“ਚੰਗੀ ਸਿਹਤ ਲਈ ਨਿਯਮ ਅਨੁਸਾਰ ਖਾਣਾ, ਸੈਰ ਕਰਨੀ, ਕਸਰਤ ਕਰਨੀ ਅਤੇ ਜੀਭ ਉੱਤੇ ਕਾਬੂ ਪਾ ਕੇ ਰੱਖਣਾ ...”
(8 ਦਸੰਬਰ 2023)
ਇਸ ਸਮੇਂ ਪਾਠਕ: 255.
ਇਸ ਧਰਤੀ ਉੱਤੇ ਮਨੁੱਖੀ ਜ਼ਿੰਦਗੀ ਜਿਉਂਦੇ ਅਰਬਾਂ ਖਰਬਾਂ ਲੋਕ ਸਰੀਰਕ ਤੌਰ ’ਤੇ ਵੇਖਣ ਨੂੰ ਇੱਕੋ ਜਿਹੇ ਹੀ ਲੱਗਦੇ ਹਨ ਪਰ ਹਰ ਮਨੁੱਖ ਦਾ ਜ਼ਿੰਦਗੀ ਜਿਊਣ ਦਾ ਲਹਿਜ਼ਾ, ਸਲੀਕਾ, ਲਿਆਕਤ ਅਤੇ ਨਜ਼ਾਕਤ ਉਸ ਨੂੰ ਦੂਜਿਆਂ ਤੋਂ ਵੱਖਰਾ ਕਰਦਾ ਹੈ। ਜ਼ਿੰਦਗੀ ਨੂੰ ਸੰਜੀਦਗੀ ਨਾਲ ਜਿਊਣ ਵਾਲੇ, ਹਰ ਗੱਲ ਉੱਤੇ ਡੂੰਘਾਈ ਨਾਲ ਵਿਚਾਰ ਕਰਨ ਵਾਲੇ, ਜ਼ਿੰਦਗੀ ਦੇ ਟੀਚੇ ਮਿਥਕੇ ਅੱਗੇ ਵਧਣ ਵਾਲੇ, ਸਬਰ-ਸੰਤੋਖ ਵਾਲੀ ਜ਼ਿੰਦਗੀ ਜਿਉਣ ਵਾਲੇ ਅਤੇ ਜ਼ੁਬਾਨ ਉੱਤੇ ਕਾਬੂ ਰੱਖਣ ਵਾਲੇ ਲੋਕ, ਉਨ੍ਹਾਂ ਲੋਕਾਂ ਤੋਂ ਸਦਾ ਹੀ ਵੱਖਰੇ ਹੁੰਦੇ ਹਨ, ਜਿਨ੍ਹਾਂ ਦੀ ਜ਼ਿੰਦਗੀ ਕੇਵਲ ਆਪਣੇ ਲਈ ਸੁਖ-ਸਹੂਲਤਾਂ ਬਟੋਰਨ ਵਿੱਚ ਗੁਜ਼ਰ ਜਾਂਦੀ ਹੈ, ਜਿਹੜੇ ਲੋਕ ਜ਼ਿੰਦਗੀ ਦੇ ਆਖ਼ਰੀ ਪਲਾਂ ਤੱਕ ਆਪਣੇ ਨਿੱਜੀ ਹਿਤਾਂ ਤੋਂ ਉੱਪਰ ਉੱਠਕੇ ਕਦੇ ਸੋਚਦੇ ਹੀ ਨਹੀਂ।
ਸਮੇਂ, ਸਿਹਤ ਅਤੇ ਸਬੰਧਾਂ ਦੀ ਅਹਿਮੀਅਤ ਨੂੰ ਸਮਝਣ ਵਾਲੇ ਲੋਕ ਆਮ ਲੋਕਾਂ ਵਰਗੇ ਨਹੀਂ ਹੁੰਦੇ, ਉਨ੍ਹਾਂ ਨੂੰ ਜ਼ਿੰਦਗੀ ਜਿਊਣ ਦੀ ਸਮਝ ਹੁੰਦੀ ਹੈ। ਉਨ੍ਹਾਂ ਪੱਲੇ ਸਿਆਣਪ, ਸੁੱਘੜਤਾ, ਗੰਭੀਰਤਾ, ਦ੍ਰਿੜ੍ਹਤਾ, ਸਮਰਪਣ, ਸੰਪੂਰਣਤਾ ਅਤੇ ਜ਼ਿੰਦਗੀ ਜਿਊਣ ਦੇ ਅਰਥ ਸਮਝਣ ਦੀ ਸਮਰਥਾ ਹੁੰਦੀ ਹੈ। ਸਮੇਂ ਦੇ ਮਹੱਤਵ ਨੂੰ ਸਮਝਣਾ ਮਨੁੱਖ ਦੀ ਸਖਸ਼ੀਅਤ ਦਾ ਵਿਲੱਖਣ ਗੁਣ ਹੁੰਦਾ ਹੈ ਜੋ ਕਿ ਹਰ ਵਿਅਕਤੀ ਦੇ ਹਿੱਸੇ ਨਹੀਂ ਆਉਂਦਾ। ਡਾਕਟਰ ਹਜਰੀ ਪ੍ਰਸਾਦ ਦਿਵੇਦੀ ਆਪਣੇ ਇੱਕ ਨਿਬੰਧ ਵਿੱਚ ਲਿਖਦੇ ਹਨ, ਅਕਸਰ ਸੁਣਨ ਨੂੰ ਇਹ ਮਿਲਦਾ ਹੈ ਕਿ ਸਮਾਂ ਧਨ ਹੈ ਪਰ ਸਮਾਂ ਧਨ ਤੋਂ ਵੀ ਵੱਧ ਕੀਮਤੀ ਹੈ ਕਿਉਂਕਿ ਧਨ ਚਲੇ ਜਾਣ ’ਤੇ ਮੁੜ ਕਮਾਇਆ ਜਾ ਸਕਦਾ ਹੈ, ਸਮਾਂ ਇੱਕ ਵਾਰ ਬੀਤ ਜਾਣ ’ਤੇ ਮੁੜ ਵਾਪਸ ਨਹੀਂ ਆਉਂਦਾ। ਕੁਦਰਤ ਨੇ ਸਭ ਲਈ ਦਿਨ ਵਿਚ 24 ਘੰਟੇ ਦਾ ਸਮਾਂ ਰੱਖਿਆ ਹੋਇਆ ਹੈ, ਇਹ ਮਨੁੱਖ ਦੀ ਬੁੱਧੀ, ਸੋਚ ਅਤੇ ਕਾਬਲੀਅਤ ਉੱਤੇ ਨਿਰਭਰ ਕਰਦਾ ਹੈ ਕਿ ਉਸਨੇ ਉਸਦਾ ਇਸਤੇਮਾਲ ਕਿਸ ਢੰਗ ਨਾਲ ਕਰਨਾ ਹੈ।
ਪੱਛਮੀ ਦੇਸ਼ਾਂ ਦੇ ਮੁਕਾਬਲੇ ਸਾਡੇ ਦੇਸ਼ ਵਿਚ ਸਮੇਂ ਦੀ ਬਹੁਤ ਬੇਕਦਰੀ ਹੁੰਦੀ ਹੈ। ਸਕੂਲਾਂ, ਕਾਲਜਾਂ, ਯੂਨੀਵਰਸਟੀਆਂ ਅਤੇ ਹੋਰ ਅਦਾਰਿਆਂ ਵਿੱਚ ਜ਼ਿਆਦਾਤਰ ਲੋਕ ਆਉਣ ਵੇਲੇ ਦੇਰ ਨਾਲ ਆਉਣਾ, ਛੁੱਟੀ ਵੇਲੇ ਸਮੇਂ ਤੋਂ ਪਹਿਲਾਂ ਜਾਣਾ ਆਪਣਾ ਜਨਮ ਸਿੱਧ ਅਧਿਕਾਰ ਸਮਝਦੇ ਹਨ। ਜੇਕਰ ਉਨ੍ਹਾਂ ਨੂੰ ਕੋਈ ਰੋਕਦਾ ਟੋਕਦਾ ਹੈ ਤਾਂ ਉਹ ਗੱਲ ਨੂੰ ਸਮਝਣ ਦੀ ਬਜਾਏ ਅੱਗੋਂ ਆਕੜਦੇ ਹਨ। ਜਿਨ੍ਹਾਂ ਅਦਾਰਿਆਂ ਵਿੱਚ ਲੋਕ ਸਮੇਂ ਦੇ ਪਾਬੰਦ ਨਹੀਂ, ਉਹ ਅਦਾਰੇ ਤਰੱਕੀ ਨਹੀਂ ਕਰ ਸਕਦੇ। ਨੈਪੋਲੀਅਨ ਯੁੱਧ ਦੇ ਮੈਦਾਨ ਵਿੱਚ ਪੰਜ ਮਿੰਟ ਦੇਰ ਨਾਲ ਪਹੁੰਚਣ ’ਤੇ ਯੁੱਧ ਹਾਰ ਗਿਆ ਸੀ। ਜਿਹੜੇ ਲੋਕ ਸਮੇਂ ਦੀ ਕਦਰ ਨਹੀਂ ਕਰਦੇ, ਸਮਾਂ ਉਨ੍ਹਾਂ ਦੀ ਕਦਰ ਨਹੀਂ ਕਰਦਾ। ਸਾਡੇ ਦੇਸ਼ ਵਿੱਚ ਹੋਣ ਵਾਲੇ ਸਮਾਗਮ ਕਦੇ ਵੀ ਸਮੇਂ ਸਿਰ ਸ਼ੁਰੂ ਨਹੀਂ ਹੁੰਦੇ ਕਿਉਂਕਿ ਨਾ ਸਮਾਗਮ ਵਿੱਚ ਆਉਣ ਵਾਲੇ ਲੋਕਾਂ ਨੂੰ ਇਹ ਵਿਸ਼ਵਾਸ ਹੁੰਦਾ ਹੈ ਕਿ ਮੁੱਖ ਮਹਿਮਾਨ ਸਮੇਂ ਸਿਰ ਆ ਜਾਵੇਗਾ ਤੇ ਨਾ ਹੀ ਮੁੱਖ ਮਹਿਮਾਨ ਨੂੰ ਇਹ ਆਸ ਹੁੰਦੀ ਹੈ ਕਿ ਉਸਦੇ ਪਹੁੰਚਣ ਤੱਕ ਲੋਕ ਇੱਕਠੇ ਹੋ ਚੁੱਕੇ ਜਾਣਗੇ। ਸਮਝਦਾਰ ਲੋਕ, ਜਿਨ੍ਹਾਂ ਦੇ ਰੁਝੇਵੇਂ ਬਹੁਤ ਹੁੰਦੇ ਹਨ, ਉਹ ਕਦੇ ਵੀ ਇਹ ਕਹਿੰਦੇ ਨਹੀਂ ਸੁਣੇ ਜਾਂਦੇ ਕਿ ਉਨ੍ਹਾਂ ਕੋਲ ਸਮਾਂ ਨਹੀਂ, ਕਿਉਂਕਿ ਉਹ ਆਪਣੇ ਸਮੇਂ ਦਾ ਠੀਕ ਇਸਤੇਮਾਲ ਕਰਦੇ ਹਨ ਤੇ ਉਹ ਸਮੇਂ ਦੇ ਪਾਬੰਦ ਹੁੰਦੇ ਹਨ। ਵਿਹਲੜ, ਨਿਕੰਮੇ, ਗੱਲਾਂ-ਗੱਪਾਂ ਕਰਕੇ, ਇੱਧਰ ਉਧਰ ਘੁੰਮਕੇ, ਟੈਲੀਵਿਜ਼ਨ ਵੇਖਕੇ ਤੇ ਇੱਕ ਦੂਜੇ ਦੀਆਂ ਚੁਗਲੀਆਂ ਕਰਕੇ ਸਮੇਂ ਦੀ ਬਰਬਾਦੀ ਕਰਨ ਵਾਲੇ ਲੋਕਾਂ ਦਾ ਅਕਸਰ ਇਹ ਕਹਿਣਾ ਹੁੰਦਾ ਹੈ ਕਿ ਉਨ੍ਹਾਂ ਦੇ ਰੁਝੇਵੇਂ ਬਹੁਤ ਹਨ। ਉਨ੍ਹਾਂ ਕੋਲ ਬਿਲਕੁਲ ਸਮਾਂ ਨਹੀਂ ਹੈ।
ਉੱਘੇ ਸਿੱਖਿਆ ਸ਼ਾਸ਼ਤਰੀ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਣਨ ਨੇ ਇੱਕ ਵੇਰ ਇੱਕ ਸਮਾਗਮ ਵਿਚ ਭਾਸ਼ਣ ਦੇਣ ਜਾਣਾ ਸੀ। ਉਹ ਦਿੱਤੇ ਹੋਏ ਸਮੇਂ ’ਤੇ ਪਹੁੰਚ ਗਏ। ਸਮਾਗਮ ਵਾਲੀ ਥਾਂ ’ਤੇ ਅਜੇ ਅੱਠ ਦਸ ਵਿਅਕਤੀ ਹੀ ਆਏ ਹੋਏ ਸਨ। ਸਮਾਗਮ ਦੇ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਲੋਕਾਂ ਦੇ ਆਉਣ ਦੀ ਉਡੀਕ ਕਰਨ ਲਈ ਕਿਹਾ ਪਰ ਉਹ ਆਪਣਾ ਸਮਾਂ ਖਰਾਬ ਕਰਨ ਦੀ ਬਜਾਏ ਅੱਠ ਦਸ ਲੋਕਾਂ ਨੂੰ ਭਾਸ਼ਣ ਦੇ ਕੇ ਚਲੇ ਗਏ। ਜਿਨ੍ਹਾਂ ਦੇਸ਼ਾਂ ਦੇ ਲੋਕ ਸਮੇਂ ਦੇ ਪਾਬੰਦ ਨਹੀਂ ਹੁੰਦੇ, ਉਹ ਮੁਲਕ ਤਰੱਕੀ ਤੋਂ ਸਦਾ ਹੀ ਸੱਖਣੇ ਰਹਿੰਦੇ ਹਨ।
ਸਾਡੇ ਦੇਸ਼ ਦੇ ਲੋਕ ਪੱਛਮੀ ਦੇਸ਼ਾਂ ਦੇ ਲੋਕਾਂ ਦੀ ਸਮੇਂ ਦੀ ਕਦਰ ਕਰਨ ਲਈ ਤਾਰੀਫ ਕਰਦੇ ਰਹਿੰਦੇ ਹਨ ਪਰ ਖੁਦ ਉਸ ਉੱਤੇ ਆਮਲ ਨਹੀਂ ਕਰਦੇ। ਮਨੁੱਖ ਕੋਲ ਸਾਰੀਆਂ ਸੁਖ ਸਹੂਲਤਾਂ ਹੋਣ ਪਰ ਉਨ੍ਹਾਂ ਸਹੂਲਤਾਂ ਨੂੰ ਭੋਗਣ ਲਈ ਮਨੁੱਖ ਕੋਲ ਚੰਗੀ ਸਿਹਤ ਨਾ ਹੋਵੇ ਤਾਂ ਉਨ੍ਹਾਂ ਸਹੂਲਤਾਂ ਦਾ ਮਨੁੱਖ ਲਈ ਕੋਈ ਮਹੱਤਵ ਨਹੀਂ ਰਹਿ ਜਾਂਦਾ। ਬੀਮਾਰ ਲੋਕ ਆਪਣੇ ਆਪ, ਪਰਿਵਾਰ ਅਤੇ ਸਮਾਜ ਅਤੇ ਦੇਸ਼ ਉੱਤੇ ਭਾਰ ਹੁੰਦੇ ਹਨ। ਕੇਂਦਰੀ ਸਿਹਤ ਸੰਗਠਨ ਦੇ ਇੱਕ ਸਰਵੇਖਣ ਦੇ ਅਨੁਸਾਰ ਸਾਡੇ ਦੇਸ਼ ਵਿੱਚ ਜ਼ਿਆਦਾਤਰ ਲੋਕਾਂ ਦੇ ਬਿਮਾਰ ਹੋਣ ਦਾ ਕਾਰਨ ਇਹ ਦੱਸਿਆ ਗਿਆ ਹੈ ਕਿ ਬਹੁਤਰ ਲੋਕ ਆਪਣੇ ਪੇਟ ਨੂੰ ਕੂੜੇਦਾਨ ਵਜੋਂ ਵਰਤਦੇ ਹਨ। ਆਪਣੇ ਮਨ ਪਸੰਦ ਅਤੇ ਸਵਾਦ ਭੋਜਨ ਦੇਖਕੇ ਲੋਕਾਂ ਦਾ ਆਪਣੀ ਜੀਭ ਉੱਤੇ ਕਾਬੂ ਨਹੀਂ ਰਹਿੰਦਾ। ਉਹ ਖਾਣ ਲੱਗਿਆਂ ਇਹ ਵੀ ਭੁੱਲ ਜਾਂਦੇ ਹਨ ਕਿ ਭੁੱਖ ਅਤੇ ਪੇਟ ਵਿਚਲੀ ਜਗ੍ਹਾ ਤੋਂ ਵੱਧ ਖਾਧਾ ਹੋਇਆ ਖਾਣਾ ਸਰੀਰ ਦੀ ਮਸ਼ੀਨਰੀ ਨੇ ਪਚਾਉਣਾ ਨਹੀਂ। ਲੋੜ ਤੋਂ ਵੱਧ ਖਾਧਾ ਹੋਇਆ ਬੰਦੇ ਨੂੰ ਬਿਮਾਰ ਵੀ ਕਰ ਸਕਦਾ ਹੈ। ਇਸ ਗੱਲ ਨੂੰ ਅਸੀਂ ਸਾਰੇ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਸਾਡੀਆਂ ਖਾਣ ਪੀਣ ਦੀਆਂ ਮਾੜੀਆਂ ਆਦਤਾਂ ਹੀ ਸਾਡੀ ਚੰਗੀ ਸਿਹਤ ਦੀਆਂ ਦੁਸ਼ਮਣ ਹਨ ਪਰ ਫੇਰ ਵੀ ਸਾਡਾ ਖਾਣ-ਪੀਣ ਦੀਆਂ ਆਦਤਾਂ ਉੱਤੇ ਕਾਬੂ ਨਹੀਂ ਰਹਿੰਦਾ। ਵਿਆਹ ਸ਼ਾਦੀ ਦੇ ਸਮਾਗਮਾਂ ਵਿੱਚ ਅਸੀਂ ਇਸ ਤਰ੍ਹਾਂ ਖਾਂਦੇ ਹਾਂ, ਜਿਵੇਂ ਅਸੀਂ ਪਹਿਲੀ ਤੇ ਆਖ਼ਰੀ ਵਾਰ ਖਾ ਰਹੇ ਹੁੰਦੇ ਹਾਂ। ਅਸੀਂ ਸੈਰ ਉਦੋਂ ਸ਼ੁਰੂ ਕਰਦੇ ਹਾਂ ਜਦੋਂ ਸਾਨੂੰ ਡਾਕਟਰ ਇਹ ਸਲਾਹ ਦਿੰਦਾ ਹੈ ਕਿ ਜੇਕਰ ਤੁਸੀਂ ਆਪਣੀ ਬਾਕੀ ਜ਼ਿੰਦਗੀ ਚੰਗੀ ਤਰ੍ਹਾਂ ਗੁਜ਼ਾਰਨੀ ਹੈ ਤਾਂ ਸੈਰ ਕਰਨਾ ਸ਼ੁਰੂ ਕਰੋ।
ਅੰਨ੍ਹੇਵਾਹ ਫਾਸਟ ਫੂਡ ਖਾਣ ਲੱਗਿਆਂ ਅਸੀਂ ਕਦੇ ਵੀ ਇਹ ਨਹੀਂ ਸੋਚਦੇ ਕਿ ਇਹ ਸਾਡੀ ਸਿਹਤ ਦਾ ਦੁਸ਼ਮਣ ਹੈ। ਸਾਡੇ ਦੇਸ਼ ਦੀ ਅੱਧੀ ਆਬਾਦੀ ਦਵਾਈਆਂ ਉੱਤੇ ਜ਼ਿੰਦਗੀ ਬਸਰ ਕਰ ਰਹੀ ਹੈ। ਪਾਕਿਸਤਾਨ ਦੇ ਪ੍ਰਸਿੱਧ ਸਰਜਨ ਡਾਕਟਰ ਜਾਵੇਦ ਇਕਬਾਲ ਦਾ ਕਹਿਣਾ ਹੈ ਕਿ ਟੈਲੀਵਿਜ਼ਨ ਉੱਤੇ ਆਉਣ ਵਾਲੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਦੀਆਂ ਮਸ਼ਹੂਰੀਆਂ ਨੂੰ ਵੇਖਕੇ ਲੋਕ ਅੰਨ੍ਹੇ ਵਾਹ ਖਾਣਾ ਸ਼ੁਰੂ ਕਰ ਦਿੰਦੇ ਹਨ ਅਤੇ ਫਿਰ ਸ਼ੂਗਰ, ਬਲੱਡ ਪਰੈਸ਼ਰ, ਸਾਹ ਅਤੇ ਚਮੜੀ ਦੀਆਂ ਬਿਮਾਰੀਆਂ ਦੇ ਮਰੀਜ਼ ਬਣਾ ਦਿੰਦੀਆਂ ਹਨ। ਲਗਾਤਰ ਵਧ ਰਹੀਆਂ ਬਿਮਾਰੀਆਂ ਕਾਰਨ ਮਨੁੱਖੀ ਜੀਵਨ ਦਵਾਈਆਂ ਉੱਤੇ ਨਿਰਭਰ ਹੋਣ ਲੱਗ ਪੈਂਦਾਂ ਹੈ ਅਤੇ ਉਸਦੀ ਉਮਰ ਘਟਣ ਲੱਗ ਪੈਂਦੀ ਹੈ। ਸਾਡੇ ਕੋਲ ਸੈਰ ਕਰਨ ਲਈ ਸਮਾਂ ਨਹੀਂ ਹੁੰਦਾ ਪਰ ਅਸੀਂ ਮੂਵੀ ਵੇਖਣ ਲਈ ਤਿੰਨ ਘੰਟੇ ਬੈਠੇ ਰਹਿੰਦੇ ਹਾਂ। ਚੰਗੀ ਸਿਹਤ ਲਈ ਨਿਯਮ ਅਨੁਸਾਰ ਖਾਣਾ, ਸੈਰ ਕਰਨੀ, ਕਸਰਤ ਕਰਨੀ ਅਤੇ ਜੀਭ ਉੱਤੇ ਕਾਬੂ ਪਾ ਕੇ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਆਓ ਅੱਜ ਤੋਂ ਹਮੇਸ਼ਾ ਇਨ੍ਹਾਂ ਨਿਯਮਾਂ ਉੱਤੇ ਪਹਿਰਾ ਦੇਣ ਦਾ ਆਪਣੇ ਆਪ ਨਾਲ ਪ੍ਰਣ ਕਰੀਏ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4531)
(ਸਰੋਕਾਰ ਨਾਲ ਸੰਪਰਕ ਲਈ: (