“ਅਸਫਲਤਾਵਾਂ ਵਿੱਚੋਂ ਹੀ ਸਫਲਤਾਵਾਂ ਦੀ ਉਪਜ ਹੁੰਦੀ ਹੈ, ਹਾਰਾਂ ਹੀ ਜਿਤਾਂ ਨੂੰ ਜਨਮ ਦਿੰਦੀਆਂ ਹਨ। ਪ੍ਰਾਪਤੀਆਂ ...”
(12 ਅਕਤੂਬਰ 2024)
ਮਨੁੱਖ ਦੀ ਜ਼ਿੰਦਗੀ ਵਿੱਚ ਦੁੱਖ ਸੁਖ, ਉਤਰਾਅ ਚੜ੍ਹਾ, ਸੰਘਰਸ਼ ਅਤੇ ਅਨੰਦ ਦੀ ਸਥਿਤੀ ਇਸ ਕਾਇਨਾਤ ਵਿੱਚ ਦਿਨ ਰਾਤ, ਬਸੰਤ ਪਤਝੜ ਅਤੇ ਸੂਰਜ ਦੇ ਚੜ੍ਹਨ ਅਤੇ ਅੱਥਮ ਹੋਣ ਵਾਂਗ ਹੈ। ਜ਼ਰਾ ਇਹ ਸੋਚਕੇ ਵੇਖੋ ਕਿ ਜੇਕਰ ਇਸ ਧਰਤੀ ਉੱਤੇ ਰਾਤ ਨਾ ਹੁੰਦੀ ਤਾਂ ਮਨੁੱਖ ਨੂੰ ਆਰਾਮ ਦੇ ਪਲ ਕਿਵੇਂ ਨਸੀਬ ਹੋਣੇ ਸਨ? ਰਾਤ ਹੀ ਦਿਨ ਦੇ ਚੜ੍ਹਨ ਦੀ ਉਡੀਕ ਪੈਦਾ ਕਰਦੀ ਹੈ। ਸੂਰਜ ਦੇ ਛਿਪਣ ਨਾਲ ਹੀ ਉਸਦੇ ਚੜ੍ਹਨ ਦੀ ਸ਼ਾਨ ਹੈ। ਸੂਰਜ ਦੇ ਚੜ੍ਹਨ ਅਤੇ ਅਥਮਣ ਵੇਲੇ ਦੀਆਂ ਸੁਨਹਿਰੀ ਕਿਰਨਾਂ ਦਾ ਨਜ਼ਾਰਾ ਕਿਸਦੇ ਮਨ ਨੂੰ ਨਹੀਂ ਭਾਉਂਦਾ। ਚੜ੍ਹਦਾ ਸੂਰਜ ਚੜ੍ਹਦੀ ਕਲਾ ਅਤੇ ਅਥਮਦਾ ਸੂਰਜ ਉਦਾਸੀ ਅਤੇ ਨਿਵਾਣ ਵੱਲ ਨੂੰ ਜਾਣ ਦਾ ਪ੍ਰਤੀਕ ਹੈ। ਬਸੰਤ ਵੀ ਪਤਝੜ ਤੋਂ ਬਿਨਾਂ ਅਧੂਰੀ ਹੈ। ਪਤਝੜ ਉਦਾਸੀ ਅਤੇ ਵਿਰਾਨੀ ਦੀ ਸੂਚਕ ਹੈ ਅਤੇ ਬਸੰਤ ਖੁਸ਼ਹਾਲੀ ਅਤੇ ਅਨੰਦ ਦੇ ਉਸਤਵ ਮਨਾਉਣ ਦਾ ਸੁਨੇਹਾ ਦਿੰਦਾ ਹੈ ਪਰ ਪਤਝੜ ਹੀ ਬਸੰਤ ਨੂੰ ਆਉਣ ਦਾ ਸੱਦਾ ਦਿੰਦੀ ਹੈ। ਕਵਿਤਾ ਵੀ ਸੂਰਜ ਦੇ ਚੜ੍ਹਨ, ਛਿਪਣ ਅਤੇ ਬਸੰਤ ਪਤਝੜ ਅਤੇ ਸੰਘਰਸ਼ ਅਤੇ ਅਨੰਦ ਨਾਲ ਹੀ ਸੰਪੂਰਨਤਾ ਨੂੰ ਪ੍ਰਾਪਤ ਕਰਦੀ ਹੈ। ਹਿੰਦੀ ਭਾਸ਼ਾ ਦੇ ਮਹਾਨ ਸਾਹਿਤਕਾਰ ਮੁਨਸ਼ੀ ਪ੍ਰੇਮ ਚੰਦ ਨੇ ਆਪਣੀ ਇੱਕ ਰਚਨਾ ਵਿੱਚ ਲਿਖਿਆ ਹੈ ਕਿ ਜ਼ਿੰਦਗੀ ਸਪਾਟ ਸੜਕ ਵਾਂਗ ਨਹੀਂ ਸਗੋਂ ਉਸ ਪਥਰੀਲੇ ਰਾਹ ਦੀ ਤਰ੍ਹਾਂ ਹੈ, ਜਿਸ ਵਿੱਚ ਉੱਚੇ ਨੀਵੇਂ ਟੋਏ ਟਿੱਬੇ ਵੀ ਹਨ। ਮਨੁੱਖੀ ਜ਼ਿੰਦਗੀ ਵਿੱਚ ਖੋਣ ਪਾਉਣ, ਖਸ਼ੀ ਉਦਾਸੀ, ਸਫਲਤਾ ਅਸਫਲਤਾ, ਕੌੜੇ ਮਿੱਠੇ ਅਨੁਭਵਾਂ ਅਤੇ ਸੰਘਰਸ਼ ਅਤੇ ਮੰਜ਼ਿਲ ਦੀ ਪ੍ਰਾਪਤੀ ਦਾ ਸਿਲਸਿਲਾ ਲਗਾਤਾਰ ਚਲਦਾ ਹੀ ਰਹਿੰਦਾ ਹੈ। ਸੁਖ ਦੁੱਖ ਅਤੇ ਉਦਾਸੀ ਖੁਸ਼ਹਾਲੀ ਨੂੰ ਜ਼ਿੰਦਗੀ ਦੇ ਚੜ੍ਹਦੇ ਲਹਿੰਦੇ ਪਰਛਾਵੇਂ ਦੱਸਿਆ ਗਿਆ ਹੈ।
ਅਸਮਾਨ ਵਿੱਚ ਬਦਲਾਂ ਦੀ ਗਰਜਣ, ਮੀਂਹ ਅਤੇ ਗੜੇ ਪੈਣ ਤੋਂ ਬਾਅਦ ਬਣਨ ਵਾਲੀ ਸਤਰੰਗੀ ਪੀਂਘ ਮਨੁੱਖੀ ਜ਼ਿੰਦਗੀ ਲਈ ਪ੍ਰੇਰਨਾ ਦਾ ਸਰੋਤ ਹੈ। ਦੁੱਖਾਂ ਸੁਖਾਂ, ਸੰਘਰਸ਼ਾਂ ਅਤੇ ਪ੍ਰਾਪਤੀਆਂ ਦੇ ਦੌਰ ਵਿੱਚ ਮਨ ਨੂੰ ਸੰਤੁਲਿਤ ਰੱਖਣ ਵਾਲਾ ਵਿਅਕਤੀ ਹੀ ਜ਼ਿੰਦਗੀ ਜਿਊਣ ਦਾ ਲੁਤਫ਼ ਲੈ ਸਕਦਾ ਹੈ। ਅੰਤਰਰਾਸ਼ਟਰੀ ਪੱਧਰ ਉੱਤੇ ਪ੍ਰਸਿੱਧੀ ਹਾਸਲ ਕਰ ਚੁੱਕੇ ਉਗਯੋਗ ਪਤੀ ਰਤਨ ਟਾਟਾ ਨੇ ਆਪਣੀ ਇੱਕ ਮੁਲਾਕਾਤ ਵਿੱਚ ਕਿਹਾ ਸੀ ਕਿ ਜਦੋਂ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਔਕੜਾਂ ਆਉਣ ਲੱਗ ਪੈਣ ਤਾਂ ਸਮਝੋ ਕਿ ਉਹ ਅਕਾਲ ਪੁਰਖ ਤੁਹਾਨੂੰ ਨਵੀਂਆਂ ਜ਼ਿੰਮੇਵਾਰੀਆਂ ਸੌਂਪਣ ਦੀ ਤਿਆਰੀ ਕਰ ਰਿਹਾ ਹੈ ਅਤੇ ਤੁਹਾਡੀ ਜਿੰਦਗੀ`ਵਿਚ ਇੱਕ ਨਵੀਂ ਤਬਦੀਲੀ ਆਉਣ ਵਾਲੀ ਹੈ। ਜਿਵੇਂ ਪ੍ਰੀਖਿਆਵਾਂ ਤੋਂ ਬਿਨਾਂ ਜਮਾਤਾਂ ਪਾਸ ਕਰਨ ਦੇ ਸਰਟੀਫਿਕੇਟ ਪ੍ਰਾਪਤ ਨਹੀਂ ਹੁੰਦੇ, ਉਵੇਂ ਹੀ ਮਨੁੱਖ ਔਕੜਾਂ ਦਾ ਸਾਹਮਣਾ ਕਰਨ ਤੋਂ ਬਿਨਾਂ ਮਜ਼ਬੂਤ ਨਹੀਂ ਹੁੰਦਾ। ਸੰਘਰਸ਼ ਦਾ ਸਬਕ ਉਸ ਛੋਟੇ ਜਿਹੇ ਬੀਜ ਤੋਂ ਸਿੱਖੋ ਜੋ ਧਰਤੀ ਵਿੱਚ ਦਬ ਜਾਣ ਤੋਂ ਬਾਅਦ ਵੀ ਆਪਣਾ ਸੰਘਰਸ਼ ਨਹੀਂ ਛੱਡਦਾ ਅਤੇ ਧਰਤੀ ਵਿੱਚੋਂ ਪੌਦਾ ਬਣਕੇ ਉੱਗਣ ਤਕ ਆਪਣਾ ਸੰਘਰਸ਼ ਜਾਰੀ ਰੱਖਦਾ ਹੈ।
ਕਈ ਵਾਰ ਜ਼ਿੰਦਗੀ ਵਿੱਚ ਅਸਫਲਤਾਵਾਂ, ਔਕੜਾਂ ਅਤੇ ਮੁਸੀਬਤਾਂ ਤੁਹਾਡੀ ਹੋਂਦ ਦਾ ਪ੍ਰਗਟਾਵਾ ਸਿੱਧ ਕਰਨ ਲਈ ਵੀ ਆਉਂਦੀਆਂ ਹਨ। ਹਿੰਦੀ ਦੀ ਇੱਕ ਕਵਿਤਾ ਬੂੰਦ ਮਨੁੱਖੀ ਜ਼ਿੰਦਗੀ ਲਈ ਬਹੁਤ ਵੱਡਾ ਸਬਕ ਹੈ। ਅਸਮਾਨ ਤੋਂ ਧਰਤੀ ਵੱਲ ਆ ਰਹੀ ਪਾਣੀ ਦੀ ਇੱਕ ਬੂੰਦ ਮਨ ਵਿੱਚ ਸੋਚ ਰਹੀ ਸੀ ਕਿ ਪਤਾ ਨਹੀਂ ਕਿ ਉਹ ਅੱਗ ਦੇ ਅੰਗਾਰੇ ਵਿੱਚ ਡਿਗਕੇ ਸੜ ਜਾਵੇਗੀ, ਪਤਾ ਨਹੀਂ ਕਿ ਉਹ ਮਿੱਟੀ ਵਿੱਚ ਮਿਲ ਜਾਵੇਗੀ ਪਰ ਧਤਰੀ ਉੱਤੇ ਉਹ ਸਿੱਪੀ ਦੇ ਮੂੰਹ ਵਿੱਚ ਪੈਕੇ ਮੋਤੀ ਬਣ ਗਈ।
ਅਸਫਲਤਾਵਾਂ ਵਿੱਚੋਂ ਹੀ ਸਫਲਤਾਵਾਂ ਦੀ ਉਪਜ ਹੁੰਦੀ ਹੈ, ਹਾਰਾਂ ਹੀ ਜਿਤਾਂ ਨੂੰ ਜਨਮ ਦਿੰਦੀਆਂ ਹਨ। ਪ੍ਰਾਪਤੀਆਂ ਖੁਸ਼ੀਆਂ ਪ੍ਰਦਾਨ ਕਰਦੀਆਂ ਹਨ, ਅਪ੍ਰਾਪਤੀਆਂ ਆਤਮ ਮੰਥਨ ਦੇ ਮੌਕੇ ਪ੍ਰਦਨ ਕਰਦੀਆਂ ਹਨ। ਜ਼ਿੰਦਗੀ ਦੇ ਪਲਾਂ ਨੂੰ ਉਤਸਵ ਵਾਂਗ ਮਨਾਓ। ਗਰਦਿਸ਼ ਦੇ ਦਿਨਾਂ ਵਿੱਚ ਵੀ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਲੋਕ ਦੂਜਿਆਂ ਲਈ ਪ੍ਰੇਰਨਾ ਸਰੋਤ ਅਤੇ ਰਾਹ ਦਸੇਰੇ ਬਣਦੇ ਹਨ। ਹਾਹਾਕਾਰ ਮਚਾਉਣ ਨਾਲ ਮੁਸੀਬਤਾਂ ਅਤੇ ਸਮੱਸਿਆਵਾਂ ਘਟਦੀਆਂ ਨਹੀਂ ਸਗੋਂ ਮਨੁੱਖ ਦੇ ਮਨੋਬਲ ਨੂੰ ਡਾਵਾਂਡੋਲ ਕਰਦੀਆਂ ਹਨ। ਇੱਕ ਜਹਾਜ਼ ਦੇ ਦੋਵੇਂ ਇੰਜਣ ਫੇਲ ਹੋਣ ਦੀ ਸਥਿਤੀ ਵਿੱਚ ਜਹਾਜ਼ ਦੇ ਦੂਜੇ ਕਰਮਚਾਰੀ ਹਾਹਾਕਾਰ ਮਚਾਉਣ ਲੱਗ ਪਏ। ਉਨ੍ਹਾਂ ਨੂੰ ਲੱਗਾ ਕਿ ਹੁਣ ਜਾਨ ਬਚਣ ਦੀ ਕੋਈ ਸੰਭਾਵਨਾ ਨਹੀਂ। ਪਾਇਲਟ ਨੇ ਉਨ੍ਹਾਂ ਕਰਮਚਾਰੀਆਂ ਨੂੰ ਕਿਹਾ, “ਸਾਡੀ ਪਾਇਲਟ ਦੀ ਟ੍ਰੇਨਿੰਗ ਦੌਰਾਨ ਸਾਨੂੰ ਇਹ ਸਿਖਾਇਆ ਜਾਂਦਾ ਹੈ ਕਿ ਆਖ਼ਿਰੀ ਦਮ ਤਕ ਹੌਸਲਾ ਕਾਇਮ ਰੱਖੋ ਅਤੇ ਇਹ ਗੱਲ ਆਪਣੇ ਦਿਮਾਗ ਵਿੱਚ ਰੱਖੋ ਕਿ ਅਸੀਂ ਠੀਕਠਾਕ ਧਰਤੀ ਉੱਤੇ ਪਹੁੰਚਣਾ ਹੈ। ਜੇਕਰ ਤੁਸੀਂ ਪਹਿਲਾਂ ਹੀ ਹੌਸਲਾ ਹਾਰ ਗਏ ਤਾਂ ਤੁਹਾਡੀ ਮੌਤ ਯਕੀਨੀ ਹੈ। ਹਾਲਾਤ ਨਾਲ ਲੜਨ ਲਈ ਤੁਸੀਂ ਸਾਰੇ ਮੇਰਾ ਸਾਥ ਦਿਓ।”
ਜਹਾਜ਼ ਦੇ ਕਰਮਚਾਰੀਆਂ ਨੇ ਪਾਇਲਟ ਦੀ ਗੱਲ ਮੰਨਕੇ ਉਸਦਾ ਸਾਥ ਦਿੱਤਾ ਤੇ ਜਹਾਜ਼ ਧਰਤੀ ਉੱਤੇ ਠੀਕਠਾਕ ਪਹੁੰਚ ਗਿਆ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5357)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: