“ਮੁੜ ਉਸਦੇ ਹਸਪਤਾਲ ਵਿੱਚ ਜਾਣ ਦਾ ਸਾਡਾ ਹੌਸਲਾ ਹੀ ਨਹੀਂ ਪਿਆ ...”
(19 ਜਨਵਰੀ 2025)
ਡਾਕਟਰ ਨੂੰ ਰੱਬ ਦਾ ਰੂਪ ਮੰਨਿਆ ਗਿਆ ਹੈ ਕਿਉਂਕਿ ਡਾਕਟਰ ਮਰੀਜ਼ ਨੂੰ ਦੂਜਾ ਜਨਮ ਦਿੰਦੇ ਹਨ। ਕਿਸੇ ਹੱਦ ਤਕ ਇਹ ਗੱਲ ਠੀਕ ਵੀ ਹੈ ਪਰ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਅਜੋਕੇ ਯੁਗ ਵਿੱਚ ਲੋਕ ਬਿਮਾਰੀਆਂ ਤੋਂ ਵੱਧ ਡਾਕਟਰਾਂ ਤੋਂ ਡਰਦੇ ਹਨ। ਲੋਕਾਂ ਦੇ ਮੂੰਹਾਂ ਤੋਂ ਅਕਸਰ ਹੀ ਇਹ ਗੱਲ ਸੁਣਨ ਨੂੰ ਮਿਲਦੀ ਹੈ ਕਿ ਰੱਬਾ, ਡਾਕਟਰਾਂ ਅਤੇ ਵਕੀਲਾਂ ਦੇ ਵੱਸ ਨਾ ਪਾਈਂ। ਕਿਸੇ ਵੇਲੇ ਡਾਕਟਰੀ ਦੇ ਪਵਿੱਤਰ ਪੇਸ਼ੇ ਦਾ ਮੁੱਖ ਮੰਤਵ ਸੇਵਾ ਭਾਵ ਹੀ ਹੁੰਦਾ ਸੀ ਪਰ ਹੁਣ ਇਸ ਪੇਸ਼ੇ ਦਾ ਮੰਤਵ ਸੇਵਾ ਭਾਵ ਘੱਟ, ਪੈਸਾ ਕਮਾਉਣਾ ਵੱਧ ਬਣ ਚੁੱਕਾ ਹੈ। ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ, ਡਾਕਟਰੀ ਸਹੂਲਤਾਂ, ਚੰਗੇ ਇਲਾਜ ਦੀ ਘਾਟ ਅਤੇ ਮਰੀਜ਼ਾਂ ਦੀ ਵਧ ਰਹੀ ਗਿਣਤੀ ਨੇ ਗਰੀਬਾਂ ਅਤੇ ਮੱਧ ਵਰਗੀ ਲੋਕਾਂ ਨੂੰ ਬਿਨਾਂ ਇਲਾਜ ਤੋਂ ਮਰਨ ਜੋਗੇ ਕਰ ਦਿੱਤਾ ਹੈ। ਪਿਤਾ ਜੀ ਦੀ ਲੰਬੀ ਬਿਮਾਰੀ ਅਤੇ ਭਰਾਵਾਂ ਭੈਣਾਂ ਵਿੱਚੋਂ ਵੱਡਾ ਹੋਣ ਕਾਰਨ ਬਚਪਨ ਤੋਂ ਹੀ ਮੇਰਾ ਵਾਹ ਡਾਕਟਰਾਂ ਨਾਲ ਪੈ ਗਿਆ ਸੀ। ਮਾਂ ਅਤੇ ਛੋਟੇ ਭੈਣ ਭਰਾਵਾਂ ਨੂੰ ਬਿਮਾਰੀ ਦੀ ਸਥਿਤੀ ਵਿੱਚ ਡਾਕਟਰਾਂ ਕੋਲ ਲੈਕੇ ਜਾਣ ਦੀ ਜ਼ਿੰਮੇਵਾਰੀ ਮੇਰੀ ਹੀ ਹੁੰਦੀ ਸੀ। ਡਾਕਟਰਾਂ ਦੇ ਆਪਣੇ ਪੇਸ਼ੇ ਨਾਲੋਂ ਪੈਸਾ ਕਮਾਉਣ ਪ੍ਰਤੀ ਝੁਕਾਅ ਨੇ ਲੋਕਾਂ ਦੀ ਉਨ੍ਹਾਂ ਪ੍ਰਤੀ ਸੋਚ ਨੂੰ ਬਦਲ ਦਿੱਤਾ ਹੈ। ਆਪਣੇ ਇੱਕ ਪਰਮ ਮਿੱਤਰ ਦੀ ਸਲਾਹ ’ਤੇ ਮੈਂ ਇੱਕ ਨਾਮਵਰ ਹਸਪਤਾਲ ਦੇ ਆਰਥੋ ਦੇ ਡਾਕਟਰ ਕੋਲ ਆਪਣੀ ਪਤਨੀ ਦੇ ਇਲਾਜ ਲਈ ਪਹੁੰਚ ਗਿਆ। ਉਸਨੇ ਇਲਾਜ ਤੋਂ ਬਿਨਾਂ ਹੀ ਸਾਡੇ ਪੰਜਾਹ ਹਜ਼ਾਰ ਰੁਪਏ ਟੈਸਟਾਂ ਉੱਤੇ ਖਰਚ ਕਰਵਾ ਦਿੱਤੇ। ਉਨ੍ਹਾਂ ਟੈਸਟਾਂ ਵਿੱਚ ਉਸਨੇ ਕੈਂਸਰ ਦਾ ਟੈੱਸਟ ਵੀ ਕਰਵਾ ਦਿੱਤਾ ਜੋ ਕਿ ਮੇਰੀ ਪਤਨੀ ਨੂੰ ਹੈ ਹੀ ਨਹੀਂ ਸੀ। ਕਿਸੇ ਹੋਰ ਹਸਪਤਾਲ ਦੇ ਟੈਸਟਾਂ ਨੂੰ ਉਹ ਮੰਨਦਾ ਹੀ ਨਹੀਂ ਸੀ ਕਿਉਂਕਿ ਉਸਦੇ ਹਸਪਤਾਲ ਦੇ ਟੈਸਟਾਂ ਦੇ ਰੇਟ ਚਾਰ ਗੁਣਾ ਸਨ। ਮੁੜ ਉਸਦੇ ਹਸਪਤਾਲ ਵਿੱਚ ਜਾਣ ਦਾ ਸਾਡਾ ਹੌਸਲਾ ਹੀ ਨਹੀਂ ਪਿਆ।
ਪਰ ਸਾਰੇ ਡਾਕਟਰ ਇੱਕੋ ਜਿਹੇ ਨਹੀਂ ਹਨ। ਅਜੋਕੇ ਯੁਗ ਵਿੱਚ ਅਜਿਹੇ ਡਾਕਟਰ ਵੀ ਹਨ ਜੋ ਕਿ ਸੱਚਮੁੱਚ ਰੱਬ ਦਾ ਹੀ ਰੂਪ ਹਨ। ਉਹ ਪੈਸਾ ਕਮਾਉਣ ਨਾਲੋਂ ਲੋਕਾਂ ਦੀ ਸੇਵਾ ਕਰਨ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ। ਉਨ੍ਹਾਂ ਨੂੰ ਰੱਬ ਅਤੇ ਮੌਤ ਯਾਦ ਹੈ। ਉਹ ਮਰੀਜ਼ਾਂ ਦੀਆਂ ਜੇਬਾਂ ਨਾਲੋਂ ਉਨ੍ਹਾਂ ਦੀ ਬਿਮਾਰੀ ਵੱਲ ਜ਼ਿਆਦਾ ਧਿਆਨ ਦਿੰਦੇ ਹਨ। ਉਂਜ ਤਾਂ ਚੰਡੀਗੜ੍ਹ ਦੇ ਪੀ.ਜੀ.ਆਈ. ਹਸਪਤਾਲ ਦੇ ਲਗਭਗ ਸਾਰੇ ਡਾਕਟਰ ਹੀ ਰੱਬ ਦਾ ਰੂਪ ਹਨ ਕਿਉਂਕਿ ਉਹ ਪੈਸਾ ਕਮਾਉਣ ਲਈ ਨਹੀਂ ਸਗੋਂ ਮਰੀਜ਼ਾਂ ਦੀ ਸੇਵਾ ਕਰਨ ਲਈ ਹੀ ਡਾਕਟਰ ਬਣੇ ਹੋਏ ਹਨ ਪਰ ਉਨ੍ਹਾਂ ਵਿੱਚੋਂ ਸਰਜਨ ਸਮਿਤ ਬੈਨਰਜੀ ਵਰਗੇ ਕਈ ਡਾਕਟਰ ਅਜਿਹੇ ਵੀ ਹਨ, ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਆਪਣੇ ਮਰੀਜ਼ਾਂ ਪ੍ਰਤੀ ਅਰਪਿਤ ਕੀਤੀ ਹੋਈ ਹੈ। ਉਨ੍ਹਾਂ ਦੀ ਆਪਣੇ ਮਰੀਜ਼ਾਂ ਪ੍ਰਤੀ ਫ਼ਿਕਰਮੰਦੀ ਆਪਣੇ ਆਪ ਵਿੱਚ ਮਿਸਾਲ ਹੈ। ਮੇਰੇ ਇੱਕ ਮਿੱਤਰ ਦੀ ਭੈਣ ਦਾ ਸਰਜਨ ਡਾਕਟਰ ਸਮਿਤ ਬੈਨਰਜੀ ਨੇ ਬੱਚੇਦਾਨੀ ਦਾ ਅਪ੍ਰੇਸ਼ਨ ਰੱਖਿਆ ਹੋਇਆ ਸੀ। ਉਹ ਅਪ੍ਰੇਸ਼ਨ ਰੱਖੀ ਹੋਈ ਮਿਤੀ ਨੂੰ ਜ਼ਰੂਰ ਹੋਣਾ ਸੀ ਕਿਉਂਕਿ ਉਸ ਅਪ੍ਰੇਸ਼ਨ ਨੂੰ ਅੱਗੇ ਪਾਉਣ ਨਾਲ ਮਰੀਜ਼ ਦੀ ਜਾਨ ਨੂੰ ਖਤਰਾ ਹੋ ਸਕਦਾ ਸੀ। ਪਰ ਡਾਕਟਰ ਬੈਨਰਜੀ ਨੂੰ ਅਚਾਨਕ ਕਿਸੇ ਜ਼ਰੂਰੀ ਕੰਮ ਕਾਰਨ ਵਿਦੇਸ਼ ਜਾਣਾ ਪੈ ਗਿਆ। ਉਹ ਅਪ੍ਰੇਸ਼ਨ ਕੋਈ ਹੋਰ ਡਾਕਟਰ ਨਹੀਂ ਕਰ ਸਕਦਾ ਸੀ। ਮੇਰੇ ਮਿੱਤਰ ਦੀ ਭੈਣ ਦਾ ਪਰਿਵਾਰ ਉਸਦੀ ਜਾਨ ਨੂੰ ਲੈਕੇ ਬਹੁਤ ਘਬਰਾਇਆ ਹੋਇਆ ਸੀ। ਡਾਕਟਰ ਬੈਨਰਜੀ ਦੇ ਸਹਿਯੋਗੀ ਡਾਕਟਰ ਉਨ੍ਹਾਂ ਦੇ ਆਉਣ ਬਾਰੇ ਕੁਝ ਨਹੀਂ ਦੱਸ ਰਹੇ ਸਨ ਪਰ ਅਪ੍ਰੇਸ਼ਨ ਦੇ ਦੋ ਦਿਨ ਪਹਿਲਾਂ ਡਾਕਟਰ ਬੈਨਰਜੀ ਨੇ ਆਪਣੇ ਸਹਿਯੋਗੀ ਡਾਕਟਰਾਂ ਨੂੰ ਫੋਨ ਕਰਕੇ ਕਹਿ ਦਿੱਤਾ ਕਿ ਤੁਸੀਂ ਮਰੀਜ਼ ਅਤੇ ਅਪ੍ਰੇਸ਼ਨ ਦੀ ਤਿਆਰੀ ਕਰਕੇ ਰੱਖੋ, ਮੈਂ ਅਪ੍ਰੇਸ਼ਨ ਵਾਲੇ ਦਿਨ ਪਹੁੰਚ ਰਿਹਾ ਹਾਂ। ਡਾਕਟਰ ਬੈਨਰਜੀ ਅਪ੍ਰੇਸ਼ਨ ਵਾਲੇ ਦਿਨ ਏਅਰਪੋਰਟ ਤੋਂ ਸਿੱਧੇ ਅਪ੍ਰੇਸ਼ਨ ਥੀਏਟਰ ਵਿੱਚ ਪਹੁੰਚੇ। ਉਨ੍ਹਾਂ ਨੇ 19 ਘੰਟੇ ਦਾ ਅਪ੍ਰੇਸ਼ਨ ਕਰਕੇ ਮਰੀਜ਼ ਦੀ ਜਾਨ ਬਚਾ ਲਈ। ਉਹ ਇੱਕ ਹਫਤੇ ਬਾਅਦ ਮੁੜ ਆਪਣੇ ਭਰਾ ਦੇ ਅਪ੍ਰੇਸ਼ਨ ਲਈ ਵਿਦੇਸ਼ ਚਲੇ ਗਏ।
ਇਨ੍ਹਾਂ ਰੱਬ ਰੂਪੀ ਡਾਕਟਰਾਂ ਵਿੱਚੋਂ ਇੱਕ ਏਸ਼ੀਆ ਦੇ ਮੰਨੇ ਪ੍ਰਮੰਨੇ ਸਪਾਈਨ ਸਪੈਸ਼ਲਿਸਟਾਂ ਡਾਕਟਰ ਰਾਜ ਬਹਾਦੁਰ ਵੀ ਹੈ। ਡਾਕਟਰ ਰਾਜ ਬਹਾਦੁਰ ਦਾ ਸੰਬੰਧ ਇੱਕ ਸਧਾਰਣ ਜਿਹੇ ਪਰਿਵਾਰ ਨਾਲ ਰਿਹਾ ਹੈ। ਉਹ ਨੰਗਲ ਟਾਊਨਸ਼ਿੱਪ ਦੇ ਉਸ ਸਰਕਾਰੀ ਸਕੂਲ ਵਿੱਚ ਪੜ੍ਹਿਆ ਹੈ, ਜਿਸ ਵਿੱਚ ਮੈਂ ਲੈਕਚਰਾਰ ਵਜੋਂ ਪੜ੍ਹਾਇਆ ਹੈ। ਉਹ ਆਪਣੇ ਸਕੂਲ ਨੂੰ ਭੁੱਲਿਆ ਨਹੀਂ ਹੈ। ਉਸਨੇ ਆਪਣੇ ਸਕੂਲ ਨੂੰ ਪੰਜ ਲੱਖ ਰੁਪਏ ਭੇਜੇ ਹਨ ਤਾਂਕਿ ਲੋੜਵੰਦ ਬੱਚਿਆਂ ਦੀ ਮਦਦ ਕੀਤੀ ਜਾ ਸਕੇ। ਵੱਡੇ ਸ਼ਹਿਰਾਂ ਦੇ ਹਸਪਤਾਲਾਂ ਵਿੱਚ ਡਾਕਟਰ ਸਪਾਈਨ ਦੇ ਮਰੀਜ਼ ਨੂੰ ਵੇਖਣ ਦੀ ਸੱਤ ਸੌ ਰੁਪਏ ਤੋਂ ਪੰਦਰਾਂ ਸੌ ਰੁਪਏ ਫੀਸ ਲੈਂਦੇ ਹਨ ਪਰ ਡਾਕਟਰ ਰਾਜ ਬਹਾਦੁਰ ਦੇ ਹਸਪਤਾਲ ਦੀ ਫੀਸ ਕੇਵਲ ਪੰਜਾਹ ਰੁਪਏ ਹੈ। ਦੂਜੇ ਹਸਪਤਾਲਾਂ ਦੇ ਮੁਕਾਬਲੇ ਐਕਸਰੇ, ਸੀਟੀ ਸਕੈਨ, ਐੱਮ.ਆਰ.ਆਈ, ਤੇ ਹੋਰ ਟੈਸਟਾਂ ਦਾ ਖਰਚ ਬਹੁਤ ਘੱਟ ਹੈ। ਉਹ ਟੈਸਟਾਂ ਅਤੇ ਦਵਾਈਆਂ ਵਿੱਚੋਂ ਕਮਿਸ਼ਨ ਨਹੀਂ ਖਾਂਦਾ। ਉਹ ਦੂਜੇ ਡਾਕਟਰਾਂ ਦੇ ਮੁਕਾਬਲੇ ਅਪਰੇਸ਼ਨ ਦੇ ਬਹੁਤ ਘੱਟ ਪੈਸੇ ਲੈਂਦਾ ਹੈ। ਉਸ ਨੂੰ ਇਹ ਗੱਲ ਭੁੱਲੀ ਨਹੀਂ ਕਿ ਉਹ ਵੀ ਬਹੁਤ ਸਾਰੀਆਂ ਮੁਸ਼ਕਿਲਾਂ ਵਿੱਚੋਂ ਲੰਘ ਕੇ ਹੀ ਡਾਕਟਰ ਬਣਿਆ ਹੈ, ਇਸ ਲਈ ਉਹ ਗਰੀਬ ਲੋਕਾਂ ਦਾ ਇਲਾਜ ਬਿਨਾਂ ਪੈਸਿਆਂ ਤੋਂ ਵੀ ਕਰ ਦਿੰਦਾ ਹੈ। ਗਰੀਬ ਅਤੇ ਲੋੜਵੰਦ ਲੋਕਾਂ ਨੂੰ ਦਵਾਈਆਂ ਆਪਣੇ ਕੋਲੋਂ ਦੇ ਦਿੰਦਾ ਹੈ। ਉਹ ਮਰੀਜ਼ਾਂ ਦੇ ਅਪ੍ਰੇਸ਼ਨ ਪੈਸੇ ਬਣਾਉਣ ਲਈ ਨਹੀਂ ਕਰਦਾ, ਸਗੋਂ ਤਦ ਹੀ ਕਰਦਾ ਹੈ ਜੇਕਰ ਜ਼ਰੂਰੀ ਹੋਵੇ।
ਪੰਜਾਬ ਦੀ ਸਰਹੱਦ ਦੇ ਨੇੜੇ ਪੈਂਦੇ ਹਿਮਾਚਲ ਦੇ ਸ਼ਹਿਰ ਊਨਾ ਦੇ ਕੋਲ ਚਮੜੀ ਦੇ ਰੋਗਾਂ ਦਾ ਹਸਪਤਾਲ ਚਲਾ ਰਿਹਾ ਡਾਕਟਰ ਪ੍ਰਦੀਪ ਕੁਮਾਰ ਸ਼ਰਮਾ ਵੀ ਇਨਸਾਨੀਅਤ ਦਾ ਪੁਜਾਰੀ ਤੇ ਰੱਬ ਰੂਪੀ ਇਨਸਾਨ ਹੈ। ਉਸਦਾ ਸੰਬੰਧ ਵੀ ਇੱਕ ਸਧਾਰਨ ਜਿਹੇ ਪਰਿਵਾਰ ਨਾਲ ਹੈ। ਆਪਣੇ ਫ਼ੌਜੀ ਪਿਤਾ ਦੀ ਨੇਕ ਕਮਾਈ ਨਾਲ ਡਾਕਟਰ ਬਣੇ ਪ੍ਰਦੀਪ ਕੁਮਾਰ ਸ਼ਰਮਾ ਨੂੰ ਆਪਣੀ ਸੰਘਰਸ਼ ਮਈ ਜ਼ਿੰਦਗੀ ਦਾ ਪੂਰਾ ਇਹਸਾਸ ਹੈ। ਵੱਡੇ ਸ਼ਹਿਰਾਂ ਵਿੱਚ ਚਮੜੀ ਦੇ ਰੋਗਾਂ ਦੇ ਮਾਹਿਰ ਡਾਕਟਰ ਦੀ ਪਰਚੀ ਦੀ ਫੀਸ ਸੱਤ ਸੌ ਰੁਪਏ ਤੋਂ ਇੱਕ ਹਜ਼ਾਰ ਰੁਪਏ ਹੈ। ਦਸ ਦਿਨ ਬਾਅਦ ਨਵੀਂ ਪਰਚੀ ਬਣਦੀ ਹੈ। ਮਰੀਜ਼ ਦੇ ਹਜ਼ਾਰਾਂ ਰੁਪਏ ਟੈਸਟਾਂ ਅਤੇ ਦਵਾਈਆਂ ਉੱਤੇ ਖਰਚਾ ਦਿੱਤੇ ਜਾਂਦੇ ਹਨ। ਉਨ੍ਹਾਂ ਡਾਕਟਰਾਂ ਨੇ ਦਵਾਈਆਂ ਦੀ ਦੁਕਾਨ ਅਤੇ ਟੈਸਟਾਂ ਦੀ ਲੈਬ ਵੀ ਆਪਣੀ ਹੀ ਖੋਲ੍ਹੀ ਹੋਈ ਹੁੰਦੀ ਹੈ। ਗਰੀਬ ਆਦਮੀ ਆਪਣੇ ਇਲਾਜ ਲਈ ਉਨ੍ਹਾਂ ਕੋਲ ਜਾਣ ਤੋਂ ਪਹਿਲਾਂ ਸੌ ਵਾਰ ਸੋਚਦਾ ਹੈ। ਗਰੀਬ ਆਦਮੀ ਦਾ ਤਾਂ ਉਨ੍ਹਾਂ ਤੋਂ ਇਲਾਜ ਕਰਵਾਉਣ ਦਾ ਹੌਸਲਾ ਹੀ ਨਹੀਂ ਪੈਂਦਾ ਪਰ ਡਾਕਟਰ ਪ੍ਰਦੀਪ ਕੁਮਾਰ ਸ਼ਰਮਾ ਕੋਲੋਂ ਸਾਰੇ ਅਮੀਰ ਗਰੀਬ ਮਰੀਜ਼ ਇਲਾਜ ਕਰਵਾ ਸਕਦੇ ਹਨ ਕਿਉਂਕਿ ਉਸਦੀ ਪਰਚੀ ਕੇਵਲ ਦੋ ਸੌ ਰੁਪਏ ਹੈ। ਪੰਦਰਾਂ ਦਿਨ ਮਗਰੋਂ ਪਰਚੀ ਦੀ ਅੱਧੀ ਫੀਸ ਲਗਦੀ ਹੈ। ਟੈਸਟਾਂ ਲਈ ਉਸਨੇ ਨਾ ਕੋਈ ਲੈਬ ਖੋਲ੍ਹੀ ਹੋਈ ਹੈ ਅਤੇ ਨਾ ਦਵਾਈਆਂ ਲਈ ਕੋਈ ਦੁਕਾਨ। ਉਹ ਟੈੱਸਟ ਬਹੁਤ ਹੀ ਘੱਟ ਅਤੇ ਜ਼ਰੂਰੀ ਹੋਣ ’ਤੇ ਹੀ ਲਿਖਦਾ ਹੈ। ਉਹ ਟੈਸਟਾਂ ਅਤੇ ਦਵਾਈਆਂ ਦੇ ਕਮਿਸ਼ਨ ਵੀ ਨਹੀਂ ਲੈਂਦਾ। ਬਹੁਤ ਗਰੀਬ ਵਿਅਕਤੀ ਤੋਂ ਪਰਚੀ ਦੇ ਪੈਸੇ ਨਹੀਂ ਲੈਂਦਾ ਤੇ ਦਵਾਈ ਆਪਣੇ ਕੋਲੋਂ ਦੇ ਦਿੰਦਾ ਹੈ। ਉਹ ਸਿਫ਼ਾਰਿਸ਼ ਕਿਸੇ ਦੀ ਵੀ ਨਹੀਂ ਸੁਣਦਾ। ਗਰੀਬ, ਅਮੀਰ ਬੜੇ ਤੋਂ ਬੜੇ ਅਧਿਕਾਰੀ ਨੂੰ ਉਸਦੇ ਨੰਬਰ ਆਉਣ ’ਤੇ ਹੀ ਵੇਖਦਾ ਹੈ, ਕਿਸੇ ਆਰਮਰਜੈਂਸੀ ਵਾਲੇ ਮਰੀਜ਼ ਨੂੰ ਪਹਿਲ ਦੇ ਅਧਾਰ ’ਤੇ ਵੇਖਦਾ ਹੈ।
ਡਾਕਟਰੀ ਦੇ ਪੇਸ਼ੇ ਵਿੱਚ ਆਉਣ ਵਾਲੇ ਲੋਕਾਂ ਨੂੰ ਇਹ ਗੱਲ ਜ਼ਰੂਰ ਸੋਚਣੀ ਚਾਹੀਦੀ ਹੈ ਕਿ ਪ੍ਰਮਾਤਮਾ ਕਿਸਮਤ ਵਾਲਿਆਂ ਨੂੰ ਹੀ ਡਾਕਟਰ ਬਣਨ ਦਾ ਮੌਕਾ ਦਿੰਦਾ ਹੈ। ਆਪਣੇ ਇਸ ਗੁਣ ਨੂੰ ਮਰੀਜ਼ਾਂ ਦੀ ਸੇਵਾ ਵਿੱਚ ਲਗਾ ਦੇਣਾ ਚਾਹੀਦਾ ਹੈ ਤਾਂ ਕਿ ਗਰੀਬ ਤੋਂ ਗਰੀਬ ਲੋਕ ਵੀ ਉਨ੍ਹਾਂ ਦੇ ਇਸ ਗੁਣ ਦਾ ਲਾਭ ਉਠਾ ਸਕਣ। ਪੈਸੇ ਦੇ ਲਾਲਚੀ ਲੋਕਾਂ ਨੂੰ ਡਾਕਟਰੀ ਦੇ ਖੇਤਰ ਵਿੱਚ ਆਉਣਾ ਹੀ ਨਹੀਂ ਚਾਹੀਦਾ। ਸਰਕਾਰਾਂ ਨੂੰ ਚਾਹੀਦਾ ਹੈ ਕਿ ਮੈਡੀਕਲ ਕਾਲਜਾਂ ਦੀ ਫੀਸ ਘੱਟ ਤੋਂ ਘੱਟ ਕੀਤੀ ਜਾਵੇ, ਮੈਨੇਜਮੈਂਟ ਸੀਟਾਂ ਦੀ ਵਿਵਸਥਾ ਖਤਮ ਕੀਤੀ ਜਾਵੇ। ਮੈਡੀਕਲ ਕਾਲਜਾਂ ਅਤੇ ਉਨ੍ਹਾਂ ਵਿੱਚ ਸੀਟਾਂ ਦੀ ਗਿਣਤੀ ਵਧਾਈ ਜਾਵੇ ਤਾਂਕਿ ਗਰੀਬ ਤੋਂ ਗਰੀਬ ਬੱਚੇ ਵੀ ਇਸ ਖੇਤਰ ਵਿੱਚ ਆ ਸਕਣ ਅਤੇ ਇਸ ਖੇਤਰ ਵਿੱਚ ਮਰੀਜ਼ਾਂ ਦੀ ਸੇਵਾ ਕਰਨ ਦਾ ਰੁਝਾਨ ਪੈਦਾ ਹੋ ਸਕੇ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)