“ਇਹ ਗੱਲ ਕਦੇ ਨਾ ਭੁੱਲੋ ਕਿ ਹਰ ਸਮੱਸਿਆ ਲੜ ਝਗੜ ਕੇ ਹੀ ਹੱਲ ਨਹੀਂ ਹੁੰਦੀ ...”
(13 ਜੁਲਾਈ 2025)
ਦੁਨੀਆ ਦੇ ਵੱਡੇ ਵਪਾਰੀ, ਖੋਜੀ, ਨਿਵੇਸ਼ਕ ਅਤੇ ਬਹੁਤ ਹੀ ਅਨੁਭਵੀ ਵਿਅਕਤੀ ਸਟੀਵਨ ਪਾਲ ਜੌਬਸ ਦਾ ਜਨਮ ਅਮਰੀਕਾ ਦੇ ਸ਼ਹਿਰ ਸਾਨ ਫਰਾਂਸਿਸਕੋ (ਕੈਲੀਫੋਰਨੀਆ) ਵਿੱਚ 24 ਫਰਵਰੀ 1955 ਨੂੰ ਹੋਇਆ। ਉਸਨੇ ਅਮਰੀਕਾ ਦੇ ਰੀਡ ਇੰਜਨੀਅਰਿੰਗ ਕਾਲਜ ਵਿੱਚ ਦਾਖਲਾ ਤਾਂ ਲਿਆ ਪਰ ਕੋਈ ਵੀ ਡਿਗਰੀ ਹਾਸਲ ਨਹੀਂ ਕੀਤੀ। ਉਸਨੇ ਐਨੀਮੇਸ਼ਨ ਸਟੂਡੀਓ ਖੋਲ੍ਹਿਆ ਅਤੇ ਉਹ ਉਸਦਾ ਸੀ.ਈ.ਓ ਬਣਿਆ। ਉਹ ਐਪਲ ਇੰਕ ਦਾ ਸਹਿ ਸੰਸਥਾਪਕ ਅਤੇ ਸੀ.ਈ.ਓ ਵੀ ਰਿਹਾ। ਉਹ ਬੁੱਧ ਧਰਮ ਦੀਆਂ ਸਿੱਖਿਆਵਾਂ ਤੋਂ ਪ੍ਰਭਾਵਿਤ ਹੋਕੇ ਭਾਰਤ ਵਿੱਚ ਵੀ ਰਿਹਾ। ਉਸਦੇ ਚਾਰ ਬੱਚੇ ਸਨ। ਉਹ ਕੈਂਸਰ ਦੀ ਬਿਮਾਰੀ ਨਾਲ ਪੀੜਿਤ ਸੀ। ਉਸਨੇ 5 ਅਕਤੂਬਰ 2011 ਨੂੰ 56 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਪਾਲੋ ਆਲਟੋ ਕੈਲੀਫੋਰਨੀਆ ਵਿੱਚ ਉਸਦੀ ਮੌਤ ਹੋਈ। ਉਹ ਦੁਨੀਆ ਦੇ ਵੱਡੇ ਕਾਰੋਬਾਰੀਆਂ ਵਿੱਚੋਂ ਇੱਕ ਸੀ। ਉਸਨੇ ਭਾਵੇਂ ਇਸ ਦੁਨੀਆ ਵਿੱਚ ਆਪਣੀ ਜ਼ਿੰਦਗੀ ਦੇ ਘੱਟ ਵਰ੍ਹੇ ਗੁਜ਼ਾਰੇ ਪਰ ਜ਼ਿੰਦਗੀ ਦੇ ਹਾਲਾਤ ਨੇ ਉਸ ਨੂੰ ਸਿਖਾਇਆ ਬਹੁਤ ਕੁਝ। ਆਪਣੀ ਜ਼ਿੰਦਗੀ ਦੇ ਆਖਰੀ ਵਰ੍ਹਿਆਂ ਵਿੱਚ ਜਦੋਂ ਉਹ ਕੈਂਸਰ ਦੀ ਬਿਮਾਰੀ ਕਾਰਨ ਬੈੱਡ ਉੱਤੇ ਸੀ ਤਾਂ ਉਸਨੇ ਦੁਨੀਆ ਦੇ ਲੋਕਾਂ ਨਾਲ ਆਪਣੇ ਅਨੁਭਵਾਂ ਨੂੰ ਸਾਂਝੇ ਕਰਦੇ ਹੋਏ ਕੁਝ ਸੁਨੇਹੇ ਦਿੱਤੇ ਜੋ ਕਿ ਹਰ ਵਿਅਕਤੀ ਨੂੰ ਸੁਣਨੇ ਅਤੇ ਪੜ੍ਹਨੇ ਹੀ ਨਹੀਂ ਚਾਹੀਦੇ ਸਗੋਂ ਉਨ੍ਹਾਂ ਉੱਤੇ ਅਮਲ ਵੀ ਕਰਨਾ ਚਾਹੀਦਾ ਹੈ। ਉਸਨੇ ਕਿਹਾ ਕਿ ਜ਼ਿੰਦਗੀ ਭਾਵੇਂ ਛੋਟੀ ਹੀ ਜੀਓ ਪਰ ਸਿਹਤਮੰਦ ਜ਼ਿੰਦਗੀ ਜੀਓ ਕਿਉਂਕਿ ਇੱਕ ਸਿਹਤਮੰਦ ਵਿਅਕਤੀ ਹੀ ਜ਼ਿੰਦਗੀ ਦਾ ਅਨੰਦ ਲੈ ਸਕਦਾ ਹੈ। ਰੋਗੀ ਵਿਅਕਤੀ ਲਈ ਦੁਨੀਆ ਦੀਆਂ ਸਾਰੀਆਂ ਸੁਖ ਸਹੂਲਤਾਂ ਕਿਸੇ ਕੰਮ ਦੀਆਂ ਨਹੀਂ ਹੁੰਦੀਆਂ ਕਿਉਂਕਿ ਉਹ ਉਨ੍ਹਾਂ ਦਾ ਸੁਖ ਭੋਗਣ ਦੇ ਕਾਬਿਲ ਹੀ ਨਹੀਂ ਰਹਿੰਦਾ। ਇੱਕ ਸਿਹਤਮੰਦ ਵਿਅਕਤੀ ਕੋਲ ਦੁਨੀਆ ਦੀਆਂ ਵੱਡੀਆਂ ਤੋਂ ਵੱਡੀਆਂ ਮੁਸੀਬਤਾਂ ਵਿੱਚੋਂ ਨਿਕਲਣ ਦਾ ਹੌਸਲਾ ਹੁੰਦਾ ਹੈ ਤੇ ਤਾਕਤ ਵੀ। ਉਸਨੇ ਕਿਹਾ ਕਿ ਸਿਹਤ ਉਸ ਅਕਾਲ ਪੁਰਖ ਦੀ ਦਿੱਤੀ ਹੋਈ ਇੱਕ ਨਿਆਮਤ ਹੈ ਜਿਸਨੂੰ ਸੰਭਾਲ ਕੇ ਰੱਖਣਾ ਭਗਤੀ ਦਾ ਹੀ ਇੱਕ ਹਿੱਸਾ ਹੈ।
ਉਸਨੇ ਸਿਹਤਮੰਦ ਜ਼ਿੰਦਗੀ ਜਿਊਣ ਲਈ ਛੇ ਵੱਡੇ ਡਾਕਟਰਾਂ ਦਾ ਜ਼ਿਕਰ ਕੀਤਾ ਹੈ। ਜੇਕਰ ਮਨੁੱਖ ਉਨ੍ਹਾਂ ਡਾਕਟਰਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਵੇ ਤਾਂ ਉਸ ਨੂੰ ਦੂਜੇ ਡਾਕਟਰਾਂ ਕੋਲ ਜਾਣ ਦੀ ਲੋੜ ਬਹੁਤ ਘੱਟ ਪਵੇਗੀ। ਮਨੁੱਖ ਦੀ ਸਿਹਤ ਦਾ ਪਹਿਲਾ ਡਾਕਟਰ ਹੈ ਕਸਰਤ। ਹਰ ਰੋਜ਼ ਕਸਰਤ ਕਰਨ ਨਾਲ ਮਨੁੱਖ ਤੰਦਰੁਸਤ ਰਹਿੰਦਾ ਹੈ ਤੇ ਬਿਮਾਰੀ ਉਸਦੇ ਨੇੜੇ ਨਹੀਂ ਢੁਕਦੀ। ਦੂਜਾ ਡਾਕਟਰ ਹੈ ਸੂਰਜ ਦੀ ਰੌਸ਼ਨੀ। ਸੂਰਜ ਦੀ ਰੌਸ਼ਨੀ ਵੀ ਮਨੁੱਖੀ ਸਿਹਤ ਲਈ ਇੱਕ ਖੁਰਾਕ ਹੀ ਹੈ। ਇਸ ਤੋਂ ਬਿਨਾਂ ਵੀ ਮਨੁੱਖ ਬਿਮਾਰੀਆਂ ਦਾ ਸ਼ਿਕਾਰ ਹੁੰਦਾ ਹੈ। ਤੀਜਾ ਡਾਕਟਰ ਸਿਹਤਮੰਦ ਰਹਿਣ ਲਈ ਚੰਗੀ ਖੁਰਾਕ ਦਾ ਅਰਥ ਸਮੇਂ ਸਿਰ ਅਤੇ ਭੁੱਖ ਦੇ ਅਨੁਸਾਰ ਖਾਣਾ ਹੁੰਦਾ ਹੈ। ਪੇਟ ਨੂੰ ਕੂੜਾਦਾਨ ਨਾ ਬਣਾਓ। ਇਹ ਸੋਚਕੇ ਖਾਓ ਕਿ ਫਿਰ ਵੀ ਖਾਣਾ ਹੈ। ਸਟੀਵਨ ਪਾਲ ਜੌਬਸ ਨੇ ਆਤਮ ਵਿਸ਼ਵਾਸ ਨੂੰ ਚੌਥਾ ਡਾਕਟਰ ਦੱਸਿਆ ਹੈ। ਉਸਦਾ ਕਹਿਣਾ ਸੀ ਕਿ ਆਤਮ ਵਿਸ਼ਵਾਸ ਨਾ ਹੋਣ ਦੀ ਸੂਰਤ ਵਿੱਚ ਮਨੁੱਖ ਵਿੱਚ ਹੀਣ ਭਾਵਨਾ ਪੈਦਾ ਹੁੰਦੀ ਹੈ। ਹੀਣ ਭਾਵਨਾ ਨਾਲ ਉਸਦੀਆਂ ਗ੍ਰੰਥੀਆਂ ਪ੍ਰਭਾਵਿਤ ਹੁੰਦੀਆਂ ਹਨ। ਉਸਦਾ ਸਰੀਰਕ ਅਤੇ ਮਾਨਸਿਕ ਵਿਕਾਸ ਰੁਕ ਜਾਂਦਾ ਹੈ। ਪੰਜਵਾਂ ਡਾਕਟਰ ਉਸਨੇ ਖਾਣ ਪੀਣ ਦੀਆਂ ਆਦਤਾਂ ਨੂੰ ਦੱਸਿਆ ਸੀ। ਉਸਨੇ ਕਿਹਾ ਕਿ ਸਿਹਤਮੰਦ ਰਹਿਣ ਲਈ ਆਪਣੀਆਂ ਖਾਣ ਪੀਣ ਦੀਆਂ ਆਦਤਾਂ ਵੱਲ ਧਿਆਨ ਜ਼ਰੂਰ ਦਿਓ। ਆਪਣਾ ਖਾਣਾ ਦਵਾਈ ਵਾਂਗ ਖਾਓ, ਨਹੀਂ ਤਾਂ ਤੁਹਾਨੂੰ ਦਵਾਈਆਂ ਖਾਣੇ ਵਾਂਗ ਖਾਣੀਆਂ ਪੈਣਗੀਆਂ। ਅਸੀਂ ਆਪਣੀ ਸਿਹਤ ਵੱਲ ਧਿਆਨ ਡਾਕਟਰਾਂ ਦੇ ਕਹਿਣ ’ਤੇ ਹੀ ਦਿੰਦੇ ਹਾਂ। ਛੇਵਾਂ ਡਾਕਟਰ ਉਸਨੇ ਨੀਂਦ ਨੂੰ ਦੱਸਿਆ ਹੈ। ਉਸਦਾ ਕਹਿਣਾ ਸੀ ਕਿ ਜੇਕਰ ਤੁਹਾਨੂੰ ਨੀਂਦ ਠੀਕ ਢੰਗ ਨਾਲ ਆਉਂਦੀ ਹੈ ਤਾਂ ਸਮਝੋ ਤੁਹਾਨੂੰ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ।
ਸਟੀਵਨ ਪਾਲ ਜੌਬਸ ਨੇ ਬੱਚਿਆਂ ਨੂੰ ਚੰਗੀਆਂ ਗੱਲਾਂ ਸਿਖਾਉਣ ਬਾਰੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਕਿਹਾ ਕਿ ਆਪਣੇ ਬੱਚਿਆਂ ਨੂੰ ਅਮੀਰ ਹੋਣ ਲਈ ਵੱਧ ਤੋਂ ਵੱਧ ਧਨ ਇਕੱਠਾ ਕਰਨ ਦੇ ਗੁਰ ਨਾ ਸਿਖਾਓ ਸਗੋਂ ਖੁਸ਼ ਰਹਿਣ ਦੇ ਢੰਗ ਸਿਖਾਓ ਤਾਂਕਿ ਉਹ ਵੱਡੇ ਹੋਕੇ ਚੀਜ਼ਾਂ ਦੀ ਕੀਮਤ ਨਹੀਂ ਸਗੋਂ ਅਹਿਮੀਅਤ ਨੂੰ ਸਮਝਣ। ਉਸਨੇ ਆਪਣੀ ਜ਼ਿੰਦਗੀ ਦੇ ਤਜਰਬਿਆਂ ਵਿੱਚੋਂ ਨਿਕਲੇ ਸਿੱਟਿਆਂ ਦੀ ਚਰਚਾ ਕਰਦੇ ਹੋਏ ਕਿਹਾ ਕਿ ਦੋਸਤ ਬਹੁਤ ਘੱਟ ਬਣਾਓ ਪਰ ਉਨ੍ਹਾਂ ਨੂੰ ਬਣਾਓ, ਜਿਨ੍ਹਾਂ ਨੂੰ ਬਣਾਕੇ ਤੁਹਾਨੂੰ ਕਦੇ ਆਪਣੇ ਆਪ ਨਾਲ ਸ਼ਿਕਾਇਤ ਹੋਣ ਦਾ ਮੌਕਾ ਨਾ ਮਿਲੇ। ਉਹ ਸੱਚਮੁੱਚ ਤੁਹਾਡੇ ਭਰੋਸੇ ਉੱਤੇ ਪੂਰੇ ਉੱਤਰਣ ਵਾਲੇ ਹੋਣ ਤੇ ਤੁਹਾਨੂੰ ਉਨ੍ਹਾਂ ਨੂੰ ਆਪਣਾ ਮਿੱਤਰ ਕਹਿਣ ਵਿੱਚ ਫਖਰ ਮਹਿਸੂਸ ਹੋਵੇ। ਆਪਣੇ ਆਪ ਵਿੱਚ ਇਨਸਾਨ ਅਤੇ ਇਨਸਾਨੀਅਤ ਵਿਚਲੇ ਫਰਕ ਨੂੰ ਸਮਝਣ ਦੀ ਕਾਬਲੀਅਤ ਜ਼ਰੂਰ ਪੈਦਾ ਕਰੋ। ਉਸਨੇ ਕਿਹਾ ਕਿ ਇਸ ਗੱਲ ਉੱਤੇ ਵਿਚਾਰ ਜ਼ਰੂਰ ਕਰੋ ਕਿ ਮਨੁੱਖ ਨੂੰ ਜੰਮਣ ਵੇਲੇ ਬਹੁਤ ਪਿਆਰ ਮਿਲਦਾ ਹੈ ਤੇ ਮਰਨ ਵੇਲੇ ਵੀ। ਵਿਚਕਾਰਲੇ ਸਮੇਂ ਵਿੱਚ ਤੁਸੀਂ ਪਿਆਰ ਕਿਵੇਂ ਹਾਸਲ ਕਰਨਾ ਹੈ, ਕਿਸੇ ਵੀ ਬੰਦੇ ਬਾਰੇ ਚੰਗੀ-ਮਾੜੀ ਰਾਏ ਬਣਾਉਣ ਤੋਂ ਪਹਿਲਾਂ ਸੌ ਵਾਰ ਸੋਚੋ। ਆਪਣੇ ਵਿਰੋਧੀ ਲੋਕਾਂ ਨਾਲ ਐਨੀ ਦੂਰੀ ਨਾ ਬਣਾਓ ਕਿ ਤੁਸੀਂ ਮੁੜ ਇਕੱਠੇ ਨਾ ਹੋ ਸਕੋ। ਆਪਣੇ ਆਲੋਚਕਾਂ ਦੇ ਸ਼ੁਕਰ ਗੁਜ਼ਾਰ ਬਣੋ ਕਿਉਂਕਿ ਉਹ ਤੁਹਾਨੂੰ ਤੁਹਾਡੀਆਂ ਬੁਰਾਈਆਂ ਤੋਂ ਜਾਣੂ ਕਰਵਾਕੇ ਤੁਹਾਨੂੰ ਚੰਗਾ ਇਨਸਾਨ ਬਣਨ ਦਾ ਮੌਕਾ ਪ੍ਰਦਾਨ ਕਰ ਰਹੇ ਹਨ। ਇਹ ਗੱਲ ਕਦੇ ਨਾ ਭੁੱਲੋ ਕਿ ਹਰ ਸਮੱਸਿਆ ਲੜ ਝਗੜ ਕੇ ਹੀ ਹੱਲ ਨਹੀਂ ਹੁੰਦੀ, ਉੱਚੀ ਅਵਾਜ਼ ਨਾਲੋਂ ਪਿਆਰ ਨਾਲ ਕੀਤੀ ਗੱਲ ਛੇਤੀ ਸਮਝ ਆਉਂਦੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (