“ਉਹ ਮਾਂ ਨੂੰ ਇੱਕੋ ਗੱਲ ਕਹਿੰਦੇ, ਬੱਚੇ ਸ਼ਰਾਰਤਾਂ ਕਰਦੇ ਹੀ ਹੁੰਦੇ ਹਨ, ਇਨ੍ਹਾਂ ਦੀਆਂ ਸ਼ਰਾਰਤਾਂ ਦਾ ...”
(13 ਅਪਰੈਲ 2025)
ਅਪਰੈਲ ਦਾ ਮਹੀਨਾ ਚੜ੍ਹਦਿਆਂ ਹੀ ਮਨ ਆਪਣੇ ਪਿੰਡ ਦੇ ਸਤਲੁਜ ਦਰਿਆ ਦੇ ਕੰਢੇ ਉੱਤੇ ਜਾ ਪਹੁੰਚਦਾ ਹੈ। ਦਿਲ ਕਰਦਾ ਹੈ ਕਿ ਪ੍ਰਮਾਤਮਾ ਕਰੇ ਬਚਪਨ ਦੇ ਉਹ ਦਿਨ ਮੁੜ ਆਉਣ। ਵਿਸਾਖੀ ਦੇ ਤਿਉਹਾਰ ਨਾਲ ਜੁੜੀਆਂ ਯਾਦਾਂ ਇੱਕ-ਇੱਕ ਕਰਕੇ ਅੱਖਾਂ ਅੱਗੋਂ ਲੰਘਣ ਲੱਗ ਪੈਂਦੀਆਂ ਹਨ। ਅਸੀਂ ਪਿਤਾ ਜੀ ਨੂੰ ਵਿਸਾਖੀ ਦੇ ਤਿਉਹਾਰ ’ਤੇ ਲੈਕੇ ਜਾਉਣ ਲਈ ਕਹਿਣ ਲੱਗ ਪੈਣਾ। ਉਨ੍ਹਾਂ ਵੱਲੋਂ ਕੋਈ ਤਸੱਲੀਬਖਸ਼ ਜਵਾਬ ਨਾ ਮਿਲਣ ’ਤੇ ਜ਼ਿਦ ਕਰਨ ਲੱਗ ਪੈਣਾ। ਜ਼ਿਆਦਾ ਜ਼ਿਦ ਕਰਨ ’ਤੇ ਪਿਤਾ ਜੀ ਦਾ ਝਿੜਕੇ ਮਾਰਨਾ। ਉਸ ਤੋਂ ਬਾਅਦ ਅਸੀਂ ਪਿਤਾ ਜੀ ਨੂੰ ਕਹਿਣ ਲਈ ਮਾਂ ਦੇ ਹਾੜ੍ਹੇ ਕੱਢਣਾ ਲੱਗ ਪੈਣਾ। ਅਖੀਰ ਵਿੱਚ ਮਾਂ ਦਾ ਇਹ ਕਹਿਣਾ ਕਿ ਹੁਣੇ ਹੀ ਜਾਨ ਕਿਉਂ ਖਾਣ ਲੱਗ ਪਏ ਹੋ, ਵਿਸਾਖੀ ਵਾਲਾ ਦਿਨ ਤਾਂ ਆਉਣ ਦਿਓ। ਇਹ ਸਾਡਾ ਹਰ ਸਾਲ ਦਾ ਹੀ ਵਰਤਾਰਾ ਹੁੰਦਾ ਸੀ। ਪਿਤਾ ਜੀ ਹਰ ਸਾਲ ਵਿਸਾਖੀ ਦੇ ਤਿਉਹਾਰ ’ਤੇ ਸਤਲੁਜ ਦੇ ਕੰਢੇ ਲੈ ਵੀ ਜਾਂਦੇ ਸਨ ਪਰ ਪਤਾ ਨਹੀਂ ਸਾਨੂੰ ਭੈਣ-ਭਰਾਵਾਂ ਨੂੰ ਇਹ ਕਿਉਂ ਲਗਦਾ ਸੀ ਕਿ ਕਿਤੇ ਸਾਡਾ ਵਿਸਾਖੀ ਦੇ ਤਿਉਹਾਰ ਉੱਤੇ ਜਾਣਾ ਰਹਿ ਨਾ ਜਾਵੇ। ਪਿਤਾ ਜੀ ਇਸ ਸ਼ਰਤ ’ਤੇ ਕਿ ਤੁਸੀਂ ਮੈਨੂੰ ਰਾਹ ਵਿੱਚ ਤੰਗ ਨਹੀਂ ਕਰੋਗੇ, ਵਿਸਾਖੀ ਦੇ ਤਿਉਹਾਰ ’ਤੇ ਲੈਕੇ ਜਾਣ ਲਈ ਇੱਕ ਦਿਨ ਪਹਿਲਾਂ ਹਾਂ ਕਰ ਦਿੰਦੇ ਸਨ। ਪਿਤਾ ਜੀ ਦੀ ਹਾਂ ਸੁਣਕੇ ਸਾਡੇ ਚਿਹਰੇ ਖਿੜ ਜਾਂਦੇ ਸਨ। ਵਿਸਾਖੀ ਦਾ ਤਿਉਹਾਰ ਭਾਵੇਂ ਦੂਜੇ ਦਿਨ ਹੁੰਦਾ ਸੀ ਪਰ ਅਸੀਂ ਕਲਪਨਾ ਵਿੱਚ ਇੱਕ ਦਿਨ ਪਹਿਲਾਂ ਹੀ ਸਤਲੁਜ ਦੇ ਕੰਢੇ ਪਹੁੰਚ ਜਾਂਦੇ ਸਾਂ। ਮਾਂ ਸਵੇਰੇ ਸਵਖਤੇ ਜਾਣ ਕਰਕੇ ਛੇਤੀ ਸੌਣ ਲਈ ਕਹਿੰਦੀ ਪਰ ਕਲਪਨਾ ਛੇਤੀ ਸੌਣ ਹੀ ਨਹੀਂ ਦਿੰਦੀ ਸੀ।
ਸੌਣ ਦਾ ਯਤਨ ਵੀ ਕਰੀਦਾ ਸੀ ਪਰ ਅਮ੍ਰਤੀਆਂ, ਜਲੇਬੀਆਂ, ਪਕੌੜਿਆਂ, ਖਿਡੌਣਿਆਂ ਤੇ ਦਰਿਆ ਦੇ ਕੰਢੇ ਨਹਾਉਂਦਿਆਂ ਪਾਣੀ ਵਿੱਚ ਛੜੱਪੇ ਮਾਰਨ ਦੇ ਸੁਪਨੇ ਨੀਂਦ ਨਹੀਂ ਆਉਣ ਦਿੰਦੇ ਸਨ। ਨੀਂਦ ਨੇ ਤਾਂ ਆਉਣਾ ਹੀ ਹੁੰਦਾ ਸੀ। ਪਹਿਲਾਂ ਤਾਂ ਹਰ ਰੋਜ਼ ਸਵੇਰੇ ਮਾਂ ਨੂੰ ਅਵਾਜ਼ਾਂ ਮਾਰਕੇ ਉਠਾਉਣਾ ਪੈਂਦਾ ਸੀ ਪਰ ਵਿਸਾਖੀ ਦੇ ਤਿਉਹਾਰ ’ਤੇ ਜਾਣ ਦਾ ਚਾਅ ਸਵੇਰੇ ਸਵਖਤੇ ਉਠਾਕੇ ਬਿਠਾ ਦਿੰਦਾ ਸੀ। ਘਰ ਤੋਂ ਜਾਣ ਲੱਗਿਆਂ ਕੋਈ ਜ਼ਿਦ ਨਹੀਂ ਕਰਦਾ ਸੀ ਪਰ ਘਰ ਤੋਂ ਥੋੜ੍ਹੀ ਦੂਰ ਜਾਣ ’ਤੇ ਹੀ ਅਸੀਂ ਆਪਣਾ-ਆਪਣਾ ਘਸਮਾਣ ਪਾਕੇ ਬਹਿ ਜਾਂਦੇ ਸੀ। ਕਿਸੇ ਦੀ ਮੰਗ ਸਾਇਕਲ ਦੇ ਡੰਡੇ ਉੱਤੇ ਲੱਗੀ ਕਾਠੀ ਉੱਤੇ ਬੈਠਣ ਦੀ ਹੁੰਦੀ ਸੀ ਤੇ ਕੋਈ ਪਿੱਛੇ ਬੈਠਣ ਦੀ ਜ਼ਿਦ ਕਰਦਾ ਸੀ। ਚਾਰ ਬੱਚਿਆਂ ਨੂੰ ਸਾਇਕਲ ਉੱਤੇ ਲਿਜਾਣਾ ਔਖਾ ਹੁੰਦਾ ਸੀ। ਪੈਦਲ ਚੱਲਣ ਲਈ ਕੋਈ ਤਿਆਰ ਨਹੀਂ ਹੁੰਦਾ ਸੀ। ਪਿਤਾ ਜੀ ਨੂੰ ਹੀ ਪੈਦਲ ਚੱਲਣਾ ਪੈਂਦਾ ਸੀ। ਮਨ ਵਿੱਚ ਛੇਤੀ ਤੋਂ ਛੇਤੀ ਪਹੁੰਚਣ ਦੀ ਕਾਹਲ ਹੁੰਦੀ ਸੀ। ਦਰਿਆ ਉੱਤੇ ਪਹੁੰਚ ਕੇ ਅਸੀਂ ਪਿਤਾ ਜੀ ਨੂੰ ਸਾਈਕਲ ਖੜ੍ਹਾ ਕਰਨਾ ਔਖਾ ਕਰ ਦਿੰਦੇ। ਸਾਈਕਲ ਉੱਤੋਂ ਉੱਤਰਦਿਆਂ ਹੀ ਅਸੀਂ ਦਰਿਆ ਦੇ ਕੰਢੇ ਵੱਲ ਨੂੰ ਭੱਜਦੇ। ਪਿਤਾ ਜੀ ਸਾਨੂੰ ਹਾਕਾਂ ਮਾਰਦੇ ਰਹਿ ਜਾਂਦੇ।
ਦਰਿਆ ਵਿੱਚ ਵੜਦਿਆਂ ਹੀ ਅਸੀਂ ਇੱਕ ਦੂਜੇ ਉੱਤੇ ਪਾਣੀ ਸੁੱਟਣ, ਪਾਣੀ ਵਿੱਚ ਛੜੱਪੇ ਮਾਰਨ ਅਤੇ ਹੋਰ ਸ਼ਰਾਰਤਾਂ ਕਰਨ ਲੱਗ ਜਾਂਦੇ। ਹੋਰ ਡੂੰਘੇ ਪਾਣੀ ਵਿੱਚ ਨਹਾਉਣ ਦੇ ਚਾਅ ਵਿੱਚ ਅਸੀਂ ਦਰਿਆ ਦੇ ਕੰਢੇ ਤੋਂ ਅੱਗੇ ਵਧਣ ਲੱਗ ਪੈਂਦੇ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਪਿਤਾ ਜੀ ਨੂੰ ਸਾਨੂੰ ਪਾਣੀ ਵਿੱਚ ਸ਼ਰਾਰਤਾਂ ਕਰਨ ਅਤੇ ਅੱਗੇ ਵਧਣ ਤੋਂ ਰੋਕਣ ਲਈ ਝਿੜਕਾਂ ਮਾਰਨੀਆਂ ਪੈਂਦੀਆਂ ਅਤੇ ਅੱਗੇ ਤੋਂ ਨਾ ਲਿਆਉਣ ਦਾ ਡਰ ਦੇਣਾ ਪੈਂਦਾ ਸੀ ਪਰ ਉਨ੍ਹਾਂ ਦੀ ਗੱਲ ਕੋਈ ਨਹੀਂ ਸੁਣਦਾ ਸੀ। ਸਾਰੇ ਇੱਕ ਦੂਜੇ ਉੱਤੇ ਗੱਲ ਸੁੱਟਕੇ ਆਪਣੇ ਆਪ ਨੂੰ ਨਿਰਦੋਸ਼ ਦੱਸਣ ਲੱਗਣ ਪੈਂਦੇ ਸਨ। ਪਿਤਾ ਜੀ ਨੂੰ ਕਈ ਵਾਰ ਇਹ ਗੱਲ ਕਹਿਣੀ ਪੈਂਦੀ ਸੀ ਕਿ ਹੁਣ ਨਿਕਲ ਵੀ ਆਉ, ਬਥੇਰਾ ਨਹਾ ਲਏ। ਥੱਕ ਹਾਰ ਕੇ ਡੇਢ ਦੋ ਘੰਟੇ ਬਾਅਦ ਅਸੀਂ ਪਾਣੀ ਵਿੱਚੋਂ ਨਿਕਲ ਤਾਂ ਆਉਂਦੇ ਪਰ ਅਜੇ ਵੀ ਸਾਡਾ ਮਨ ਭਰਿਆ ਨਹੀਂ ਹੁੰਦਾ ਸੀ। ਉਸ ਤੋਂ ਬਾਅਦ ਵਾਰੀ ਖਿਡੌਣੇ ਖਰੀਦਣ ਦੀ ਆਉਂਦੀ ਸੀ।
ਪਿਤਾ ਜੀ ਦਿਲ ਦੇ ਬਹੁਤ ਅਮੀਰ ਸਨ। ਸਾਰੇ ਮਾਂ-ਬਾਪ ਆਪਣੇ ਬੱਚਿਆਂ ਨਾਲ ਪਿਆਰ ਕਰਦੇ ਅਤੇ ਆਪਣੀ ਸਮਰੱਥਾ ਮੁਤਾਬਿਕ ਉਨ੍ਹਾਂ ਦੀਆਂ ਇੱਛਾਵਾਂ ਪੂਰੀਆਂ ਕਰਦੇ ਹਨ ਪਰ ਪਿਤਾ ਜੀ ਸਾਨੂੰ ਹੱਦੋਂ ਵੱਧ ਪਿਆਰ ਕਰਦੇ ਸਨ। ਸਾਡੀ ਦੁਕਾਨ ਉੱਤੇ ਹਰ ਤਰ੍ਹਾਂ ਦੇ ਖਿਡੌਣੇ ਹੁੰਦੇ ਸਨ ਪਰ ਵਿਸਾਖੀ ਦੇ ਤਿਉਹਾਰ ਉੱਤੇ ਲੱਗੀਆਂ ਦੁਕਾਨਾਂ ਤੋਂ ਖਿਡੌਣੇ ਖਰੀਦਣ ਦਾ ਚਾਅ ਬਹੁਤ ਜ਼ਿਆਦਾ ਹੁੰਦਾ ਸੀ। ਅਸੀਂ ਪਾਣੀ ਵਾਲੇ, ਗੈਸ ਵਾਲੇ ਗੁਬਾਰੇ, ਚਾਬੀ ਵਾਲੇ ਜਹਜ਼, ਟਰੈਕਟਰ, ਪੱਖੇ, ਟਰੈਂ-ਟਰੈਂ ਵਾਲਾ ਡਡੂ ਖਿਡੌਣਾ, ਵਾਜਾ ਬਾਂਸਰੀ, ਹੈਟ ਅਤੇ ਹੋਰ ਕਈ ਤਰ੍ਹਾਂ ਦੇ ਖਿਡੌਣੇ ਜ਼ਰੂਰ ਖਰੀਦਦੇ ਸਾਂ ਪਰ ਖੁਸ਼ ਫਿਰ ਵੀ ਕੋਈ ਨਹੀਂ ਹੁੰਦਾ ਸੀ। ਗੋਲੀ ਵਾਲੀ ਸੋਢੇ ਦੀ ਬੋਤਲ, ਬਰੋਟੇ ਦੇ ਪੱਤੇ ਉੱਤੇ ਨੋਰੀਏ ਬਾਬੇ ਦੀ ਖੋਏ ਵਾਲੀ ਬਰਫ ਅਤੇ ਲਾਲ ਕੁਲਫੀ ਅਸੀਂ ਬੜੇ ਸ਼ੌਕ ਨਾਲ ਖਾਂਦੇ ਸਾਂ। ਅਮ੍ਰਤੀਆਂ, ਜਲੇਬੀਆਂ ਅਤੇ ਪਕੌੜੇ ਤਾਂ ਅਸੀਂ ਪਹਿਲਾਂ ਵੀ ਖਾਂਦੇ ਸਾਂ ਪਰ ਵਿਸਾਖੀ ਦੇ ਤਿਉਹਾਰ ਉੱਤੇ ਸਾਧ ਤਾਏ ਅਤੇ ਜੁਗਲੂ ਚਾਚੇ ਵੱਲੋਂ ਲਗਾਈਆਂ ਦੁਕਾਨਾਂ ਉੱਤੇ ਇਹ ਸਾਰੀਆਂ ਚੀਜ਼ਾਂ ਖਾਣ ਦਾ ਸਵਾਦ ਵੱਖਰਾ ਹੀ ਹੁੰਦਾ ਸੀ। ਨਾ ਚਾਹੁੰਦੇ ਹੋਏ ਵੀ ਪਿਤਾ ਜੀ ਨਾਲ ਘਰ ਨੂੰ ਮੁੜਨਾ ਹੀ ਪੈਂਦਾ ਸੀ। ਰਸਤੇ ਵਿੱਚ ਲੱਗੇ ਅੰਬਾਂ ਦੇ ਰੁੱਖਾਂ ਤੋਂ ਪੱਥਰ ਮਾਰਕੇ ਅੰਬੀਆਂ ਝਾੜ ਕੇ ਨਮਕ ਨਾਲ ਖਾਣ ਦਾ ਪੜਾਅ ਸਾਡੇ ਲਈ ਬਹੁਤ ਮਹੱਤਵ ਪੂਰਨ ਹੁੰਦਾ ਸੀ। ਘਰ ਪਹੁੰਚਦਿਆਂ ਹੀ ਮਾਂ ਦਾ ਪਿਤਾ ਜੀ ਨੂੰ ਸਵਾਲ ਹੁੰਦਾ, ਇਨ੍ਹਾਂ ਨੇ ਬਹੁਤਾ ਤੰਗ ਤਾਂ ਨਹੀਂ ਕੀਤਾ? ਪਿਤਾ ਜੀ ਕਦੇ ਵੀ ਮਾਂ ਕੋਲ ਸਾਡੀ ਸ਼ਿਕਾਇਤ ਨਹੀਂ ਕਰਦੇ ਸੀ। ਉਹ ਮਾਂ ਨੂੰ ਇੱਕੋ ਗੱਲ ਕਹਿੰਦੇ, ਬੱਚੇ ਸ਼ਰਾਰਤਾਂ ਕਰਦੇ ਹੀ ਹੁੰਦੇ ਹਨ, ਇਨ੍ਹਾਂ ਦੀਆਂ ਸ਼ਰਾਰਤਾਂ ਦਾ ਗੁੱਸਾ ਕਾਹਦੇ ਲਈ ਕਰਨਾ।
ਵਿਸਾਖੀ ਦੇ ਤਿਉਹਾਰ ਉੱਤੇ ਮਾਂ ਵੱਲੋਂ ਬਣਾਏ ਗਏ ਮਾਂਹ ਚਾਵਲ ਖਾ ਕੇ ਥੱਕ ਹਾਰ ਕੇ ਸੌਂ ਜਾਈਦਾ ਸੀ। ਪਿਤਾ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਕਦੇ ਵੀ ਵਿਸਾਖੀ ਦੇ ਤਿਉਹਾਰ ਉੱਤੇ ਜਾਣ ਨੂੰ ਸਾਡਾ ਮਨ ਨਹੀਂ ਕੀਤਾ। ਹੁਣ ਸਾਡੇ ਬਚਪਨ ਵਾਲੇ ਸਤਲੁਜ ਦੇ ਕੰਢੇ ਪਹਿਲਾਂ ਵਾਲੀ ਵਿਸਾਖੀ ਨਹੀਂ ਮੰਨਦੀ। ਹੁਣ ਉੱਥੇ ਕੋਈ ਦੁਕਾਨਾਂ ਨਹੀਂ ਲੱਗਦੀਆਂ। ਵਿਸਾਖੀ ਦੇ ਤਿਉਹਾਰ ਉੱਤੇ ਬੱਚਿਆਂ ਨੂੰ ਉੱਥੇ ਜਾਣ ਦਾ ਕੋਈ ਚਾਅ ਨਹੀਂ ਹੁੰਦਾ ਕਿਉਂਕਿ ਹੁਣ ਸਤਲੁਜ ਸੁੰਗੜ ਗਿਆ ਹੈ, ਹੁਣ ਪਾਣੀ ਨਾ ਮਾਤਰ ਦਾ ਰਹਿ ਗਿਆ ਹੈ, ਵਰੇਤੀ ਨਿਕਲ ਆਈ ਹੈ, ਹੁਣ ਸਤਲੁਜ ਉਦਾਸ ਹੈ। ਉਮਰ ਦੇ ਆਖ਼ਰੀ ਪੜਾਅ ਵਿੱਚ ਵੀ ਬਚਪਨ ਦੀਆਂ ਵਿਸਾਖੀ ਦੇ ਤਿਉਹਾਰ ਨਾਲ ਜੁੜੀਆਂ ਯਾਦਾਂ ਮੁੜ-ਮੁੜ ਗੇੜੇ ਮਾਰਦੀਆਂ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.om)