“ਹਰ ਫੈਸਲੇ ਦੇ ਚੰਗੇ ਮਾੜੇ ਪੱਖ ਪਹਿਲਾਂ ਵਿਚਾਰ ਲੈਣੇ ਚਾਹੀਦੇ ਹਨ ਪਰ ਜੇਕਰ ਕੋਈ ਗਲਤ ਫੈਸਲਾ ਲਿਆ ਹੀ ਜਾਵੇ ਤਾਂ ...”
(28 ਮਾਰਚ 2024)
ਇਸ ਸਮੇਂ ਪਾਠਕ: 230.
ਇਸ ਧਰਤੀ ਉੱਤੇ ਹਰ ਵਿਅਕਤੀ ਨੂੰ ਆਪਣੀ ਜ਼ਿੰਦਗੀ ਜਿਉਂਦਿਆਂ ਸਮੇਂ ਸਮੇਂ ਉੱਤੇ ਫੈਸਲੇ ਲੈਣੇ ਪੈਂਦੇ ਹਨ। ਆਪਣੀ ਜ਼ਿੰਦਗੀ ਦੇ ਔਖੇ ਸੌਖੇ ਫੈਸਲੇ ਲੈਣ ਦਾ ਸਿਲਸਿਲਾ ਮਨੁੱਖ ਦੇ ਬਚਪਨ ਤੋਂ ਲੈਕੇ ਉਸਦੇ ਇਸ ਦੁਨੀਆ ਤੋਂ ਰੁਖਸਤ ਹੋਣ ਤਕ ਚੱਲਦਾ ਰਹਿੰਦਾ ਹੈ। ਉਸ ਦੀ ਜ਼ਿੰਦਗੀ ਦੀਆਂ ਜਿੱਤਾਂ ਹਾਰਾਂ, ਸਫਲਤਾਵਾਂ ਅਸਫਲਤਾਵਾਂ, ਨਫੇ ਨੁਕਸਾਨ, ਇੱਜ਼ਤ ਬੇਇੱਜ਼ਤੀ ਅਤੇ ਜੱਸ ਅਪਜੱਸ ਉਸ ਵੱਲੋਂ ਲਏ ਜਾਣ ਵਾਲੇ ਹਰ ਫੈਸਲੇ ਉੱਤੇ ਹੀ ਨਿਰਭਰ ਕਰਦੇ ਹਨ। ਮਨੁੱਖ ਵੱਲੋਂ ਲਏ ਜਾਣ ਵਾਲੇ ਇਨ੍ਹਾਂ ਫੈਸਲਿਆਂ ਵਿੱਚ ਉਸਦੀ ਪੜ੍ਹਾਈ ਲਿਖਾਈ, ਸੰਗਤ, ਹੌਸਲਾ, ਪਰਿਵਾਰ ਵਾਲਿਆਂ ਅਤੇ ਮਿੱਤਰਾਂ ਦੋਸਤਾਂ ਦਾ ਸਹਿਯੋਗ, ਬੌਧਿਕ ਪੱਧਰ, ਆਰਥਿਕ ਸਥਿਤੀ, ਸੂਝਬੂਝ, ਸਿਆਣਪ ਅਤੇ ਸਮੇਂ ਦੀ ਸਥਿਤੀ ਦਾ ਵੀ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਇਹ ਕੋਈ ਜ਼ਰੂਰੀ ਨਹੀਂ ਕਿ ਜ਼ਿੰਦਗੀ ਵਿੱਚ ਲਿਆ ਗਿਆ ਹਰ ਫੈਸਲਾ ਠੀਕ ਹੀ ਹੋਵੇ। ਜਦੋਂ ਬੰਦੇ ਵੱਲੋਂ ਲਏ ਗਏ ਫੈਸਲੇ ਨਾਲ ਉਸ ਨੂੰ ਲਾਭ ਹੋ ਜਾਵੇ, ਉਸ ਦੀ ਜ਼ਿੰਦਗੀ ਬਦਲ ਜਾਵੇ, ਚਾਰੇ ਪਾਸੇ ਉਸਦੀ ਸ਼ਲਾਘਾ ਹੋਣ ਲੱਗ ਪਵੇ ਅਤੇ ਉਸ ਦੀਆਂ ਪੌਂ ਬਾਰਾਂ ਹੋ ਜਾਣ ਤਾਂ ਉਹ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਅਕਲਮੰਦ ਬੰਦਾ ਸਮਝਣ ਲੱਗ ਪੈਂਦਾ ਹੈ। ਉਹ ਆਪਣੇ ਆਪ ਨੂੰ ਬੀਰਬਲ, ਚਾਣਕਿਆ, ਅਰਸਤੂ ਅਤੇ ਇਬਰਾਹੀਮ ਲਿੰਕਨ ਸਮਝਣ ਲੱਗ ਪੈਂਦਾ ਹੈ। ਪਰ ਜੇਕਰ ਜ਼ਿੰਦਗੀ ਵਿੱਚ ਉਸ ਤੋਂ ਕਦੇ ਗਲਤ ਫੈਸਲਾ ਲਿਆ ਜਾਵੇ ਤਾਂ ਉਹ ਆਪਣੇ ਆਪ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਬਜਾਏ ਦੂਜਿਆਂ, ਪ੍ਰਮਾਤਮਾ ਅਤੇ ਕਿਸਮਤ ਨੂੰ ਦੋਸ਼ੀ ਦੱਸਦਿਆਂ ਸਾਹ ਨਹੀਂ ਲੈਂਦਾ। ਬਿਨਾਂ ਸੋਚੇ ਸਮਝੇ, ਭਾਵੁਕ ਹੋ ਕੇ, ਕਾਹਲ ਵਿੱਚ, ਬਿਨਾਂ ਕਿਸੇ ਦੀ ਚੰਗੀ ਸਲਾਹ ਸੁਣੇ ਅਤੇ ਦੂਜੀਆਂ ਨੂੰ ਮੂਰਖ, ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਵੱਧ ਅਕਲਮੰਦ ਸਮਝਣ ਵਾਲੇ ਲੋਕ ਕਈ ਵਾਰ ਆਪਣੀ ਜ਼ਿੰਦਗੀ ਵਿੱਚ ਗਲਤ ਫੈਸਲੇ ਲੈ ਬੈਠਦੇ ਹਨ। ਇਹ ਵੀ ਕੋਈ ਜ਼ਰੂਰੀ ਨਹੀਂ ਕਿ ਸੱਚਮੁੱਚ ਸਮਝਦਾਰ ਅਤੇ ਅਕਲਮੰਦ ਬੰਦਿਆਂ ਤੋਂ ਗਲਤ ਫੈਸਲੇ ਨਹੀਂ ਲਏ ਜਾਂਦੇ ਜਾਂ ਮੂਰਖ ਬੰਦਿਆਂ ਤੋਂ ਠੀਕ ਫੈਸਲੇ ਨਹੀਂ ਲਏ ਜਾ ਸਕਦੇ। ਫੈਸਲਾ ਕਿਸੇ ਤੋਂ ਵੀ ਗਲਤ ਲਿਆ ਜਾ ਸਕਦਾ ਹੈ।
ਹੰਕਾਰ ਅਤੇ ਗਲਤ ਫਹਿਮੀ ਵਿੱਚ ਲਏ ਗਏ ਫੈਸਲੇ ਵੀ ਮਨੁੱਖ ਲਈ ਨਿਰਾਸ਼ਤਾ ਦਾ ਕਾਰਨ ਬਣ ਜਾਂਦੇ ਹਨ। ਸਿਆਸਦਾਨਾਂ ਦੀ ਜ਼ਿੰਦਗੀ ਦੀ ਤ੍ਰਾਸਦੀ ਇਹ ਹੈ ਕਿ ਉਹ ਸੱਤਾ ਦੇ ਹੰਕਾਰ ਵਿੱਚ ਬਹੁਤ ਸਾਰੇ ਫੈਸਲੇ ਗਲਤ ਲੈ ਬੈਠਦੇ ਹਨ। ਉਹ ਇਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਨੇ ਮੁੜ ਵੀ ਉਨ੍ਹਾਂ ਲੋਕਾਂ ਤੋਂ ਹੀ ਵੋਟਾਂ ਮੰਗਣ ਜਾਣਾ ਹੈ, ਜਿਨ੍ਹਾਂ ਦੇ ਵਿਰੁੱਧ ਉਹ ਗਲਤ ਫੈਸਲੇ ਲੈ ਰਹੇ ਹਨ। ਇੱਕ ਵਿਧਾਇਕ ਨੂੰ ਉਸਦੇ ਬਹੁਤ ਹੀ ਨਜ਼ਦੀਕੀ ਵਫ਼ਾਦਾਰਾਂ ਨੇ ਬਹੁਤ ਵਾਰ ਸਮਝਾਇਆ ਕਿ ਉਹ ਆਪਣੇ ਵੋਟਰਾਂ ਨਾਲ ਚੰਗੇ ਢੰਗ ਨਾਲ ਬੋਲਿਆ ਕਰੇ, ਉਨ੍ਹਾਂ ਦੇ ਕੰਮ ਕਰਿਆ ਕਰੇ ਪਰ ਉਸ ਵਿਧਾਇਕ ਨੇ ਉਨ੍ਹਾਂ ਸਲਾਹਕਾਰਾਂ ਦੀ ਸਲਾਹ ਮੰਨਣ ਦੀ ਬਜਾਏ, ਉਨ੍ਹਾਂ ਨਾਲ ਵੀ ਵਿਗਾੜ ਲਈ। ਸਮਾਂ ਆਉਣ ’ਤੇ ਉਨ੍ਹਾਂ ਹੀ ਲੋਕਾਂ ਨੇ ਉਸ ਨੂੰ ਆਪਣੀ ਵੋਟ ਦੀ ਤਾਕਤ ਅਤੇ ਕੀਮਤ ਦੇ ਅਰਥ ਸਮਝਾ ਦਿੱਤੇ। ਉਸ ਨੂੰ ਆਪਣੇ ਸਲਾਹਕਾਰਾਂ ਦੀ ਸਲਾਹ ਉਦੋਂ ਸਮਝ ਆਈ ਜਦੋਂ ਲੋਕਾਂ ਨੇ ਸੱਤਾ ਉਸਦੀ ਵਿਰੋਧੀ ਪਾਰਟੀ ਦੇ ਹੱਥਾਂ ਵਿੱਚ ਫੜਾ ਦਿੱਤੀ।
ਵਿਦਿਆਰਥੀ ਜੀਵਨ ਵਿੱਚ ਗਲਤ ਮਿੱਤਰ ਚੁਣਨ, ਮਾਪਿਆਂ ਦੇ ਸਮਝਾਉਣ ਦੇ ਬਾਵਜੂਦ ਗਲਤ ਸੰਗਤ ਅਤੇ ਨਸ਼ੇ ਕਰਨ ਲੱਗ ਪੈਣਾ ਅਤੇ ਜਵਾਨੀ ਵਿੱਚ ਆਪਣੇ ਮਾਂ ਬਾਪ ਦੇ ਵਿਰੁੱਧ ਜਾਕੇ ਪ੍ਰੇਮ ਵਿਆਹ ਕਰਨ ਦਾ ਗਲਤ ਫੈਸਲਾ ਕਰ ਬੈਠਣਾ ਜ਼ਿੰਦਗੀ ਭਰ ਦੀ ਨਿਰਾਸ਼ਤਾ ਦਾ ਕਾਰਨ ਬਣ ਜਾਂਦਾ ਹੈ। ਸਾਡੀ ਰਿਸ਼ਤੇਦਾਰੀ ਵਿੱਚ ਇੱਕ ਬਹੁਤ ਹੀ ਪੜ੍ਹੀ ਲਿਖੀ ਅਤੇ ਸੋਹਣੀ ਕੁੜੀ ਨੂੰ ਇੱਕ ਅਵਾਰਾਗਰਦ ਅਤੇ ਅਮੀਰ ਮੁੰਡੇ ਨੇ ਟੀ.ਵੀ. ਸੀਰੀਅਲਾਂ ਵਿੱਚ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਆਪਣੇ ਨਾਲ ਵਿਆਹ ਕਰਨ ਲਈ ਤਿਆਰ ਕਰ ਲਿਆ। ਉਸ ਕੁੜੀ ਦੇ ਮਾਂ ਬਾਪ ਨੇ ਉਸ ਨੂੰ ਬਹੁਤ ਸਮਝਾਇਆ ਕਿ ਉਸਦਾ ਇਹ ਫੈਸਲਾ ਠੀਕ ਨਹੀਂ ਹੈ ਪਰ ਮਾਪਿਆਂ ਦੀ ਨੇਕ ਸਲਾਹ ਉਸ ਕੁੜੀ ਦੇ ਖ਼ਾਨੇ ਨਾ ਪਈ। ਮੁੰਡੇ ਨੇ ਨਸ਼ਿਆਂ ਵਿੱਚ ਘਰ ਬਰਬਾਦ ਕਰ ਦਿੱਤਾ। ਹੁਣ ਉਹ ਕੁੜੀ ਆਪਣੇ ਗਲਤ ਫੈਸਲੇ ਦਾ ਖਮਿਆਜਾ ਭੁਗਤਦੀ ਹੋਈ ਤਲਾਕ ਸ਼ੁਦਾ ਜ਼ਿੰਦਗੀ ਗੁਜ਼ਾਰ ਰਹੀ ਹੈ।
ਵਿਦਿਆਰਥੀ ਜੀਵਨ ਵਿੱਚ ਪੜ੍ਹਾਈ ਲਈ ਗਲਤ ਖੇਤਰ ਦੀ ਚੋਣ ਕਰ ਬੈਠਣਾ, ਕਿਸੇ ਜ਼ਮੀਨ ਜਾਇਦਾਦ ਦਾ ਗਲਤ ਸੌਦਾ ਹੋ ਜਾਣਾ, ਕੋਈ ਨਫ਼ਾ ਦੇਣ ਵਾਲੀ ਜਾਇਦਾਦ ਦਾ ਸੌਦਾ ਹੱਥੋਂ ਨਿਕਲ ਜਾਣਾ, ਗਲਤ ਵਪਾਰ ਕਰ ਲੈਣਾ, ਨੌਕਰੀ ਵਾਸਤੇ ਗਲਤ ਖੇਤਰ ਦੀ ਚੋਣ ਹੋ ਜਾਣਾ, ਬੱਚਿਆਂ ਲਈ ਕੁੜੀ ਮੁੰਡੇ ਦਾ ਗਲਤ ਰਿਸ਼ਤਾ ਕਰ ਬੈਠਣਾ, ਬੰਦੇ ਨੂੰ ਪਛਾਣਨ ਵਿੱਚ ਗਲਤੀ ਹੋ ਜਾਣਾ ਅਤੇ ਕਿਸੇ ਗਲਤ ਬੰਦੇ ਦਾ ਸਾਥ ਦੇ ਬੈਠਣਾ, ਬੰਦੇ ਦੀ ਜ਼ਿੰਦਗੀ ਵਿੱਚ ਅਜਿਹੇ ਫੈਸਲੇ ਲੈਣ ਦੀ ਸਥਿਤੀ ਆਮ ਤੌਰ ’ਤੇ ਕਈ ਵਾਰ ਪੈਦਾ ਹੋ ਜਾਂਦੀ ਹੈ। ਜ਼ਿੰਦਗੀ ਵਿੱਚ ਲਏ ਗਏ ਫੈਸਲਿਆਂ ਲਈ ਕਿਸਮਤ ਨੂੰ ਕੋਸਣ ਵਾਲੇ, ਦੂਜੀਆਂ ਨੂੰ ਦੋਸ਼ੀ ਠਹਿਰਾਉਣ ਵਾਲੇ ਅਤੇ ਪ੍ਰਮਾਤਮਾ ਨੂੰ ਉਲਾਂਭੇ ਦੇਣ ਵਾਲੇ ਲੋਕ ਸਿਆਣੇ ਅਤੇ ਦੂਰ ਅੰਦੇਸ਼ ਨਹੀਂ ਹੁੰਦੇ। ਸੂਝਵਾਨ ਲੋਕ ਉਹ ਹੁੰਦੇ ਹਨ, ਜੋ ਲਏ ਗਏ ਗਲਤ ਫੈਸਲਿਆਂ ਤੋਂ ਸਬਕ ਸਿੱਖਕੇ ਉਸ ਗਲਤੀ ਨੂੰ ਭਵਿੱਖ ਵਿੱਚ ਦੁਹਰਾਉਂਦੇ ਨਹੀਂ। ਪੱਛਮ ਦਾ ਪ੍ਰਸਿੱਧ ਲੇਖਕ ਹੈਰਲਡ ਰੋਬਿੰਸ ਆਪਣੀ ਆਤਮ ਕਥਾ ਵਿੱਚ ਲਿਖਦਾ ਹੈ ਕਿ ਅਤੀਤ ਤੋਂ ਸਬਕ ਲੈਣਾ ਚਾਹੀਦਾ ਹੈ, ਵਰਤਮਾਨ ਨੂੰ ਚੰਗੇ ਢੰਗ ਨਾਲ ਜਿਊਣਾ ਚਾਹੀਦਾ ਅਤੇ ਭਵਿੱਖ ਲਈ ਚੰਗਾ ਸੋਚਣਾ ਚਾਹੀਦਾ ਹੈ। ਜ਼ਿੰਦਗੀ ਵਿੱਚ ਲਏ ਗਏ ਗਲਤ ਫੈਸਲੇ ਪਛਤਾਉਣ, ਕੋਸਣ ਅਤੇ ਦੂਜਿਆਂ ਨੂੰ ਦੋਸ਼ੀ ਠਹਿਰਾਉਣ ਨਾਲ ਕਦੇ ਵੀ ਸੁਧਾਰੇ ਨਹੀਂ ਜਾ ਸਕਦੇ, ਉਨ੍ਹਾਂ ਵਿੱਚ ਸੁਧਾਰ ਕਰਨ ਲਈ ਉਨ੍ਹਾਂ ਤੋਂ ਸਬਕ ਲਿਆ ਜਾਵੇ। ਹੌਸਲਾ ਨਾ ਛੱਡਿਆ ਜਾਵੇ। ਆਪਣਿਆਂ ਤੋਂ ਸਹਿਯੋਗ ਮੰਗਿਆ ਜਾਵੇ। ਆਪਣੀਆਂ ਖਾਮੀਆਂ ਨੂੰ ਵਿਚਾਰਿਆ ਜਾਵੇ। ਕੁਝ ਸਿਆਣੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਆਪਣੇ ਵਿੱਚੋਂ ਕੋਈ ਸਿਆਣਾ ਜਾਂ ਨਿਆਣਾ ਗਲਤ ਫੈਸਲਾ ਲੈ ਬੈਠੇ ਤਾਂ ਅਜਿਹੀ ਸਥਿਤੀ ਵਿੱਚ ਉਸਦਾ ਵਿਰੋਧ ਕਰਨ ਦੀ ਬਜਾਏ, ਉਸ ਨੂੰ ਸੁਧਾਰ ਕਰਨ ਲਈ ਪ੍ਰੇਰਨਾ ਚਾਹੀਦਾ ਹੈ। ਉਸਦੇ ਨਾਲ ਖੜ੍ਹਾ ਹੋਣਾ ਚਾਹੀਦਾ ਹੈ। ਉਸ ਨੂੰ ਉਸ ਦੀ ਗਲਤੀ ਸੁਧਾਰਨ ਦਾ ਮੌਕਾ ਦੇਣਾ ਚਾਹੀਦਾ ਹੈ।
ਮੇਰੇ ਇੱਕ ਜਾਣਕਾਰ ਪਰਿਵਾਰ ਦੇ ਬਜ਼ੁਰਗ ਨੇ ਆਪਣੇ ਦੋ ਪੁੱਤਰਾਂ ਲਈ ਵੀਹ ਕਿੱਲੇ ਜ਼ਮੀਨ ਅਤੇ ਹੋਰ ਜਾਇਦਾਦ ਬਣਾਉਣ ਲਈ ਨਾ ਚੰਗਾ ਖਾਕੇ ਵੇਖਿਆ ਅਤੇ ਨਾ ਪਹਿਨਕੇ। ਉਸ ਬਜ਼ੁਰਗ ਨੂੰ ਆਪਣੀ ਗਰੀਬੀ ਦੇ ਦਿਨਾਂ ਵਿੱਚ ਉਨ੍ਹਾਂ ਦੀ ਯੂਨੀਵਰਸਟੀ ਦੀ ਪੜ੍ਹਾਈ ਲਈ ਆਪਣੀ ਇੱਕ ਦੁਕਾਨ ਵੇਚਣ ਦਾ ਫੈਸਲਾ ਲੈਣਾ ਪਿਆ। ਸਮਾਂ ਬੀਤਣ ਨਾਲ ਉਸ ਦੁਕਾਨ ਦੀ ਕੀਮਤ ਬਹੁਤ ਵੱਧ ਗਈ। ਉਸ ਬਜ਼ੁਰਗ ਦੇ ਦੋਵੇਂ ਪੁੱਤਰਾਂ ਨੇ ਉਸਦੇ ਦੁਕਾਨ ਵੇਚਣ ਦੇ ਫੈਸਲੇ ਨੂੰ ਹਰ ਵੇਲੇ ਇਹ ਕਹਿਕੇ ਮਾੜਾ ਦੱਸੀ ਜਾਣਾ ਕਿ ਜੇਕਰ ਉਹ ਦੁਕਾਨ ਨਾ ਵੇਚਦਾ ਤਾਂ ਸਾਨੂੰ ਲੱਖਾਂ ਦਾ ਨੁਕਸਾਨ ਨਹੀਂ ਹੋਣਾ ਸੀ। ਉਹ ਬਜ਼ੁਰਗ ਕਾਫੀ ਸਮਾਂ ਉਨ੍ਹਾਂ ਦੀ ਆਲੋਚਨਾ ਸੁਣਦਾ ਰਿਹਾ ਪਰ ਇੱਕ ਦਿਨ ਉਸਨੇ ਆਪਣੇ ਪੁੱਤਰਾਂ ਨੂੰ ਕਿਹਾ, “ਪੁੱਤਰੋ, ਤੁਸੀਂ ਦੁਕਾਨ ਵੇਚਣ ਦੇ ਫੈਸਲੇ ਨੂੰ ਤਾਂ ਗਲਤ ਦੱਸਦੇ ਰਹਿੰਦੇ ਹੋ, ਜੋ ਕਿ ਤੁਹਾਡੀ ਪੜ੍ਹਾਈ ਲਈ ਹੀ ਵੇਚੀ ਗਈ ਸੀ ਪਰ ਤੁਸੀਂ ਇਹ ਕਦੇ ਨਹੀਂ ਕਿਹਾ ਕਿ ਸਾਡੇ ਪਿਓ ਨੇ ਸਾਡੇ ਲਈ ਕਰੋੜਾਂ ਰੁਪਏ ਦੀ ਜਾਇਦਾਦ ਵੀ ਬਣਾਈ ਹੈ। ਬਜ਼ੁਰਗ ਦੀ ਗੱਲ ਸੁਣਕੇ ਉਸਦੇ ਪੁੱਤਰਾਂ ਨੂੰ ਅਕਲ ਆ ਗਈ। ਕਿਸੇ ਵਿਅਕਤੀ ਵੱਲੋਂ ਗਲਤ ਫੈਸਲਾ ਲਏ ਜਾਣ ਦੀ ਸੂਰਤ ਵਿੱਚ ਉਸਦੀ ਆਲੋਚਨਾ, ਨਿੰਦਾ, ਬੁਰਾਈ ਕਰਨ ਦੀ ਬਜਾਏ ਜੇਕਰ ਉਸਦਾ ਸਾਥ ਦਿੱਤਾ ਜਾਵੇ, ਉਸਦਾ ਹੌਸਲਾ ਵਧਾਇਆ ਜਾਵੇ ਅਤੇ ਉਸ ਨੂੰ ਅੱਗੇ ਵਧਣ ਲਈ ਪ੍ਰੇਰਿਆ ਜਾਵੇ ਤਾਂ ਉਸ ਵਿਅਕਤੀ ਵਿੱਚ ਹੀਣ ਭਾਵਨਾ ਪੈਦਾ ਨਹੀਂ ਹੁੰਦੀ। ਉਸ ਨੂੰ ਆਪਣੀ ਗਲਤੀ ਨੂੰ ਸੁਧਾਰਨ ਦੀ ਪ੍ਰੇਰਨਾ ਮਿਲਦੀ ਹੈ। ਜ਼ਿੰਦਗੀ ਵਿੱਚ ਕੋਈ ਵੀ ਫੈਸਲਾ ਲੈਣ ਲੱਗਿਆਂ ਕਾਹਲ ਨਾ ਕੀਤੀ ਜਾਵੇ। ਭਾਵੁਕ ਹੋਕੇ ਫੈਸਲਾ ਨਾ ਲਿਆ ਜਾਵੇ। ਕੋਈ ਵੀ ਫੈਸਲਾ ਲੈਣ ਲੱਗਿਆਂ ਦੂਜਿਆਂ ਦੀ ਚੰਗੀ ਸਲਾਹ ਮੰਨ ਲੈਣੀ ਚਾਹੀਦੀ ਹੈ। ਹਰ ਫੈਸਲੇ ਦੇ ਚੰਗੇ ਮਾੜੇ ਪੱਖ ਪਹਿਲਾਂ ਵਿਚਾਰ ਲੈਣੇ ਚਾਹੀਦੇ ਹਨ ਪਰ ਜੇਕਰ ਕੋਈ ਗਲਤ ਫੈਸਲਾ ਲਿਆ ਹੀ ਜਾਵੇ ਤਾਂ ਪਛਤਾਉਣ ਦੀ ਬਜਾਏ ਉਸ ਤੋਂ ਸਬਕ ਸਿੱਖਿਆ ਜਾਵੇ। ਉਸ ਨੂੰ ਸੁਧਾਰਨ ਲਈ ਹਰ ਸੰਭਵ ਯਤਨ ਕੀਤੇ ਜਾਣ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4844)
(ਸਰੋਕਾਰ ਨਾਲ ਸੰਪਰਕ ਲਈ: (