“ਬੁੱਧੀਮਾਨ ਲੋਕ ਆਪਣੀ ਮਿੱਠੀ ਬੋਲ-ਚਾਲ, ਚੰਗੇ ਵਿਵਹਾਰ ਅਤੇ ਉੱਤਮ ਵਿਚਾਰਾਂ ਨਾਲ ਛੋਟੇ ਅਹੁਦਿਆਂ ਨੂੰ ਵੀ ਵੱਡੇ ...”
(7 ਜੁਲਾਈ 2024)
ਇਸ ਸਮੇਂ ਪਾਠਕ: 160.
ਇਸ ਗੱਲ ਦਾ ਸਬਕ ਮਨੁੱਖ ਨੂੰ ਬਚਪਨ ਤੋਂ ਹੀ ਆਪਣੇ ਮਾਂ-ਬਾਪ ਤੋਂ ਮਿਲਣਾ ਸ਼ੁਰੂ ਹੋ ਜਾਂਦਾ ਹੈ ਕਿ ਦੂਜਿਆਂ ਨਾਲ ਮਿੱਠਾ ਬੋਲਣਾ, ਚੰਗਾ ਵਿਵਹਾਰ ਕਰਨਾ ਅਤੇ ਉੱਚ ਅਤੇ ਸ਼ੁੱਧ ਵਿਚਾਰ ਹੋਣਾ ਬੁੱਧੀਮਾਨ ਅਤੇ ਭਲੇ ਲੋਕਾਂ ਦੀ ਪਛਾਣ ਹੁੰਦਾ ਹੈ। ਆਪਣੇ ਵਿਦਿਆਰਥੀ ਜੀਵਨ ਵਿੱਚ ਪੜ੍ਹਾਈ ਸ਼ੁਰੂ ਹੋਣ ਤੋਂ ਲੈ ਕੇ ਖਤਮ ਹੋਣ ਤਕ ਹਜ਼ਾਰਾਂ ਵਾਰ ਉਸ ਨੂੰ ਆਪਣੀਆਂ ਪੁਸਤਕਾਂ ਵਿੱਚ ਇਹ ਪੜ੍ਹਨ ਅਤੇ ਅਧਿਆਪਕਾਂ ਦੇ ਮੂੰਹ ਤੋਂ ਸੁਣਨ ਨੂੰ ਮਿਲਦਾ ਹੈ ਕਿ ਬੁੱਧੀਮਾਨ ਲੋਕ ਸਦਾ ਹੀ ਆਪਣੇ ਮੂੰਹ ਤੋਂ ਚੰਗਾ ਬੋਲਦੇ ਹਨ, ਉਨ੍ਹਾਂ ਦਾ ਵਿਵਹਾਰ ਬਹੁਤ ਵਧੀਆ ਹੁੰਦਾ ਹੈ ਤੇ ਉਨ੍ਹਾਂ ਦੇ ਵਿਚਾਰਾਂ ਵਿੱਚ ਸ਼ੁੱਧਤਾ, ਉੱਤਮਤਾ ਅਤੇ ਨੇਕੀ ਹੁੰਦੀ ਹੈ। ਸਿੱਖਿਆ ਸੰਸਥਾਵਾਂ ਦੀਆਂ ਕੰਧਾਂ ਉੱਤੇ ਵੀ ਬੋਲ-ਚਾਲ, ਵਿਵਹਾਰ ਅਤੇ ਵਿਚਾਰਾਂ ਦੇ ਚੰਗੇ ਹੋਣ ਦੀ ਨਸੀਹਤ ਦੇਣ ਵਾਲੇ ਅਦਰਸ਼ ਵਾਕ ਲਿਖੇ ਹੋਏ ਹੁੰਦੇ ਹਨ, ਮਨੁਖ ਨੂੰ ਉਨ੍ਹਾਂ ਨੂੰ ਪੜ੍ਹਨ ਦਾ ਪਤਾ ਨਹੀਂ ਕਿੰਨੀ ਕੁ ਵਾਰ ਮੌਕਾ ਮਿਲਿਆ ਹੁੰਦਾ ਹੈ। ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਵੀ ਮਨੁੱਖ ਹਰ ਰੋਜ਼ ਸਾਧੂ, ਸੰਤਾਂ ਅਤੇ ਮਹਾਨ ਪੁਰਸ਼ਾਂ ਦੇ ਪ੍ਰਵਚਨਾਂ ਵਿੱਚ ਬੋਲਚਾਲ ਵਿਵਹਾਰ ਅਤੇ ਵਿਚਾਰਾਂ ਦੀ ਚੰਗਿਆਈ ਹੋਣ ਦਾ ਸੁਨੇਹਾ ਪ੍ਰਾਪਤ ਕਰਦਾ ਹੈ। ਮਿੱਠਾ ਬੋਲਣ, ਚੰਗਾ ਵਿਵਹਾਰ ਕਰਨਾ ਅਤੇ ਵਿਚਾਰਾਂ ਨੂੰ ਨੇਕ ਰੱਖਣ ਲਈ ਮਨੁੱਖ ਨੂੰ ਮੋਬਾਇਲ ਵਾਂਗ ਆਪਣੇ ਵਿੱਚ ਕੋਈ ਪੈਕ ਨਹੀਂ ਪੁਆਉਣਾ ਪੈਂਦਾ, ਨਾ ਕੋਈ ਪਰਮਿਟ ਲੈਣਾ ਪੈਂਦਾ ਹੈ ਅਤੇ ਨਾ ਹੀ ਇਸਦੀ ਕੋਈ ਅਦਾਇਗੀ ਕਰਨੀ ਪੈਂਦੀ ਹੈ। ਪਰ ਫਿਰ ਵੀ ਕੌੜਾ ਅਤੇ ਕੱਬਾ ਬੋਲਣ ਵਾਲੇ ਲੋਕਾਂ ਦੀ ਕੋਈ ਕਮੀ ਨਹੀਂ। ਬੁਰੇ ਅਤੇ ਭੈੜੇ ਵਿਵਹਾਰ ਵਾਲੇ ਲੋਕ ਵੀ ਕਿਧਰੇ ਦੂਰ ਦੁਰਾਡੇ ਲੱਭਣ ਜਾਣ ਦੀ ਲੋੜ ਨਹੀਂ ਪੈਂਦੀ, ਉਹ ਪੈਰ ਪੈਰ ’ਤੇ ਆਪਣੇ ਆਪ ਮਿਲ ਜਾਂਦੇ ਹਨ। ਨੇਕ ਵਿਚਾਰਾਂ ਵਾਲੇ ਲੋਕ ਚੰਗੀ ਕਿਸਮਤ ਨਾਲ ਹੀ ਮਿਲਦੇ ਹਨ ਪਰ ਭੈੜੇ ਅਤੇ ਮਾੜੇ ਵਿਚਾਰਾਂ ਵਾਲੇ ਲੋਕ ਆਮ ਹੀ ਟੱਕਰ ਜਾਂਦੇ ਹਨ।
ਇਹ ਗੱਲ ਸਭ ਨੂੰ ਪਤਾ ਹੈ ਕਿ ਸਾਡੀ ਇਹੋ ਬੋਲ ਚਾਲ ਸਾਨੂੰ ਮਾਣ ਸਨਮਾਨ ਦਬਾਉਂਦੀ ਹੈ ਤੇ ਇਹੋ ਬੋਲ-ਚਾਲ ਸਾਨੂੰ ਦੂਜਿਆਂ ਦੇ ਮਨਾਂ ਤੋਂ ਵਿਸਾਰ ਦਿੰਦੀ ਹੈ। ਇਸੇ ਵਿਵਹਾਰ ਨਾਲ ਅਸੀਂ ਦੂਜਿਆਂ ਲਈ ਅਭੁੱਲ ਯਾਦ ਬਣ ਜਾਂਦੇ ਹਾਂ ਅਤੇ ਉਨ੍ਹਾਂ ਦੇ ਦਿਲਾਂ ਉੱਤੇ ਰਾਜ ਕਰਨ ਲੱਗ ਪੈਂਦੇ ਹਾਂ ਤੇ ਇਹੋ ਵਿਵਹਾਰ ਲੜਾਈ ਝਗੜੇ ਦਾ ਕਾਰਨ ਬਣ ਜਾਂਦਾ ਹੈ। ਵਿਚਾਰਾਂ ਦੀ ਸ਼ੁੱਧਤਾ ਅਤੇ ਕਪਟਤਾ ਮਨੁੱਖ ਦੇ ਚੰਗੇ ਮਾੜੇ ਹੋਣ ਦਾ ਪ੍ਰਮਾਣ ਹੁੰਦੀ ਹੈ। ਬੋਲ ਚਾਲ, ਵਿਵਹਾਰ ਤੇ ਵਿਚਾਰਾਂ ਦੇ ਚੰਗੇ ਮਾੜੇ ਵਿੱਚ ਫਰਕ ਹੋਣ ਅਤੇ ਇਨ੍ਹਾਂ ਦੇ ਨਫੇ ਨੁਕਸਾਨ ਦਾ ਗਿਆਨ ਹੋਣ ਦੇ ਬਾਵਜੂਦ ਵੀ ਮੂਰਖ ਅਤੇ ਬੇਅਕਲ ਲੋਕ ਮੰਦਾ, ਕੌੜਾ ਅਤੇ ਖਰ੍ਹਵਾ ਬੋਲਦੇ ਹਨ। ਉਨ੍ਹਾਂ ਦੇ ਵਿਵਹਾਰ ਵਿੱਚ ਚੰਗਿਆਈ ਅਤੇ ਸੱਜਣਤਾ ਨਹੀਂ ਹੁੰਦੀ। ਉਨ੍ਹਾਂ ਦੇ ਵਿਚਾਰਾਂ ਵਿੱਚੋਂ ਨੇਕੀ ਅਤੇ ਭਲਾਈ ਮਨਫੀ ਹੋ ਚੁੱਕੀ ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਤਾਕਤ, ਹਕੂਮਤ, ਦੌਲਤ, ਸਿਆਸਤ, ਉੱਚੇ ਅਹੁਦੇ, ਸਰਕਾਰੇ ਦਰਬਾਰੇ ਪਹੁੰਚ ਹੋਣ ਦਾ ਹੰਕਾਰ ਜਾਂ ਨਸ਼ਾ ਵੀ ਬੰਦੇ ਨੂੰ ਹਲੀਮੀ ਅਤੇ ਸਲੀਕੇ ਨਾਲ ਬੋਲਣਾ ਭੁਲਾ ਦਿੰਦਾ ਹੈ। ਉਸ ਨਸ਼ੇ ਵਿੱਚ ਬੰਦੇ ਵਿੱਚ ਦੂਜਿਆਂ ਨਾਲ ਚੰਗਾ ਵਿਵਹਾਰ ਕਰਨ ਦੀ ਆਦਤ ਨਹੀਂ ਰਹਿੰਦੀ। ਉਹ ਬੰਦੇ ਨੂੰ ਬੰਦਾ ਸਮਝਣਾ ਭੁੱਲ ਬੈਠਦਾ ਹੈ। ਉਹ ਧਰਤੀ ਤੋਂ ਦੋ ਗਿੱਠ ਉੱਚਾ ਹੋ ਕੇ ਤੁਰਨ ਲੱਗ ਪੈਂਦਾ ਹੈ। ਉਹ ਆਪਣੇ ਵਿਚਾਰਾਂ ਵਿੱਚੋਂ ਇਨਸਾਨੀਅਤ ਖੋ ਬੈਠਦਾ ਹੈ।
ਇਹ ਗੱਲ ਅਕਸਰ ਹੀ ਕਹੀ ਤੇ ਸੁਣੀ ਜਾਂਦੀ ਹੈ ਕਿ ਡਾਕਟਰ ਦੀ ਬੋਲ-ਚਾਲ ਨਾਲ ਹੀ ਮਰੀਜ਼ ਅੱਧਾ ਠੀਕ ਹੋ ਜਾਂਦਾ ਹੈ ਪਰ ਇਹ ਗੱਲ ਉਨ੍ਹਾਂ ਡਾਕਟਰਾਂ ਨੂੰ ਕਿਉਂ ਸਮਝ ਨਹੀਂ ਆਉਂਦੀ ਜੋ ਮਰੀਜ਼ ਨਾਲ ਕਦੇ ਮਿੱਠਾ ਬੋਲਦੇ ਹੀ ਨਹੀਂ, ਜਿਨ੍ਹਾਂ ਦੀ ਬੋਲਚਾਲ ਤੋਂ ਮਰੀਜ਼ ਦੁਖੀ ਹੋ ਕੇ ਇਹ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਉਹ ਕਿਸ ਬਦ ਜ਼ਬਾਨ ਡਾਕਟਰ ਕੋਲ ਫਸ ਗਿਆ ਹੈ। ਉਨ੍ਹਾਂ ਦਾ ਵਿਵਹਾਰ ਮਰੀਜ਼ਾਂ ਦੇ ਮਨਾਂ ਨੂੰ ਵਲੂੰਧਰ ਕੇ ਰੱਖ ਦਿੰਦਾ ਹੈ। ਕਾਬਲ ਡਾਕਟਰ ਹੋਣ ਦੇ ਨਾਲ ਨਾਲ ਚੰਗਾ ਇਨਸਾਨ ਹੋਣਾ ਉਸ ਤੋਂ ਵੀ ਜ਼ਰੂਰੀ ਹੈ।
ਚੰਗੇ ਅਧਿਆਪਕ ਉਨ੍ਹਾਂ ਨੂੰ ਹੀ ਕਿਹਾ ਜਾਂਦਾ ਹੈ, ਜਿਨ੍ਹਾਂ ਦੀ ਬੋਲਬਾਣੀ ਨਾਲ ਬੱਚੇ ਬਹੁਤ ਛੇਤੀ ਸਿੱਖ ਜਾਂਦੇ ਹਨ, ਜਿਹੜੇ ਇਹ ਸੋਚਕੇ ਬੱਚਿਆਂ ਨਾਲ ਬਹੁਤ ਚੰਗਾ ਵਿਵਹਾਰ ਕਰਦੇ ਹਨ ਕਿ ਬੱਚਿਆਂ ਦਾ ਮਨ ਬਹੁਤ ਕੋਮਲ ਹੁੰਦਾ ਹੈ, ਜਿਹੜੇ ਆਪਣੇ ਨੇਕ ਵਿਚਾਰਾਂ ਨਾਲ ਸਦਾ ਹੀ ਬੱਚਿਆਂ ਦੀ ਤਰੱਕੀ ਅਤੇ ਬਿਹਤਰੀ ਬਾਰੇ ਸੋਚਦੇ ਹਨ। ਪਰ ਸਾਡੇ ਸਮਾਜ ਵਿੱਚ ਉਨ੍ਹਾਂ ਅਧਿਆ ਪਕਾਂ ਦੀ ਕੋਈ ਕਮੀ ਨਹੀਂ ਜਿਨ੍ਹਾਂ ਦੀ ਜ਼ਬਾਨ ਦੀ ਕੁੜੱਤਣ ਬੱਚਿਆਂ ਦੇ ਮਨੋਬਲ ਉੱਤੇ ਮਾੜਾ ਪ੍ਰਭਾਵ ਪਾਉਂਦੀ ਹੈ, ਜਿਨ੍ਹਾਂ ਦਾ ਮਾੜਾ ਵਿਵਹਾਰ ਉਨ੍ਹਾਂ ਨੂੰ ਪੜ੍ਹਾਈ ਛੱਡਣ ਲਈ ਵੀ ਮਜਬੂਰ ਕਰ ਦਿੰਦਾ ਹੈ। ਉਨ੍ਹਾਂ ਅਧਿਆਪਕਾਂ ਦੇ ਵਿਚਾਰਾਂ`ਵਿਚ ਬੱਚਿਆਂ ਦੀ ਭਲਾਈ ਅਤੇ ਬਿਹਤਰੀ ਨਹੀਂ ਸਗੋਂ ਕੇਵਲ ਤੇ ਕੇਵਲ ਆਪਣਾ ਸਵਾਰਥ ਅਤੇ ਭਲਾ ਹੁੰਦਾ ਹੈ। ਬੱਚਿਆਂ ਨੂੰ ਟਿਊਸ਼ਨ ਲਈ ਮਾਰਨ ਕੁੱਟਣ ਵਾਲੇ ਅਤੇ ਕੇਵਲ ਤਨਖਾਹ ਲੈਕੇ ਨੌਕਰੀ ਵਾਲੇ ਅਧਿਆਪਕਾਂ ਦੀ ਗਿਣਤੀ ਕਦੇ ਵੀ ਚੰਗੇ ਅਧਿਆਪਕਾਂ ਵਿੱਚ ਨਹੀਂ ਹੋ ਸਕਦੀ।
ਸਿਆਸਤਦਾਨਾਂ ਦੀ ਜਿਹੜੀ ਬੋਲਬਾਣੀ, ਜਿਹੜਾ ਵਿਵਹਾਰ ਤੇ ਜਿਹੜੇ ਵਿਚਾਰ ਲੋਕਾਂ ਤੋਂ ਵੋਟਾਂ ਮੰਗਣ ਆਏ ਵੇਲੇ ਹੁੰਦੇ ਹਨ, ਉਨ੍ਹਾਂ ਦੀ ਉਹ ਬੋਲਚਾਲ, ਵਿਵਹਾਰ ਅਤੇ ਵਿਚਾਰ ਵਿਧਾਇਕ, ਮੰਤਰੀ, ਸੰਸਦ ਮੈਂਬਰ ਅਤੇ ਹੋਰ ਅਹੁਦਿਆਂ ’ਤੇ ਪਹੁੰਚਕੇ ਇਸ ਲਈ ਨਹੀਂ ਰਹਿੰਦੇ ਕਿਉਂਕਿ ਉਨ੍ਹਾਂ ਨੂੰ ਹਕੂਮਤ ਦਾ ਨਸ਼ਾ ਚੜ੍ਹ ਜਾਂਦਾ ਹੈ। ਚੰਗੀ ਅਤੇ ਭੈੜੀ ਬੋਲਚਾਲ, ਉੱਤਮ ਅਤੇ ਮਾੜੇ ਵਿਵਹਾਰ, ਨੇਕ ਅਤੇ ਬੁਰੇ ਵਿਚਾਰਾਂ ਦੀ ਜਾਣਕਾਰੀ ਹਰ ਇੱਕ ਬੰਦੇ ਨੂੰ ਹੁੰਦੀ ਹੈ ਪਰ ਇਨ੍ਹਾਂ ਦੇ ਫਰਕ ਨੂੰ ਸਮਝਣਾ ਮਨੁੱਖ ਦੀ ਆਪਣੀ ਬੁੱਧੀ ਦੀ ਉਪਜ ਹੁੰਦੀ ਹੈ। ਜਿਹੜੇ ਲੋਕ ਆਪਣੀ ਚੰਗੀ ਬੁੱਧੀ ਦਾ ਇਸਤੇਮਾਲ ਕਰਦਿਆਂ ਉਸ ਫਰਕ ਨੂੰ ਸਮਝ ਲੈਂਦੇ ਹਨ, ਉਨ੍ਹਾਂ ਦੀ ਬੋਲਚਾਲ, ਵਿਵਹਾਰ ਅਤੇ ਵਿਚਾਰ ਸਲਾਹੁਣਯੋਗ ਹੁੰਦੇ ਹਨ, ਲੋਕ ਉਨ੍ਹਾਂ ਦਾ ਦਿਲੋਂ ਸਨਮਾਨ ਕਰਦੇ ਹਨ। ਉਨ੍ਹਾਂ ਨੂੰ ਮਰਨ ਤੋਂ ਬਾਅਦ ਵੀ ਯਾਦ ਰੱਖਿਆ ਜਾਂਦਾ ਹੈ।
ਬੁੱਧੀਮਾਨ ਲੋਕ ਆਪਣੀ ਮਿੱਠੀ ਬੋਲ-ਚਾਲ, ਚੰਗੇ ਵਿਵਹਾਰ ਅਤੇ ਉੱਤਮ ਵਿਚਾਰਾਂ ਨਾਲ ਛੋਟੇ ਅਹੁਦਿਆਂ ਨੂੰ ਵੀ ਵੱਡੇ ਕਰ ਦਿੰਦੇ ਹਨ। ਅਹੁਦੇ ਆਪਣੇ ਆਪ ਵਿੱਚ ਕਦੇ ਵੱਡੇ ਨਹੀਂ ਹੁੰਦੇ ਸਗੋਂ ਮਨੁੱਖ ਆਪਣੀ ਬੁੱਧੀਮੱਤਾ ਨਾਲ ਆਪਣੇ ਅਹੁਦੇ ਦੀ ਕਦਰ ਵਧਾ ਦਿੰਦਾ ਹੈ। ਬਹੁਤ ਸਾਰੇ ਉੱਚ ਅਧਿਕਾਰੀਆਂ, ਦੌਲਤਮੰਦ ਲੋਕਾਂ, ਸਿਆਸਦਾਨਾਂ, ਹੁਕਮਰਾਨਾਂ, ਡਾਕਟਰਾਂ ਅਤੇ ਅਧਿਆਪਕਾਂ ਨੂੰ ਲੋਕ ਲੰਬੇ ਸਮੇਂ ਤਕ ਇਸ ਲਈ ਯਾਦ ਕਰਦੇ ਰਹਿੰਦੇ ਹਨ, ਉਨ੍ਹਾਂ ਨੂੰ ਸਲਾਹੁੰਦੇ ਰਹਿੰਦੇ ਹਨ ਕਿਉਂਕਿ ਉਨ੍ਹਾਂ ਨੇ ਆਪਣੀ ਬੋਲਚਾਲ ਨਾਲ ਲੋਕਾਂ ਦਾ ਦਿਲ ਜਿੱਤਿਆ ਹੁੰਦਾ ਹੈ। ਉਨ੍ਹਾਂ ਦੇ ਵਿਵਹਾਰ ਵਿੱਚ ਹੰਕਾਰ, ਮਗਰੂਰੀ ਅਤੇ ਤਾਕਤ ਦਾ ਨਸ਼ਾ ਨਹੀਂ ਸਗੋਂ ਇਨਸਾਨੀਅਤ, ਨਿਮਰਤਾ ਅਤੇ ਅਧੀਨਗੀ ਹੁੰਦੀ ਹੈ। ਉਨ੍ਹਾਂ ਦੇ ਵਿਚਾਰਾਂ ਵਿੱਚ ਮਾਨਵਤਾ, ਭਲਾਈ ਅਤੇ ਪਵਿੱਤਰਤਾ ਹੁੰਦੀ ਹੈ। ਉਹੀ ਸਮਾਜ, ਦੇਸ਼ ਅਤੇ ਕੌਮਾਂ ਤਰੱਕੀ ਕਰਦੀਆਂ ਹਨ, ਜਿਨ੍ਹਾਂ ਵਿੱਚ ਅਜਿਹੇ ਬੁੱਧੀਮਨ ਲੋਕਾਂ ਦੀ ਨਫਰੀ ਜ਼ਿਆਦਾ ਹੁੰਦੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5115)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.