“ਦੇਸ਼ ਦੇ ਮਾਣਮੱਤੇ ਪੁਰਸਕਾਰ ਗਿਆਨ ਪੀਠ ਪੁਰਸਕਾਰ ਨਾਲ ਨਿਵਾਜਿਆ ਜਾਣਾ ਉਨ੍ਹਾਂ (ਗੁਲਜ਼ਾਰ) ਦੀ ਅਨੇਕ ਖੇਤਰਾਂ ਵਿੱਚ ...”
(10 ਮਾਰਚ 2024)
ਇਸ ਸਮੇਂ ਪਾਠਕ: 205.
ਸਾਲ 2023 ਦੇ 58ਵੇਂ ਵਕਾਰੀ ਗਿਆਨਪੀਠ ਪੁਰਸਕਾਰ ਜੇਤੂ ਦੋ ਵਿਦਵਾਨ ਗੁਲਜ਼ਾਰ ਤੇ ਪ੍ਰਸਿੱਧ ਲੇਖਕ ਜਗਦਗੁਰੂ ਰਾਮਭਦਰਾਚਾਰੀਆ ਆਪਣੇ ਆਪਣੇ ਖੇਤਰਾਂ ਦੀਆਂ ਅੰਤਰਰਾਸ਼ਟਰੀ ਪੱਧਰ ਦੀਆਂ ਮੰਨੀਆਂ ਪਰਮੰਨੀਆਂ ਸ਼ਖਸੀਅਤਾਂ ਹਨ। ਉਨ੍ਹਾਂ ਵੱਲੋਂ ਆਪਣੇ ਆਪਣੇ ਖੇਤਰਾਂ ਵਿੱਚ ਪਾਏ ਵਡਮੁੱਲੇ ਯੋਗਦਾਨ ਲਈ ਉਨ੍ਹਾਂ ਨੂੰ ਸਾਲ 2023 ਲਈ ਵਕਾਰੀ ਗਿਆਨ ਪੀਠ ਪੁਰਸਕਾਰ ਲਈ ਚੁਣਿਆ ਗਿਆ ਹੈ। ਗੀਤਕਾਰ, ਉਰਦੂ ਹਿੰਦੀ ਭਾਸ਼ਾਵਾਂ ਦੇ ਕਵੀ, ਪਟਕਥਾ ਲੇਖਕ, ਫਿਲਮ ਨਿਰਦੇਸ਼ਕ, ਨਾਟਕਕਾਰ ਵਜੋਂ ਜਾਣੇ ਜਾਂਦੇ ਅਤੇ ਅਨੇਕਾਂ ਵਕਾਰੀ ਪੁਰਸਕਾਰ ਜੇਤੂ ਸੰਪੂਰਣ ਸਿੰਘ ਉਰਫ ਗੁਲਜ਼ਾਰ ਦਾ ਜਨਮ ਪਿਤਾ ਮੱਖਣ ਸਿੰਘ ਕਾਲੜਾ ਅਤੇ ਮਾਤਾ ਸੁਜਾਨ ਕੌਰ ਦੇ ਘਰ 18 ਅਗਸਤ 1934 ਨੂੰ ਭਾਰਤ ਦੇ ਜੇਹਲਮ ਹੁਣ ਪਾਕਿਸਤਾਨ ਦੇ ਪਿੰਡ ਦੀਨਾ ਵਿੱਚ ਹੋਇਆ। ਉਹ ਆਪਣੇ ਪਿਤਾ ਦੀ ਦੂਜੀ ਪਤਨੀ ਦੀ ਸੰਤਾਨ ਹਨ। ਉਹ ਆਪਣੇ ਨੌਂ ਭੈਣਾਂ-ਭਰਾਵਾਂ ਵਿੱਚੋਂ ਚੌਥੇ ਨੰਬਰ ਉੱਤੇ ਸਨ। ਉਨ੍ਹਾਂ ਦੀ ਮਾਂ ਉਨ੍ਹਾਂ ਦੇ ਬਚਪਨ ਵਿੱਚ ਹੀ ਚੱਲ ਵਸੀ।
ਭਾਰਤ ਪਾਕਿਸਤਾਨ ਦੇ ਬਟਵਾਰੇ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਅੰਮ੍ਰਿਤਸਰ ਆ ਕੇ ਵਸ ਗਿਆ ਪਰ ਸ਼੍ਰੀ ਗੁਲਜ਼ਾਰ ਨੇ ਮੁੰਬਈ ਜਾ ਕੇ ਇੱਕ ਗੈਰੇਜ ਵਿੱਚ ਕਾਰ ਮਕੈਨਿਕ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਖਾਲੀ ਸਮੇਂ ਵਿੱਚ ਉਨ੍ਹਾਂ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ। ਹਿੰਦੀ ਸਿਨੇਮਾ ਦੇ ਖੇਤਰ ਵਿੱਚ ਉਨ੍ਹਾਂ ਦੀ ਦਿਲਚਸਪੀ ਨੇ ਉਨ੍ਹਾਂ ਨੂੰ ਬਿਮਲ ਰਾਏ, ਹਰਿਕੇਸ਼ ਮੁਖਰਜੀ, ਹੇਮੰਤ ਕੁਮਾਰ ਦੇ ਸੰਪਰਕ ਵਿੱਚ ਲਿਆ ਦਿੱਤਾ। ਉਹ ਉਨ੍ਹਾਂ ਦੇ ਸਹਾਇਕ ਵਜੋਂ ਕੰਮ ਕਰਨ ਲੱਗ ਪਏ। ਉਨ੍ਹਾਂ ਨੇ ਬਿਮਲ ਰਾਏ ਦੀ ਫਿਲਮ ਵੰਦਨੀ ਲਈ ਆਪਣਾ ਪਹਿਲਾ ਗੀਤ ਲਿਖਿਆ। ਉਨ੍ਹਾਂ ਨੇ ਤ੍ਰਿਵੇਣੀ ਛੰਦ ਦੀ ਰਚਨਾ ਵੀ ਕੀਤੀ। ਭਾਵੇਂ ਉਹ ਉਰਦੂ ਅਤੇ ਹਿੰਦੀ, ਦੋਵੇਂ ਭਾਸ਼ਾਵਾਂ ਦੇ ਗ਼ਜ਼ਲਕਾਰ ਅਤੇ ਗੀਤਕਾਰ ਸਨ ਪਰ ਉਨ੍ਹਾਂ ਨੇ ਪੰਜਾਬੀ, ਮਾਰਵਾੜੀ, ਭੋਜਪੁਰੀ, ਭਾਰਤੀ ਭਾਸ਼ਾਵਾਂ ਵਿੱਚ ਵੀ ਬਾਖੂਬੀ ਲਿਖਿਆ। ਉਨ੍ਹਾਂ ਨੇ ਭਾਰਤ ਪਾਕਿਸਤਾਨ ਵਿਚਾਲੇ ਸ਼ਾਂਤੀ ਸਥਾਪਨਾ ਲਈ ਦੋਨਾਂ ਦੇਸ਼ਾਂ ਦੇ ਮੀਡੀਆ ਸਮੂਹਾਂ ਵੱਲੋਂ ਚਲਾਈ ਗਈ ਪ੍ਰਧਾਨ ਮੰਤਰੀ ਮੁਹਿੰਮ ਅਮਨ ਕੀ ਆਸ਼ਾ, ‘ਨਜ਼ਰ ਮੇਂ ਰਹਤੇ ਹੋ’ ਗੀਤ ਦੀ ਰਚਨਾ ਕੀਤੀ, ਜਿਸਨੂੰ ਸ਼ੰਕਰ ਮਹਾਂ ਦੇਵਨ ਅਤੇ ਰਾਹਤ ਫਤਿਹ ਅਲੀ ਨੇ ਗਇਆ।
ਸ਼੍ਰੀ ਗੁਲਜ਼ਾਰ ਨੇ ਤਲਾਕਸ਼ੁਦਾ ਅਦਾਕਾਰਾ ਰਾਖੀ ਨਾਲ ਵਿਆਹ ਕਰ ਲਿਆ। ਉਨ੍ਹਾਂ ਦੀ ਇੱਕ ਪੁੱਤਰੀ ਮੇਘਨਾ ਹੈ ਜੋ ਕਿ ਇੱਕ ਫਿਲਮ ਨਿਰਦੇਸ਼ਕ ਅਤੇ ਗੀਤਕਾਰ ਹੈ। ਉਹ ਆਪਣੀ ਪਤਨੀ ਰਾਖੀ ਤੋਂ ਬਿਨਾਂ ਤਲਾਕ ਤੋਂ ਅੱਡ ਹੋ ਗਏ ਤੇ ਦੋਵੇਂ ਅੱਡ ਅੱਡ ਰਹਿਣ ਲੱਗੇ। ਉਨ੍ਹਾਂ ਦੀਆਂ ਪ੍ਰਸਿੱਧ ਪੁਸਤਕਾਂ ਚੌਰਸ ਰਾਤ (ਲਘੂ ਕਥਾਵਾਂ), ਜਾਨਮ (ਕਵਿਤਾ ਸੰਗ੍ਰਹਿ), ਏਕ ਬੂੰਦ ਦੋ ਚਾਂਦ (ਕਵਿਤਾ ਸੰਗ੍ਰਹਿ) ਰਾਵੀ ਪਾਰ (ਕਥਾ ਸੰਗ੍ਰਹਿ) ਰਾਤ, ਚਾਂਦ ਔਰ ਮੈਂ, ਰਾਤ ਪਸ਼ਮੀਨੇ ਕੀ ਅਤੇ ਖਰਾਸ਼ੇਂ ਹਨ। ਉਨ੍ਹਾਂ ਵੱਲੋਂ ਬਤੌਰ ਫਿਲਮ ਨਿਰਦੇਸ਼ਕ ਬਣਾਈਆਂ ਗਈਆਂ ਫਿਲਮਾਂ ਮੇਰੇ ਆਪਣੇ, ਪਰਿਚੈ, ਕੋਸ਼ਿਸ਼, ਅਚਾਨਕ, ਖੁਸ਼ਬੂ, ਆਂਧੀ, ਮੌਸਮ, ਕਿਨਾਰਾ, ਕਿਤਾਬ, ਅੰਗੂਰ, ਨਮਕੀਨ, ਮੀਰਾਂ, ਇਜਾਜ਼ਤ, ਲੇਕਿਨ ਲਿਬਾਸ, ਮਾਚਿਸ ਅਤੇ ਹੁ ਤੂ ਤੂ ਹਨ। ਉਹ ਆਪਣੇ ਪ੍ਰੇਮ ਸੰਬੰਧਾਂ ਨੂੰ ਲੈ ਕੇ ਕਈ ਵਾਦ ਵਿਵਾਦਾਂ ਵਿੱਚ ਵੀ ਘਿਰੇ ਰਹੇ। ਸਿਨੇਮਾ ਅਤੇ ਸਾਹਿਤ ਦੇ ਖੇਤਰ ਵਿੱਚ ਉਨ੍ਹਾਂ ਵੱਲੋਂ ਪਾਏ ਵਡਮੁੱਲੇ ਯੋਗਦਾਨ ਲਈ ਉਨ੍ਹਾਂ ਨੂੰ ਜਿਨ੍ਹਾਂ ਐਵਾਰਡਾਂ ਨਾਲ ਨਿਵਾਜਿਆ ਗਿਆ, ਉਨ੍ਹਾਂ ਦੀ ਸੂਚੀ ਬਹੁਤ ਲੰਬੀ ਹੈ ਪਰ ਉਨ੍ਹਾਂ ਨੂੰ ਮਿਲੇ ਪ੍ਰਮੁੱਖ ਮਾਨ ਸਨਮਾਨ ਇਸ ਤਰ੍ਹਾਂ ਹਨ:
ਉਨ੍ਹਾਂ ਨੂੰ ਸਾਲ 1972 ਵਿੱਚ ਕੋਸ਼ਿਸ਼ ਫਿਲਮ ਲਈ ਉੱਤਮ ਸਕ੍ਰੀਨ ਪਲੇ ਐਵਾਰਡ, ਸਨ 1975 ਵਿੱਚ ਮੌਸਮ ਫਿਲਮ ਦੇ ਉੱਤਮ ਨਿਰਦੇਸ਼ਕ ਐਵਾਰਡ, ਸਨ 2009 ਵਿੱਚ ਸਲੱਮਡਾਗ ਲਈ ਲਿਖੇ ਗੀਤ ‘ਜੈ ਹੋ’ ਲਈ ਆਸਕਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸਾਹਿਤ ਦੇ ਖੇਤਰ ਵਿੱਚ ਉਨ੍ਹਾਂ ਦੇ ਪਾਏ ਯੋਗਦਾਨ ਲਈ ਉਨ੍ਹਾਂ ਨੂੰ ਸਾਹਿਤ ਅਕਾਦਮੀ ਐਵਾਰਡ ਨਾਲ ਵੀ ਸਨਮਾਨਿਆ ਗਿਆ। ਸਨ 2004 ਵਿੱਚ ਉਨ੍ਹਾਂ ਨੂੰ ਸਿਨੇਮਾ ਦੇ ਖੇਤਰ ਵਿੱਚ ਯੋਗਦਾਨ ਪਾਉਣ ਲਈ ਦੇਸ਼ ਦੇ ਤੀਸਰੇ ਵੱਡੇ ਨਾਗਰਿਕ ਸਨਮਾਨ ਪਦਮ ਭੂਸ਼ਨ ਨਾਲ ਨਿਵਾਜਿਆ ਗਿਆ। ਸਨ 2012 ਵਿੱਚ ਉਨ੍ਹਾਂ ਨੂੰ 40 ਸਾਲਾਂ ਤੋਂ ਫਿਲਮਾਂ ਲਈ ਗੀਤ ਲਿਖਣ ਲਈ ਉੱਤਮ ਗੀਤਕਾਰ ਦੇ ਤੌਰ ’ਤੇ ਦਾਦਾ ਸਾਹਿਬ ਫਾਲਕੇ ਐਵਾਰਡ ਦਿੱਤਾ ਗਿਆ। ਉਹ ਇਹ ਐਵਾਰਡ ਪਾਉਣ ਵਾਲੀ 45ਵੀਂ ਗੌਰਵਮਈ ਮਹਾਨ ਸ਼ਖਸੀਅਤ ਹੈ। ਇਸ ਤੋਂ ਇਲਾਵਾ ਉਹ ਵੱਖ ਵੱਖ ਸਾਲਾਂ ਵਿੱਚ ਨੋਂ ਵਾਰ ਉੱਤਮ ਗੀਤਕਾਰ ਵਜੋਂ ਐਵਾਰਡ ਵੀ ਹਾਸਲ ਕਰ ਚੁੱਕੇ ਹਨ। ਸਨ 2023 ਲਈ ਉਨ੍ਹਾਂ ਨੂੰ ਦੇਸ਼ ਦੇ ਮਾਣਮੱਤੇ ਪੁਰਸਕਾਰ ਗਿਆਨ ਪੀਠ ਪੁਰਸਕਾਰ ਨਾਲ ਨਿਵਾਜਿਆ ਜਾਣਾ ਉਨ੍ਹਾਂ ਦੀ ਅਨੇਕ ਖੇਤਰਾਂ ਵਿੱਚ ਨਿਭਾਈ ਗਈ ਸਲਾਹੁਣਯੋਗ ਭੂਮਿਕਾ ਦੀ ਨਿਸ਼ਾਨ ਦੇਹੀ ਕਰਦਾ ਹੈ।
ਇਸ ਵਕਾਰੀ ਗਿਆਨਪੀਠ ਪੁਰਸਕਾਰ ਨੂੰ ਪ੍ਰਾਪਤ ਕਰਨ ਵਾਲੇ ਦੂਜੇ ਵਿਦਵਾਨ ਰਾਮਭਦਰਾਚਾਰੀਆ ਹਨ। ਚਿਤਕੂਟ ਵਿੱਚ ਤੁਲਸੀ ਪੀਠ ਦੇ ਸੰਸਥਾਪਕ, ਮੁਖੀ, ਧਾਰਮਿਕ ਆਗੂ ਸੰਸਕ੍ਰਿਤ, ਹਿੰਦੀ, ਅਵਧੀ, ਮੈਥਿਲੀ ਸਮੇਤ ਕਈ ਭਾਸ਼ਾਵਾਂ ਦੇ ਕਵੀ ਤੇ ਲੇਖਕ, 23 ਭਾਸ਼ਾਵਾਂ ਬੋਲਣ ਵਾਲੇ, 240 ਤੋਂ ਵੱਧ ਪੁਸਤਕਾਂ ਦੇ ਰਚਨਾਕਾਰ ਅਤੇ ਸਿੱਖਿਆ ਮਾਹਿਰ ਰਾਮਭਦਰਾਚਾਰੀਆ ਦਾ ਜਨਮ 4 ਜਨਵਰੀ 1950 ਨੂੰ ਮਕਰ ਸੰਕ੍ਰਾਂਤੀ ਦੇ ਦਿਨ ਮਾਤਾ ਸ਼ਚੀ ਦੇਵੀ, ਪਿਤਾ ਰਾਜ ਦੇਵ ਤੇ ਦਾਦਾ ਪੰਡਿਤ ਸੂਰਜ ਬਲੀ ਦੇ ਘਰ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਜੌਨਪੁਰ ਦੇ ਪਿੰਡ ਸ਼ਾਂਤੀ ਖੁਰਦ ਵਿੱਚ ਹੋਇਆ। ਉਨ੍ਹਾਂ ਦੀ ਮਾਸੀ ਨੇ ਉਨ੍ਹਾਂ ਨੂੰ ਬਚਪਨ ਤੋਂ ਹੀ ਗਿਰਧਰ ਕਹਿਣਾ ਸ਼ੁਰੂ ਕਰ ਦਿੱਤਾ ਤੇ ਉਨ੍ਹਾਂ ਦਾ ਨਾਂ ਗਿਰਧਰ ਹੀ ਪੈ ਗਿਆ। 2 ਸਾਲ ਦੀ ਉਮਰ ਵਿੱਚ ਟਰੌਮਾ ਦੀ ਬਿਮਾਰੀ ਤੇ ਸਮੇਂ ਸਿਰ ਇਲਾਜ ਨਾ ਹੋਣ ਕਾਰਨ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ। ਉਨ੍ਹਾਂ ਦੇ ਪਿਤਾ ਜੀ ਦੇ ਮੁੰਬਈ ਨੌਕਰੀ ਕਰਨ ਕਰਕੇ ਉਹ ਕਿਸੇ ਵੀ ਸਕੂਲ ਵਿੱਚ ਦਾਖਲ ਨਹੀਂ ਹੋ ਸਕੇ। ਉਨ੍ਹਾਂ ਨੇ ਬਚਪਨ ਵਿੱਚ ਆਪਣੇ ਦਾਦਾ ਜੀ ਕੋਲੋਂ ਰਮਾਇਣ, ਮਹਾਂਭਾਰਤ ਅਤੇ ਵਿਸ਼ਰਾਮ ਸਾਗਰ ਦੇ ਭਗਤੀ ਭਾਵ ਵਾਲੇ ਪ੍ਰਸੰਗ ਸੁਣਕੇ ਹੀ ਸਿੱਖਿਆ ਪ੍ਰਾਪਤ ਕੀਤੀ। ਉਨ੍ਹਾਂ ਨੇ ਤਿੰਨ ਸਾਲ ਦੀ ਉਮਰ ਵਿੱਚ ਭਗਤੀ ਵਾਲੀ ਕਵਿਤਾ ਲਿਖੀ। 5 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਆਪਣੇ ਗੁਆਂਢੀ ਪੰਡਿਤ ਮੁਰਲੀਧਰ ਤੋਂ 15 ਦਿਨ ਵਿੱਚ ਹੀ 700 ਸਲੋਕਾਂ ਦੀ ਭਗਵਤ ਗੀਤਾ ਯਾਦ ਕਰ ਲਈ। 7 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਆਪਣੇ ਦਾਦਾ ਜੀ ਦੀ ਸਹਾਇਤਾ ਨਾਲ ਸਾਰੀ ਰਾਮਚਰਿਤਮਾਨਸ ਯਾਦ ਕਰ ਲਈ। 17 ਸਾਲ ਤਕ ਦੀ ਉਮਰ ਤਕ ਉਨ੍ਹਾਂ ਨੇ ਕਿਸੇ ਵੀ ਸਕੂਲ ਵਿੱਚ ਸਿੱਖਿਆ ਪ੍ਰਾਪਤ ਨਹੀਂ ਕੀਤੀ। ਉਨ੍ਹਾਂ ਨੇ ਜੋ ਕੁਝ ਵੀ ਸਿੱਖਿਆ, ਸੁਣਕੇ ਹੀ ਸਿੱਖਿਆ। ਉਨ੍ਹਾਂ ਦੇ ਘਰ-ਪਰਿਵਾਰ ਵਾਲੇ ਉਨ੍ਹਾਂ ਨੂੰ ਕਥਾਵਾਚਕ ਬਣਾਉਣ ਦੇ ਚਾਹਵਾਨ ਸਨ। ਉਨ੍ਹਾਂ ਦੇ ਪਿਤਾ ਜੀ ਨੇ ਗਿਰਧਰ (ਰਾਮ ਭਦਰਾਚਾਰੀਆ) ਨੂੰ ਅੰਨ੍ਹਿਆਂ ਦੇ ਸਕੂਲ ਵਿੱਚ ਦਾਖਲ ਕਰਾਉਣ ਦਾ ਫੈਸਲਾ ਕੀਤਾ ਪਰ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਇਹ ਕਹਿਕੇ ਸਕੂਲ ਨਹੀਂ ਜਾਣ ਦਿੱਤਾ ਕਿ ਅੰਨ੍ਹੇ ਬੱਚਿਆਂ ਨਾਲ ਸਕੂਲ ਵਿੱਚ ਚੰਗਾ ਸਲੂਕ ਨਹੀਂ ਹੁੰਦਾ।
7 ਜਨਵਰੀ 1967 ਨੂੰ ਅੰਗਰੇਜ਼ੀ, ਸੰਸਕ੍ਰਿਤ ਅਤੇ ਵਿਆਕਰਣ ਵਿਸ਼ੇ ਪੜ੍ਹਨ ਲਈ ਉਹ ਗੌਰੀ ਸੰਸਕ੍ਰਿਤ ਕਾਲਜ ਵਿੱਚ ਦਾਖਲ ਹੋ ਗਏ। ਉਨ੍ਹਾਂ ਨੇ ਪੜ੍ਹਨ ਲਈ ਬ੍ਰੇਨ ਲਿਪੀ ਦਾ ਪ੍ਰਯੋਗ ਨਹੀਂ ਕੀਤਾ। ਉਨ੍ਹਾਂ ਨੇ ਜੋ ਕੁਝ ਵੀ ਸਿੱਖਿਆ, ਸੁਣਕੇ ਹੀ ਸਿੱਖਿਆ। ਉਨ੍ਹਾਂ ਨੇ ਭਜੁੰਗ ਪ੍ਰਾਣ ਛੰਦ ਵਿੱਚ ਸਲੋਕਾਂ ਦੀ ਰਚਨਾ ਕੀਤੀ। ਉਨ੍ਹਾਂ ਨੇ ਅੱਗੇ ਸਿੱਖਿਆ ਹਾਸਲ ਕਰਨ ਵਾਸਤੇ ਸੰਪੂਰਨਾ ਨੰਦ ਵਿਦਿਆਲਯ ਵਿੱਚ ਦਾਖਲਾ ਲੈ ਲਿਆ। ਸਨ 1974 ਵਿੱਚ ਉਨ੍ਹਾਂ ਨੇ ਬੈਚਲਰ ਆਫ ਆਰਟਸ ਵਿੱਚ ਟਾਪ ਕੀਤਾ ਤੇ ਉਸੇ ਸੰਸਥਾ ਤੋਂ ਮਾਸਟਰ ਆਫ ਆਰਟਸ ਕੀਤਾ। 24 ਜਨਵਰੀ 1988 ਨੂੰ ਉਨ੍ਹਾਂ ਨੂੰ ਕਾਸ਼ੀ ਵਿਸ਼ਵ ਪਰਿਸ਼ਦ ਦੁਆਰਾ ਤੁਲਸੀ ਪੀਠ ਵਿੱਚ ਰਾਮਾਨੰਦਚਾਰੀਆ ਦੇ ਤੌਰ ’ਤੇ ਚੁਣ ਲਿਆ ਗਿਆ। ਉਨ੍ਹਾਂ ਦਾ ਅਭਿਸ਼ੇਕ ਅਯੋਧਿਆ ਵਿੱਚ ਕੀਤਾ ਗਿਆ। ਉਹ ਰਾਮਾਨੰਦ ਸੰਪਰਦਾਇ ਦੇ ਚਾਰ ਜਗਦਗੁਰੂਆਚਾਰੀਆਂ ਵਿੱਚੋਂ ਇੱਕ ਹਨ। ਉਹ ਇਸ ਧਾਰਮਿਕ ਪਦ ਉੱਤੇ ਸਨ 1992 ਤੋਂ ਹਨ। ਸਨ 2005 ਵਿੱਚ ਉਨ੍ਹਾਂ ਦੇਸ਼ ਦੇ ਤੀਜੇ ਨਾਗਰਿਕ ਸਨਮਾਨ ਪਦਮ ਵਿਭੂਸ਼ਣ ਨਾਲ ਸਨਮਾਨਿਆ ਗਿਆ। ਉਨ੍ਹਾਂ ਦੀਆਂ ਸਾਹਿਤਕ, ਸਮਾਜਿਕ ਅਤੇ ਧਾਰਮਿਕ ਪ੍ਰਾਪਤੀਆਂ ਲਈ ਉਨ੍ਹਾਂ ਨੂੰ ਦੇਸ਼ ਦੇ ਸਨ 2023 ਦੇ ਗੌਰਵਮਈ ਪੁਰਸਕਾਰ ਗਿਆਨਪੀਠ ਪੁਰਸਕਾਰ ਨਾਲ ਸ਼ਸ਼ੋਭਿਤ ਕੀਤਾ ਜਾ ਰਿਹਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4794)
(ਸਰੋਕਾਰ ਨਾਲ ਸੰਪਰਕ ਲਈ: (