਿਹੜੇ ਲੋਕ ...”
(30 ਅਪਰੈਲ 2024)
ਇਸ ਸਮੇਂ ਪਾਠਕ: 240.
ਸਮਾਂ, ਸੁਪਨੇ ਅਤੇ ਇੱਛਾਵਾਂ ਇੱਕ ਦੂਜੇ ਦੇ ਪੂਰਕ ਹਨ ਅਤੇ ਇੱਕ ਦੂਜੇ ਤੋਂ ਬਿਨਾਂ ਅਧੂਰੇ ਵੀ ਹਨ। ਇਹ ਇਸ ਧਰਤ, ਕਾਇਨਾਤ ਅਤੇ ਮਨੁੱਖੀ ਜ਼ਿੰਦਗੀ ਦੇ ਉਹ ਵਰਤਾਰੇ ਹਨ ਜੋ ਅਤੀਤ ਵਿੱਚ ਵੀ ਨਹੀਂ ਰੁਕੇ ਹਨ ਤੇ ਨਾ ਹੀ ਭਵਿੱਖ ਵਿੱਚ ਰੁਕਣਗੇ। ਜੇਕਰ ਸਮੇਂ ਵਿੱਚ ਖੜੋਤ ਆ ਗਈ ਤਾਂ ਅਤੀਤ, ਵਰਤਮਾਨ ਅਤੇ ਭਵਿੱਖ ਕਿਵੇਂ ਬਣਨਗੇ, ਦਿਨਾਂ ਰਾਤਾਂ, ਰੁੱਤਾਂ, ਸਾਲਾਂ ਅਤੇ ਸਦੀਆਂ ਦਾ ਨਿਰਮਾਣ ਕਿਵੇਂ ਹੋਵੇਗਾ? ਇਹ ਸਮੇਂ ਦੀ ਗਤੀਸ਼ੀਲਤਾ ਹੀ ਤਾਂ ਹੈ ਜਿਸ ਨਾਲ ਜਿੱਤਾਂ ਹਾਰਾਂ, ਉਤਾਰ ਚੜ੍ਹਾ, ਵਿਨਾਸ਼ ਨਿਰਮਾਣ, ਖੁਸ਼ੀਆਂ ਗ਼ਮੀਆਂ, ਅਮੀਰੀ ਗਰੀਬੀ, ਰਾਜਾ ਰੰਕ ਅਤੇ ਖੁਸ਼ਹਾਲੀ ਅਤੇ ਬਰਬਾਦੀ ਦਾ ਸਿਲਸਿਲਾ ਜਾਰੀ ਰਹਿੰਦਾ ਹੈ। ਜੇਕਰ ਸਮਾਂ ਰੁਕ ਜਾਂਦਾ ਤਾਂ ਨੈਪੋਲੀਅਨ ਲੜਾਈ ਦੇ ਮੈਦਾਨ ਵਿੱਚ ਪੰਜ ਮਿੰਟ ਦੀ ਦੇਰੀ ਨਾਲ ਨਾ ਪਹੁੰਚਦਾ ਅਤੇ ਨਾ ਹੀ ਉਹ ਲੜਾਈ ਹਾਰਦਾ। ਸਮੇਂ ਦੇ ਵਹਿਣ ਨਾਲ ਹੀ ਦਰਿਆਵਾਂ ਦੇ ਰੁਖ ਅਤੇ ਸਥਾਨ ਬਦਲ ਜਾਂਦੇ ਹਨ। ਦੇਸ਼ਾਂ ਦੀਆਂ ਸਰਹੱਦਾਂ ਵਿੱਚ ਬਦਲਾਅ ਆ ਜਾਂਦਾ ਹੈ। ਸਮਾਂ ਕਦੇ ਕਿਸੇ ਨੂੰ ਮੁਆਫ਼ ਨਹੀਂ ਕਰਦਾ। ਸਮੇਂ ਸਿਰ ਨਾ ਸੰਭਲਣ ਵਾਲੇ ਲੋਕਾਂ ਨੂੰ ਪਛਤਾਉਣਾ ਪੈਂਦਾ ਹੈ। ਕਿਸੇ ਸਮੇਂ ਦੀਆਂ ਕੀਤੀਆਂ ਹੋਈਆਂ ਗਲਤੀਆਂ ਕਾਰਨ ਮਨੁੱਖ ਨੂੰ ਉਮਰ ਭਰ ਪਛਤਾਉਣਾ ਪੈਂਦਾ ਹੈ। ਬਾਂਦਰ ਤੋਂ ਸੱਭਿਆ ਮਨੁੱਖ ਬਣਕੇ ਜ਼ਿੰਦਗੀ ਜਿਊਣ ਦਾ ਸਫ਼ਰ ਸਮੇਂ ਦੀ ਤਬਦੀਲੀ ਦਾ ਹੀ ਪ੍ਰਮਾਣ ਹੈ। ਜੇਕਰ ਸਮਾਂ ਰੁਕ ਜਾਂਦਾ ਤਾਂ ਮਨੁੱਖ ਦੇ ਮਨ ਵਿੱਚ ਤਰੱਕੀ ਕਰਨ, ਅੱਗੇ ਵਧਣ ਅਤੇ ਬਦਲਾਅ ਲਿਆਉਣ ਦੀ ਸੋਚ ਹੀ ਪੈਦਾ ਨਾ ਹੁੰਦੀ। ਇਹ ਸਮੇਂ ਦਾ ਬਦਲਾਅ ਹੀ ਸੀ ਕਿ ਪਾਂਡਵਾਂ ਨੂੰ ਪੰਜ ਪਿੰਡ ਦੇਣ ਤੋਂ ਨਾਂਹ ਕਰਨ ਵਾਲੇ ਕੌਰਵਾਂ ਨੂੰ ਆਪਣੇ ਸਾਮਰਾਜ ਤੋਂ ਹੀ ਹੱਥ ਧੋਣਾ ਪਿਆ। ਜੇਕਰ ਸਮਾਂ ਰੁਕ ਜਾਂਦਾ ਤਾਂ ਮਨੁੱਖ ਨੂੰ ਵਿਗਿਆਨਕ, ਵਪਾਰਕ, ਸਿੱਖਿਅਕ, ਰਾਜਨੀਤਿਕ, ਸੱਭਿਅਕ, ਆਰਥਿਕ ਅਤੇ ਹੋਰ ਤਰੱਕੀ ਕਦੇ ਵੀ ਵੇਖਣ ਨੂੰ ਨਸੀਬ ਨਾ ਹੁੰਦੀ। ਮਨੁੱਖ ਸਮਾਂ ਬਦਲਣ ਦੀ ਆਸ ਨਾਲ ਹੀ ਜਿਊਂਦਾ ਹੈ। ਜੇਕਰ ਸਮਾਂ ਹੀ ਰੁਕ ਗਿਆ ਤਾਂ ਮਨੁੱਖ ਦੀ ਚੰਗਾ ਸਮਾਂ ਆਉਣ ਦੀ ਆਸ ਦਾ ਕੀ ਬਣੂ? ਇੱਕ ਟਾਹਣੀ ਤੋਂ ਛਾਲ ਮਾਰਕੇ ਦੂਜੀ ਟਾਹਣੀ ਤਕ ਪਹੁੰਚਣ ਵਾਲਾ ਬਾਂਦਰ ਸਮੇਂ ਦੇ ਰੁਕਣ ਨਾਲ ਕਦੇ ਵੀ ਨਹੀਂ ਪਹੁੰਚ ਸਕਦਾ ਸੀ। ਸਮਾਂ ਬੜਾ ਬਲਵਾਨ ਹੈ, ਸਮਾਂ ਬੜਾ ਸਮਰੱਥ ਹੈ ਅਤੇ ਸਮਾਂ ਆਪਣੀ ਚਾਲ ਨਾਲ ਚੱਲਦਾ ਹੈ, ਇਹ ਅਖਾਣ ਸਮੇਂ ਦੀ ਗਤੀਸ਼ੀਲਤਾ ਨੂੰ ਹੀ ਦਰਸਾਉਂਦੇ ਹਨ।
ਸੁਪਨਿਆਂ ਤੋਂ ਬਿਨਾਂ ਤਾਂ ਮਨੁੱਖੀ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਸੁਪਨੇ ਹੀ ਤਾਂ ਮਨੁੱਖ ਨੂੰ ਜਿਊਂਦਾ ਰੱਖਦੇ ਹਨ। ਜਿਨ੍ਹਾਂ ਦੇ ਸੁਪਨੇ ਰੁਕ ਜਾਂਦੇ ਹਨ, ਉਹ ਤਰੱਕੀ ਕਰਨ ਅਤੇ ਅੱਗੇ ਵਧਣ ਦੇ ਰਾਹ ਵੀ ਭੁੱਲ ਜਾਂਦੇ ਹਨ। ਸੁਪਨੇ ਹੀ ਸੰਘਰਸ਼ ਦਾ ਰਾਹ ਤਿਆਰ ਕਰਦੇ ਹਨ। ਸੁਪਨੇ ਹੀ ਸਫ਼ਲਤਾ ਅਤੇ ਜਿੱਤਾਂ ਦੀ ਪ੍ਰਾਪਤੀ ਲਈ ਹੌਸਲੇ ਬੁਲੰਦ ਕਰਦੇ ਹਨ। ਮਰਹੂਮ ਰਾ ਸ਼ਟਰਪਤੀ ਡਾਕਟਰ ਏ.ਪੀ.ਜੇ ਅਬਦੁਲ ਕਲਾਮ ਕਹਿੰਦੇ ਸਨ ਕਿ ਸੁਪਨੇ ਉਹ ਨਹੀਂ ਜੋ ਸੁਤਿਆਂ ਹੋਇਆਂ ਨੂੰ ਆਉਂਦੇ ਹਨ, ਸੁਪਨੇ ਤਾਂ ਉਹ ਹੁੰਦੇ ਹਨ ਜੋ ਮਨੁੱਖ ਨੂੰ ਸੌਣ ਨਹੀਂ ਦਿੰਦੇ। ਸੁਪਨੇ ਤਾਂ ਹਾਰਾਂ ਅਤੇ ਅਸਫ਼ਲਤਾਵਾਂ ਤੋਂ ਬਾਅਦ ਵੀ ਨਹੀਂ ਰੁਕਦੇ। ਹਾਰਾਂ ਨੂੰ ਜਿੱਤਾਂ ਵਿੱਚ ਅਤੇ ਅਸਫਲਤਾਵਾਂ ਨੂੰ ਸਫਲਤਾਵਾਂ ਵਿੱਚ ਬਦਲਣ ਲਈ ਤਾਂ ਸੁਪਨਿਆਂ ਦੀ ਚਾਲ ਹੋਰ ਤੇਜ਼ ਹੋ ਜਾਂਦੀ ਹੈ। ਜ਼ਿੰਦਗੀ ਵਿੱਚ ਉਤਾਰ ਚੜ੍ਹਾ, ਖੋਣ ਪਾਉਣ, ਜਿੱਤਣ ਹਾਰਨ ਅਤੇ ਅਮੀਰੀ ਗਰੀਬੀ ਦਾ ਸਿਲਸਿਲਾ ਸੁਪਨਿਆਂ ਨਾਲ ਜੁੜਿਆ ਹੋਇਆ ਹੈ। ਨਿਕੰਮੇ, ਆਲਸੀ, ਲਾਪਰਵਾਹ ਤੇ ਸਿਰਫ ਸੋਚਣ ਵਾਲੇ ਲੋਕਾਂ ਦੇ ਸੁਪਨੇ ਕੇਵਲ ਮੁੰਗੇਰੀ ਲਾਲ ਦੇ ਸੁਪਨਿਆਂ ਵਰਗੇ ਹੀ ਹੁੰਦੇ ਹਨ। ਜਿਨ੍ਹਾਂ ਲੋਕਾਂ ਨੂੰ ਕੁਝ ਕਰਕੇ ਵਿਖਾਉਣ ਦੇ ਸੁਪਨੇ ਆਉਂਦੇ ਹਨ, ਉਹ ਕਦੇ ਵੀ ਔਕੜਾਂ ਦੀ ਪ੍ਰਵਾਹ ਨਹੀਂ ਕਰਦੇ। ਉਹ ਹਕੀਕਤ ਤੋਂ ਜਾਣੂ ਹੁੰਦੇ ਹਨ। ਸੁਪਨੇ ਉਨ੍ਹਾਂ ਨੂੰ ਆਰਾਮ ਨਾਲ ਬੈਠਣ ਨਹੀਂ ਦਿੰਦੇ। ਇੱਕ ਸੁਪਨੇ ਉਹ ਹੁੰਦੇ ਜੋ ਕੇਵਲ ਆਪਣੀ ਤਰੱਕੀ ਅਤੇ ਪ੍ਰਾਪਤੀ ਤਕ ਮਹਿਦੂਦ ਹੁੰਦੇ ਹਨ। ਉਨ੍ਹਾਂ ਸੁਪਨਿਆਂ ਦੀ ਚਰਚਾ ਤੇ ਸ਼ਲਾਘਾ ਕੁਝ ਲੋਕਾਂ ਤਕ ਹੀ ਮਹਿਦੂਦ ਰਹਿੰਦੀ ਹੈ ਪਰ ਦੇਸ਼, ਸਮਾਜ ਅਤੇ ਕੌਮ ਦੀਆਂ ਪ੍ਰਾਪਤੀਆਂ, ਵਿਕਾਸ ਅਤੇ ਤਬਦੀਲੀਆਂ ਲਈ ਲਏ ਗਏ ਸੁਪਨਿਆਂ ਦਾ ਇਤਿਹਾਸ ਲਿਖਿਆ ਜਾਂਦਾ ਹੈ। ਉਨ੍ਹਾਂ ਦੀ ਚਰਚਾ ਲੰਬੇ ਸਮੇਂ ਤਕ ਹੁੰਦੀ ਰਹਿੰਦੀ ਹੈ। ਕਲਪਨਾ ਚਾਵਲਾ ਅਤੇ ਰਾਕੇਸ਼ ਸ਼ਰਮਾ ਦਾ ਪੁਲਾੜ ਵਿੱਚ ਜਾਕੇ ਆਪਣੇ ਦੇਸ਼ ਦੇ ਝੰਡੇ ਨੂੰ ਲਹਿਰਾਉਣ ਦੇ ਸੁਪਨਿਆਂ ਦਾ ਜ਼ਿਕਰ ਹਰ ਕੋਈ ਕਰਦਾ ਹੈ।
ਇੱਛਾਵਾਂ ਮਨੁੱਖ ਦੇ ਜਨਮ ਤੋਂ ਲੈ ਕੇ ਜੀਵਨ ਦੇ ਅੰਤ ਤਕ ਕਦੇ ਵੀ ਨਹੀਂ ਰੁਕਦੀਆਂ। ਮਨੁੱਖ ਦੀ ਇਹ ਫਿਤਰਤ ਹੈ ਕਿ ਭਾਵੇਂ ਉਸ ਦੀਆਂ ਜਿੰਨੀਆਂ ਮਰਜ਼ੀ ਇੱਛਾਵਾਂ ਪੂਰੀਆਂ ਹੋ ਜਾਣ, ਪਰ ਉਸਦੀਆਂ ਇੱਛਾਵਾਂ ਕਦੇ ਮੁੱਕਦੀਆਂ ਨਹੀਂ ਹੁੰਦੀਆਂ। ਜਿਵੇਂ ਜਿਵੇਂ ਜ਼ਿੰਦਗੀ ਦੇ ਪੜਾਅ ਬਦਲਦੇ ਹਨ, ਉਵੇਂ ਉਵੇਂ ਇੱਛਾਵਾਂ ਦਾ ਰੂਪ ਵੀ ਬਦਲਦਾ ਜਾਂਦਾ ਹੈ। ਸਿੱਖਿਆ, ਨੌਕਰੀ ਤੇ ਧਨ ਹਾਸਲ ਕਰਨ ਦੀ ਇੱਛਾ, ਵਿਆਹ ਅਤੇ ਬੱਚੇ ਪੈਦਾ ਹੋਣ ਦੀ ਇੱਛਾ, ਮਕਾਨ ਬਣਾਉਣ ਅਤੇ ਹੋਰ ਸੁਖ ਸਹੂਲਤਾਂ ਹਾਸਲ ਕਰਕੇ ਚੰਗੀ ਜ਼ਿੰਦਗੀ ਗੁਜ਼ਾਰਨ ਦੀ ਇੱਛਾ, ਇਹ ਸਾਰਾ ਕੁਝ ਮਨੁੱਖ ਦੀ ਜ਼ਿੰਦਗੀ ਦੇ ਨਾਲ ਨਾਲ ਚੱਲਦਾ ਹੈ। ਇੱਛਾਵਾਂ ਦੀਆਂ ਵੀ ਬਹੁਤ ਸਾਰੀਆਂ ਕਿਸਮਾਂ ਹਨ। ਕਈ ਇੱਛਾਵਾਂ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਹੁੰਦੀਆਂ ਹਨ। ਕਈ ਇੱਛਾਵਾਂ ਦਾ ਸੰਬੰਧ ਪਰਿਵਾਰ, ਸਮਾਜ, ਦੇਸ਼ ਅਤੇ ਕੌਮ ਨਾਲ ਹੁੰਦਾ ਹੈ। ਕਈ ਇੱਛਾਵਾਂ ਦੂਜਿਆਂ ਨੂੰ ਨੀਵਾਂ ਵਿਖਾਉਣ, ਲੋਕਾਂ ਦਾ ਬੁਰਾ ਕਰਨ ਅਤੇ ਬਦਲਾ ਲੈਣ ਲਈ ਪੈਦਾ ਹੁੰਦੀਆਂ ਹਨ। ਇੱਛਾਵਾਂ ਦਾ ਸਕਾਰਾਤਮਕ ਅਤੇ ਅਗਾਂਹ ਵਧੂ ਸੋਚ ਵਾਲੀਆਂ ਹੋਣਾ ਮਨੁੱਖ ਦੀ ਉੱਚੀ ਅਤੇ ਚੰਗੀ ਸੋਚ ਦਾ ਪ੍ਰਤੀਕ ਹੁੰਦਾ ਹੈ ਪਰ ਨਕਾਰਾਤਮਕ ਅਤੇ ਘਟੀਆ ਸੋਚ ਵਾਲੀਆਂ ਇੱਛਾਵਾਂ ਮਨੁੱਖੀ ਸ਼ਖਸੀਅਤ ਦੇ ਪ੍ਰਭਾਵ ਨੂੰ ਪੇਤਲਾ ਕਰਦੀਆਂ ਹਨ। ਪ੍ਰਸਿੱਧ ਦਾਰਸ਼ਨਿਕ ਪਲੂਟੋ ਕਹਿੰਦਾ ਹੈ ਕਿ ਜਦੋਂ ਮਨੁੱਖ ਆਪਣੇ ਮਨ ਵਿੱਚ ਦੂਜਿਆਂ ਤੋਂ ਬਦਲਾ ਲੈਣ ਅਤੇ ਕਿਸੇ ਦਾ ਬੁਰਾ ਕਰਨ ਬਾਰੇ ਸੋਚਦਾ ਹੈ ਤਾਂ ਉਸਦਾ ਆਪਣਾ ਬੁਰਾ ਪਹਿਲਾਂ ਹੁੰਦਾ ਹੈ ਕਿਉਂਕਿ ਉਸਨੇ ਜੋ ਤਾਕਤ ਆਪਣੀ ਤਰੱਕੀ ਉੱਤੇ ਲਗਾਉਣੀ ਹੁੰਦੀ ਹੈ, ਉਸਦੀ ਉਹ ਤਾਕਤ ਦੂਜਿਆਂ ਦਾ ਬੁਰਾ ਕਰਨ ਦੇ ਢੰਗ ਲੱਭਣ ਉੱਤੇ ਲੱਗ ਜਾਂਦੀ ਹੈ।
ਸਾਰੇ ਧਾਰਮਿਕ ਗ੍ਰੰਥਾਂ ਵਿੱਚ ਇਹ ਦੱਸਿਆ ਗਿਆ ਹੈ ਕਿ ਮਨੁੱਖ ਨੂੰ ਆਪਣੀਆਂ ਇੱਛਾਵਾਂ ਉੱਤੇ ਕਾਬੂ ਰੱਖਣਾ ਚਾਹੀਦਾ ਹੈ। ਮਨੁੱਖ ਜਿੰਨੀਆਂ ਵੱਧ ਤੋਂ ਵੱਧ ਇੱਛਾਵਾਂ ਪਾਲਦਾ ਹੈ, ਉਹ ਉੰਨਾ ਹੀ ਤਣਾਅ ਵਿੱਚ ਰਹਿੰਦਾ ਹੈ। ਜਿਹੜੇ ਲੋਕ ਸਮੇਂ, ਸੁਪਨਿਆਂ ਅਤੇ ਇੱਛਾਵਾਂ ਦੀ ਹਕੀਕਤ ਨੂੰ ਸਮਝਦੇ ਹਨ, ਉਨ੍ਹਾਂ ਦੀ ਆਪਣੀ ਵੱਖਰੀ ਪਛਾਣ ਹੁੰਦੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4943)
(ਸਰੋਕਾਰ ਨਾਲ ਸੰਪਰਕ ਲਈ:(This email address is being protected from spambots. You need JavaScript enabled to view it.)