ਦੂਜੇ ਭਾਰਤ ਵਿੱਚ ਇੱਕ ਵਰਗ ਪ੍ਰਬੁੱਧ ਲੋਕਾਂ ਦਾ ਵੀ ਹੈ। ਉਹ ਗਿਣਤੀ ਵਿੱਚ ਆਟੇ ਵਿੱਚ ਨਮਕ ਦੇ ਬਰਾਬਰ ...
(13 ਅਗਸਤ 2024)
ਇਸ ਸਮੇਂ ਪਾਠਕ: 210.


ਅਜ਼ਾਦੀ ਤੋਂ ਪਹਿਲਾਂ ਇੱਕੋ ਭਾਰਤ ਸੀ
, ਜਿਸ ਵਿੱਚ ਵਸਦੇ ਲੋਕਾਂ ਦੇ ਮਨਾਂ ਵਿੱਚ ਇੱਕੋ ਗੱਲ ਬੈਠੀ ਹੋਈ ਸੀ ਕਿ ਉਨ੍ਹਾਂ ਦੇ ਦੇਸ਼ ਉੱਤੇ ਅੰਗਰੇਜ਼ੀ ਹਕੂਮਤ ਦਾ ਰਾਜ ਹੈ ਤੇ ਉਹ ਗੁਲਾਮ ਭਾਰਤ ਦੇ ਵਾਸੀ ਹਨਇਸੇ ਸੋਚ ਨੇ ਉਨ੍ਹਾਂ ਨੂੰ ਜਾਤਾਂ, ਧਰਮਾਂ, ਨਸਲਾਂ, ਭਾਸ਼ਾਵਾਂ ਅਤੇ ਇਲਾਕਾਈ ਭੇਦ ਭਾਵ ਤੋਂ ਉੱਪਰ ਉੱਠਕੇ ਅੰਗਰੇਜ਼ੀ ਸਾਮਰਾਜ ਦੇ ਵਿਰੁੱਧ ਲੜਾਈ ਲੜਨ ਲਈ ਪ੍ਰੇਰਿਤ ਕੀਤਾ ਸੀ ਇੱਕੋ ਭਾਰਤ ਦੇ ਲੋਕਾਂ ਨੇ ਉਸ ਲੜਾਈ ਦਾ ਟੀਚਾ ਮਿਥਿਆ ਹੋਇਆ ਸੀ ਕਿ ਉਨ੍ਹਾਂ ਨੂੰ ਗੁਲਾਮੀ ਤੋਂ ਛੁਟਕਾਰਾ ਮਿਲੇਗਾ, ਉਨ੍ਹਾਂ ਦਾ ਆਜ਼ਾਦ ਭਾਰਤ ਦੇ ਨਾਗਰਿਕ ਕਹਾਉਣ ਦਾ ਸੁਪਨਾ ਪੂਰਾ ਹੋਵੇਗਾਉਨ੍ਹਾਂ ਦੇ ਦੇਸ਼ ਦਾ ਆਪਣਾ ਸੰਵਿਧਾਨ, ਵਿਧਾਨ, ਝੰਡਾ, ਫੌਜ, ਪੁਲਿਸ, ਕਾਨੂੰਨ ਅਤੇ ਸਰਕਾਰ ਹੋਣਗੇਉਨ੍ਹਾਂ ਨੂੰ ਹਰ ਇੱਕ ਖੇਤਰ ਵਿੱਚ ਇੱਕੋ ਜਿਹੇ ਮੌਕੇ ਮਿਲਣਗੇਉਨ੍ਹਾਂ ਨਾਲ ਕਿਸੇ ਵੀ ਅਧਾਰ ’ਤੇ ਕੋਈ ਅਨਿਆਂ ਅਤੇ ਭੇਦ ਭਾਵ ਨਹੀਂ ਹੋਵੇਗਾਉਨ੍ਹਾਂ ਨੂੰ ਵੋਟ ਪਾਉਣ ਦੇ ਮਿਲੇ ਅਧਿਕਾਰ ਨਾਲ ਆਪਣੀ ਸਰਕਾਰ ਖੁਦ ਚੁਣਨ ਦਾ ਅਧਿਕਾਰ ਹੋਵੇਗਾ ਅਤੇ ਹਰ ਤਰ੍ਹਾਂ ਦੀ ਪੂਰਨ ਆਜ਼ਾਦੀ ਹੋਵੇਗੀਪਰ ਦੇਸ਼ ਦੇ ਮੌਜੂਦਾ ਹਾਲਾਤ ਇਹ ਦਰਸਾ ਰਹੇ ਹਨ ਕਿ ਸਾਡੇ ਦੇਸ਼ ਵਿੱਚ ਇੱਕ ਨਹੀਂ, ਦੋ ਭਾਰਤ ਵਸ ਰਹੇ ਹਨਦੂਜੇ ਭਾਰਤ ਦੇ ਲੋਕਾਂ ਉੱਤੇ ਪਹਿਲਾਂ ਅੰਗਰੇਜ਼ਾਂ ਦਾ ਰਾਜ ਸੀ ਅਤੇ ਹੁਣ ਅੰਗਰੇਜ਼ਾਂ ਵਰਗੇ ਹੀ ਭਾਰਤੀ ਸਰਮਾਏਦਾਰੀ ਜਮਾਤ ਦਾ ਰਾਜ ਹੈਉਹ ਕੇਵਲ ਕਹਿਣ ਲਈ ਹੀ ਅਜ਼ਾਦ ਹੋਏ ਹਨ, ਉਨ੍ਹਾਂ ਲਈ ਕੁਝ ਨਹੀਂ ਬਦਲਿਆ ਹੈਪਹਿਲਾਂ ਉਹ ਵਿਦੇਸ਼ੀਆਂ ਦੇ ਗੁਲਾਮ ਸਨ ਤੇ ਹੁਣ ਆਪਣਿਆਂ ਦੇ ਗੁਲਾਮ ਹਨਸਾਡੇ ਦੇਸ਼ ਵਿੱਚ ਇੱਕ ਭਾਰਤ ਉਹ ਹੈ ਜਿਸ ਉੱਤੇ ਸਰਮਾਏਦਾਰ ਵਰਗ ਕਾਬਜ਼ ਹੈਸਰਕਾਰ, ਸੰਵਿਧਾਨ, ਵਿਧਾਨ, ਨਿਜ਼ਾਮ, ਪੁਲਿਸ, ਕਾਨੂੰਨ, ਅਰਥਚਾਰਾ, ਅਫਸਰਸ਼ਾਹੀ, ਮੀਡੀਆ ਅਤੇ ਜੁਡੀਸ਼ਰੀ, ਸਭ ਕੁਝ ਉਨ੍ਹਾਂ ਦੀ ਮਰਜ਼ੀ ਨਾਲ ਚੱਲਦਾ ਹੈਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ, ਉਨ੍ਹਾਂ ਦੇ ਮੁਤਾਬਿਕ ਹੀ ਚਲਦੀ ਹੈਸਰਕਾਰ ਨੂੰ ਚਲਾਉਣ ਦੀਆਂ ਨੀਤੀਆਂ ਉਨ੍ਹਾਂ ਦੀ ਮਰਜ਼ੀ ਮੁਤਾਬਿਕ ਹੀ ਬਣਦੀਆਂ ਹਨ

ਪਹਿਲੀ ਕਿਸਮ ਦੇ ਭਾਰਤ ਦੇ ਲੋਕਾਂ ਕੋਲ ਹਰ ਤਰ੍ਹਾਂ ਦੀਆਂ ਸਹੂਲਤਾਂ ਹਨਉਹ ਮਨ ਮਰਜ਼ੀ ਦੀ ਜ਼ਿੰਦਗੀ ਗੁਜ਼ਾਰ ਰਹੇ ਹਨਪਹਿਲੀ ਕਿਸਮ ਦਾ ਭਾਰਤ ਦੂਜੀ ਕਿਸਮ ਦੇ ਭਾਰਤ ਦੇ ਲੋਕਾਂ ਉੱਤੇ ਰਾਜ ਕਰ ਰਿਹਾ ਹੈਅਮੀਰਾਂ ਅਤੇ ਗ਼ਰੀਬਾਂ ਦੀ ਸਿੱਖਿਆ ਇਨ੍ਹਾਂ ਦੋ ਭਾਰਤਾਂ ਵਿੱਚ ਹੀ ਵੰਡੀ ਹੋਈ ਹੈ, ਜਿਸਦਾ ਪਾੜਾ ਵਧਦਾ ਹੀ ਜਾ ਰਿਹਾ ਹੈਜੇਕਰ ਸਿਹਤ ਸਹੂਲਤਾਂ ਦੀ ਗੱਲ ਕੀਤੀ ਜਾਵੇ ਤਾਂ ਪਹਿਲੀ ਕਿਸਮ ਦੇ ਭਾਰਤ ਦੇ ਲੋਕ ਆਪਣੀ ਮਨ ਮਰਜ਼ੀ ਦਾ ਇਲਾਜ ਕਰਵਾ ਸਕਦੇ ਹਨ, ਇੱਥੋਂ ਤਕ ਕਿ ਵਿਦੇਸ਼ਾਂ ਵਿੱਚ ਜਾਕੇ ਵੀ ਆਪਣੀ ਬਿਮਾਰੀ ਦਾ ਇਲਾਜ ਕਰਵਾ ਸਕਦੇ ਹਨ ਪਰ ਦੂਜੇ ਭਾਰਤ ਦੇ ਲੋਕਾਂ ਲਈ ਹਸਪਤਾਲਾਂ ਵਿੱਚ ਨਾ ਡਾਕਟਰ ਹਨ ਅਤੇ ਨਾ ਹੀ ਦਵਾਈਉਨ੍ਹਾਂ ਨੂੰ ਹਾਸਲ ਹਾਲਤਾਂ ਵਿਚ ਹੀ ਆਪਣੀਆਂ ਬਿਮਾਰੀਆਂ ਦਾ ਇਲਾਜ ਕਰਵਾਉਣਾ ਪੈਂਦਾ ਹੈਇਸੇ ਲਈ ਸਾਡੇ ਦੇਸ਼ ਵਿੱਚ ਲੱਖਾਂ ਲੋਕ ਬਿਮਾਰੀਆਂ ਦੇ ਇਲਾਜ ਤੋਂ ਬਿਨਾਂ ਹੀ ਮਰ ਜਾਂਦੇ ਹਨਵੋਟ ਦਾ ਅਧਿਕਾਰ ਦੋਹਾਂ ਭਾਰਤਾਂ ਦੇ ਲੋਕਾਂ ਕੋਲ ਹੈ ਪਰ ਸਰਕਾਰ ਪਹਿਲੇ ਭਾਰਤ ਦੇ ਲੋਕ ਹੀ ਬਣਾਉਂਦੇ ਹਨ ਕਿਉਂਕਿ ਦੂਜੇ ਭਾਰਤ ਦੇ ਲੋਕਾਂ ਨੂੰ ਕੇਵਲ ਕਹਿਣ ਲਈ ਹੀ ਵੋਟ ਦਾ ਅਧਿਕਾਰ ਪ੍ਰਾਪਤ ਹੈ ਪਰ ਉਹ ਨਾ ਤਾਂ ਆਪਣੀ ਮਰਜ਼ੀ ਨਾਲ ਵੋਟ ਦੀ ਵਰਤੋਂ ਕਰ ਸਕਦੇ ਹਨ ਅਤੇ ਨਾ ਹੀ ਆਪਣੀ ਮਰਜ਼ੀ ਦੀ ਸਰਕਾਰ ਚੁਣ ਸਕਦੇ ਹਨਪਹਿਲੇ ਭਾਰਤ ਦੇ ਸਰਮਾਏਦਾਰ ਨਿਜ਼ਾਮ ਦੇ ਲੋਕ ਕਦੇ ਮੁਫ਼ਤ ਬਿਜਲੀ, ਆਟਾ-ਦਾਲ, ਪਾਣੀ, ਹੋਰ ਕਈ ਕੁਝ ਮੁਫ਼ਤ ਦੇਣ ਦਾ ਲਾਲਚ ਦੇਕੇ ਅਤੇ ਹੋਰ ਕਈ ਢੰਗਾਂ ਨਾਲ ਦੂਜੇ ਭਾਰਤ ਦੇ ਲੋਕਾਂ ਤੋਂ ਆਪਣੀ ਮਰਜ਼ੀ ਨਾਲ ਵੋਟ ਪਾਉਣ ਦਾ ਅਧਿਕਾਰ ਖੋਹ ਲੈਂਦੇ ਹਨਉਹ ਹਰ ਪੰਜ ਸਾਲ ਬਾਅਦ ਨਵੇਂ ਢੰਗਾਂ ਦੇ ਜਾਲ਼ ਵਿਛਾ ਕੇ ਦੂਜੇ ਭਾਰਤ ਦੇ ਲੋਕਾਂ ਨੂੰ ਅਜਿਹਾ ਹਿੱਪਨੋਟਾਈਜ਼ ਕਰਦੇ ਹਨ ਕਿ ਆਪ ਸੱਤਾ ਉੱਤੇ ਕਾਬਜ਼ ਰਹਿੰਦੇ ਹਨਕੇਵਲ ਪਾਰਟੀਆਂ ਦੇ ਨਾਂ ਬਦਲਦੇ ਹਨ, ਏਜੰਡਾ ਸਭ ਦਾ ਦੂਜੇ ਭਾਰਤ ਦੇ ਲੋਕਾਂ ਉੱਤੇ ਰਾਜ ਕਰਨਾ ਹੀ ਹੈ

ਦੂਜੇ ਭਾਰਤ ਵਿੱਚ ਇੱਕ ਵਰਗ ਪ੍ਰਬੁੱਧ ਲੋਕਾਂ ਦਾ ਵੀ ਹੈਉਹ ਗਿਣਤੀ ਵਿੱਚ ਆਟੇ ਵਿੱਚ ਨਮਕ ਦੇ ਬਰਾਬਰ ਹੈ ਉਹ ਵਰਗ ਪਹਿਲੇ ਭਾਰਤ ਦੇ ਸਰਮਾਏਦਾਰੀ ਨਿਜ਼ਾਮ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨਾ ਚਾਹੁੰਦਾ ਹੈ ਕਿਉਂਕਿ ਉਹ ਉਸ ਸਰਮਾਏਦਾਰੀ ਜਮਾਤ ਦੀਆਂ ਚਲਾਕੀਆਂ ਤੇ ਹੁਸ਼ਿਆਰੀਆਂ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਪਰ ਉਸ ਵਰਗ ਦੇ ਘੱਟ ਗਿਣਤੀ ਵਿੱਚ ਹੋਣ ਕਾਰਨ ਉਸਦੀ ਆਵਾਜ਼ ਦਬਾ ਦਿੱਤੀ ਜਾਂਦੀ ਹੈ ਕਿਉਂਕਿ ਉਸੇ ਵਰਗ ਤੋਂ ਹੀ ਪਹਿਲੇ ਭਾਰਤ ਦੇ ਸਰਮਾਏਦਾਰ ਲੋਕਾਂ ਨੂੰ ਖਤਰਾ ਹੁੰਦਾ ਹੈਜਦੋਂ ਪਹਿਲੇ ਪੂੰਜੀਪਤੀ ਭਾਰਤ ਨੂੰ ਦੂਜੇ ਭਾਰਤ ਤੋਂ ਕਿਸੇ ਤਰ੍ਹਾਂ ਦਾ ਖਤਰਾ ਲਗਦਾ ਹੈ ਤਾਂ ਜਾਤਾਂ, ਧਰਮਾਂ, ਭਾਸ਼ਾਵਾਂ, ਨਸਲਾਂ, ਇਲਾਕਿਆਂ ਪਾਣੀਆਂ ਦੇ ਨਾਂ ’ਤੇ ਦੰਗੇ ਫ਼ਸਾਦ ਕਰਵਾ ਦਿੰਦਾ ਹੈ, ਲੜਾਈਆਂ ਝਗੜੇ ਕਰਵਾ ਦਿੰਦਾ ਹੈ; ਅਦਾਲਤਾਂ ਵਿੱਚ ਮੁਕਦਮੇ ਚਲਵਾ ਦਿੰਦਾ ਹੈਰਾਖਵੇਂਕਰਨ ਦੇ ਨਾਂ ਤੇ ਅੱਗਾਂ ਲਗਵਾ ਦਿੰਦਾ ਹੈਆਪਣੀ ਹੋਂਦ ਨੂੰ ਪੇਤਲਾ ਪੈਂਦਾ ਵੇਖ ਸੰਵਿਧਾਨ ਦੀਆਂ ਕਾਪੀਆਂ ਫਾੜ ਦਿੰਦਾ ਹੈ ਤੇ ਉਸੇ ਸੰਵਿਧਾਨ ਦੀ ਸਹੁੰ ਚੁੱਕਦਾ ਹੈ, ਮੰਦਿਰਾਂ ਮਸਜਿਦਾਂ ਨੂੰ ਲੈਕੇ ਬਖੇੜੇ ਕਰਵਾ ਦਿੰਦਾ ਹੈਜੇਕਰ ਚੋਣਾਂ ਦੌਰਾਨ ਹਾਲਤ ਆਪਣੇ ਹੱਕ ਵਿੱਚ ਨਾ ਲਗਦੇ ਹੋਣ ਤਾਂ ਅੱਤਵਾਦ ਫੈਲਾ ਦਿੰਦਾ ਹੈ ਅਤੇ ਕਰੋਨਾ ਦਾ ਖਤਰਾ ਪੈਦਾ ਕਰ ਦਿੰਦਾ ਹੈਇਲਾਕਾਈ ਮਸਲਿਆਂ ਦਾ ਝਗੜਾ ਛੇੜ ਕੇ ਵੱਖਵਾਦ ਦੀ ਹਵਾ ਵੀ ਚਲਾ ਦਿੰਦਾ ਹੈਸੱਤਾ ਲਈ ਇਹ ਪਹਿਲਾ ਭਾਰਤ ਕੁਝ ਵੀ ਕਰ ਸਕਦਾ ਹੈ ਸਿਧਾਂਤਾਂ ਨੂੰ ਛਿੱਕੇ ਟੰਗਕੇ ਪਾਰਟੀਆਂ ਬਦਲ ਸਕਦਾ ਹੈਵਿਰੋਧੀਆਂ ਨਾਲ ਹੱਥ ਮਿਲਾ ਸਕਦਾ ਹੈਇਸ ਪਹਿਲੇ ਭਾਰਤ ਨੂੰ ਮਹਿੰਗਾਈ, ਬੇਰੋਜ਼ਗਾਰੀ, ਪੜ੍ਹਾਈ, ਦਵਾਈ, ਸਫਾਈ, ਆਰਥਿਕ ਮੰਦਹਾਲੀ ਅਤੇ ਦੂਜੇ ਭਾਰਤ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਕੋਈ ਫ਼ਿਕਰ ਨਹੀਂ ਉਸ ਨੂੰ ਫ਼ਿਕਰ ਹੈ ਤਾਂ ਸਿਰਫ ਆਪਣੀ ਸੱਤਾ ਨੂੰ ਕਾਇਮ ਰੱਖਣ ਦਾ ਫ਼ਿਕਰ ਹੈ

ਪਹਿਲੇ ਭਾਰਤ ਦੇ ਲੋਕਾਂ ਨੂੰ ਵੇਖਕੇ ਹੁਣ ਦੂਜੇ ਭਾਰਤ ਦੇ ਲੋਕ ਵੀ ਸਿਧਾਂਤਹੀਣਤਾ ਦਾ ਸ਼ਿਕਾਰ ਹੋਣਾ ਸ਼ੁਰੂ ਹੋ ਗਏ ਹਨਉਹ ਵੀ ਉਸ ਪਾਰਟੀ ਨੂੰ ਵੋਟਾਂ ਦੇਣ ਲੱਗ ਪਏ ਹਨ ਜੋ ਕਿ ਉਨ੍ਹਾਂ ਨੂੰ ਵੱਧ ਤੋਂ ਵੱਧ ਮੁਫ਼ਤ ਦੀ ਸਹੂਲਤ ਦੇ ਸਕੇ ਅਤੇ ਉਨ੍ਹਾਂ ਨੂੰ ਨਾ ਕੋਈ ਟੈਕਸ ਦੇਣਾ ਪਵੇ ਤੇ ਨਾ ਹੀ ਉਨ੍ਹਾਂ ਨੂੰ ਕੋਈ ਕੰਮ ਕਰਨਾ ਪਵੇਦੇਸ਼ ਦੀ ਮੌਜੂਦਾ ਸਥਿਤੀ ਨੇ ਦੇਸ਼ ਸਾਹਮਣੇ ਬਹੁਤ ਸਾਰੀਆਂ ਸਮੱਸਿਆਵਾਂ ਖੜ੍ਹੀਆਂ ਕਰ ਦਿੱਤੀਆਂ ਹਨਦੇਸ਼ ਜਿਸ ਆਰਥਿਕ ਮੰਦਹਾਲੀ, ਅੱਤਵਾਦ, ਵੱਖਵਾਦ, ਨਸ਼ਿਆਂ, ਦੰਗੇ ਫਸਾਦਾਂ ਅਤੇ ਹੋਰ ਸਮੱਸਿਆਵਾਂ ਵਿੱਚੋਂ ਗੁਜ਼ਰ ਰਿਹਾ ਹੈ, ਉਸਦਾ ਪ੍ਰਬੁੱਧ ਵਰਗ ਨੂੰ ਫ਼ਿਕਰ ਹੈ ਕਿ ਸਾਡੇ ਮੁਲਕ ਦਾ ਭਵਿੱਖ ਕੀ ਹੋਵੇਗਾ?

*    *    *    *    *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5211)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.

About the Author

ਪ੍ਰਿੰ. ਵਿਜੈ ਕੁਮਾਰ

ਪ੍ਰਿੰ. ਵਿਜੈ ਕੁਮਾਰ

Phone: (91 - 98726 - 27136)
Email: (vijaykumarbehki@gmail.com)

More articles from this author