“ਇੱਜ਼ਤ ਮਨੁੱਖੀ ਸ਼ਖਸੀਅਤ ਦਾ ਇੱਕ ਅਜਿਹਾ ਦਰਪਣ ਹੁੰਦੀ ਹੈ, ਜਿਸ ਵਿੱਚੋਂ ਸਮਾਜ ਦੇ ਲੋਕ ਉਸਦਾ ਅਕਸ ਵੇਖਕੇ ...”
(25 ਅਕਤੂਬਰ 2024)
ਦੁਨੀਆ ਦੇ ਪ੍ਰਸਿੱਧ ਸਿੱਖਿਆ ਸ਼ਾਸਤਰੀ ਹਾਵਰਡ ਗਾਰਡਨਰ ਨੇ ਆਪਣੇ ਇੱਕ ਭਾਸ਼ਣ ਵਿੱਚ ਆਪਣੇ ਸਰੋਤਿਆਂ ਨੂੰ ਕਿਹਾ ਸੀ ਕਿ ਜੇਕਰ ਤੁਸੀਂ ਇਹ ਸੋਚਕੇ ਜ਼ਿੰਦਗੀ ਜਿਉਂਦੇ ਹੋ ਕਿ ਲੋਕ ਅਥਾਹ ਦੌਲਤ, ਤਾਕਤ, ਸੰਪਤੀ, ਦੂਜਿਆਂ ਉੱਤੇ ਰਾਜ ਕਰਨ ਵਾਲਿਆਂ ਅਤੇ ਵੱਡੀਆਂ ਜੰਗਾਂ ਜਿੱਤਣ ਵਾਲਿਆਂ ਨੂੰ ਉਨ੍ਹਾਂ ਦੀ ਮੌਤ ਤੋਂ ਬਾਅਦ ਯਾਦ ਕਰਦੇ ਹਨ ਤਾਂ ਤੁਸੀਂ ਮੁਗਾਲਤੇ ਵਿੱਚ ਹੋ। ਇਹ ਸਾਰਾ ਕੁਝ ਉਨ੍ਹਾਂ ਲੋਕਾਂ ਦੀ ਸ਼ਖਸੀਅਤ ਦਾ ਨਹੀਂ ਜ਼ਿੰਦਗੀ ਦਾ ਇੱਕ ਪੱਖ ਹੋ ਸਕਦਾ ਹੈ। ਖੁਸ਼ਹਾਲ ਜ਼ਿੰਦਗੀ ਜਿਊਣ ਵਾਲੇ ਲੋਕਾਂ ਨਾਲੋਂ ਸਿਧਾਂਤਾਂ ਵਾਲੀ ਜ਼ਿੰਦਗੀ ਜਿਊਣ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਮਰਨ ਤੋਂ ਬਾਅਦ ਵੀ ਯਾਦ ਕੀਤਾ ਜਾਂਦਾ ਹੈ। ਸਿਧਾਂਤਾਂ ਨਾਲ ਜ਼ਿੰਦਗੀ ਜਿਊਣ ਵਾਲੇ ਲੋਕ ਰਾਹ ਦਸੇਰੇ ਹੁੰਦੇ ਹਨ ਅਤੇ ਦੂਜਿਆਂ ਲਈ ਪ੍ਰੇਰਨਾ ਸਰੋਤ ਵੀ। ਜ਼ਿੰਦਗੀ ਜਿਊਣ ਦੇ ਇਹ ਸਿਧਾਂਤ ‘ਵਕਤ ਦੀ ਪਾਬੰਦੀ ਅਤੇ ਮਹੱਤਵ ਨੂੰ ਸਮਝਣਾ’, ‘ਆਪਣਾ ਭਰੋਸਾ ਕਾਇਮ ਰੱਖਣਾ’ ਅਤੇ ‘ਆਪਣੀ ਇੱਜ਼ਤ ਪ੍ਰਤੀ ਸੁਚੇਤ ਹੋਣਾ’ ਮਨੁੱਖ ਦੇ ਸੂਝਵਾਨ, ਦੂਰ ਅੰਦੇਸ਼, ਸਿਆਣੇ ਹੋਣ ਅਤੇ ਡੂੰਘੀ ਸੋਚ ਰੱਖਣ ਦੇ ਸੂਚਕ ਹੁੰਦੇ ਹਨ। ਜਦੋਂ ਇਹ ਤਿੰਨੋ ਪਰਿੰਦੇ ਮਨੁੱਖ ਦੀ ਜ਼ਿੰਦਗੀ ਦੇ ਅਸਮਾਨ ਵਿੱਚੋਂ ਵਿਖਾਈ ਦੇਣੋਂ ਬੰਦ ਹੋ ਜਾਂਦੇ ਹਨ, ਉਦੋਂ ਉਸਦੀ ਜ਼ਿੰਦਗੀ ਦਾ ਅਸਮਾਨ ਧੁੰਦਲਾ ਹੋ ਜਾਂਦਾ ਹੈ। ਜਿਨ੍ਹਾਂ ਪਰਿਵਾਰਾਂ ਦੇ ਜੀਅ, ਅਦਾਰਿਆਂ, ਸਿੱਖਿਆ ਸੰਸਥਾਵਾਂ ਦੇ ਅਧਿਕਾਰੀ ਤੇ ਕਰਮਚਾਰੀ ਵਕਤ ਦੀ ਪਾਬੰਦੀ ਪ੍ਰਤੀ ਅਵੇਸਲੇ ਹੁੰਦੇ ਹਨ, ਉਨ੍ਹਾਂ ਵਿੱਚ ਕਦੇ ਵੀ ਸ਼ਾਂਤੀ ਤੇ ਤਰੱਕੀ ਵਾਲਾ ਮਾਹੌਲ ਨਹੀਂ ਹੁੰਦਾ। ਉਨ੍ਹਾਂ ਵਿੱਚ ਆਪਣੀਆਂ ਗਲਤੀਆਂ ਨੂੰ ਢਕਣ ਲਈ ਇੱਕ ਦੂਜੇ ਨੂੰ ਦੋਸ਼ੀ ਠਹਿਰਾਉਣ, ਬਹਿਸਬਾਜ਼ੀ ਕਰਨ ਅਤੇ ਲੜਾਈ ਝਗੜਾ ਕਰਨ ਦਾ ਵਾਤਾਵਰਣ ਬਣਿਆ ਰਹਿੰਦਾ ਹੈ। ਵਕਤ ਦੇ ਪਾਬੰਦ ਰਹਿਣ ਵਾਲੇ ਲੋਕਾਂ ਨੂੰ ਕਦੇ ਵੀ ਬਹਾਨੇ ਨਹੀਂ ਲਾਉਣੇ ਪੈਂਦੇ, ਦੂਜਿਆਂ ਸਾਹਮਣੇ ਸ਼ਰਮਿੰਦੇ ਨਹੀਂ ਹੋਣਾ ਪੈਂਦਾ ਤੇ ਨਾ ਹੀ ਵਕਤ ਲੰਘਣ ’ਤੇ ਕੋਈ ਮੌਕਾ ਹੱਥੋਂ ਖੁੰਝਣ ਲਈ ਪਛਤਾਉਣਾ ਪੈਂਦਾ ਹੈ।
ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਸਵੇਰ ਵੇਲੇ ਆਪਣੀਆਂ ਜਮਾਤਾਂ ਵਿੱਚ ਦੇਰ ਨਾਲ ਪਹੁੰਚਣ ਵਾਲੇ ਆਪਣੀਆਂ ਜਮਾਤਾਂ ਸਮੇਂ ਤੋਂ ਪਹਿਲਾਂ ਛੱਡਣ ਵਾਲੇ ਅਤੇ ਛੁੱਟੀ ਤੋਂ ਪਹਿਲਾਂ ਘਰਾਂ ਨੂੰ ਭੱਜਣ ਵਾਲੇ ਅਧਿਆਪਕ ਆਪਣੇ ਵਿਦਿਆਰਥੀਆਂ ਅਤੇ ਅਧਿਕਾਰੀਆਂ ਦੀ ਨਜ਼ਰ ਵਿੱਚ ਸਤਿਕਾਰ ਦੇ ਪਾਤਰ ਨਹੀਂ ਹੁੰਦੇ। ਉਨ੍ਹਾਂ ਨੂੰ ਹਰ ਰੋਜ਼ ਗੱਲਾਂ ਸੁਣਨੀਆਂ ਪੈਂਦੀਆਂ ਹਨ ਅਤੇ ਉਹ ਆਲੋਚਨਾ ਵਿੱਚ ਘਿਰੇ ਰਹਿੰਦੇ ਹਨ। ਜਿਹੜੇ ਵਕਤ ਦੀ ਕਦਰ ਕਰਦੇ ਹਨ, ਵਕਤ ਉਨ੍ਹਾਂ ਦੀ ਹੀ ਕਦਰ ਕਰਵਾਉਂਦਾ ਹੈ। ਇੱਕ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਸਕੂਲ ਦੀ ਚੈਕਿੰਗ ਦੌਰਾਨ ਦੇਰ ਨਾਲ ਆਉਣ ਵਾਲੇ ਇੱਕ ਅਧਿਆਪਕ ਨੂੰ ਸਵਾਲ ਕੀਤਾ ਕਿ ਉਸਦੇ ਵਿਦਿਆਰਥੀ ਉਸਦੀ ਸ਼ਖਸੀਅਤ ਤੋਂ ਕੀ ਸਿੱਖਦੇ ਹੋਣਗੇ? ਉਸ ਅਧਿਆਪਕ ਕੋਲ ਚੁੱਪ ਰਹਿਣ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ। ਮੇਰੇ ਵਿਦਿਆਰਥੀ ਜੀਵਨ ਦੇ ਇੱਕ ਅਧਿਆਪਕ ਦੇ ਕਹੇ ਹੋਏ ਇਹ ਸ਼ਬਦ ਕਿ ਵਕਤ ਦੇ ਪਾਬੰਦ ਲੋਕ ਨਾ ਸਰੀਰਕ ਤੌਰ ’ਤੇ ਬਿਮਾਰ ਹੁੰਦੇ ਹਨ ਤੇ ਨਾ ਹੀ ਮਾਨਸਿਕ ਤੌਰ ’ਤੇ। ਸਿਆਸੀ ਲੋਕਾਂ ਦੇ ਸਮਾਗਮਾਂ ਵਿੱਚ ਵਕਤ ਸਿਰ ਨਾ ਪਹੁੰਚਣ ਦੀ ਆਦਤ ਨੇ ਲੋਕ ਮਨਾਂ ਵਿੱਚ ਉਨ੍ਹਾਂ ਦੀ ਕਦਰ ਘਟਾ ਦਿੱਤੀ ਹੈ। ਜਿਹੜੇ ਵਿਦਿਆਰਥੀ ਸਮੇਂ ਦੀ ਕਦਰ ਕਰਦੇ ਹਨ, ਉਨ੍ਹਾਂ ਨੂੰ ਮਿਹਨਤ ਕਰਨ ਦੀ ਆਦਤ ਆਪਣੇ ਆਪ ਪੈ ਜਾਂਦੀ ਹੈ। ਵਕਤ ਦੀ ਕਦਰ ਕਰਨਾ ਸਫਲਤਾ ਦੀ ਪਹਿਲੀ ਪੌੜੀ ਹੁੰਦੀ ਹੈ। ਦੂਜਿਆਂ ਦਾ ਭਰੋਸਾ ਜਿੱਤਣਾ ਆਪਣੇ ਆਪ ਵਿੱਚ ਮਨੁੱਖ ਦੀ ਵੱਡੀ ਖ਼ੂਬੀ ਹੁੰਦੀ ਹੈ। ਬਿਨਾਂ ਭਰੋਸੇ ਤੋਂ ਰਿਸ਼ਤੇ ਨਿਭਣ ਦੀ ਮਨਿਆਦ ਘੱਟ ਜਾਂਦੀ ਹੈ। ਉਨ੍ਹਾਂ ਰਿਸ਼ਤਿਆਂ ਦੀ ਹਾਲਤ ਨਰਾਜ਼ ਗੁਆਂਢੀਆਂ ਵਰਗੀ ਹੁੰਦੀ ਹੈ।
ਮਾਪਿਆਂ ਅਤੇ ਧੀਆਂ ਪੁੱਤਰਾਂ ਵਿੱਚ, ਅਧਿਕਾਰੀਆਂ ਅਤੇ ਮਤਹਿਤਾਂ ਵਿੱਚ, ਪਤੀ ਅਤੇ ਪਤਨੀ ਵਿੱਚ ਅਤੇ ਸਿਆਸੀ ਨੇਤਾਵਾਂ ਅਤੇ ਲੋਕਾਂ ਵਿੱਚ ਭਰੋਸਾ ਹੀ ਇੱਕ ਅਜਿਹੀ ਗੰਢ ਹੁੰਦੀ ਜੋ ਕਿ ਉਨ੍ਹਾਂ ਨੂੰ ਇੱਕ ਦੂਜੇ ਪ੍ਰਤੀ ਵਫ਼ਾਦਾਰ ਬਣਾਕੇ ਰੱਖਦੀ ਹੈ। ਕਿਸੇ ਦਫਤਰ ਵਿੱਚੋਂ ਇੱਕ ਬਹੁਤ ਜਰੂਰੀ ਪੱਤਰ ਚੋਰੀ ਹੋ ਗਿਆ। ਅਧਿਕਾਰੀ ਨੇ ਆਪਣੇ ਭਰੋਸੇ ਯੋਗ ਕਰਮਚਾਰੀਆਂ ਤੋਂ ਗੁਪਤ ਤੌਰ ’ਤੇ ਪੁੱਛ ਗਿੱਛ ਕੀਤੀ ਕਿ ਉਹ ਪੱਤਰ ਕੌਣ ਚੋਰੀ ਕਰ ਸਕਦਾ ਹੈ? ਉਨ੍ਹਾਂ ਕਰਮਚਾਰੀਆਂ ਨੇ ਉਸ ਕਰਮਚਾਰੀ ਦਾ ਨਾਂ ਵੀ ਲਿਆ, ਜਿਸਦੀ ਉਸ ਅਧਿਕਾਰੀ ਨਾਲ ਬਣਦੀ ਨਹੀਂ ਸੀ। ਉਸ ਅਧਿਕਾਰੀ ਨੇ ਉਸ ਕਰਮਚਾਰੀ ਦਾ ਨਾਂ ਸੁਣਕੇ ਕਿਹਾ ਕਿ ਉਹ ਕਰਮਚਾਰੀ ਮੇਰਾ ਵਿਰੋਧੀ ਤਾਂ ਹੈ ਪਰ ਮੈਨੂੰ ਉਸ ਉੱਤੇ ਐਨਾ ਭਰੋਸਾ ਜ਼ਰੂਰ ਹੈ ਕਿ ਉਹ ਅਜਿਹਾ ਘਟੀਆ ਕੰਮ ਨਹੀਂ ਕਰ ਸਕਦਾ।
ਝੂਠੇ, ਬੇਈਮਾਨ, ਖੁਦਗਰਜ਼, ਬੇਗੈਰਤ, ਦੋਗਲੇ, ਲਾਲਚੀ, ਧੋਖੇਬਾਜ਼ ਅਤੇ ਚਾਲਬਾਜ਼ ਲੋਕ ਕਦੇ ਵੀ ਭਰੋਸੇਯੋਗ ਨਹੀਂ ਹੁੰਦੇ। ਬੇਭਰੋਸਗੀ ਮਨੁੱਖ ਨੂੰ ਇਖਲਾਕੀ ਤੌਰ ’ਤੇ ਵੀ ਖਤਮ ਕਰ ਦਿੰਦੀ ਹੈ। ਭਰੋਸੇ ਯੋਗ ਦੁਸ਼ਮਣ ਸੌ ਝੂਠੇ ਮਿੱਤਰਾਂ ਨਾਲੋਂ ਚੰਗਾ ਹੁੰਦਾ ਹੈ। ਭਰੋਸੇਯੋਗ ਮਿੱਤਰ ਨੂੰ ਹਿੰਦੀ ਭਾਸ਼ਾ ਦੇ ਵਿਦਵਾਨ ਆਚਾਰਿਆ ਹਜਾਰੀ ਪ੍ਰਸ਼ਾਦ ਦਿਵੇਦੀ ਨੇ ਬਹੁਤ ਵੱਡਾ ਖਜ਼ਾਨਾ ਦੱਸਿਆ ਹੈ। ਇੱਜ਼ਤ ਮਨੁੱਖੀ ਸ਼ਖਸੀਅਤ ਦਾ ਇੱਕ ਅਜਿਹਾ ਦਰਪਣ ਹੁੰਦੀ ਹੈ, ਜਿਸ ਵਿੱਚੋਂ ਸਮਾਜ ਦੇ ਲੋਕ ਉਸਦਾ ਅਕਸ ਵੇਖਕੇ ਉਸਦੇ ਮੁਰੀਦ ਜਾਂ ਪ੍ਰਸ਼ੰਸਕ ਹੋ ਜਾਂਦੇ ਹਨ। ਇੱਜ਼ਤ ਮਿਲਦੀ ਨਹੀਂ, ਕਮਾਉਣੀ ਪੈਂਦੀ ਹੈ। ਕਿਸੇ ਸਰਮਾਏਦਾਰ, ਤਾਕਤਵਾਰ, ਅਧਿਕਾਰੀ ਦੀ ਕਲਮ ਅਤੇ ਹੈਂਕੜਬਾਜ਼ ਤੋਂ ਡਰ ਕੇ ਕੀਤੀ ਜਾਣ ਵਾਲੀ ਇੱਜ਼ਤ ਨਹੀਂ ਸਗੋਂ ਉਨ੍ਹਾਂ ਦੀ ਕਿਰਪਾ ਦਾ ਪਾਤਰ ਬਣਕੇ ਉਨ੍ਹਾਂ ਨੂੰ ਖੁਸ਼ ਕਰਨ ਲਈ ਮਹਿਜ਼ ਵਿਖਾਵਾ ਹੁੰਦਾ ਹੈ। ਇੱਜ਼ਤ ਮਨ ਤੋਂ ਹੁੰਦੀ ਹੈ ਅਤੇ ਇਹ ਇਮਾਨਦਾਰ, ਚੰਗੇ ਸੁਭਾਅ ਵਾਲੇ, ਦਿਆਲੂ, ਨੇਕ, ਸਹਿਯੋਗੀ, ਕਰਮਯੋਗੀ ਅਤੇ ਸੱਜਣ ਲੋਕਾਂ ਦੀ ਹੁੰਦੀ ਹੈ।
ਦਿਲ ਤੋਂ ਕੀਤੀ ਜਾਣ ਵਾਲੀ ਇੱਜ਼ਤ ਮਨੁੱਖ ਦੀ ਪਿੱਠ ਪਿੱਛੇ ਵੀ ਹੁੰਦੀ ਹੈ। ਜਿਨ੍ਹਾਂ ਦੀ ਮਨੋਂ ਇੱਜ਼ਤ ਹੁੰਦੀ ਹੈ, ਉਨ੍ਹਾਂ ਨੂੰ ਦੇਰ ਤਕ ਯਾਦ ਕੀਤਾ ਜਾਂਦਾ ਹੈ। ਇੱਜ਼ਤ ਦੇ ਯੋਗ ਅਧਿਕਾਰੀ ਆਪਣੇ ਗੁਣਾਂ ਨਾਲ ਆਪਣੇ ਅਹੁਦਿਆਂ ਨੂੰ ਵੱਡਾ ਕਰ ਦਿੰਦੇ ਹਨ। ਇੱਕ ਦੂਜੇ ਦੀ ਦਿਲੋਂ ਇੱਜ਼ਤ ਕਰਨ ਨਾਲ ਰਿਸ਼ਤਿਆਂ ਦੇ ਸੰਬੰਧ ਮਜ਼ਬੂਤ ਹੋ ਜਾਂਦੇ ਹਨ ਅਤੇ ਦੇਰ ਤਕ ਨਿਭਦੇ ਹਨ। ਧਨ ਚਲੇ ਜਾਣ ਬਾਅਦ ਮੁੜ ਕਮਾਇਆ ਜਾ ਸਕਦਾ ਹੈ ਪਰ ਇੱਕ ਵਾਰ ਇੱਜ਼ਤ ਚਲੇ ਜਾਣ ਨਾਲ ਮੁੜ ਇੱਜ਼ਤ ਨਹੀਂ ਕਮਾਈ ਜਾ ਸਕਦੀ। ਚਰਿੱਤਰਹੀਣਾਂ, ਸਮਗਲਰਾਂ, ਨਸ਼ੇੜੀਆਂ, ਬੇਰਹਿਮਾਂ, ਧੋਖੇਬਾਜ਼ਾਂ, ਚਾਲਬਾਜ਼ਾਂ ਅਤੇ ਮੌਕਾ ਪ੍ਰਸਤਾਂ ਦੀ ਸਮਾਜ ਵਿੱਚ ਕਦੇ ਇੱਜ਼ਤ ਨਹੀਂ ਹੁੰਦੀ। ਜਿਹੜੇ ਲੋਕ ਵਕਤ, ਭਰੋਸੇ ਅਤੇ ਇੱਜ਼ਤ, ਇਨ੍ਹਾਂ ਤਿੰਨ ਪਰਿੰਦਿਆਂ ਦਾ ਧਿਆਨ ਰੱਖਦੇ ਹਨ, ਜਿਹੜੇ ਇਨ੍ਹਾਂ ਨੂੰ ਆਪਣੀ ਜ਼ਿੰਦਗੀ ਵਿੱਚੋਂ ਮਨਫੀ ਨਹੀਂ ਹੋਣ ਦਿੰਦੇ, ਉਹ ਸਮਾਜ ਵਿੱਚ ਸਦਾ ਹੀ ਸਨਮਾਨ ਯੋਗ ਹੁੰਦੇ ਹਨ। ਇਨ੍ਹਾਂ ਤਿੰਨਾਂ ਪਰਿੰਦਿਆਂ ਦੀ ਅਮੀਰੀ ਧਨ ਦੀ ਅਮੀਰੀ ਨਾਲੋਂ ਵੀ ਵੱਡੀ ਹੁੰਦੀ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5393)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.