VijayKumarPr7ਮਾਪਿਆਂ ਨੂੰ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਵਿੱਚ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਵਿੱਚੋਂ ਇੱਕ ਸਮੱਸਿਆ ...
(24 ਅਕਤੂਬਰ 2023)


ਕੈਨੇਡਾ ਆਉਣ ਤੋਂ ਪਹਿਲਾਂ ਤੇ ਆਪਣੇ ਦੇਸ਼ ਦੀ ਧਰਤੀ ’ਤੇ ਜ਼ਿੰਦਗੀ ਜਿਉਂਦਿਆਂ ਕੈਨੇਡਾ ਦੀ ਜ਼ਿੰਦਗੀ ਬਾਰੇ ਸਭ ਕੁਝ ਬਹੁਤ ਵਧੀਆ ਸੁਣੀਦਾ ਸੀ
ਮਨ ਵਿੱਚ ਬਹੁਤ ਵਧੀਆ ਵਾਤਾਵਰਣ, ਸ਼ੁੱਧ ਪੌਣ ਪਾਣੀ, ਡਾਲਰਾਂ ਵਿੱਚ ਕਮਾਈ, ਵੱਡੀਆਂ ਵੱਡੀਆਂ ਗੱਡੀਆਂ, ਇੱਕੋ ਜਿਹੇ ਖੁੱਲ੍ਹੇ ਡੁੱਲ੍ਹੇ ਘਰ, ਚਾਰੇ ਪਾਸੇ ਹਰਿਆਲੀ ਅਤੇ ਸਹੂਲਤਾਂ ਹੀ ਸਹੂਲਤਾਂ ਦੀ ਤਸਵੀਰ ਉੱਕਰੀ ਹੋਈ ਸੀ ਪਰ ਇਸ ਮੁਲਕ ਵਿੱਚ ਸੱਤ ਮਹੀਨੇ ਦਾ ਅਰਸਾ ਗੁਜ਼ਾਰਨ ਤੋਂ ਬਾਅਦ ਮੇਰਾ ਅਨੁਭਵ ਇਹ ਕਹਿੰਦਾ ਹੈ ਕਿ ਇੱਥੋਂ ਦੀ ਜ਼ਿੰਦਗੀ ਦਾ ਇੱਕ ਦੂਜਾ ਪਾਸਾ ਵੀ ਹੈਇਸ ਮੁਲਕ ਵਿਚ ਰਹਿਣ ਵਾਲੇ ਲੋਕਾਂ ਦੀ ਜਿੰਦਗੀ ਐਨੀ ਸੌਖੀ ਵੀ ਨਹੀਂ ਹੈਡਾਲਰਾਂ ਵਿੱਚ ਕਮਾਈ ਕਹਿਣੀ ਸੌਖੀ ਹੈ ਪਰ ਕਮਾਉਣ ਲਈ ਲੋਕਾਂ ਨੂੰ ਜਿਸ ਸੰਘਰਸ਼ਮਈ ਦੌਰ ਵਿੱਚੋਂ ਗੁਜ਼ਰਨਾ ਪੈਂਦਾ ਹੈ, ਉਸਦੇ ਦਰਦ ਨੂੰ ਬਿਆਨ ਕਰਨਾ ਸੌਖੀ ਗੱਲ ਨਹੀਂਡਾਲਰਾਂ ਦੀ ਕਮਾਈ ਦੀ ਜ਼ਮੀਨੀ ਹਕੀਕਤ ਕੁਝ ਹੋਰ ਹੈਜੇਕਰ ਕਮਾਈ ਡਾਲਰਾਂ ਵਿੱਚ ਹੈ ਤਾਂ ਖਰਚਾ ਵੀ ਡਾਲਰਾਂ ਵਿੱਚ ਹੀ ਹੈਵੱਡੇ ਘਰਾਂ ਵਿੱਚ ਪਏ ਸਮਾਨ, ਬੀਮੇ ਤੇ ਗੱਡੀਆਂ ਦੀਆਂ ਕਿਸ਼ਤਾਂ ਲਈ ਲਏ ਬੈਂਕ ਕਰਜ਼ ਨੂੰ ਉਤਾਰਨ ਲਈ ਜ਼ਿੰਦਗੀ ਦਾ ਅਨੰਦ ਲੈਣ ਵਾਲੇ ਸਾਲ ਇਸੇ ਦੌੜ ਵਿੱਚ ਗੁਜ਼ਰ ਜਾਂਦੇ ਹਨਉਸ ਕਰਜ਼ ਦੀਆਂ ਕਿਸ਼ਤਾਂ ਉਤਾਰਨ ਲਈ ਵੱਧ ਤੋਂ ਵੱਧ ਕਮਾਈ ਦੇ ਚੱਕਰ ਵਿੱਚ ਪਤੀ ਪਤਨੀ ਦੀ ਜ਼ਿੰਦਗੀ ਮਸ਼ੀਨ ਵਾਂਗ ਚੱਲਣ ਲੱਗ ਪੈਂਦੀ ਹੈਉਹ ਦੋਨੋਂ ਚਾਹੁੰਦੇ ਹੋਏ ਵੀ ਇਸ ਮਸ਼ੀਨੀ ਜ਼ਿੰਦਗੀ ਤੋਂ ਬਾਹਰ ਨਹੀਂ ਨਿਕਲ ਪਾਉਂਦੇ

ਮਾਪਿਆਂ ਨੂੰ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਵਿੱਚ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਵਿੱਚੋਂ ਇੱਕ ਸਮੱਸਿਆ ਬੱਚਿਆਂ ਦੇ ਪਾਲਣ ਪੋਸਣ ਦੀ ਵੀ ਹੈਇਸ ਸਮੱਸਿਆ ਦੀ ਚਰਚਾ ਕਰਨ ਤੋਂ ਪਹਿਲਾਂ ਇਹ ਦੱਸਣਾ ਜ਼ਰੂਰੀ ਹੈ ਕਿ ਕੈਨੇਡਾ ਸਰਕਾਰ ਵੱਲੋਂ ਬੱਚੇ ਦੇ ਜਨਮ ਤੋਂ ਪਹਿਲਾਂ ਤੇ ਬਾਅਦ ਬੱਚੇ ਦੀ ਮਾਂ ਨੂੰ ਇੱਕ ਸਾਲ ਦੀ ਪਿਤਾ ਨੂੰ ਇੱਕ ਮਹੀਨੇ ਦੀ ਜਣੇਪਾ ਛੁੱਟੀ, ਛੁੱਟੀ ਦੌਰਾਨ ਮਾਂ ਦੀ ਨੌਕਰੀ ਕੱਚੀ ਹੋਣ ’ਤੇ ਅੱਧੀ ਤਨਖਾਹ, ਪੱਕੀ ਨੌਕਰੀ ਹੋਣ ’ਤੇ ਪੂਰੀ ਤਨਖਾਹ, ਪਿਤਾ ਨੂੰ ਪੂਰੀ ਤਨਖਾਹ, ਮਾਂ ਤੇ ਬੱਚੇ ਨੂੰ ਪੂਰੀਆਂ ਡਾਕਟਰੀ ਸਹੂਲਤਾਂ ਤੇ ਬੱਚੇ ਦੇ ਪਾਲਣ ਪੋਸਣ ਲਈ ਜਨਮ ਤੋਂ ਹੀ ਮਾਂ ਬਾਪ ਦੀ ਆਮਦਨ ਅਨੁਸਾਰ ਮਾਲੀ ਸਹਾਇਤਾ ਆਦਿ ਸਹੂਲਤਾਂ ਮੁਹਈਆ ਕਰਵਾਈਆਂ ਜਾਂਦੀਆਂ ਹਨ ਪਰ ਇਸਦੇ ਬਾਵਜੂਦ ਵੀ ਬੱਚੇ ਦੇ ਜਨਮ ਤੋਂ ਬਾਅਦ ਪਤੀ ਪਤਨੀ ਦੇ ਸਾਹਮਣੇ ਬਹੁਤ ਸਾਰੀਆਂ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ, ਜਿਨ੍ਹਾਂ ਦਾ ਸਾਹਮਣਾ ਕਰਨਾ ਅਸਾਨ ਨਹੀਂ ਹੁੰਦਾ

ਪਹਿਲੇ ਵਰਗ ਵਿੱਚ ਉਹ ਮਾਪੇ ਆਉਂਦੇ ਹਨ ਜੋ ਬੱਚੇ ਨੂੰ ਕੈਨੇਡਾ ਦਾ ਪੱਕਾ ਨਾਗਰਿਕ ਬਣਾਉਣ ਤੇ ਖੁਦ ਨੂੰ ਇਸ ਮੁਲਕ ਦਾ ਬਾਸ਼ਿੰਦਾ ਬਣਾਉਣ ਦਾ ਲਾਭ ਲੈਣ ਲਈ ਇੱਥੇ ਆ ਕੇ ਬੱਚੇ ਨੂੰ ਜਨਮ ਦਿੰਦੇ ਹਨਜੇਕਰ ਉਹ ਦੋਵੇਂ ਨੌਕਰੀ ਕਰਦੇ ਹਨ, ਉਨ੍ਹਾਂ ਨੇ ਬੈਂਕ ਦੀਆਂ ਕਿਸ਼ਤਾਂ ਉਤਾਰਨੀਆਂ ਹੁੰਦੀਆਂ ਹਨ ਪਰ ਉਨ੍ਹਾਂ ਦੇ ਪਰਿਵਾਰ ਵਿੱਚ ਬੱਚੇ ਦੀ ਦੇਖ ਭਾਲ ਕਰਨ ਵਾਲਾ ਕੋਈ ਨਹੀਂ, ਉਨ੍ਹਾਂ ਮਾਪਿਆਂ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈਦੋਹਾਂ ਦੇ ਨੌਕਰੀ ’ਤੇ ਚਲੇ ਜਾਣ ਤੋਂ ਬਾਅਦ ਬੱਚੇ ਨੂੰ ਕੌਣ ਸੰਭਾਲੇ? ਉਹ ਨੌਕਰੀਆਂ ਤੇ ਬੱਚਿਆਂ ਦੇ ਪਾਲਣ ਪੋਸਣ ਵਿਚਕਾਰ ਪਿਸਣ ਲੱਗ ਪੈਂਦੇ ਹਨਦੋਹਾਂ ਦੇ ਨੌਕਰੀ ਕਰਨ ਦੀ ਮਜਬੂਰੀ ਹੋਣ ਕਾਰਨ ਉਨ੍ਹਾਂ ਨੂੰ ਸਮਝ ਨਹੀਂ ਆਉਂਦਾ ਕਿ ਉਹ ਕੀ ਕਰਨ ਪਰਿਵਾਰ ਵਿੱਚ ਤਣਾਅ ਦਾ ਮਾਹੌਲ ਪੈਦਾ ਹੋਣ ਲੱਗ ਪੈਂਦਾ ਹੈ ਜ਼ਿੰਦਗੀ ਜਿਊਣ ਦਾ ਰਸ ਪੇਤਲਾ ਪੈਣ ਲੱਗ ਪੈਂਦਾ ਹੈਆਪਣੀਆਂ ਸਮੱਸਿਆਵਾਂ ਦਾ ਹੱਲ ਕੱਢਣ ਲਈ ਉਹ ਬੱਚਿਆਂ ਦੀ ਦੇਖਭਾਲ ਲਈ ਆਪਣੇ ਮਾਪਿਆਂ, ਸੱਸ ਸਹੁਰੇ ਅਤੇ ਹੋਰ ਰਿਸ਼ਤੇਦਾਰਾਂ ਨੂੰ ਲਿਆਉਂਦੇ ਹਨਉਨ੍ਹਾਂ ਬਜ਼ੁਰਗਾਂ ਅਤੇ ਰਿਸ਼ਤੇਦਾਰਾਂ ਦੇ ਆਉਣ ਨਾਲ ਬੱਚਿਆਂ ਦੇ ਪਾਲਣ ਪੋਸਣ ਤੇ ਦੇਖਭਾਲ ਦੀ ਸਮੱਸਿਆ ਥੋੜ੍ਹੀ ਬਹੁਤ ਤਾਂ ਘੱਟ ਹੋ ਜਾਂਦੀ ਹੈ ਪਰ ਉਨ੍ਹਾਂ ਦੇ ਆਉਣ ਨਾਲ ਉਨ੍ਹਾਂ ਲਈ ਉਨ੍ਹਾਂ ਦੇ ਖਾਣ ਪੀਣ, ਸਿਹਤ, ਰਹਿਣ ਸਹਿਣ, ਵਿਚਾਰਕ ਭਿੰਨਤਾ, ਇਲਾਜ, ਉਨ੍ਹਾਂ ਦੇ ਆਉਣ ਜਾਣ ਅਤੇ ਬੀਮੇ ਦਾ ਖਰਚ ਤੇ ਹੋਰ ਕਈ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨਕਈ ਵੇਰ ਤਾਂ ਬਜ਼ੁਰਗਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਪਤੀ ਪਤਨੀ ਵਿੱਚ ਟਕਰਾਅ ਦੀ ਸਥਿਤੀ ਪੈਦਾ ਹੋ ਜਾਂਦੀ ਹੈਪਤੀ ਬਜ਼ੁਰਗਾਂ ਤੇ ਪਤਨੀ ਵਿਚਕਰ ਪਿਸਣ ਲੱਗ ਪੈਂਦਾ ਹੈਜਿਨ੍ਹਾਂ ਪਤੀ ਪਤਨੀਆਂ ਦੇ ਬਜ਼ੁਰਗ ਸਾਲ ਛੇ ਮਹੀਨੇ ਦਾ ਅਰਸਾ ਗੁਜ਼ਾਰਨ ਤੋਂ ਬਾਅਦ ਜਾਂ ਫੇਰ ਹੋਰ ਕਾਰਨਾਂ ਕਰਕੇ ਵਾਪਸ ਚਲੇ ਜਾਂਦੇ ਹਨ, ਉਹ ਬੱਚੇ ਦੇ ਪਾਲਣ ਪੋਸਣ ਜਾਂ ਉਸਦੇ ਪ੍ਰਬੰਧ ਲਈ ਡੇਕੇਅਰ ਜਾਂ ਫੇਰ ਨੈਨੀ (ਨੌਕਰਾਣੀ) ਦਾ ਪ੍ਰਬੰਧ ਕਰਨ ਦਾ ਯਤਨ ਕਰਦੇ ਹਨਨੈਨੀ ਜਾਂ ਡੇਕੇਅਰ ਦਾ ਖਰਚਾ ਅਦਾ ਕਰਨਾ ਘੱਟ ਆਮਦਨ ਵਾਲੇ ਪਤੀ ਪਤਨੀ ਦੇ ਵੱਸ ਦੀ ਗੱਲ ਨਹੀਂ ਕਿਉਂਕਿ ਉਹ ਦੋਵੇਂ ਬਹੁਤ ਮਹਿੰਗੇ ਹਨ

ਜਿਹੜੇ ਪਤੀ ਪਤਨੀ ਆਪਣੇ ਬੱਚਿਆਂ ਨੂੰ ਡੇਕੇਅਰ ਵਿੱਚ ਭੇਜ ਵੀ ਦਿੰਦੇ ਹਨ, ਉਨ੍ਹਾਂ ਦੀਆਂ ਸਮੱਸਿਆਵਾਂ ਅੱਡ ਤਰ੍ਹਾਂ ਦੀਆਂ ਹੁੰਦੀਆਂ ਹਨਬੱਚਿਆਂ ਦਾ ਡੇ ਕੇਅਰ ਵਿੱਚ ਬਿਮਾਰ ਹੋਣਾ, ਉਨ੍ਹਾਂ ਨੂੰ ਲਿਆਉਣ ਛੱਡਣ ਦੀ ਸਮੱਸਿਆ, ਨੈਨੀਆਂ ਦੀਆਂ ਆਦਤਾਂ, ਉਨ੍ਹਾਂ ਦਾ ਵਿਵਹਾਰ, ਉਨ੍ਹਾਂ ਦਾ ਛੇਤੀ ਛੇਤੀ ਛੱਡਕੇ ਚਲੇ ਜਾਣ ’ਤੇ ਬੱਚਿਆਂ ਦੇ ਮਾਪਿਆਂ ਅੱਗੇ ਚੁਣੌਤੀਆਂ ਖੜ੍ਹੀਆਂ ਕਰਦਾ ਹੈਆਰਥਿਕ ਸੰਕਟ ਦੇ ਸ਼ਿਕਾਰ ਮਾਪਿਆਂ, ਜਿਨ੍ਹਾਂ ਕੋਲ ਆਉਣ ਜਾਣ ਦਾ ਸਾਧਨ ਗੱਡੀ ਨਹੀਂ ਹੁੰਦੀ, ਜਿਹੜੇ ਬੇਸਮਿੰਟਾਂ ਵਿੱਚ ਰਹਿੰਦੇ ਹਨ ਤੇ ਜਿਨ੍ਹਾਂ ਨੂੰ ਕਈ ਵਾਰ ਨੌਕਰੀ ਲੱਭਣ ਨੂੰ ਸਮਾਂ ਲੱਗ ਜਾਂਦਾ ਹੈ, ਉਨ੍ਹਾਂ ਮਾਪਿਆਂ ਨੂੰ ਬੱਚਿਆਂ ਦੇ ਪਾਲਣ ਪੋਸਣ ਵਿੱਚ ਗੰਭੀਰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈਜਿਹੜੇ ਮਾਪਿਆਂ ਦੀਆਂ ਨੌਕਰੀਆਂ ਹੋਟਲਾਂ, ਰੈਸਟੋਰੈਂਟਾਂ, ਸਕਿਉਰਟੀ ਤੇ ਹੋਰ ਖੇਤਰਾਂ ਵਿੱਚ ਹੋਣ ਕਰਕੇ ਡਿਊਟੀ ਦੁਪਹਿਰ ਤੋਂ ਬਾਅਦ ਸ਼ੁਰੂ ਹੋ ਕੇ ਰਾਤ ਤਕ ਹੁੰਦੀ ਹੈ, ਉਨ੍ਹਾਂ ਮਾਪਿਆਂ ਨੂੰ ਬੱਚਿਆਂ ਦੇ ਪਾਲਣ ਪੋਸਣ ਵਿੱਚ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈਚਾਰ ਮਹੀਨੇ ਮੌਸਮ ਦੀ ਬਹੁਤ ਜ਼ਿਆਦਾ ਖਰਾਬੀ ਹੋਣ ਕਾਰਨ ਬੱਚਿਆਂ ਦਾ ਘਰਾਂ ਤੋਂ ਬਾਹਰ ਨਾ ਨਿਕਲ ਸਕਣਾ, ਘਰਾਂ ਦੇ ਵਿਹੜੇ ਨਾ ਹੋਣ ਕਾਰਨ ਬੱਚਿਆਂ ਦੇ ਖੇਡਣ ਲਈ ਬੱਚਿਆਂ ਦੀ ਸੰਗਤ ਨਾ ਹੋਣਾ, ਵੱਖ ਵੱਖ ਦੇਸ਼ਾਂ ਦੇ ਲੋਕ ਹੋਣ ਕਾਰਨ ਬੱਚਿਆਂ ਦਾ ਮੇਲ ਮਿਲਾਪ ਨਾ ਹੋਣਾ, ਡਾਕਟਰੀ ਸਹੂਲਤਾਂ ਦੀ ਘਾਟ ਕਾਰਨ ਬੱਚਿਆਂ ਦੇ ਸਰਵਪੱਖੀ ਵਿਕਾਸ ਅਤੇ ਪਾਲਣ ਪੋਸਣ ਲਈ ਵੱਡੀਆਂ ਸਮੱਸਿਆਵਾਂ ਪੈਦਾ ਕਰਦੇ ਹਨਕੈਨੇਡਾ ਦੇ ਕਾਨੂੰਨ ਅਨੁਸਾਰ ਗੱਡੀ ਵਿੱਚ ਸਫ਼ਰ ਕਰਦਿਆਂ ਬੱਚਿਆਂ ਦੇ ਮਾਪੇ ਬੱਚਿਆਂ ਨੂੰ ਗੋਦੀ ਵਿੱਚ ਨਹੀਂ ਲੈ ਸਕਦੇ, ਬੱਚਿਆਂ ਦੀ ਸੁਰੱਖਿਆ ਵਾਸਤੇ ਉਨ੍ਹਾਂ ਅੱਡ-ਅੱਡ ਸੀਟਾਂ ਹੋਣੀਆਂ ਜ਼ਰੂਰੀ ਹਨਜੇਕਰ ਮਾਪੇ ਇਸ ਕਾਨੂੰਨ ਦੀ ਉਲੰਘਣਾ ਕਰਦੇ ਹਨ ਤਾਂ ਪੁਲਿਸ ਇਹ ਕਹਿਕੇ ਬੱਚੇ ਨੂੰ ਲੈ ਜਾਂਦੀ ਹੈ ਕਿ ਤੁਸੀਂ ਆਪਣੇ ਬੱਚੇ ਦਾ ਚੰਗੀ ਤਰ੍ਹਾਂ ਪਾਲਣ ਪੋਸਣ ਨਹੀਂ ਕਰ ਸਕਦੇਘਰਾਂ ਵਿੱਚ ਬੱਚੇ ਦੇ ਸੌਣ ਪੈਣ ਦੇ ਵੀ ਕਾਨੂੰਨ ਬਹੁਤ ਸਖ਼ਤ ਹਨਕੈਨੇਡਾ ਦੇ ਪੌਣ ਪਾਣੀ ਅਤੇ ਮੌਸਮ ਅਨੁਸਾਰ ਇੱਥੋਂ ਦੇ ਬੱਚਿਆਂ ਦੇ ਸਰੀਰ ਦੀਆਂ ਕਿਰਿਆਵਾਂ, ਰਿੜ੍ਹਨਾ, ਬੈਠਣਾ, ਤੁਰਨਾ, ਦੰਦ ਕੱਢਣਾ ਅਤੇ ਬੋਲਣਾ ਸਮੇਂ ਸਿਰ ਨਹੀਂ ਹੁੰਦੀਆਂਸਕੂਲਾਂ ਅਤੇ ਘਰਾਂ ਵਿੱਚ ਬੱਚਿਆਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਸ਼ਰਾਰਤ ’ਤੇ ਗਲਤੀ ਕਰਨ ’ਤੇ ਸਜ਼ਾ ਦੇਣੀ ਤਾਂ ਦੂਰ ਦੀ ਗੱਲ ਹੈ, ਝਿੜਕਿਆ ਵੀ ਨਹੀਂ ਜਾ ਸਕਦਾਇਸ ਕਾਨੂੰਨ ਨੇ ਬੱਚਿਆਂ ਨੂੰ ਬਾਗੀ ਅਤੇ ਮਾਪਿਆਂ ਨੂੰ ਬੇਵੱਸ ਕਰਕੇ ਰੱਖ ਦਿੱਤਾ ਹੈਪੰਜ ਸਾਲ ਦੀ ਉਮਰ ਵਿੱਚ ਸਕੂਲ ਭੇਜਣ ਦੇ ਕਾਨੂੰਨ ਕਾਰਨ ਬੱਚਿਆਂ ਨੂੰ ਘਰ ਵਿੱਚ ਸੰਭਾਲਣਾ ਮਾਪਿਆਂ ਲਈ ਔਖ ਪੈਦਾ ਕਰ ਦਿੰਦਾ ਹੈ

ਮਾਤ ਭਾਸ਼ਾ ਅਤੇ ਅੰਗਰੇਜ਼ੀ ਨੂੰ ਲੈ ਕੇ ਬੱਚੇ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਮੱਸਿਆ ਪੇਸ਼ ਆਉਂਦੀ ਹੈਭਾਵੇਂ ਇਸ ਦੇਸ਼ ਦੀ ਸਰਕਾਰ ਨੇ ਬੱਚਿਆਂ ਲਈ ਅਰਲੀ ਆਨ ਜਿਹੇ ਪ੍ਰੋਗਰਾਮ ਚਲਾਏ ਹੋਏ ਹਨ ਪਰ ਇਸਦੇ ਬਾਵਜੂਦ ਮਾਪਿਆਂ ਲਈ ਬੱਚਿਆਂ ਦਾ ਪਾਲਣ ਪੋਸਣ ਕਰਨਾ ਅਸਾਨ ਕੰਮ ਨਹੀਂਭਾਵੇਂ ਸਾਡੇ ਦੇਸ਼ ਵਿੱਚ ਵੀ ਨੌਕਰੀ ਪੇਸ਼ਾ ਪਤੀ ਪਤਨੀ ਨੂੰ ਬੱਚਿਆਂ ਨੂੰ ਲੈ ਕੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਉੱਥੇ ਘਰ ਵਿੱਚ ਕੰਮ ਕਰਨ ਲਈ ਅਤੇ ਬੱਚਾ ਸੰਭਾਲਣ ਲਈ ਘੱਟ ਪੈਸਿਆਂ ਵਿੱਚ ਔਰਤਾਂ ਮਿਲ ਜਾਂਦੀਆਂ ਹਨਬੱਚੇ ਦੇ ਪਾਲਣ ਪੋਸਣ ਲਈ ਪਰਿਵਾਰ ਦੇ ਬਜ਼ੁਰਗ ਜਾਂ ਫੇਰ ਕੋਈ ਹੋਰ ਅਸਾਨੀ ਨਾਲ ਆ ਜਾ ਸਕਦੇ ਹਨਉਨ੍ਹਾਂ ਦੀਆਂ ਸਮੱਸਿਆਵਾਂ ਵੀ ਬਹੁਤ ਘੱਟ ਹੁੰਦੀਆਂ ਹਨਵੱਡੇ ਸ਼ਹਿਰਾਂ ਵਿੱਚ ਆਉਣ ਜਾਣ ਅਤੇ ਡਾਕਟਰੀ ਸਹੂਲਤਾਂ ਦੀ ਸਮੱਸਿਆ ਵੀ ਬਹੁਤ ਘੱਟ ਹੁੰਦੀ ਹੈਘੱਟ ਖਰਚੇ ਵਿੱਚ ਵੀ ਪਰਿਵਾਰ ਦਾ ਗੁਜ਼ਾਰਾ ਚੱਲ ਜਾਂਦਾ ਹੈਅਜਿਹੀ ਕੋਈ ਥਾਂ ਨਹੀਂ ਜਿੱਥੇ ਸਮੱਸਿਆਵਾਂ ਨਾ ਹੋਣ ਪਰ ਸਮੱਸਿਆਵਾਂ ਦਾ ਹੱਲ ਕਰਨਾ ਸਾਡੇ ਆਪਣੇ ਹੱਥ ਵਿੱਚ ਹੁੰਦਾ ਹੈਬੱਚੇ ਦੇ ਪਾਲਣ ਪੋਸਣ ਨੂੰ ਆਸਾਨ ਕਰਨ ਲਈ ਸਭ ਤੋਂ ਪਹਿਲਾਂ ਸਮਝਣ ਵਾਲੀ ਗੱਲ ਇਹ ਹੈ ਕਿ ਅਸੀਂ ਕਮਾਉਂਦੇ ਬੱਚਿਆਂ ਲਈ ਹੀ ਹਾਂਜੇਕਰ ਸਾਡੇ ਬੱਚਿਆਂ ਦਾ ਪਾਲਣ ਪੋਸਣ ਹੀ ਠੀਕ ਨਾਲ ਨਾ ਹੋਇਆ ਤਾਂ ਕਮਾਈ ਦਾ ਵੀ ਕੀ ਲਾਭ? ਸਭ ਤੋਂ ਪਹਿਲਾਂ ਬੱਚੇ ਦੇ ਪਾਲਣ ਪੋਸਣ ਨੂੰ ਤਰਜੀਹ ਦਿੱਤੀ ਜਾਵੇਜੇਕਰ ਬੱਚੇ ਦੇ ਪਾਲਣ ਪੋਸਣ ਲਈ ਬਜ਼ੁਰਗਾਂ ਨੂੰ ਲਿਆਂਦਾ ਜਾਵੇ ਤਾਂ ਉਨ੍ਹਾਂ ਦਾ ਹਰ ਪੱਖੋਂ ਧਿਆਨ ਰੱਖਿਆ ਜਾਵੇਉਨ੍ਹਾਂ ਨੂੰ ਇਹ ਨਾ ਲੱਗੇ ਕਿ ਉਹ ਆ ਕੇ ਫਸ ਗਏ ਹਨਪਤੀ ਪਤਨੀ ਇੱਕ ਦੂਜੇ ਨੂੰ ਪੂਰਾ ਸਹਿਯੋਗ ਦੇਣਬੱਚੇ ਦੇ ਚੰਗੇ ਪਾਲਣ ਪੋਸਣ  ਲਈ ਜੇਕਰ ਹੋ ਸਕੇ ਤਾਂ ਪਤਨੀ ਨੂੰ ਥੋੜ੍ਹੇ ਸਮੇਂ ਲਈ ਨੌਕਰੀ ਛੱਡ ਦੇਣੀ ਚਾਹੀਦੀ ਹੈ ਜਾਂ ਫੇਰ ਕੋਈ ਅਜਿਹਾ ਕੰਮ ਵੇਖ ਲੈਣਾ ਚਾਹੀਦਾ ਹੈ ਜੋ ਘਰ ਤੋਂ ਹੋ ਸਕੇਡੇਕੇਅਰ ਅਤੇ ਨੈਨੀ ਦੀ ਚੋਣ ਬਹੁਤ ਸੋਚ ਸਮਝਕੇ ਕਰਨੀ ਚਾਹੀਦੀ ਹੈਇਸ ਦੁਨੀਆ ਵਿੱਚ ਮਾਂ ਦਾ ਕੋਈ ਬਦਲ ਨਹੀਂ ਹੈਬੱਚਿਆਂ ਨੂੰ ਅੰਗਰੇਜ਼ੀ ਦੇ ਨਾਲ ਨਾਲ ਆਪਣੀ ਮਾਤ ਭਾਸ਼ਾ ਨਾਲ ਵੀ ਜੋੜਕੇ ਰੱਖਿਆ ਜਾਵੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4419)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਪ੍ਰਿੰ. ਵਿਜੈ ਕੁਮਾਰ

ਪ੍ਰਿੰ. ਵਿਜੈ ਕੁਮਾਰ

Phone: (91 - 98726 - 27136)
Email: (vijaykumarbehki@gmail.com)

More articles from this author