“ਇੱਕ ਦਿਨ ਮਾਮਾ ਜੀ ਦਾ ਸੁਨੇਹਾ ਆਇਆ ਕਿ ਬੈਂਕ ਵਿੱਚ ਪੋਸਟਾਂ ਨਿਕਲੀਆਂ ਹਨ, ਫਾਰਮ ਭਰ ਦੇ। ਮੈਂ ਫਾਰਮ ਭਰਕੇ ..”
(2 ਫਰਵਰੀ 2024)
ਇਸ ਸਮੇਂ ਪਾਠਕ: 420.
ਲੇਖ ਦੇ ਇਹ ਸ਼ਬਦ ਕਿਸੇ ਅਦਾਲਤ ਅੱਗੇ ਮੁਕੱਦਮੇ ਵਾਲੇ ਲੋਕਾਂ ਨੂੰ ਆਵਾਜ਼ ਮਾਰਨ ਵਾਲੇ ਅਰਦਲੀ ਦੇ ਨਹੀਂ ਸਨ, ਸਗੋਂ ਸਾਡੀ ਦਸਵੀਂ ਜਮਾਤ ਦੇ ਇੰਚਾਰਜ ਅਤੇ ਅੰਗਰੇਜ਼ੀ ਅਧਿਆਪਕ ਸਰਦਾਰ ਹਰਜਿੰਦਰ ਸਿੰਘ ਜੀ ਦੇ ਸਨ। ਸਾਡੀ ਜਮਾਤ ਦਾ ਸੈਕਸ਼ਨ ‘ਏ’ ਸੀ। ਇਹ ਇੱਕ ਕੁਦਰਤੀ ਇਤਫ਼ਾਕ ਸੀ ਕਿ ਦਸਵੀਂ ਜਮਾਤ ਦੇ ਤਿੰਨਾਂ ਸੈਕਸ਼ਨਾਂ ਵਿੱਚੋਂ ਸਾਡੇ ਸੈਕਸ਼ਨ ‘ਏ’ ਵਿੱਚ ਇੱਕ ਵਿਦਿਆਰਥੀ, ਜਿਸਦਾ ਨਾਂ ਕ੍ਰਿਸ਼ਨ ਕੁਮਾਰ ਸੀ, ਨੂੰ ਛੱਡਕੇ ਸਾਰੇ ਵਿਦਿਆਰਥੀ ਪੜ੍ਹਨ ਨੂੰ ਕਾਫੀ ਹੁਸ਼ਿਆਰ ਸਨ। ਸਾਡੇ ਸਾਰੇ ਵਿਸ਼ਿਆਂ ਦੇ ਅਧਿਆਪਕਾਂ ਨੂੰ ਇਹ ਉਮੀਦ ਸੀ ਕਿ ਕ੍ਰਿਸ਼ਨ ਕੁਮਾਰ ਤੋਂ ਬਿਨਾਂ ਜਮਾਤ ਦੇ ਸਾਰੇ ਵਿਦਿਆਰਥੀਆਂ ਦੀ ਫਸਟ ਡਿਵੀਜ਼ਨ ਆਵੇਗੀ। ਸਾਡੇ ਜ਼ਮਾਨੇ ਵਿੱਚ ਫਸਟ ਡਿਵੀਜ਼ਨ ਆਉਣੀ ਬਹੁਤ ਮਾਇਨੇ ਰੱਖਦੀ ਸੀ। ਇੱਕ ਦੋਂਹ ਵਿਦਿਆਰਥੀਆਂ ਦੇ ਬੋਰਡ ਵਿੱਚੋਂ ਮੈਰਿਟ ਆਉਣ ਦੇ ਵੀ ਆਸਾਰ ਸਨ। ਭਾਵੇਂ ਸਾਰੇ ਵਿਸ਼ਿਆਂ ਦੇ ਅਧਿਆਪਕ ਕਾਫੀ ਯਤਨਸ਼ੀਲ ਸਨ ਕਿ ਦੂਜੇ ਬੱਚਿਆਂ ਵਾਂਗ ਕ੍ਰਿਸ਼ਨ ਕੁਮਾਰ ਦੀ ਵੀ ਦਸਵੀਂ ਜਮਾਤ ਵਿੱਚੋਂ ਫਸਟ ਡਿਵੀਜ਼ਨ ਆ ਜਾਵੇ, ਪਰ ਅਧਿਆਪਕਾਂ ਨੂੰ ਕ੍ਰਿਸ਼ਨ ਕੁਮਾਰ ਤੋਂ ਆਪਣੀ ਇਹ ਉਮੀਦ ਪੂਰੀ ਹੁੰਦੀ ਨਹੀਂ ਲਗਦੀ ਸੀ, ਕਿਉਂਕਿ ਉਸਦਾ ਬੌਧਿਕ ਪੱਧਰ ਤਾਂ ਠੀਕ ਸੀ, ਪਰ ਉਸ ਦੀਆਂ ਕੁਝ ਪਰਿਵਾਰਕ ਮਜਬੂਰੀਆਂ ਸਨ। ਉਹ ਸੱਤ ਕਿਲੋਮੀਟਰ ਦੀ ਦੂਰੀ ਤੋਂ ਸਾਡੇ ਪਿੰਡ ਦੇ ਸਕੂਲ ਵਿੱਚ ਪੜ੍ਹਨ ਆਉਂਦਾ ਸੀ। ਸਕੂਲ ਘੱਟ ਹੋਣ ਕਾਰਨ ਉਸ ਨੂੰ ਉਹੀ ਸਕੂਲ ਨੇੜੇ ਪੈਂਦਾ ਸੀ। ਉਸਦੇ ਪਿੰਡ ਵਿੱਚ ਕੋਈ ਟਿਊਸ਼ਨ ਪੜ੍ਹਾਉਣ ਵਾਲਾ ਨਾ ਮਿਲਣ ਕਾਰਨ ਉਸ ਨੂੰ ਪੜ੍ਹਾਈ ਵਿੱਚ ਔਖ ਆਉਂਦੀ ਸੀ। ਉਸਦੇ ਪਰਿਵਾਰ ਦੀ ਆਰਥਿਕ ਹਾਲਤ ਵੀ ਚੰਗੀ ਨਹੀਂ ਸੀ। ਅੰਗਰੇਜ਼ੀ ਵਿਸ਼ੇ ਵਿਚ ਥੋੜ੍ਹਾ ਕਮਜ਼ੋਰ ਹੋਣ ਕਾਰਨ ਸਾਡੇ ਅੰਗਰੇਜ਼ੀ ਅਧਿਆਪਕ ਹਰਜਿੰਦਰ ਸਿੰਘ ਉਸ ਨੂੰ ਪੜ੍ਹਨ ਲਈ ਜ਼ਿਆਦਾ ਜ਼ੋਰ ਪਾਉਂਦੇ ਰਹਿੰਦੇ ਸਨ। ਕ੍ਰਿਸ਼ਨ ਕੁਮਾਰ ਦਾ ਜਮਾਤ ਦਾ ਰੋਲ ਨੰਬਰ ਸੋਲਾਂ ਸੀ।
ਅੰਗਰੇਜ਼ੀ ਅਧਿਆਪਕ ਹਰਜਿੰਦਰ ਸਿੰਘ ਜਦੋਂ ਵੀ ਜਮਾਤ ਵਿੱਚ ਪੜ੍ਹਾਉਂਦੇ, ਉਹ ਸਭ ਤੋਂ ਪਹਿਲਾਂ ਕ੍ਰਿਸ਼ਨ ਕੁਮਾਰ ਤੋਂ ਹੀ ਆਪਣੇ ਪੜ੍ਹਾਏ ਹੋਏ ਬਾਰੇ ਸਬਕ ਬਾਰ ਪੁੱਛਦੇ। ਜਮਾਤ ਵਿੱਚ ਹੋਏ ਟੈੱਸਟ ਬਾਰੇ ਸਭ ਤੋਂ ਪਹਿਲਾਂ ਉਸ ਤੋਂ ਹੀ ਪੁੱਛਦੇ। ਉਹ ਕ੍ਰਿਸ਼ਨ ਕੁਮਾਰ ਦਾ ਨਾਂ ਲੈਣ ਦੀ ਬਜਾਏ, ਉਸ ਨੂੰ ਇਹ ਕਹਿਕੇ ਬੁਲਾਉਂਦੇ ‘ਰੋਲ ਨੰਬਰ ਸੋਲਾਂ ਹਾਜ਼ਰ ਹੋ’। ਅੰਗਰੇਜ਼ੀ ਅਧਿਆਪਕ ਨੂੰ ਵੇਖਕੇ ਬਾਕੀ ਅਧਿਆਪਕਾਂ ਨੇ ਵੀ ਉਸ ਨੂੰ ‘ਰੋਲ ਨੰਬਰ ਸੋਲਾਂ ਹਾਜ਼ਰ ਹੋ’ ਕਹਿਕੇ ਬੁਲਾਉਣਾ ਸ਼ੁਰੂ ਕਰ ਦਿੱਤਾ। ਅਧਿਆਪਕਾਂ ਨੂੰ ਵੇਖਕੇ ਜਮਾਤ ਦੇ ਵਿਦਿਆਰਥੀ ਵੀ ਉਸ ਨੂੰ ‘ਰੋਲ ਨੰਬਰ ਸੋਲਾਂ ਹਾਜ਼ਰ ਹੋ’ ਕਹਿਕੇ ਛੇੜਨ ਲੱਗ ਪਏ। ਕ੍ਰਿਸ਼ਨ ਕੁਮਾਰ ਬਹੁਤ ਹੀ ਸੰਵੇਦਨਸ਼ੀਲ ਸੁਭਾਅ ਦਾ ਮੁੰਡਾ ਸੀ। ਉਹ ਆਪਣੇ ਨਾਂ ਦੀ ਬਜਾਏ ‘ਰੋਲ ਨੰਬਰ ਸੋਲਾਂ ਹਾਜ਼ਰ ਹੋ’ ਕਹਿਣ ਕਾਰਨ ਪ੍ਰੇਸ਼ਾਨ ਹੋ ਜਾਂਦਾ। ਕਦੇ ਕਦੇ ਤਾਂ ਉਹ ਰੋ ਵੀ ਪੈਂਦਾ।
ਕ੍ਰਿਸ਼ਨ ਕੁਮਾਰ ਨਾਲ ਮੇਰੀ ਕਾਫੀ ਨੇੜਤਾ ਸੀ। ਉਸ ਨਾਲ ਮੇਰੀ ਨੇੜਤਾ ਹੋਣ ਦੇ ਦੋ ਕਾਰਨ ਸਨ। ਇੱਕ ਤਾਂ ਸਾਡੀ ਦੋਹਾਂ ਦੇ ਪਰਿਵਾਰਾਂ ਦੀ ਪੇਤਲੀ ਆਰਥਿਕ ਹਾਲਤ, ਦੂਜਾ ਦੋਹਾਂ ਦੇ ਬੌਧਿਕ ਪੱਧਰ ਦਾ ਬਹੁਤਾ ਜ਼ਿਆਦਾ ਫਰਕ ਨਹੀਂ ਸੀ। ਮੈਨੂੰ ਮੇਰੇ ਮਾਮਾ ਜੀ ਥੋੜ੍ਹਾ ਬਹੁਤ ਪੜ੍ਹਾ ਦਿੰਦੇ ਸਨ, ਇਸ ਲਈ ਮੈਂ ਘਰੋਂ ਪੜ੍ਹਕੇ ਆਉਂਦਾ ਸੀ। ਉਹ ਕਦੇ ਕਦੇ ਅੱਧੀ ਛੁੱਟੀ ਵੇਲੇ ਬਹੁਤ ਹੀ ਭਾਵੁਕ ਹੋ ਕੇ ਕਹਿੰਦਾ, “ਯਾਰ, ਮੇਰਾ ਦਿਲ ਤਾਂ ਕਰਦਾ ਹੈ ਕਿ ਮੈਂ ਪੜ੍ਹਾਈ ਹੀ ਛੱਡ ਦੇਵਾਂ। ਸਾਡੇ ਪਰਿਵਾਰ ਵਿੱਚ ਪਹਿਲਾਂ ਕਿਹੜਾ ਕੋਈ ਪੜ੍ਹਿਆ ਹੈ। ਇਸ ਵਿੱਚ ਮੇਰਾ ਕੀ ਕਸੂਰ ਹੈ? ਮੈਂ ਤਾਂ ਆਪਣੇ ਵੱਲੋਂ ਬਹੁਤ ਮਿਹਨਤ ਕਰਦਾ ਹਾਂ। ਅਧਿਆਪਕ ਮੇਰਾ ਨਾਂ ਲੈ ਕੇ ਵੀ ਤਾਂ ਬੁਲਾ ਸਕਦੇ ਨੇ। ਤਾਂ ਕੀ ਹੋਇਆ ਜੇਕਰ ਅਸੀਂ ਗਰੀਬ ਹਾਂ। ਅਧਿਆਪਕ ਤਾਂ ਛੱਡੋ, ਜਮਾਤ ਦੇ ਬੱਚੇ ਵੀ ਮੈਨੂੰ ‘ਰੋਲ ਨੰਬਰ ਸੋਲਾਂ ਹਾਜ਼ਰ ਹੋ’ ਕਹਿਕੇ ਹੀ ਬੁਲਾਉਂਦੇ ਹਨ।
ਕ੍ਰਿਸ਼ਨ ਕੁਮਾਰ ਨੇ ਸਕੂਲ ਬਦਲਣ ਦਾ ਵੀ ਮਨ ਬਣਾਇਆ ਸੀ ਪਰ ਦੂਜੇ ਸਕੂਲ ਉਸਦੇ ਘਰ ਤੋਂ ਜ਼ਿਆਦਾ ਦੂਰ ਹੋਣ ਕਰਕੇ ਉਸਦੇ ਪਿਤਾ ਜੀ ਨੇ ਸਕੂਲ ਬਦਲਣ ਤੋਂ ਨਾਂਹ ਕਰ ਦਿੱਤੀ ਸੀ। ਕ੍ਰਿਸ਼ਨ ਕੁਮਾਰ ਨੇ ਮੇਰੇ ਇਹ ਕਹਿਣ ’ਤੇ ਕਿ ਦਸਵੀਂ ਦੀ ਪ੍ਰੀਖਿਆ ਨੂੰ ਚਾਰ ਪੰਜ ਮਹੀਨੇ ਤਾਂ ਰਹਿ ਗਏ ਹਨ, ਇਸ ਤੋਂ ਬਾਅਦ ਉਸਨੇ ਕਾਲਜ ਹੀ ਚਲੇ ਜਾਣਾ ਹੈ, ਉਸਨੇ ਸਕੂਲ ਬਦਲਣ ਦਾ ਆਪਣਾ ਇਰਾਦਾ ਬਦਲ ਲਿਆ। ਦਸਵੀਂ ਜਮਾਤ ਦੀ ਵਿਦਾਇਗੀ ਪਾਰਟੀ ਤੋਂ ਬਾਅਦ ਉਸਨੇ ਬਹੁਤ ਹੀ ਭਾਵੁਕ ਹੋ ਕੇ ਕਿਹਾ, “ਯਾਰ, ਮੈਂ ਵੀ ਅੱਗੇ ਪੜ੍ਹਨਾ ਚਾਹੁੰਦਾ ਹਾਂ, ਜੇਕਰ ਤੂੰ ਮੇਰੇ ਪਿੰਡ ਆ ਕੇ ਮੇਰੇ ਪਿਤਾ ਜੀ ਨੂੰ ਕਹਿ ਦੇਵੇਂ ਤਾਂ ਉਹ ਮੰਨ ਜਾਣਗੇ।”
ਮੈਂ ਉਸ ਨੂੰ ਹਾਂ ਕਰ ਦਿੱਤੀ। ਅਖੀਰਲੇ ਪਰਚੇ ਵਾਲੇ ਦਿਨ ਉਹ ਮੈਨੂੰ ਇੱਕ ਵਾਰ ਫਿਰ ਆਪਣੇ ਘਰ ਆਉਣ ਲਈ ਕਹਿਕੇ ਗਿਆ, ਪਰ ਮੈਨੂੰ ਪਿਤਾ ਜੀ ਦੀ ਬਿਮਾਰੀ ਨੇ ਮੈਨੂੰ ਉਸਦੇ ਪਿੰਡ ਜਾਣ ਦੀ ਫੁਰਸਤ ਨਹੀਂ ਮਿਲਣ ਦਿੱਤੀ। ਦਸਵੀਂ ਜਮਾਤ ਦਾ ਨਤੀਜਾ ਆ ਗਿਆ। ਕ੍ਰਿਸ਼ਨ ਕੁਮਾਰ ਦੀ ਦਸਵੀਂ ਜਮਾਤ ਵਿੱਚੋਂ ਦਸ ਨੰਬਰਾਂ ਪਿੱਛੇ ਫਸਟ ਡਿਵੀਜ਼ਨ ਰਹਿ ਗਈ। ਮੈਨੂੰ ਉਮੀਦ ਸੀ ਕਿ ਕ੍ਰਿਸ਼ਨ ਕੁਮਾਰ ਆਪਣਾ ਚਾਲ ਚੱਲਣ ਅਤੇ ਨੰਬਰਾਂ ਦਾ ਸਰਟੀਫਿਕੇਟ ਲੈਣ ਜ਼ਰੂਰ ਆਵੇਗਾ ਤੇ ਸਾਡੇ ਘਰ ਮੈਨੂੰ ਮਿਲਣ ਆਵੇਗਾ ਪਰ ਮੇਰੀ ਉਮੀਦ ਉੱਤੇ ਪਾਣੀ ਫਿਰ ਗਿਆ। ਉਸ ਸਾਲ ਮੈਂ ਵੀ ਕਾਲਜ ਵਿੱਚ ਦਾਖਲ ਨਹੀਂ ਹੋ ਸਕਿਆ। ਉਸ ਤੋਂ ਬਾਅਦ ਅਸੀਂ ਇੱਕ ਦੂਜੇ ਨੂੰ ਨਹੀਂ ਮਿਲੇ। ਸਮੇਂ ਦੇ ਵਕਫੇ ਨਾਲ ਸਾਡੀ ਨੇੜਤਾ ਬੀਤੇ ਸਮੇਂ ਦੀ ਗੱਲ ਬਣਕੇ ਰਹਿ ਗਈ। ਮੈਂ ਆਪਣੇ ਬੜੇ ਪੁੱਤਰ ਦੇ ਪੀ.ਐੱਮ.ਟੀ ਦੇ ਟੈੱਸਟ ਲਈ ਇੱਕ ਯੂਨੀਵਰਸਟੀ ਦਾ ਫਾਰਮ ਚੰਡੀਗੜ੍ਹ ਦੇ ਇੱਕ ਕੋਚਿੰਗ ਸੈਂਟਰ ਵਿੱਚ ਜਮ੍ਹਾਂ ਕਰਵਾਉਣਾ ਸੀ। ਕੋਚਿੰਗ ਸੈਂਟਰ ਦੇ ਕਾਊਂਟਰ ’ਤੇ ਮੈਡਮ ਨੇ ਦਾਖਲਾ ਫਾਰਮ ਦੇ ਨਾਲ ਲੱਗੇ ਡ੍ਰਾਫਟ ਨੂੰ ਵੇਖਕੇ ਕਿਹਾ, “ਸਰ, ਤੁਹਾਡਾ ਡ੍ਰਾਫਟ ਠੀਕ ਨਹੀਂ ਬਣਿਆ। ਜੇਕਰ ਫਾਰਮ ਜਮ੍ਹਾਂ ਕਰਵਾਉਣ ਹੈ ਤਾਂ ਨਵਾਂ ਡ੍ਰਾਫਟ ਬਣਾਕੇ ਲੈਕੇ ਆਓ।”
ਮੈਂ ਉਸ ਮੈਡਮ ਤੋਂ ਬੈਂਕ ਬਾਰੇ ਪੁੱਛਕੇ ਡ੍ਰਾਫਟ ਬਣਾਉਣ ਲਈ ਬੈਂਕ ਵਿੱਚ ਪਹੁੰਚ ਗਿਆ। ਮੈਂ ਬੈਂਕ ਦੇ ਇੱਕ ਬੈਂਚ ਉੱਤੇ ਬੈਠਾ ਡ੍ਰਾਫਟ ਬਣਾਉਣ ਲਈ ਫਾਰਮ ਭਰ ਰਿਹਾ ਸੀ ਕਿ ਇੱਕ ਉਮਰ ਦਰਾਜ਼ ਵਿਅਕਤੀ ਨੇ ਮੇਰੇ ਮੋਢੇ ਉੱਤੇ ਹੱਥ ਰੱਖਦੇ ਹੋਏ ਕਿਹਾ, “ਸਰ, ਤੁਹਾਨੂੰ ਔਹ ਸਾਹਮਣੇ ਵਾਲੀ ਕੁਰਸੀ ਉੱਤੇ ਬੈਠੇ ਸਾਡੇ ਬੈਂਕ ਦੇ ਬਾਬੂ ਜੀ ਬੁਲਾ ਰਹੇ ਨੇ।”
ਮੈਂ ਹੈਰਾਨ ਸਾਂ ਕਿ ਇਸ ਬੈਂਕ ਵਿੱਚ ਮੈਨੂੰ ਕੌਣ ਬੁਲਾ ਸਕਦਾ ਹੈ? ਉਸ ਵਿਅਕਤੀ ਨੂੰ ਬੈਂਕ ਡ੍ਰਾਫਟ ਬਣਾਉਣ ਤੋਂ ਬਾਅਦ ਆਉਣ ਲਈ ਕਹਿਕੇ ਮੈਂ ਮੁੜ ਫਾਰਮ ਭਰਨ ਲੱਗ ਪਿਆ। ਪਰ ਉਸਨੇ ਫਿਰ ਕਿਹਾ, “ਸਰ, ਤੁਸੀਂ ਚੱਲੋ, ਸਰ ਆਪ ਹੀ ਤੁਹਾਡਾ ਡ੍ਰਾਫਟ ਬਣਵਾ ਦੇਣਗੇ।”
ਮੈਂ ਫਾਰਮ ਭਰਨਾ ਵਿੱਚ ਹੀ ਛੱਡਕੇ ਦੱਸੀ ਹੋਈ ਕੁਰਸੀ ਕੋਲ ਪਹੁੰਚ ਗਿਆ। ਮੈਂ ਤਾਂ ਅਜੇ ਕੁਝ ਬੋਲਣ ਵਾਲਾ ਹੀ ਸੀ ਕਿ ਕੁਰਸੀ ਉੱਤੇ ਬੈਠੇ ਬੈਂਕ ਦੇ ਬਾਬੂ ਨੇ ਖੜ੍ਹੇ ਹੋ ਕੇ ਮੈਨੂੰ ਜੱਫੀ ਵਿੱਚ ਲੈ ਕੇ ਕਿਹਾ, “ਰੋਲ ਨੰਬਰ ਸੋਲਾਂ ਹਾਜ਼ਰ ਹੋ।”
ਦੇਰ ਬਾਅਦ ਹੋਏ ਇਸ ਮਿਲਾਪ ਨੇ ਸਾਡਾ ਵਿਦਿਆਰਥੀ ਜੀਵਨ ਸਾਡੀਆਂ ਅੱਖਾਂ ਸਾਹਮਣੇ ਲਿਆਕੇ ਖੜ੍ਹਾ ਕਰ ਦਿੱਤਾ। ਮੈਂ ਬਹੁਤ ਹੈਰਾਨ ਸੀ ਕਿ ਕ੍ਰਿਸ਼ਨ ਕੁਮਾਰ ਇਸ ਬੈਂਕ ਵਿੱਚ ਕਿਵੇਂ ਆ ਗਿਆ? ਮਨ ਵਿੱਚ ਖਿਆਲ ਆਇਆ ਕਿ ਚਪੜਾਸੀ ਤੋਂ ਕਲਰਕ ਬਣ ਗਿਆ ਹੋਵੇਗਾ। ਉਹ ਆਪਣੇ ਨਾਲ ਦੇ ਬਾਬੂ ਨੂੰ ਆਪਣੀ ਸੀਟ ਦਾ ਕੰਮ ਵੇਖਣ ਲਈ ਕਹਿਕੇ ਮੈਨੂੰ ਬੈਂਕ ਦੀ ਕੰਟੀਨ ਵਿੱਚ ਲੈ ਗਿਆ। ਮੈਂ ਉਸ ਨੂੰ ਬੈਂਕ ਵਿੱਚ ਵੇਖਕੇ ਇਸ ਲਈ ਹੈਰਾਨ ਸਾਂ ਕਿਉਂਕਿ ਮੈਂ ਵੀ ਬੈਂਕ ਦੀ ਨੌਕਰੀ ਕਰਨਾ ਚਾਹੁੰਦਾ ਸਾਂ ਪਰ ਮੈਥੋਂ ਬੈਂਕ ਦਾ ਟੈੱਸਟ ਪਾਸ ਨਹੀਂ ਹੋਇਆ ਸੀ। ਮੈਂ ਉਸ ਨੂੰ ਕਿਹਾ, “ਯਾਰ, ਮੈਂ ਉਦੋਂ ਇਹ ਸੋਚਕੇ ਤੇਰੀ ਉਡੀਕ ਕਰਦਾ ਰਿਹਾ ਕਿ ਤੂੰ ਸਕੂਲ ਸਰਟੀਫਿਕੇਟ ਲੈਣ ਆਇਆ ਮੈਨੂੰ ਜ਼ਰੂਰ ਮਿਲਣ ਆਏਂਗਾ, ਮੈਂ ਤੇਰੇ ਬਾਰੇ ਆਪਣੇ ਨਾਲ ਦੇ ਮੁੰਡਿਆਂ ਤੋਂ ਪੁੱਛਿਆ ਵੀ, ਪਰ ਕੁਝ ਪਤਾ ਨਹੀਂ ਲੱਗਾ।”
ਕ੍ਰਿਸ਼ਨ ਕੁਮਾਰ ਅੱਗੋਂ ਬੋਲਿਆ, “ਮੈਂ ਤੁਹਾਡੀ ਦੁਕਾਨ ’ਤੇ ਆਇਆ ਸੀ ਪਰ ਤੂੰ ਆਪਣੇ ਪਿਤਾ ਜੀ ਲਈ ਦਵਾਈ ਲੈਣ ਗਿਆ ਹੋਇਆ ਸੀ। ... ਅੰਗਰੇਜ਼ੀ ਵਾਲੇ ਸਰ ਨੇ ਮੇਰੇ ਨੰਬਰ ਵੇਖਕੇ ਕਿਹਾ ਸੀ, - ਰੋਲ ਨੰਬਰ ਸੋਲਾਂ’ ਮੈਂ ਤੇਰੇ ਨੰਬਰ ਵੇਖਕੇ ਬਹੁਤ ਖੁਸ਼ ਹਾਂ। ਤੂੰ ਅੱਗੇ ਵੀ ਮਿਹਨਤ ਕਰੀਂ, ਤੂੰ ਇੱਕ ਦਿਨ ਜ਼ਰੂਰ ਕੁਝ ਬਣੇਗਾ। - ਸਰ ਦੀਆਂ ਗੱਲਾਂ ਨੇ ਉਨ੍ਹਾਂ ਪ੍ਰਤੀ ਮੇਰੇ ਸਾਰੇ ਗਿਲੇ ਸ਼ਿਕਵੇ ਦੂਰ ਕਰ ਦਿੱਤੇ ਸਨ।
“ਮਾਂ ਨੇ ਪਿਤਾ ਜੀ ਨੂੰ ਕਹਿਕੇ ਮੈਨੂੰ ਕਾਲਜ ਵਿੱਚ ਪੜ੍ਹਾਉਣ ਲਈ ਮਨਾ ਲਿਆ ਸੀ, ਪਰ ਪਿਤਾ ਜੀ ਦੀ ਇੱਕ ਦੁਰਘਟਨਾ ਵਿੱਚ ਮੌਤ ਹੋਣ ਕਾਰਨ ਮੇਰੇ ਕਾਲਜ ਵਿੱਚ ਪੜ੍ਹਨ ਦੇ ਸੁਪਨੇ ਢਹਿ ਢੇਰੀ ਹੋ ਗਏ। ਪਰਿਵਾਰ ਦੀ ਥੋੜ੍ਹੀ ਬਹੁਤ ਆਮਦਨ ਦਾ ਸਾਧਨ ਵੀ ਜਾਂਦਾ ਲੱਗਿਆ। ਮੈਂ ਕੱਪੜੇ ਸਿਉਣੇ ਸਿੱਖਣ ਦਾ ਮਨ ਬਣਾ ਲਿਆ, ਪਰ ਇੱਕ ਦਿਨ ਮਾਮਾ ਜੀ ਮੈਨੂੰ ਆਪਣੇ ਨਾਲ ਚੰਡੀਗੜ੍ਹ ਲੈ ਗਏ। ਮੈਂ ਡਰਾਫਟਸਮੈਨ ਦੀ ਆਈ.ਟੀ.ਆਈ ਕਰਨ ਦੇ ਨਾਲ ਨਾਲ ਸ਼ਾਮ ਨੂੰ ਇੱਕ ਹੋਟਲ ਵਿੱਚ ਕੰਮ ਕਰਨ ਲੱਗ ਪਿਆ। ਆਈ .ਟੀ. ਆਈ ਦਾ ਕੋਰਸ ਪੂਰਾ ਹੋਇਆ ਹੀ ਸੀ ਕਿ ਮਾਮਾ ਜੀ ਨੇ ਇੱਕ ਦਿਨ ਮੈਨੂੰ ਕਿਹਾ, “ਕ੍ਰਿਸ਼ਨ, ਤੇਰੀ ਸਿਹਤ ਕਾਫੀ ਚੰਗੀ ਹੈ, ਨੌਕਰੀ ਪਤਾ ਨਹੀਂ ਕਦੋਂ ਮਿਲਣੀ ਹੈ, ਫੌਜ ਵਿੱਚ ਭਰਤੀ ਨਿਕਲੀ ਹੈ, ਤੂੰ ਇੱਕ ਵਾਰ ਜਾ ਕੇ ਵੇਖ ਲੈ।
“ਗਰੀਬਾਂ ਦੀ ਆਪਣੀ ਕੋਈ ਮਰਜ਼ੀ ਨਹੀਂ ਹੁੰਦੀ, ਮੈਂ ਭਰਤੀ ਵੇਖਣ ਚਲਾ ਗਿਆ। ਉਨ੍ਹਾਂ ਮੈਨੂੰ ਮੌਕੇ ਉੱਤੇ ਹੀ ਮੈਡੀਕਲ ਕਰਵਾਉਣ ਲਈ ਕਹਿ ਦਿੱਤਾ। ਘਰ ਦੀ ਆਮਦਨ ਦਾ ਵਸੀਲਾ ਬਣਨ ਲਈ ਮਾਂ ਦੇ ਨਾ ਚਾਹੁੰਦੇ ਹੋਏ ਵੀ ਮੈਂ ਫੌਜ ਵਿੱਚ ਭਰਤੀ ਹੋ ਗਿਆ। ਮੈਨੂੰ ਹਰਜਿੰਦਰ ਸਿੰਘ ਸਰ ਦੇ ਸ਼ਬਦਾਂ ਨੇ ਬਹੁਤ ਹੱਲਾ ਸ਼ੇਰੀ ਦਿੱਤੀ। ਆਪਣੇ ਨਾਲ ਦੇ ਮੁੰਡਿਆਂ ਨੂੰ ਵੇਖਕੇ ਮੈਂ ਪੱਤਰ ਵਿਵਹਾਰ ਰਾਹੀਂ ਬੀ.ਏ ਕਰਨੀ ਸ਼ੁਰੂ ਕਰ ਦਿੱਤੀ। ਮੈਨੂੰ ਆਪਣੇ ਅੰਗਰੇਜ਼ੀ ਵਾਲੇ ਸਰ ਉਦੋਂ ਬਹੁਤ ਯਾਦ ਆਉਂਦੇ, ਜਦੋਂ ਮੈਨੂੰ ਮੇਰੇ ਅਫਸਰ ਅਤੇ ਮੇਰੇ ਨਾਲ ਦੇ ਮੁੰਡੇ ਇਹ ਕਹਿੰਦੇ ਕਿ ਤੇਰੀ ਅੰਗੇਰਜ਼ੀ ਬਹੁਤ ਚੰਗੀ ਹੈ। ਮੈਂ ਬਹੁਤ ਛੇਤੀ ਹੀ ਫੌਜ ਵਿੱਚ ਤਰੱਕੀਆਂ ਲੈ ਗਿਆ। ਮਾਮਾ ਜੀ ਨੇ ਮਾਂ ਨੂੰ ਕਹਿਕੇ ਆਪਣੇ ਸਹੁਰਿਆਂ ਦੀ ਰਿਸ਼ਤੇਦਾਰੀ ਵਿੱਚ ਇੱਕ ਪੜ੍ਹੀ ਲਿਖੀ ਕੁੜੀ ਵੇਖਕੇ ਮੇਰਾ ਰਿਸ਼ਤਾ ਕਰਵਾ ਦਿੱਤਾ। ਮੈਂ ਅਜੇ ਵਿਆਹ ਲਈ ਰੁਕਣਾ ਚਾਹੁੰਦਾ ਸੀ ਪਰ ਮਾਮਾ ਜੀ ਨੇ ਜ਼ੋਰ ਪਾਕੇ ਵਿਆਹ ਵੀ ਕਰਵਾ ਦਿੱਤਾ। ਮੈਨੂੰ ਲੱਗਣ ਲੱਗਿਆ ਕਿ ਸਾਡੇ ਪਰਿਵਾਰ ਦੇ ਚੰਗੇ ਦਿਨ ਆਉਣ ਲੱਗੇ ਨੇ। ਮੈਂ ਅਜੇ ਪਿਤਾ ਜੀ ਦਾ ਵਿਛੋੜਾ ਭੁੱਲਿਆ ਨਹੀਂ ਸੀ ਕਿ ਮਾਂ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ।
“ਜਵਾਨ ਭੈਣ, ਛੋਟੇ ਭਰਾ ਦੀ ਦੇਖਭਾਲ ਲਈ ਅਤੇ ਘਰ ਵਾਲੀ ਦੇ ਜ਼ੋਰ ਪਾਉਣ ’ਤੇ ਮੈਨੂੰ ਫੌਜ ਤੋਂ ਪੈਨਸ਼ਨ ਲੈਕੇ ਆਉਣਾ ਪਿਆ। ਮੈਂ ਬੀ.ਏ ਕਰ ਚੁੱਕਾ ਸਾਂ। ਇੱਕ ਦਿਨ ਮਾਮਾ ਜੀ ਦਾ ਸੁਨੇਹਾ ਆਇਆ ਕਿ ਬੈਂਕ ਵਿੱਚ ਪੋਸਟਾਂ ਨਿਕਲੀਆਂ ਹਨ, ਫਾਰਮ ਭਰ ਦੇ। ਮੈਂ ਫਾਰਮ ਭਰਕੇ ਬੈਂਕ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਮੈਂ ਬੈਂਕ ਵਿੱਚ ਕਲਰਕ ਲੱਗ ਗਿਆ। ... ਮੇਰੀ ਬੇਟੀ ਪਿਛਲੇ ਸਾਲ ਪੀ.ਐੱਮ ਟੀ ਦਾ ਟੈੱਸਟ ਪਾਸ ਕਰਕੇ ਮੈਡੀਕਲ ਕਾਲਜ ਵਿੱਚ ਚਲੀ ਗਈ। ਬੇਟਾ ਦਸਵੀਂ ਜਮਾਤ ਵਿੱਚ ਪੜ੍ਹਦਾ ਹੈ। ਜੇਕਰ ਸਾਡੇ ਅਧਿਆਪਕ ਮੈਨੂੰ ‘ਰੋਲ ਨੰਬਰ ਸੋਲਾਂ ਹਾਜ਼ਰ ਹੋ’ ਨਾ ਕਹਿੰਦੇ ਤਾਂ ਹੋ ਸਕਦਾ ਹੈ ਕਿ ਮੈਂ ਪਿੰਡ ਵਿੱਚ ਲੋਕਾਂ ਦੇ ਕੱਪੜੇ ਸਿਊਂਦਾ ਹੁੰਦਾ।”
ਮੈਂ ਕ੍ਰਿਸ਼ਨ ਕੁਮਾਰ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਚਾਹੁੰਦਾ ਸਾਂ ਪਰ ਕੋਚਿੰਗ ਸੈਂਟਰ ਬੰਦ ਹੋਣ ਦੇ ਡਰ ਕਾਰਨ ਉਸ ਨੂੰ ਫਿਰ ਮਿਲਣ ਦੀ ਗੱਲ ਕਹਿਕੇ ਮੈਂ ਕੋਚਿੰਗ ਸੈਂਟਰ ਵੱਲ ਚੱਲ ਪਿਆ। ਵਿਦਿਆਰਥੀ ਜੀਵਨ ਦਾ ਉਹ ਦੋਸਤ ‘ਰੋਲ ਨੰਬਰ ਸੋਲਾਂ’ ਮੈਨੂੰ ਅਕਸਰ ਹੀ ਯਾਦ ਆਉਂਦਾ ਰਹਿੰਦਾ ਹੈ।
ਫਿਰ ਇੱਕ ਦਿਨ ਕ੍ਰਿਸ਼ਨ ਕੁਮਾਰ ਦਾ ਫੋਨ ਆਇਆ ਕਿ ਉਹ ਬੈਂਕ ਅਧਿਕਾਰੀ ਦਾ ਟੈੱਸਟ ਪਾਸ ਕਰਕੇ ਬੈਂਕ ਅਧਿਕਾਰੀ ਬਣ ਗਿਆ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4770)
(ਸਰੋਕਾਰ ਨਾਲ ਸੰਪਰਕ ਲਈ: (