“ਉਨ੍ਹਾਂ ਦੀ ਜ਼ਿੰਦਗੀ ਆਪਣੇ ਆਪ ਵਿੱਚ ਇੱਕ ਉਦਾਹਰਨ ਹੈ ਕਿ ਖੂਨ ਖਰਾਬੇ ਤੋਂ ਬਿਨਾਂ ਵੀ ...”
(19 ਮਾਰਚ 2025)
ਦੱਖਣੀ ਅਫਰੀਕਾ ਅਤੇ ਸਮੁੱਚੇ ਸੰਸਾਰ ਦੀ ਰੰਗ ਭੇਦ ਨੀਤੀ ਦੇ ਵਿਰੋਧੀ, ਅਜ਼ਾਦੀ, ਸਮਾਨਤਾ ਦੇ ਪ੍ਰਤੀਕ 18 ਜੁਲਾਈ 1917 ਨੂੰ ਮਬਾਸਾ ਨਦੀ ਦੇ ਕੰਢੇ ਈਸਟਨ ਕੇਪ ਟਾਊਨ ਆਫ ਸਾਊਥ ਅਫਰੀਕਾ ਦੇ ਇੱਕ ਛੋਟੇ ਜਿਹੇ ਪਿੰਡ ਮਵੇਜੋ ਵਿੱਚ ਪਿਤਾ ਗੇਡਲਾ ਹੈਨਰੀ ਮਫਕੇਨਿਸਵਾ ਅਤੇ ਮਾਤਾ ਨੇਕਯੂਫੀ ਨੋਸੇਕਨੀ ਦੇ ਪਰਿਵਾਰ ਵਿੱਚ ਪੈਦਾ ਹੋਏ। ਨੈਲਸਨ ਮੰਡੇਲਾ ਦੀ ਸ਼ਖਸੀਅਤ ਬਹੁਤ ਹੀ ਪ੍ਰੇਰਨਾਦਾਇਕ ਹੈ। ਉਨ੍ਹਾਂ ਦੀ ਮਾਂ, ਜਿਸ ਨੂੰ ਫੈਨੀ ਵੀ ਕਿਹਾ ਜਾਂਦਾ ਸੀ, ਸ਼੍ਰੀ ਮੰਡੇਲਾ ਦੇ ਪਿਤਾ ਦੀਆਂ ਚਾਰ ਪਤਨੀਆਂ ਵਿੱਚੋ ਤੀਜੀ ਪਤਨੀ ਸੀ ਅਤੇ ਉਹ ਆਪਣੀ ਮਾਂ ਦੇ ਪਹਿਲੇ ਅਤੇ ਪਿਤਾ ਦੇ ਚਾਰ ਪੁੱਤਰਾਂ ਅਤੇ ਨੌਂ ਭੈਣਾਂ ਵਿੱਚੋਂ ਤੀਜੇ ਪੁੱਤਰ ਸਨ। ਉਨ੍ਹਾਂ ਦੀ ਮਾਂ ਰਾਈਟ ਹੈਂਡ ਹਾਊਸ ਦੇ ਨਕੇਦਾਮਾ ਦੀ ਪੁੱਤਰੀ ਸੀ। ਉਨ੍ਹਾਂ ਦੇ ਪਿਤਾ ਖੋਸਾ ਭਾਸ਼ਾਈ ਮਦੀਬਾ ਕਬੀਲੇ ਦੇ ਮੁਖੀਆ ਹੋਣ ਕਾਰਨ ਉਨ੍ਹਾਂ ਨੂੰ ਮਦੀਬਾ ਵੀ ਕਿਹਾ ਜਾਂਦਾ ਸੀ। ਉਨ੍ਹਾਂ ਦਾ ਸੰਬੰਧ ਸ਼ਾਹੀ ਪਰਿਵਾਰ ਨਾਲ ਵੀ ਮੰਨਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਦੇ ਪੜਦਾਦਾ ਮੰਡੇਲਾ, ਜਿਨ੍ਹਾਂ ਦੇ ਨਾਂ ਕਾਰਨ ਉਨ੍ਹਾਂ ਦੇ ਨਾਂ ਨਾਲ ਮੰਡੇਲਾ ਸ਼ਬਦ ਜੁੜਿਆ, ਨੇ ਦਖਣੀ ਅਫਰੀਕਾ ਦੇ ਕੇਪ ਟਾਊਨ ਪ੍ਰਾਂਤ ਵਿੱਚ ਟਰਾਂਸਕੀਅਨ ਖੇਤਰਾਂ ਉੱਤੇ ਰਾਜ ਕੀਤਾ। ਉਨ੍ਹਾਂ ਦੇ ਪੜਦਾਦਾ ਨਿਉਬੇਗ ਕੁਕਾ (ਥੇਂਮਬੂ) ਲੋਕਾਂ ਦੇ ਰਾਜਾ ਸਨ। ਉਹ ਪ੍ਰਾਂਤ ਅੰਗਰੇਜ਼ੀ ਸਾਮਰਾਜ ਦੇ ਅਧੀਨ ਸੀ। ਉਨ੍ਹਾਂ ਦੇ ਦਾਦਾ ਵੀ ਉਸ ਖੇਤਰ ਦੇ ਰਾਜਾ ਰਹੇ। ਉਨ੍ਹਾਂ ਦੇ ਪਿਤਾ ਮਵੇਜੋ ਪਿੰਡ ਦੇ ਪ੍ਰਧਾਨ ਸਨ ਪਰ ਅੰਗਰੇਜ਼ੀ ਮਰਾਨਾ ਨਾਲ ਵਿਗੜ ਜਾਣ ਕਾਰਨ ਉਨ੍ਹਾਂ ਨੂੰ ਪਿੰਡ ਦੀ ਪ੍ਰਧਾਨਗੀ ਤੋਂ ਹਟਾ ਦਿੱਤਾ ਗਿਆ। ਉਨ੍ਹਾਂ ਦੇ ਪਿਤਾ ਨੇ ਆਪਣੀ ਥਾਂ ਪਿੰਡ ਦੇ ਪ੍ਰਧਾਨ ਦੇ ਅਹੁਦੇ ਉੱਤੇ ਜੋਗਿੰਟਾਵਾ ਦਲਿੰਦਯੋਬੋ ਨੂੰ ਨਿਯੁਕਤ ਕਰਨ ਲਈ ਅਹਿਮ ਭੂਮਿਕਾ ਨਿਭਾਈ। ਉਹ ਮਵੇਜੋ ਨੂੰ ਛੱਡਕੇ ਆਪਣੇ ਪਰਿਵਾਰ ਨਾਲ ਟਰਾਂਸਕੇਈ ਦੀ ਰਾਜਧਾਨੀ ਦੇ ਜ਼ਿਲ੍ਹੇ ਮਥਾਥਾ ਦੇ ਇੱਕ ਛੋਟੇ ਜਿਹੇ ਪਿੰਡ ਕੁਨੂ ਵਿੱਚ ਰਹਿਣ ਚਲੇ ਗਏ। ਉਨ੍ਹਾਂ ਦੀ ਮੌਤ ਬਾਅਦ ਸ਼੍ਰੀ ਮੰਡੇਲਾ ਦੇ ਪਾਲਣ ਪੋਸਣ ਵਿੱਚ ਸ਼੍ਰੀ ਜੋਗਿੰਟਾਵਾ ਨੇ ਉਨ੍ਹਾਂ ਦੀ ਬਹੁਤ ਸਹਾਇਤਾ ਕੀਤੀ।
ਉਨ੍ਹਾਂ ਦੇ ਨਾਂ ਨਾਲ ਰੋਲੀਹਲਹਲਾ ਜੁੜਨ ਦਾ ਸਬੱਬ ਇਹ ਸੀ ਕਿ ਉਨ੍ਹਾਂ ਨੂੰ ਇਹ ਨਾਂ ਉਨ੍ਹਾਂ ਦੇ ਦਾਦਾ ਜੀ ਨੇ ਦਿੱਤਾ ਸੀ, ਜਿਸਦਾ ਅਰਥ ਹੈ ਰੁੱਖਾਂ ਦੀਆਂ ਟਾਹਣੀਆਂ ਨੂੰ ਤੋੜਨ ਵਾਲਾ ਜਾਂ ਖਰੂਦੀ ਬੱਚਾ। ਸ਼੍ਰੀ ਮੰਡੇਲਾ ਦਾ ਜੀਵਨ ਬਚਪਨ ਤੋਂ ਲੈਕੇ ਜ਼ਿੰਦਗੀ ਦੇ ਆਖਰੀ ਪੜਾਅ ਤਕ ਬਹੁਤ ਸੰਘਰਸ਼ ਅਤੇ ਉਤਾਰ ਚੜ੍ਹਾ ਭਰਪੂਰ ਰਿਹਾ। ਉਨ੍ਹਾਂ ਦਾ ਅਰੰਭਿਕ ਜੀਵਨ ਪਿੰਡ ਕੁਨੂ ਵਿੱਚ ਆਪਣੀ ਮਾਂ ਅਤੇ ਦੋ ਭੈਣਾਂ ਨਾਲ ਆਪਣੇ ਪਿੰਡ ਦੇ ਮੁੰਡਿਆਂ ਨਾਲ ਪਸ਼ੂਆਂ ਦੀ ਦੇਖਭਾਲ ਕਰਦਿਆਂ ਬੀਤਿਆ। ਉਨ੍ਹਾਂ ਦੇ ਮਾਂ ਬਾਪ ਪੜ੍ਹੇ ਲਿਖੇ ਨਹੀਂ ਸਨ। ਉਹ ਆਪਣੇ ਪਰਿਵਾਰ ਵਿੱਚੋਂ ਸਕੂਲ ਜਾਣ ਵਾਲੇ ਪਹਿਲੇ ਲੜਕੇ ਸਨ। ਉਨ੍ਹਾਂ ਦੀ ਮਾਂ ਦਾ ਸੰਬੰਧ ਇਸਾਈ ਧਰਮ ਨਾਲ ਹੋਣ ਕਰਕੇ ਉਸਨੇ ਉਨ੍ਹਾਂ ਨੂੰ ਦਖਣੀ ਅਫਰੀਕਾ ਦੇ ਪਿੰਡ ਕੁਨੂ ਦੇ ਅੰਗਰੇਜ਼ਾਂ ਵੱਲੋਂ ਚਲਾਏ ਜਾ ਰਹੇ ਸਥਾਨਕ ਇਸਾਈ ਧਰਮ ਦੇ ਮੈਥੋਜਿਸਟ ਪ੍ਰਾਇਮਰੀ ਸਕੂਲ ਵਿੱਚ ਦਾਖਲ ਕਰਾ ਦਿੱਤਾ, ਜਿੱਥੇ ਉਨ੍ਹਾਂ ਨੇ ਆਧੁਨਿਕ ਢੰਗ ਦੀ ਪ੍ਰਾਇਮਰੀ ਸਿੱਖਿਆ ਹਾਸਲ ਕੀਤੀ। ਸਕੂਲ ਦੇ ਪਹਿਲੇ ਦਿਨ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਮਿਸ ਮਡਿਗੇਨ ਨੇ ਅੰਗੇਰਜ਼ੀ ਪ੍ਰਥਾ ਅਨੁਸਾਰ ਉਨ੍ਹਾਂ ਦਾ ਅੰਗਰੇਜ਼ੀ ਨਾਂ ਨੈਲਸਨ ਰੱਖ ਦਿੱਤਾ, ਜਿਸ ਨਾਲ ਉਨ੍ਹਾਂ ਦਾ ਨਾਂ ਨੈਲਸਨ ਮੰਡੇਲਾ ਹੋ ਗਿਆ।
ਨੌਂ ਸਾਲ ਦੀ ਉਮਰ ਵਿੱਚ ਉਨ੍ਹਾਂ ਦੇ ਪਿਤਾ ਦੀ ਫੇਫੜਿਆਂ ਦੀ ਬਿਮਾਰੀ ਕਾਰਨ ਮੌਤ ਹੋਣ ਕਾਰਨ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਮਖੇਕੇਜਵੇਨੀ ਦੇ ਗ੍ਰੇਟ ਮਹਿਲ ਵਿੱਚ ਥੇਂਮਬੂ ਰੀਜੇਟ ਚੀਫ ਜੋਗਿੰਟਾਵਾ ਅਤੇ ਉਸਦੀ ਪਤਨੀ ਨੋਏਂਗਲੈਂਡ ਦੀ ਦੇਖ ਰੇਖ ਵਿੱਚ ਛੱਡ ਆਈ। ਉਨ੍ਹਾਂ ਨੇ ਉਨ੍ਹਾਂ ਨੂੰ ਆਪਣੇ ਬੱਚਿਆਂ ਵਾਂਗ ਹੀ ਰੱਖਿਆ।
ਉਨ੍ਹਾਂ ਨਾਲ ਹਰ ਐਤਵਾਰ ਨੂੰ ਚਰਚ ਦੀ ਸੇਵਾ ਕਰਨ ਲਈ ਜਾਣ ਨਾਲ ਉਨ੍ਹਾਂ ਉੱਤੇ ਇਸਾਈ ਧਰਮ ਦਾ ਪ੍ਰਭਾਵ ਹੋ ਗਿਆ। ਉਨ੍ਹਾਂ ਨੇ ਆਪਣੀ ਹਾਈ ਸਕੂਲ ਪੱਧਰ ਦੀ ਸਿੱਖਿਆ ਬੋਰਡਿੰਗ ਇੰਸਟੀਚਿਊਟ ਕਲਾਰਕਬਰੀ ਤੋਂ ਪੱਛਮੀ ਢੰਗ ਨਾਲ ਪ੍ਰਾਪਤ ਕੀਤੀ। ਉਨ੍ਹਾਂ ਨੇ ਸੀਨੀਅਰ ਸੈਕੰਡਰੀ ਪੱਧਰ ਦੀ ਸਿੱਖਿਆ ਵੈਡਲੀਆਨ ਮਿਸ਼ਨਰੀਜ਼ ਵੱਲੋਂ ਚਲਾਏ ਜਾ ਰਹੇ ਹੀਲੜ ਟਾਊਨ ਕਾਲਜ ਤੋਂ ਹਾਸਲ ਕਰਦਿਆਂ ਅੰਗਰੇਜ਼ੀ, ਜੋਸਾ, ਇਤਿਹਾਸ ਅਤੇ ਭੂਗੋਲ ਵਿਸ਼ਿਆਂ ਦੀ ਪੜ੍ਹਾਈ ਕੀਤੀ। ਉਨ੍ਹਾਂ ਨੇ ਉੱਚ ਸਿੱਖਿਆ ਵਾਸਤੇ ਕਾਲਿਆਂ ਲਈ ਮਹੱਤਵਪੂਰਨ ਯੂਨੀਵਰਸਟੀ ਕਾਲਜ ਆਫ ਫੋਰਟ ਹਰਾਰੇ ਵਿੱਚ ਦਾਖਲਾ ਲਿਆ। ਪਰ ਕਾਲਜ ਵਿੱਚ ਹੜਤਾਲ ਕਰਨ ਕਾਰਨ ਉਨ੍ਹਾਂ ਨੂੰ ਕਾਲਜ ਵਿੱਚੋਂ ਕੱਢ ਦਿੱਤਾ ਗਿਆ। ਬਾਅਦ ਵਿੱਚ ਉਨ੍ਹਾਂ ਨੇ ਉਸੇ ਯੂਨੀਵਰਸਟੀ ਤੋਂ ਪੱਤਰ ਵਿਵਹਾਰ ਰਾਹੀਂ ਬੀਏ ਦੀ ਡਿਗਰੀ ਹਾਸਲ ਕੀਤੀ। ਉਨ੍ਹਾਂ ਨੇ ਵਿਟਵਾਟਰਸਰੈਡ ਯੂਨੀਵਰਸਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ। ਮਹਿਲ ਵਿੱਚ ਆਉਣ ਵਾਲੇ ਬਜ਼ੁਰਗਾਂ ਤੋਂ ਦਖਣੀ ਅਫਰੀਕਾ ਦੇ ਇਤਿਹਾਸ ਬਾਰੇ ਸੁਣੀਆਂ ਕਹਾਣੀਆਂ ਅਤੇ ਉਨ੍ਹਾਂ ਦੀ ਸਿੱਖਿਆ ਨੇ ਉਨ੍ਹਾਂ ਨੂੰ ਅਜ਼ਾਦੀ ਅਤੇ ਸੰਘਰਸ਼ ਵੱਲ ਪ੍ਰੇਰਿਆ ਜੋ ਉਨ੍ਹਾਂ ਦੀ ਜ਼ਿੰਦਗੀ ਦਾ ਮਿਸ਼ਨ ਬਣ ਗਿਆ। ਕਾਨੂੰਨ ਦੀ ਪੜ੍ਹਾਈ ਤੋਂ ਬਾਅਦ ਉਨ੍ਹਾਂ ਨੇ ਦਖਣੀ ਅਫਰੀਕਾ ਦੀ ਅੰਗਰੇਜ਼ੀ ਸਰਕਾਰ ਦੇ ਵਿਰੋਧ ਨੂੰ ਆਪਣਾ ਮਿਸ਼ਨ ਬਣਾਕੇ ਸਿਆਸਤ ਦੇ ਖੇਤਰ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। 1952 ਵਿੱਚ ਉਨ੍ਹਾਂ ਨੇ ਓਲਵਿਰ ਟੈਂਬੋ ਨਾਲ ਮਿਲਕੇ ਮਹਿਲਾ ਵਿਰੋਧੀ ਕਾਨੂੰਨ, ਰੰਗ ਅਤੇ ਜਾਤੀ ਭੇਦ ਭਾਵ ਦੇ ਖਿਲਾਫ ਇੱਕ ਦਫਤਰ ਖੋਲ੍ਹਕੇ ਆਪਣੇ ਵਿਰੋਧ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦੀਆਂ ਤਿੰਨ ਪਤਨੀਆਂ ਅਤੇ ਛੇ ਬੱਚੇ ਸਨ।
ਸ਼੍ਰੀ ਮੰਡੇਲਾ ਆਪਣੇ ਮਿਸ਼ਨ ਨੂੰ ਸਰ ਅੰਜਾਮ ਦੇਣ ਲਈ ਅਫਰੀਕੀ ਨੈਸ਼ਨਲ ਕਾਂਗਰਸ ਵਿੱਚ ਸ਼ਾਮਿਲ ਹੋ ਗਏ। ਉਨ੍ਹਾਂ ਨੇ 1950-1960 ਦੇ ਦਹਾਕੇ ਵਿੱਚ ਗੋਰੇ ਲੋਕਾਂ ਦੀ ਅਪਾਰਥਾਈਡ ਸ਼ਾਸਨ ਪ੍ਰਣਾਲੀ ਦਾ ਵਿਰੋਧ ਕੀਤਾ। ਸਨ 1961 ਵਿੱਚ ਉਨ੍ਹਾਂ ਨੇ ਅਫਰੀਕੀ ਨੈਸ਼ਨਲ ਕਾਂਗਰਸ ਦੇ ਹਥਿਆਰ ਵਿੰਗ ਦੀ ਸਥਾਪਨਾ ਕੀਤੀ। ਸਨ 1962 ਵਿੱਚ ਉਨ੍ਹਾਂ ਨੂੰ ਰਾਏਬਨ ਟਾਪੂ ਉੱਤੇ ਰੰਗਭੇਦ ਦੀ ਨੀਤੀ ਦਾ ਵਿਰੋਧ ਕਰਨ ਦੇ ਦੋਸ਼ ਅਧੀਨ 27 ਸਾਲ ਤਕ ਜੇਲ੍ਹ ਵਿੱਚ ਕੈਦ ਰੱਖਿਆ ਗਿਆ। ਦੱਖਣੀ ਅਫਰੀਕਾ ਅਤੇ ਸਮੁੱਚੀ ਦੁਨੀਆ ਵਿੱਚ ਰੰਗ ਭੇਦ ਦਾ ਵਿਰੋਧ ਕਰਦੇ ਹੋਏ ਜਿੱਥੇ ਸ਼੍ਰੀ ਮੰਡੇਲਾ ਪੂਰੀ ਦੁਨੀਆ ਵਿੱਚ ਅਜ਼ਾਦੀ ਅਤੇ ਸਮਾਨਤਾ ਦੇ ਪ੍ਰਤੀਕ ਬਣ ਗਏ, ਉੱਥੇ ਰੰਗ ਭੇਦ ਨੀਤੀ ਉੱਤੇ ਚੱਲਣ ਵਾਲੀਆਂ ਸਰਕਾਰਾਂ ਉਨ੍ਹਾਂ ਨੂੰ ਕਮਿਉਨਿਸਟ ਅਤੇ ਅੱਤਵਾਦੀ ਦੱਸਦੀਆਂ ਸਨ ਅਤੇ ਅਫਰੀਕੀ ਨੈਸ਼ਨਲ ਕਾਂਗਰਸ ਨੂੰ ਪਨਾਹ ਦੇਣ ਵਾਲੀ ਪਾਰਟੀ ਦੱਸ ਰਹੀਆਂ ਸਨ।
ਸਨ 1990 ਵਿੱਚ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਉਨ੍ਹਾਂ ਨੇ ਸ਼ਾਂਤਮਈ ਗਤੀਵਿਧੀਆਂ ਰਾਹੀਂ ਲੋਕਤੰਤਰ ਸਥਾਪਿਤ ਕਰਨ ਲਈ ਯਤਨ ਜਾਰੀ ਰੱਖੇ। ਸਨ 1994 ਵਿੱਚ ਉਹ ਚੋਣ ਜਿੱਤਕੇ 1994-1999 ਤਕ ਦੱਖਣੀ ਅਫਰੀਕਾ ਦੇ ਪਹਿਲੇ ਗੈਰ-ਗੋਰੇ ਰਾਸ਼ਟਰਪਤੀ ਬਣੇ। ਉਨ੍ਹਾਂ ਨੇ ਆਪਣੇ ਪੰਜ ਸਾਲ ਦੇ ਕਾਰਜਕਾਲ ਵਿੱਚ ਵੰਸ਼ਵਾਦ ਦੇ ਖਾਤਮੇ, ਮਨੁੱਖੀ ਹੱਕਾਂ ਨੂੰ ਬਹਾਲ ਕਰਨ ਅਤੇ ਗਰੀਬੀ ਨੂੰ ਠੱਲ੍ਹ ਪਾਉਣ ਲਈ ਸ਼ਲਾਘਾਯੋਗ ਯਤਨ ਕੀਤੇ। ਸਨ 1993 ਵਿੱਚ ਉਨ੍ਹਾਂ ਨੂੰ ਸ਼ਾਂਤੀ ਨੋਬਲ ਪੁਰਸਕਾਰ ਤੋਂ ਇਲਾਵਾ ਮਹਾਰਾਣੀ ਏਲਜਾਬੈਥ ਦੂਜੀ ਦਾ ਆਡਰ ਆਫ ਮੈਰਿਟ, ਆਡਰ ਆਫ ਸੇਂਟ ਜਾਨ, ਜਾਰਜ ਡਬਲਿਊ ਬੁਸ਼ ਦਾ ਪ੍ਰੈਜ਼ੀਡੈਂਸ਼ੀਅਲ ਮੈਡਲ ਆਫ ਫਰੀਡਮ ਪੁਰਸਕਾਰ ਵੀ ਮਿਲੇ। ਜੌਹਹਨਵਰਗ ਨੇ ਸੋਵੇਟੋ ਵਿੱਚ ਫਰੀਡਮ ਆਫ ਸਿਟੀ ਦਾ ਸਰਬਉਚ ਪੁਰਸਕਾਰ ਪ੍ਰਦਾਨ ਕੀਤਾ।
ਸਨ 1999 ਵਿੱਚ ਉਨ੍ਹਾਂ ਨੇ ਸਿਆਸਤ ਤੋਂ ਸਨਿਆਸ ਲੈਣ ਦਾ ਫੈਸਲਾ ਲੈ ਲਿਆ। 5 ਦਸੰਬਰ 2013 ਨੂੰ 95 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਕੈਸਰ ਦੀ ਬਿਮਾਰੀ ਕਾਰਨ ਮੌਤ ਹੋ ਗਈ। ਸ਼੍ਰੀ ਨੈਲਸਨ ਮੰਡੇਲਾ ਇੱਕ ਨੇਤਾ ਹੀ ਨਹੀਂ ਸਗੋਂ ਸਮਾਨਤਾ, ਨਿਆਂ ਤੇ ਸ਼ਾਂਤੀ ਦੇ ਪੁੰਜ ਬਣੇ। ਉਨ੍ਹਾਂ ਦੀ ਜ਼ਿੰਦਗੀ ਆਪਣੇ ਆਪ ਵਿੱਚ ਇੱਕ ਉਦਾਹਰਨ ਹੈ ਕਿ ਖੂਨ ਖਰਾਬੇ ਤੋਂ ਬਿਨਾਂ ਵੀ ਦੁਨੀਆ ਵਿੱਚ ਪਰਿਵਰਤਨ ਲਿਆਂਦੇ ਜਾ ਸਕਦੇ ਹਨ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (