“ਲੋੜ ਪੈਣ ’ਤੇ ਜਾਂ ਸਮੇਂ ਅਨੁਸਾਰ ਨਾ ਬੋਲਣਾ ਵੀ ਮਨੁੱਖ ਦੀ ਪ੍ਰਭਾਵਸ਼ਾਲੀ ਸ਼ਖਸੀਅਤ ਦੇ ਅਨੁਕੂਲ ਨਹੀਂ ਹੁੰਦਾ ...”
(3 ਫਰਵਰੀ 2024)
ਇਸ ਸਮੇਂ ਪਾਠਕ: 255.
ਇਹ ਕੋਈ ਜ਼ਰੂਰੀ ਨਹੀਂ ਹੈ ਕਿ ਮਨੁੱਖ ਦੀ ਕਲਮ ਨਾਲ ਲਿਖੇ ਹੋਏ ਅਤੇ ਮੂੰਹ ਨਾਲ ਬੋਲੇ ਹੋਏ ਸ਼ਬਦ ਹੀ ਦੂਜਿਆਂ ਦੇ ਦਿਲਾਂ ਨੂੰ ਛੂਹ ਸਕਦੇ ਹਨ, ਮਨਾਂ ਨੂੰ ਟੁੰਬ ਸਕਦੇ ਹਨ ਜਾਂ ਹੋਰ ਕਿਸੇ ਤਰ੍ਹਾਂ ਪ੍ਰਭਾਵਿਤ ਕਰ ਸਕਦੇ ਹਨ - ਚੁੱਪ ਦੇ ਵੀ ਆਪਣੇ ਅਰਥ ਹੁੰਦੇ ਹਨ। ਚੁੱਪ ਵਿੱਚ ਸੰਬੰਧਤ ਵਿਆਤੀ ਦੀ ਸੂਝ-ਬੂਝ ਅਤੇ ਸਿਆਣਪ ਲੁਕੀ ਹੋਈ ਹੁੰਦੀ ਹੈ। ਹਿੰਦੀ ਭਾਸ਼ਾ ਦੇ ਮਹਾਨ ਵਿਦਵਾਨ ਸੁਮਿੱਤਰਾ ਨੰਦਨ ਪੰਤ ਦਾ ਕਹਿਣਾ ਹੈ ਕਿ ਗੁਣਵਾਨ ਅਤੇ ਸੁਲਝੇ ਹੋਏ ਲੋਕਾਂ ਦੀ ਸ਼ਖਸੀਅਤ ਦੀ ਚੁੱਪ ਦੇ ਸ਼ਬਦ ਦੂਜਿਆਂ ਦੇ ਮਨਾਂ ਉੱਤੇ ਉਹ ਪ੍ਰਭਾਵ ਛੱਡ ਜਾਂਦੇ ਹਨ ਜੋ ਕਿ ਕਲਮ ਨਾਲ ਲਿਖੇ ਅਤੇ ਮੂੰਹ ਨਾਲ ਬੋਲੇ ਸ਼ਬਦ ਨਹੀਂ ਛੱਡ ਪਾਉਂਦੇ। ਉਨ੍ਹਾਂ ਲੋਕਾਂ ਦੀ ਸ਼ਖਸੀਆਤ ਦੀ ਚੁੱਪ ਦੇ ਸ਼ਬਦ ਹੀ ਅਸਰਦਾਰ ਹੁੰਦੇ ਹਨ ਜੋ ਸੁਭਾਅ ਦੇ ਸ਼ਾਂਤ ਅਤੇ ਗੰਭੀਰ ਹੁੰਦੇ ਹਨ। ਉਹ ਬਿਨਾਂ ਮਤਲਬ ਅਤੇ ਬੇਹੂਦਾ ਨਹੀਂ ਬੋਲਦੇ। ਉਹ ਸੰਵੇਦਨਸ਼ੀਲ, ਡੁੰਘਾਈ ਨਾਲ ਸੋਚਣ ਵਾਲੇ, ਸਹਿਣਸ਼ੀਲ ਅਤੇ ਸਬਰ ਸੰਤੋਖ ਦੀ ਭਾਵਨਾ ਰੱਖਣ ਵਾਲੇ ਹੁੰਦੇ ਹਨ। ਉਹ ਲਾਲਚ ਅਤੇ ਸਵਾਰਥ ਨੂੰ ਆਪਣੇ ਨੇੜੇ ਢੁੱਕਣ ਨਹੀਂ ਦਿੰਦੇ ਹਨ। ਉਹ ਆਪਣੀ ਜ਼ਿੰਦਗੀ ਵਿੱਚ ਆਉਣ ਵਾਲੇ ਤਿਆਗ ਦੇ ਮੌਕੇ ਨੂੰ ਕਦੇ ਵੀ ਹੱਥੋਂ ਖੁੰਝਣ ਨਹੀਂ ਦਿੰਦੇ ਹਨ। ਚੰਗੇ ਅਧਿਆਪਕ, ਡਾਕਟਰ, ਵਕੀਲ, ਜੱਜ, ਮਨੋਵਿਗਿਆਨਕ, ਸਲਾਹਕਾਰ, ਪ੍ਰਬੰਧਕ ਅਤੇ ਚੰਗੇ ਸੰਤ ਬਹੁਤ ਜ਼ਿਆਦਾ ਬੋਲਣ ਨਾਲੋਂ ਜ਼ਿਆਦਾ ਚੁੱਪ ਰਹਿਣ ਨੂੰ ਤਰਜੀਹ ਦਿੰਦੇ ਹਨ। ਕਿਉਂਕਿ ਉਨ੍ਹਾਂ ਦੀ ਸ਼ਖਸੀਅਤ ਦੀ ਚੁੱਪ ਦੇ ਸ਼ਬਦ ਹੀ ਦੂਜਿਆਂ ਨੂੰ ਬਹੁਤ ਕੁਝ ਸਮਝਾ ਦਿੰਦੇ ਹਨ। ਕਲਮ ਅਤੇ ਜੀਭ ਦੇ ਸ਼ਬਦਾਂ ਨਾਲੋਂ ਚੁੱਪ ਦੇ ਸ਼ਬਦ ਜ਼ਿਆਦਾ ਪ੍ਰਭਾਵਸ਼ਾਲੀ ਅਤੇ ਤਾਕਤਵਾਰ ਹੁੰਦੇ ਹਨ। ਮਨੁੱਖ ਤਲਖ਼ੀ ਵਿੱਚ ਬੋਲਦਾ ਬੋਲਦਾ ਕੁਝ ਅਜਿਹਾ ਬੋਲ ਜਾਂਦਾ ਹੈ ਜੋ ਉਸਦੀ ਸ਼ਖਸੀਅਤ ਦਾ ਦੂਜਿਆਂ ਉੱਤੇ ਮਾੜਾ ਅਸਰ ਪਾਉਂਦਾ ਹੈ।
ਵਿਦਵਾਨ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਮੂੰਹ ਤੋਂ ਇੱਕ ਵਾਰ ਨਿਕਲੇ ਸ਼ਬਦ ਮੁੜ ਵਾਪਸ ਨਹੀਂ ਆਉਂਦੇ। ਉਹ ਮਨੁੱਖ ਨੂੰ ਤਾਅ ਉਮਰ ਬੁਰਾ ਬਣਾ ਦਿੰਦੇ ਹਨ ਅਤੇ ਦੂਜਿਆਂ ਨਾਲੋਂ ਉਸਦੇ ਸੰਬੰਧ ਤੋੜ ਦਿੰਦੇ ਹਨ। ਪਰ ਚੁੱਪ ਦੇ ਸ਼ਬਦ ਨਾ ਤਾਂ ਮਨੁੱਖ ਨੂੰ ਬੁਰਾ ਬਣਨ ਦਿੰਦੇ ਹਨ ਤੇ ਨਾ ਹੀ ਦੂਜਿਆਂ ਨਾਲੋਂ ਉਸਦੇ ਸੰਬੰਧਾਂ ਨੂੰ ਟੁੱਟਣ ਦਿੰਦੇ ਹਨ। ਮਨੁੱਖ ਜਦੋਂ ਤਕ ਆਪਣੀ ਜ਼ਬਾਨ ਤੋਂ ਕੁਝ ਨਹੀਂ ਬੋਲਦਾ, ਉਦੋਂ ਤਕ ਉਹ ਦੂਜਿਆਂ ਲਈ ਅਜਨਬੀ ਬਣਿਆ ਰਹਿੰਦਾ ਹੈ। ਉਸਦੇ ਮਨ ਵਿੱਚ ਕੀ ਹੈ, ਉਹ ਉਸ ਬਾਰੇ ਜਾਣ ਨਹੀਂ ਪਾਉਂਦੇ। ਚੁੱਪ ਦੇ ਸ਼ਬਦ ਆਪਣੀ ਲੈਅ ਵਿੱਚ ਆਪਣੇ ਮਨ ਦੀ ਗੱਲ ਬੜੇ ਹੀ ਤਹੱਮਲ ਨਾਲ ਸਮਝਾ ਦਿੰਦੇ ਹਨ।
ਆਪਣੇ ਮਨ ਦੀ ਗੱਲ ਕਹਿਣ ਲਈ ਮਨੁੱਖ ਕਲਮ ਅਤੇ ਹਰਫ਼ਾਂ ਦੇ ਸੁਮੇਲ ਨੂੰ ਸਾਧਨ ਬਣਾਉਂਦਾ ਹੈ ਪਰ ਅਨੁਭਵੀ ਲੋਕਾਂ ਦਾ ਇਹ ਮੰਨਣਾ ਹੈ ਕਿ ਇੱਕ ਵਾਰ ਕਲਮ ਨਾਲ ਲਿਖੇ ਅਤੇ ਦੂਜਿਆਂ ਤਕ ਪਹੁੰਚੇ ਹਰਫ਼ ਨਾ ਤਾਂ ਮਿਟਾਏ ਜਾ ਸਕਦੇ ਹਨ ਤੇ ਨਾ ਹੀ ਲਿਖਣ ਵਾਲੇ ਪਾਸ ਮੁੜ ਵਾਪਸ ਆ ਸਕਦੇ ਹਨ। ਚੁੱਪ ਦੇ ਹਰਫ਼ਾਂ ਨੂੰ ਨਾ ਮਿਟਾਉਣ ਦੀ ਲੋੜ ਪੈਂਦੀ ਹੈ ਤੇ ਨਾ ਹੀ ਉਨ੍ਹਾਂ ਦੇ ਵਾਪਸ ਆਉਣ ਦੀ ਉਡੀਕ ਕਰਨੀ ਪੈਂਦੀ ਹੈ। ਕਲਮ ਅਤੇ ਮੂੰਹ ਵਿੱਚੋਂ ਨਿਕਲੇ ਜਿਹੜੇ ਸ਼ਬਦ ਦੂਜਿਆਂ ਦੇ ਮਨਾਂ ਨੂੰ ਬਲੂੰਦਰ ਜਾਂਦੇ ਹਨ, ਉਹ ਮਨੁੱਖ ਲਈ ਪਛਤਾਵੇ ਦਾ ਕਾਰਨ ਬਣ ਜਾਂਦੇ ਹਨ ਪਰ ਚੁੱਪ ਦੇ ਸ਼ਬਦ ਨਾ ਤਾਂ ਮਨੁੱਖ ਨੂੰ ਸ਼ਰਮਿੰਦਾ ਹੋਣ ਦਿੰਦੇ ਹਨ ਅਤੇ ਨਾ ਹੀ ਉਸ ਨੂੰ ਪਛਤਾਉਣ ਦਾ ਮੌਕਾ ਦਿੰਦੇ ਹਨ। ਦੋ ਪ੍ਰੇਮੀਆਂ ਵਿੱਚ ਪਿਆਰ ਦੀ ਸ਼ੁਰੂਆਤ ਵੀ ਚੁੱਪ ਦੇ ਸ਼ਬਦਾਂ ਤੋਂ ਹੀ ਹੁੰਦੀ ਹੈ। ਚੁੱਪ ਦੇ ਸ਼ਬਦਾਂ ਤੋਂ ਬਾਅਦ ਭਾਵੇਂ ਕਲਮ ਅਤੇ ਮੂੰਹ ਦੇ ਸ਼ਬਦਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਪਰ ਪ੍ਰੇਮ ਸੰਬੰਧ ਸਿਰੇ ਤਾਂ ਹੀ ਚੜ੍ਹਦੇ ਹਨ ਜੇਕਰ ਦੋਹਾਂ ਪ੍ਰੇਮੀਆਂ ਵਿੱਚ ਚੁੱਪ ਦੇ ਸ਼ਬਦਾਂ ਨੂੰ ਬਰਕਰਾਰ ਰੱਖਿਆ ਜਾਵੇ।
ਚੁੱਪ ਦੇ ਸ਼ਬਦਾਂ ਦਾ ਇੱਕ ਸਲੀਕਾ ਹੁੰਦਾ ਹੈ, ਲਿਆਕਤ ਤੇ ਨਜ਼ਾਕਤ ਹੁੰਦੀ ਹੈ। ਇੱਕ ਵਿਅਕਤੀ ਵੱਲੋਂ ਗੁੱਸੇ ਵਿੱਚ ਮੂੰਹ ਨਾਲ ਬੋਲੇ ਗਏ ਅਤੇ ਕਲਮ ਨਾਲ ਲਿਖੇ ਗਏ ਸ਼ਬਦਾਂ ਦਾ ਜੇਕਰ ਕੋਈ ਵਿਅਕਤੀ ਉਸੇ ਗੁੱਸੇ ਵਾਲੇ ਲਹਿਜ਼ੇ ਨਾਲ ਜਵਾਬ ਦੇ ਦੇਵੇ ਤਾਂ ਲੜਾਈ ਝਗੜੇ ਦੀ ਨੌਬਤ ਆ ਜਾਂਦੀ ਹੈ, ਅਦਾਲਤਾਂ ਦਾ ਮੂੰਹ ਵੇਖਣਾ ਪੈ ਜਾਂਦਾ ਹੈ। ਚੁੱਪ ਦੇ ਸ਼ਬਦਾਂ ਦੀ ਸ਼ਖਸੀਅਤ ਆਪਣੇ ਵਿਰੋਧੀ ਨੂੰ ਆਪਣੇ ਸ਼ਾਂਤਮਈ ਲਹਿਜ਼ੇ ਵਿੱਚ ਇਹ ਸਮਝਾ ਦਿੰਦੀ ਹੈ ਕਿ ਮੈਂ ਗੁੱਸੇ ਦਾ ਜਵਾਬ ਸ਼ਾਂਤ ਰਹਿਕੇ ਦੇਣਾ ਜਾਣਦਾ ਹਾਂ। ਇਹ ਕਹਾਵਤ ਆਮਤੌਰ ਤੇ ਸੁਣਨ ਨੂੰ ਮਿਲਦੀ ਹੈ ਕਿ ਜੇਕਰ ਚੁੱਪ ਰਹਿਕੇ ਸਰਦਾ ਹੋਵੇ ਤਾਂ ਬੋਲਣ ਅਤੇ ਕਲਮ ਚਲਾਉਣ ਦੀ ਕੀ ਲੋੜ ਹੈ? ਮੇਰੀ ਇੱਕ ਜਾਣਕਾਰ ਅਧਿਆਪਕਾ ਬਹੁਤ ਹੀ ਗੁਸੈਲੀ ਅਤੇ ਬਹੁਤ ਜ਼ਿਆਦਾ ਬੋਲਣ ਵਾਲੀ ਸੀ। ਗੁੱਸੇ ਵਿੱਚ ਉਹ ਆਪਣੇ ਆਪ ਤੋਂ ਐਨੀ ਬਾਹਰੀ ਹੋ ਜਾਂਦੀ ਸੀ ਕਿ ਉਸ ਨੂੰ ਪਤਾ ਹੀ ਨਹੀਂ ਲਗਦਾ ਸੀ ਕਿ ਉਹ ਕੀ ਬੋਲ ਰਹੀ ਹੈ। ਕਿਸੇ ਵੀ ਸਕੂਲ ਮੁਖੀ ਨਾਲ ਉਸਦੀ ਬਣੀ ਨਹੀਂ ਸੀ। ਹਰ ਕੋਈ ਉਸ ਨਾਲ ਗੱਲਬਾਤ ਕਰਨ ਤੋਂ ਗੁਰੇਜ਼ ਕਰਦਾ ਸੀ ਪਰ ਉਸਦੇ ਘਰ ਵਾਲਾ ਸਦਾ ਹੀ ਚੁੱਪ, ਸ਼ਾਂਤ ਰਹਿਣ ਵਾਲਾ ਇਨਸਾਨ ਸੀ। ਉਸਨੇ ਕਦੇ ਵੀ ਕਿਸੇ ਨਾਲ ਆਪਣੀ ਪਤਨੀ ਦੇ ਗੁੱਸੇਬਾਜ਼ ਅਤੇ ਲੜਾਕੀ ਹੋਣ ਦੀ ਸ਼ਿਕਾਇਤ ਨਹੀਂ ਕੀਤੀ ਸੀ। ਕਿਸੇ ਨੇ ਵੀ ਉਨ੍ਹਾਂ ਦੋਹਾਂ ਦਾ ਇੱਕ ਦੂਜੇ ਨਾਲ ਤਕਰਾਰ ਜਾਂ ਲੜਾਈ ਝਗੜਾ ਨਹੀਂ ਸੁਣਿਆ ਸੀ। ਉਸ ਅਧਿਆਪਕਾ ਦੇ ਘਰ ਵਾਲੇ ਵੱਲੋਂ ਦਿੱਤਾ ਗਿਆ ਜਵਾਬ ਬਹੁਤ ਹੀ ਕਮਾਲ ਦਾ ਸੀ। ਉਸਦਾ ਕਹਿਣਾ ਸੀ, “ਜੇਕਰ ਚੁੱਪ ਰਹਿਕੇ ਸਰਦਾ ਹੋਵੇ ਤਾਂ ਘਰ ਵਿੱਚ ਕਾਟੋ-ਕਲੇਸ਼ ਜ਼ਰੂਰ ਪਵਾਉਣਾ ਹੈ? ਘਰ ਦਾ ਜਲੂਸ ਨਿਕਲਣ ਤੋਂ ਬਚਿਆ ਰਹਿੰਦਾ ਹੈ। ਮੈਂ ਆਪਣੀ ਜ਼ਿੰਦਗੀ ਦਾ ਸਕੂਨ ਭੰਗ ਨਹੀਂ ਕਰਨਾ ਚਾਹੁੰਦਾ। ਇਹ ਤਾਂ ਆਦਤ ਤੋਂ ਮਜਬੂਰ ਹੈ। ਜਦੋਂ ਇਹ ਬੋਲਦੀ ਹੈ ਤਾਂ ਮੈਂ ਆਪਣੇ ਮਨ ਨੂੰ ਹੀ ਸਮਝਾ ਲੈਂਦਾ ਹਾਂ ਕਿ ਮੈਂ ਕੁਝ ਸੁਣਿਆ ਹੀ ਨਹੀਂ।”
ਕੁਝ ਲੋਕਾਂ ਦਾ ਕਹਿਣਾ ਹੈ ਕਿ ਜ਼ਿਆਦਾ ਬੋਲਣ ਵਾਲੇ ਲੋਕ ਮਨ ਦੇ ਸਾਫ ਹੁੰਦੇ ਹਨ ਤੇ ਜਿਹੜੇ ਚੁੱਪ ਰਹਿੰਦੇ ਹਨ, ਉਹ ਮਨ ਦੇ ਕਾਲੇ ਹੁੰਦੇ ਹਨ, ਉਹ ਮੂੰਹੋਂ ਕੁਝ ਨਹੀਂ ਬੋਲਦੇ ਪਰ ਅੰਦਰੋਂ ਹੀ ਛੁਰੀ ਚਲਾਉਂਦੇ ਹਨ। ਇਹ ਕਹਾਵਤ ਕਿਸੇ ਹੱਦ ਤਕ ਠੀਕ ਵੀ ਹੈ ਪਰ ਇਹੋ ਜਿਹੇ ਲੋਕਾਂ ਨੂੰ ਚੁੱਪ ਰਹਿਣ ਵਾਲੇ ਨਹੀਂ, ਸਗੋਂ ਘੁੰਨੇ ਕਿਹਾ ਜਾਂਦਾ ਹੈ। ਇਨ੍ਹਾਂ ਦੀ ਨਾ ਨੀਅਤ ਸਾਫ ਹੁੰਦੀ ਹੈ ਤੇ ਨਾ ਹੀ ਨੀਤੀ। ਇਨ੍ਹਾਂ ਦੀ ਸ਼ਖਸੀਅਤ ਸਾਫ ਸੁਥਰੀ ਨਹੀਂ, ਸਗੋਂ ਘਸਮੈਲੀ ਹੁੰਦੀ ਹੈ। ਇਹ ਮੌਕੇ ਉੱਤੇ ਕੁਝ ਨਹੀਂ ਬੋਲਦੇ ਪਰ ਮੌਕਾ ਮਿਲਣ ਦੀ ਤਾਕ ਵਿੱਚ ਰਹਿੰਦੇ ਹਨ। ਜਿਵੇਂ ਹੀ ਮੌਕਾ ਮਿਲਦਾ ਹੈ, ਆਪਣੇ ਵਿਰੋਧੀ ਨੂੰ ਹਰ ਤਰ੍ਹਾਂ ਦਾ ਨੁਕਸਾਨ ਪਹੁੰਚਾਉਣ ਵਿੱਚ ਕੋਈ ਕਸਰ ਨਹੀਂ ਛੱਡਦੇ। ਇਸ ਕਿਸਮ ਵਿੱਚ ਉਹ ਪ੍ਰਬੰਧਕ ਅਤੇ ਅਧਿਕਾਰੀ ਵੀ ਆਉਂਦੇ ਹਨ ਜਿਹੜੇ ਆਪਣੇ ਮਤਹਿਤਾਂ ਵੱਲੋਂ ਉਨ੍ਹਾਂ ਦੇ ਵਿਰੁੱਧ ਕੁਝ ਗਲਤ ਕਰਨ ’ਤੇ ਉਨ੍ਹਾਂ ਨੂੰ ਕੁਝ ਨਹੀਂ ਕਹਿੰਦੇ ਪਰ ਆਪਣੀ ਕਲਮ ਦੇ ਇਸਤੇਮਾਲ ਨਾਲ ਉਨ੍ਹਾਂ ਨੂੰ ਨੁਕਸਾਨ ਜ਼ਰੂਰ ਪਹੁੰਚਾਉਂਦੇ ਹਨ। ਇਹੋ ਜਿਹੇ ਪ੍ਰਬੰਧਕਾਂ ਜਾਂ ਅਧਿਕਾਰੀਆਂ ਨੂੰ ਕਦੇ ਚੰਗਾ ਨਹੀਂ ਸਮਝਿਆ ਜਾਂਦਾ। ਉਨ੍ਹਾਂ ਦੇ ਜਾਣ ਤੋਂ ਬਾਅਦ ਵੀ ਉਨ੍ਹਾਂ ਦੀ ਆਲੋਚਨਾ ਹੁੰਦੀ ਰਹਿੰਦੀ ਹੈ। ਇਹੋ ਜਿਹੇ ਘੁੰਨੇ ਲੋਕ ਮੂੰਹ ਦੇ ਮਾੜੇ ਨਹੀਂ, ਸਗੋਂ ਕਲਮ ਦੇ ਮਾੜੇ ਹੁੰਦੇ ਹਨ। ਉਨ੍ਹਾਂ ਦੀ ਚੁੱਪ ਬਹੁਤ ਭਿਆਨਕ ਹੁੰਦੀ ਹੈ। ਇਹੋ ਜਿਹੀ ਚੁੱਪ ਵਾਲੇ ਲੋਕਾਂ ਦੀ ਸ਼ਖਸੀਅਤ ਨੂੰ ਸਦਾ ਨਿੰਦਿਆ ਹੀ ਜਾਂਦਾ ਹੈ।
ਕਈ ਪਰਿਵਾਰਾਂ ਵਿੱਚ ਨੂੰਹਾਂ ਸਦਾ ਹੀ ਚੁੱਪ ਰਹਿੰਦੀ ਆਂ ਹਨ। ਉਹ ਪਰਿਵਾਰ ਦੇ ਕਿਸੇ ਜੀਅ ਨਾਲ ਉੱਕਾ ਨਹੀਂ ਬੋਲਦੀਆਂ। ਆਂਢੀਆਂ ਗੁਆਂਢੀਆਂ ਅਤੇ ਗਲੀ ਮੁਹਲੇ ਵਾਲੇ ਲੋਕਾਂ ਦੀਆਂ ਨਜ਼ਰਾਂ ਵਿੱਚ ਉਹ ਚੌਵੀ ਕੈਰਟ ਦਾ ਸੋਨਾ ਹੁੰਦੀਆਂ ਹਨ ਪਰ ਪਰਿਵਾਰ ਵਿੱਚ ਉਨ੍ਹਾਂ ਦੀ ਚੁੱਕ ਰੱਖ ਕਰਨ ਦੀ ਆਦਤ, ਹਉਮੈਂ, ਹਰ ਵੇਲੇ ਲੜਾਈ ਝਗੜੇ ਦਾ ਮਾਹੌਲ ਬਣਾਕੇ ਰੱਖਣ ਦੀ ਆਦਤ ਪਰਿਵਾਰ ਦੇ ਨਾਸੀਂ ਧੂੰਆਂ ਦੇ ਰੱਖਦੀ ਹੈ। ਉਹ ਅੰਦਰੋਂ ਅੰਦਰੀ ਆਪਣਾ ਸੀਤ ਯੁੱਧ ਉਦੋਂ ਤਕ ਜਾਰੀ ਰੱਖਦੀਆਂ ਹਨ ਜਦੋਂ ਤਕ ਉਹ ਆਪਣਾ ਭਾਂਡਾ-ਟੀਂਡਾ ਚੁੱਕ ਕੇ ਪਰਿਵਾਰ ਤੋਂ ਅੱਡ ਨਹੀਂ ਹੋ ਜਾਂਦੀਆਂ। ਤਹਿਜ਼ੀਬ ਨਾਲ ਭਰੀ ਚੁੱਪ ਵਾਲੇ ਲੋਕਾਂ ਦੇ ਮਨ ਸਮੁੰਦਰ ਵਾਂਗ ਸ਼ਾਂਤ ਅਤੇ ਗਹਿਰਾਈ ਵਾਲੇ ਹੁੰਦੇ ਹਨ। ਉਹ ਦੂਜਿਆਂ ਦੇ ਗਿਲੇ ਸ਼ਿਕਵੇ ਅਤੇ ਆਪਣੇ ਦੁੱਖ ਦਰਦ ਆਪਣੇ ਮਨਾਂ ਵਿੱਚ ਹੀ ਸਮੋ ਲੈਂਦੇ ਹਨ। ਜੇਕਰ ਉਨ੍ਹਾਂ ਨਾਲ ਕੋਈ ਜਾਣ ਪਛਾਣ ਰੱਖਣ ਵਾਲਾ ਵਿਅਕਤੀ ਉਨ੍ਹਾਂ ਨੂੰ ਆਪਣਾ ਸਮਝਕੇ ਉਨ੍ਹਾਂ ਨਾਲ ਦੁੱਖ ਦਰਦ ਸਾਂਝਾ ਕਰਦਾ ਹੈ ਤਾਂ ਉਹ ਉਨ੍ਹਾਂ ਦੇ ਮਨਾਂ ਵਿੱਚ ਹੀ ਸਮੋ ਜਾਂਦੇ ਹਨ। ਹੋਛੇ ਲੋਕਾਂ ਵਾਂਗ ਉਹ ਉਸ ਦੀ ਛਿੰਝ ਨਹੀਂ ਪਾਉਂਦੇ। ਉਹ ਉਸ ਨੂੰ ਕੇਵਲ ਧਿਆਨ ਨਾਲ ਸੁਣਦੇ ਹੀ ਨਹੀਂ, ਸਗੋਂ ਉਨ੍ਹਾਂ ਦੇ ਰਾਹ ਦਸੇਰੇ ਵੀ ਬਣਦੇ ਹਨ।
ਸਾਡੇ ਇਲਾਕੇ ਦੇ ਇੱਕ ਸੰਤ ਆਪਣੇ ਚੁੱਪ ਸ਼ਾਂਤ ਸੁਭਾਅ ਲਈ ਪ੍ਰਸਿੱਧ ਸਨ। ਉਨ੍ਹਾਂ ਬਾਰੇ ਲੋਕਾਂ ਦਾ ਇਹ ਕਹਿਣਾ ਹੁੰਦਾ ਸੀ ਕਿ ਉਨ੍ਹਾਂ ਦਾ ਚੁੱਪ ਸ਼ਾਂਤ ਚਿਹਰਾ ਵੇਖਕੇ ਮਨ ਨੂੰ ਅਪਾਰ ਸ਼ਾਂਤੀ ਮਿਲਦੀ ਹੈ। ਉਨ੍ਹਾਂ ਸਾਹਮਣੇ ਜਾਂਦਿਆਂ ਹੀ ਮਨੁੱਖ ਆਪਣੇ ਦੁੱਖ ਦਰਦ ਭੁੱਲ ਬੈਠਦਾ ਹੈ। ਅਨੁਭਵੀ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਚੁੱਪ ਦੀਆਂ ਸੀਮਾਵਾਂ ਵੀ ਹੁੰਦੀਆਂ ਹਨ। ਚੁੱਪ ਸ਼ਾਂਤ ਰਹਿਣ ਵਾਲੇ ਲੋਕਾਂ ਦੀ ਬਰਦਾਸ਼ਤ ਕਰਨ ਦੀ ਸ਼ਕਤੀ ਜਦੋਂ ਜਵਾਬ ਦੇ ਜਾਂਦੀ ਹੈ ਤਾਂ ਉਨ੍ਹਾਂ ਦੇ ਮਨਾਂ ਵਿੱਚ ਜਿਹੜਾ ਜਵਾਰਭਾਟਾ ਆਉਂਦਾ ਹੈ, ਉਹ ਆਪਣੀਆਂ ਹੱਦਾਂ ਸਰਹੱਦਾਂ ਪਾਰ ਕਰ ਜਾਂਦਾ ਹੈ, ਉਹ ਆਪਾ ਖੋਹ ਬੈਠਦੇ ਹਨ। ਲੋੜ ਪੈਣ ’ਤੇ ਜਾਂ ਸਮੇਂ ਅਨੁਸਾਰ ਨਾ ਬੋਲਣਾ ਵੀ ਮਨੁੱਖ ਦੀ ਪ੍ਰਭਾਵਸ਼ਾਲੀ ਸ਼ਖਸੀਅਤ ਦੇ ਅਨੁਕੂਲ ਨਹੀਂ ਹੁੰਦਾ। ਉਹ ਮਨੁੱਖ ਨੂੰ ਦੂਜਿਆਂ ਦੀਆਂ ਨਜ਼ਰਾਂ ਵਿੱਚ ਡਰਪੋਕ ਜਾਂ ਕਾਇਰ ਬਣਾ ਸਕਦਾ ਹੈ। ਮੁੱਕਦੀ ਗੱਲ ਤਾਂ ਇਹ ਹੈ ਕਿ ਚੁੱਪ ਹੋਵੇ ਜਾਂ ਕਲਮ ਅਤੇ ਮੂੰਹ ਵਿੱਚੋਂ ਨਿਕਲੇ ਸ਼ਬਦ ਹੋਣ, ਹਰ ਇੱਕ ਦੀਆਂ ਸੀਮਾਵਾਂ ਹਨ, ਜਿਨ੍ਹਾਂ ਦੀ ਨਿਸ਼ਾਨਦੇਹੀ ਅਤੇ ਉਨ੍ਹਾਂ ਦੀ ਵਰਤੋਂ ਮਨੁੱਖ ਦੀ ਸਿਆਣਪ ਉੱਤੇ ਨਿਰਭਰ ਹੁੰਦੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4696)
(ਸਰੋਕਾਰ ਨਾਲ ਸੰਪਰਕ ਲਈ: (