“ਸਾਡੇ ਦੇਸ਼ ਦੇ ਲੋਕਾਂ ਵਾਂਗ ਇਸ ਮੁਲਕ ਦੇ ਲੋਕ ਆਪਣਾ ਪੇਟ ਕੱਟਕੇ ਆਉਣ ਵਾਲੀਆਂ ਤਿੰਨ ਪੀੜ੍ਹੀਆਂ ਲਈ ਧਨ ...”
(17 ਮਾਰਚ 2024)
ਇਸ ਸਮੇਂ ਪਾਠਕ: 205.
ਕੈਨੇਡਾ ਵਿੱਚ ਇੱਕ ਸਾਲ ਤੋਂ ਵੱਧ ਦਾ ਸਮਾਂ ਗੁਜ਼ਾਰਦਿਆਂ ਇਸ ਮੁਲਕ ਦੇ ਲੋਕਾਂ ਦੀ ਜਿੰਦਗੀ ਦੇ ਕਈ ਰੰਗ ਢੰਗ ਵੇਖਣ ਨੂੰ ਮਿਲੇ। ਸਾਡੇ ਮੁਲਕ ਦੇ ਲੋਕ ਜਿੰਦਗੀ ਨੂੰ ਜਿਊਂਦੇ ਨਹੀਂ, ਸਗੋਂ ਗੁਜ਼ਾਰਦੇ ਹਨ, ਪਰ ਕੈਨੇਡਾ ਦੇ ਲੋਕ ਜਿੰਦਗੀ ਦਾ ਲੁਤਫ਼ ਲੈਂਦੇ ਹਨ। ਸਾਡੇ ਦੇਸ਼ ਵਿੱਚ ਲੋਕ ਮਿਹਨਤ ਕਰਦੇ ਹਨ, ਮਿਹਨਤ ਇਸ ਮੁਲਕ ਦੇ ਲੋਕ ਵੀ ਕਰਦੇ ਹਨ, ਪਰ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਮਿਹਨਤ ਕਰਨ ਦਾ ਢੰਗ ਅੱਡ ਅੱਡ ਹੈ। ਸਾਡੇ ਦੇਸ਼ ਵਿਚ ਜੇਕਰ ਕੰਮ ਸਰਕਾਰੀ ਹੈ ਤਾਂ ਉਸ ਨੂੰ ਕਰਨਾ, ਨਾ ਕਰਨਾ, ਕਦੋਂ ਕਰਨਾ ਸਾਡੇ ਦੇਸ਼ ਦੇ ਲੋਕਾਂ ਦੀ ਇੱਛਾ ਉੱਤੇ ਨਿਰਭਰ ਹੁੰਦਾ ਹੈ। ਨੌਕਰੀ ਪੇਸ਼ਾ ਲੋਕਾਂ ਲਈ ਕੰਮ ਦੇ ਦਿਨ ਵੀ ਛੁੱਟੀਆਂ ਵਰਗੇ ਹੀ ਹੁੰਦੇ ਹਨ। ਹਫਤੇ ਦੇ ਅਖੀਰੀ ਦੋ ਦਿਨ ਦੇਰ ਨਾਲ ਉੱਠਣ, ਟੈਲੀਵਿਜ਼ਨ ਵੇਖਣ ਅਤੇ ਵਿਹਲੇ ਰਹਿਕੇ ਗੱਲਾਂ ਗੱਪਾਂ ਮਾਰਨ ਲਈ ਹੁੰਦੇ ਹਨ। ਜ਼ਿਆਦਾ ਤੋਂ ਜ਼ਿਆਦਾ ਕਿਸੇ ਰਿਸ਼ਤੇਦਾਰ ਨੂੰ ਮਿਲਣ ਜਾਣ ਦਾ ਪ੍ਰੋਗਰਾਮ ਬਣ ਜਾਂਦਾ ਹੈ। ਜੇਕਰ ਕੰਮ ਆਪਣਾ ਦੁਕਾਨਦਾਰੀ, ਖੇਤੀਬਾੜੀ, ਕਾਰਖਾਨਾ, ਬਾਗਬਾਨੀ, ਟਰਾਂਸਪੋਰਟ ਅਤੇ ਕੋਈ ਹੋਰ ਧੰਦਾ ਹੋਵੇ ਤਾਂ ਫੇਰ ਕੰਮ ਵਿੱਚੋਂ ਵਿਹਲ ਹੁੰਦਾ ਹੀ ਨਹੀਂ। ਹਰ ਵੇਲੇ ਕੰਮ ਹੀ ਕੰਮ ਹੁੰਦਾ ਹੈ, ਦਿਨ ਰਾਤ ਦਾ ਕੋਈ ਪਤਾ ਨਹੀਂ ਹੁੰਦਾ। ਛੁੱਟੀ ਦਾ ਤਾਂ ਕੋਈ ਮਤਲਬ ਹੀ ਨਹੀਂ ਹੁੰਦਾ। ਹਫਤੇ ਦੇ ਸੱਤੇ ਦਿਨ ਕੰਮ ਕਰਦਿਆਂ ਹੀ ਲੰਘਦੇ ਹਨ। ਪਰ ਕੈਨੇਡਾ ਵਿੱਚ ਕੰਮ ਚਾਹੇ ਸਰਕਾਰੀ ਹੋਵੇ ਜਾਂ ਆਪਣਾ, ਇੱਥੋਂ ਦੇ ਲੋਕਾਂ ਲਈ ਦੋਵੇਂ ਬਰਾਬਰ ਹਨ। ਇੱਥੋਂ ਦੇ ਲੋਕ ਕੰਮ ਵੇਲੇ ਕੰਮ ਅਤੇ ਆਨੰਦ ਵੇਲੇ ਆਨੰਦ ਕਰਦੇ ਹਨ। ਹਰ ਸਰਕਾਰੀ ਜਾਂ ਪ੍ਰਾਈਵੇਟ ਅਦਾਰੇ ਵਿੱਚ ਕੰਮ ਦੇ ਘੰਟੇ ਨਿਸ਼ਚਿਤ ਹਨ। ਛੁੱਟੀ ਤੋਂ ਬਾਅਦ ਕਰਮਚਾਰੀਆਂ ਨੂੰ ਨਾ ਕੋਈ ਰੋਕਦਾ ਹੈ ਤੇ ਨਾ ਹੀ ਕੋਈ ਰੁਕਦਾ ਹੈ। ਵਾਧੂ ਸਮੇਂ ਦੇ ਪੈਸੇ ਦੇਣੇ ਪੈਂਦੇ ਹਨ। ਇਸ ਮੁਲਕ ਵਿਚ ਕੋਈ ਵੀ ਵਿਅਕਤੀ ਡਿਊਟੀ ਸਮੇਂ ਨਾ ਸਿਗਰੇਟ, ਚਾਹ ਕੌਫੀ ਪੀਂਦਾ ਹੈ ਅਤੇ ਨਾ ਹੀ ਮੋਬਾਇਲ ਸੁਣਦਾ ਹੈ।
ਸਾਡੇ ਦੇਸ਼ ਦੇ ਲੋਕਾਂ ਵਾਂਗ ਇਸ ਮੁਲਕ ਦੇ ਲੋਕ ਆਪਣਾ ਪੇਟ ਕੱਟਕੇ ਆਉਣ ਵਾਲੀਆਂ ਤਿੰਨ ਪੀੜ੍ਹੀਆਂ ਲਈ ਧਨ ਨਹੀਂ ਜੋੜਦੇ। ਇਹ ਲੋਕ ਸਕੂਲ ਅਤੇ ਕਾਲਜ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਆਪਣੇ ਬੱਚਿਆਂ ਨੂੰ ‘ਆਪਣਾ ਕਮਾਓ - ਆਪਣਾ ਖਾਓ’ ਕਹਿਕੇ ਉਨ੍ਹਾਂ ਨੂੰ ਆਪਣੇ ਤੋਂ ਅੱਡ ਕਰ ਦਿੰਦੇ ਹਨ। ਇਸ ਮੁਲਕ ਦੇ ਲੋਕ ਜਿੰਦਗੀ ਜਿਊਣ ਦੇ ਸਲੀਕੇ ਅਤੇ ਅਰਥ ਨੂੰ ਸਮਝਦੇ ਹਨ। ਇਹ ਲੋਕ ਜਿੰਦਗੀ ਨੂੰ ਢੋਂਹਦੇ ਨਹੀਂ ਸਗੋਂ ਇਸਦੇ ਮਜ਼ੇ ਲੈਂਦੇ ਹਨ। ਇਹ ਲੋਕ ਹਫਤੇ ਦੇ ਪੰਜ ਦਿਨ ਪੂਰੀ ਮਿਹਨਤ ਕਰਦੇ ਹਨ ਤੇ ਆਖ਼ਰੀ ਦੋ ਦਿਨ ਪੂਰੇ ਮਜ਼ੇ ਕਰਦੇ ਹਨ। ਇਹ ਲੋਕ ਸਾਡੇ ਮੁਲਕ ਦੇ ਲੋਕਾਂ ਵਾਂਗ ਆਪਣੀ ਡਿਊਟੀ ਤੋਂ ਆ ਕੇ ਨਾ ਤਾਂ ਬੈਂਕਾਂ ਅਤੇ ਡਾਕਖਾਨਿਆਂ ਦੀਆਂ ਆਰ.ਡੀਆਂ ਕਰਦੇ ਹਨ ਤੇ ਨਾ ਹੀ ਕੋਈ ਕਾਰੋਬਾਰ। ਇਸ ਮੁਲਕ ਦੇ ਲੋਕ ਡਿਊਟੀ ਤੋਂ ਆ ਕੇ ਖੂਬ ਖਾਂਦੇ ਪੀਂਦੇ ਤੇ ਪਾਰਟੀਆਂ ਕਰਦੇ ਹਨ। ਹਫਤੇ ਦੇ ਅਖੀਰਲੇ ਦੋ ਦਿਨ ਇਨ੍ਹਾਂ ਲੋਕਾਂ ਲਈ ਇਕ ਤਿਉਹਾਰ ਵਾਂਗ ਹੁੰਦੇ ਹਨ। ਸ਼ੁਕਰਵਾਰ ਦੇ ਦਿਨ ਦੀ ਇਨ੍ਹਾਂ ਲੋਕ ਨੂੰ ਵੀਕਐਂਡ ਦੇ ਦੋ ਦਿਨਾਂ ਦੀ ਬੜੀ ਬੇਸਬਰੀ ਨਾਲ ਉਡੀਕ ਹੁੰਦੀ ਹੈ। ਸਨਿੱਚਰਨਵਾਰ ਅਤੇ ਐਤਵਾਰ ਦੀ ਸਰਕਾਰੀ, ਪ੍ਰਾਈਵੇਟ ਅਦਾਰਿਆਂ , ਸਕੂਲਾਂ, ਡੇ ਕੇਅਰਾਂ, ਕਾਲਜਾਂ, ਯੁਨੀਵਰਸਟੀਆਂ ਅਤੇ ਹੋਰ ਅਦਾਰਿਆਂ ਵਿਚ ਛੁੱਟੀ ਹੁੰਦੀ ਹੈ। ਸ਼ੁਕਰਵਾਰ ਨੂੰ ਛੁੱਟੀ ਤੋਂ ਬਾਅਦ ਘਰ ਨੂੰ ਜਾਂਦਿਆਂ ਹਰ ਕੋਈ ਇੱਕ ਦੂਜੇ ਨੂੰ ਹੈਪੀ ‘ਵੀਕਐਂਡ’ ਕਹਿੰਦਾ ਵਿਖਾਈ ਦਿੰਦਾ ਹੈ। ਇਸ ਮੁਲਕ ਵਿਚ ‘ਹੈਪੀ ਵੀਕਐਂਡ’ ਦੋ ਦਿਨ ਮੌਜ ਮਸਤੀ, ਆਨੰਦ ਲੈਣ ਤੇ ਛੁੱਟੀਆਂ ਮਨਾਉਣ ਦਾ ਪ੍ਰਤੀਕ ਹਨ। ਹਫਤੇ ਦੇ ਆਖ਼ਰੀ ਇਨ੍ਹਾਂ ਦੋ ਦਿਨਾਂ ਵਿਚ ਇੱਥੋਂ ਦੇ ਲੋਕ ਇੱਕ ਦੂਜੇ ਦੇ ਘਰ ਮਹਿਮਾਨ ਬਣ ਕੇ ਜਾਂਦੇ ਹਨ ਤੇ ਇਕੱਠੇ ਹੋ ਕੇ ਪਾਰਟੀਆਂ ਕਰਦੇ ਹਨ ਪਰ ਕਿਸੇ ਦੇ ਘਰ ਜਾਣ ਤੋਂ ਪਹਿਲਾਂ ਬਕਾਇਦਾ ਪ੍ਰੋਗਰਾਮ ਬਣਿਆ ਹੋਇਆ ਹੁੰਦਾ ਹੈ। ਇਨ੍ਹਾਂ ਦੋ ਦਿਨਾਂ ਵਿੱਚ ਹੋਟਲਾਂ, ਬਾਰਾਂ ਪਲਾਜ਼ਿਆਂ, ਮੌਲਾਂ, ਸਿਨੇਮਾ ਘਰਾਂ, ਪਾਰਕਾਂ ਅਤੇ ਮਨੋਰੰਜਕ ਥਾਵਾਂ ’ਤੇ ਲੋਕਾਂ ਦੀ ਭੀੜ ਹੁੰਦੀ ਹੈ। ਇਨ੍ਹਾਂ ਦੋ ਦਿਨਾਂ ਵਿਚ ਇੱਥੋਂ ਦੇ ਲੋਕ ਆਪਣੇ ਬੱਚਿਆਂ ਨੂੰ ਘਮਾਉਣ ਫਿਰਾਉਣ ਲਈ ਨਦੀਆਂ, ਝਰਨਿਆਂ, ਚਿੜੀਆ ਘਰਾਂ, ਪਹਾੜੀ ਸਥਾਨਾਂ ਅਤੇ ਹੋਰ ਗਿਆਨ ਅਤੇ ਮਨੋਰੰਜਨ ਵਾਲੀਆਂ ਥਾਵਾਂ ਉੱਤੇ ਲੈ ਕੇ ਜਾਂਦੇ ਹਨ।
ਇਨ੍ਹਾਂ ਦਿਨਾਂ ਵਿਚ ਘਰਾਂ ਦੇ ਪਿੱਛੇ ਬਣੇ ਬੈਕ ਯਾਰਡਾਂ ਵਿੱਚ ਪਾਰਟੀਆਂ ਕੀਤੀਆਂ ਜਾਂਦੀਆਂ ਹਨ ਅਤੇ ਸੰਗੀਤ ਦੀਆਂ ਧੁਨਾਂ ਸੁਣਾਈ ਦਿੰਦੀਆਂ ਹਨ। ਕਈ ਲੋਕ ਆਪਣੇ ਘਰਾਂ ਵਿੱਚ ਰੱਖੀਆਂ ਕਿਸ਼ਤੀਆਂ ਲੈ ਕੇ ਵੱਡੀਆਂ ਨਦੀਆਂ ਅਤੇ ਝਰਨਿਆਂ ਵਿੱਚ ਕਿਸ਼ਤੀਆਂ ਚਲਾਉਣ ਦਾ ਆਨੰਦ ਲੈਂਦੇ ਹਨ। ਇਨ੍ਹਾਂ ਦੋਂਹ ਦਿਨਾਂ ਵਿਚ ਖੇਡ ਦੇ ਮੈਦਾਨਾਂ ਵਿੱਚ ਕ੍ਰਿਕਟ, ਫੁੱਟਬਾਲ, ਬਾਸਕਟ ਬਾਲ, ਬੇਸਬਾਲ ਦੇ ਮੈਚ ਹੁੰਦੇ ਹਨ ਅਤੇ ਦਰਸ਼ਕਾਂ ਦੀ ਪੂਰੀ ਭੀੜ ਹੁੰਦੀ ਹੈ। ਸਨੋ ਫਾਲ ਦੇ ਦਿਨਾਂ ਵਿੱਚ ਵਿਸ਼ੇਸ਼ ਸਥਾਨ ਉੱਤੇ ਬੱਚੇ ਅਤੇ ਨੌਜਵਾਨ ਮੁੰਡੇ ਕੁੜੀਆਂ ਆਈਸ ਸਕੇਟਿੰਗ ਕਰਦੇ ਵੇਖੇ ਜਾ ਸਕਦੇ ਹਨ। ਸਾਡੇ ਦੇਸ਼ ਦੇ ਲੋਕਾਂ ਵਾਂਗ ਇਸ ਮੁਲਕ ਦੇ ਲੋਕ ਛੁੱਟੀ ਵਾਲੇ ਦਿਨ ਸੌਂ ਕੇ, ਗੱਲਾਂ ਗੱਪਾਂ ਮਾਰਕੇ, ਵਿਹਲੇ ਘੁੰਮਕੇ ਅਤੇ ਟੈਲੀਵਿਜ਼ਨ ਵੇਖਕੇ ਨਹੀਂ ਗੁਜ਼ਾਰਦੇ ਸਗੋਂ ਪਲੰਬਰ, ਮਿਸਤਰੀ , ਲੁਹਾਰ, ਇਲੈਕਟ੍ਰੀਸ਼ਨ ਅਤੇ ਹੋਰ ਕਾਰੀਗਰਾਂ ਦੇ ਕੰਮ ਖੁਦ ਹੱਥੀਂ ਕਰਦੇ ਹਨ। ਇਸ ‘ਵੀਕਐਂਡ’ ਦੇ ਦਿਨਾਂ ਵਿੱਚ ਇਹ ਲੋਕ ਆਪਣੇ ਘਰਾਂ ਦੇ ਪਿੱਛੇ ਬਣੇ ਬਗ਼ੀਚਿਆਂ ਅਤੇ ਫੁਲਵਾੜੀਆਂ ਦੀ ਬੀਜ ਬਜਾਈ, ਕਾਂਟ ਛਾਂਟ ਤੇ ਸਿੰਚਾਈ ਬਗੈਰਾ ਕਰਦੇ ਹਨ। ਇਨ੍ਹਾਂ ਦੋਂਹ ਦਿਨਾਂ ਵਿੱਚ ਇਹ ਲੋਕ ਆਪਣੇ ਘਰ ਵਿਚ ਰੱਖੇ ਕੁੱਤਿਆਂ ਅਤੇ ਪਾਲਤੂ ਜਾਨਵਰਾਂ ਨੂੰ ਘੁਮਾਉਂਦੇ ਫਿਰਾਉਂਦੇ ਹਨ, ਬੱਚਿਆਂ ਨੂੰ ਨਾਲ ਲੈ ਕੇ ਲਾਇਬ੍ਰੇਰੀਆਂ ਵਿੱਚ ਜਾਕੇ ਪੜ੍ਹਦੇ ਹਨ।
ਇਸ ਮੁਲਕ ਵਿੱਚ ਸਾਡੇ ਮੁਲਕ ਵਾਂਗ ਨੌਕਰ ਨੌਕਰਾਣੀਆਂ ਨਹੀਂ ਮਿਲਦੇ, ਜੇਕਰ ਮਿਲਦੇ ਵੀ ਹਨ ਤਾਂ ਬਹੁਤ ਮਹਿੰਗੇ ਹਨ। ਘਰ ਦੀ ਸਾਫ ਸਫ਼ਾਈ ਅਤੇ ਹੋਰ ਛੋਟੇ ਮੋਟੇ ਕੰਮ ਆਪਣੇ ਹੱਥੀਂ ਕਰਨੇ ਪੈਂਦੇ ਹਨ। ਇਨ੍ਹਾਂ ਦੋ ਦਿਨਾਂ ਵਿਚ ਇੱਥੋਂ ਦੇ ਲੋਕ ਘਰ ਦੀ ਸਾਫ ਸਫ਼ਾਈ ਅਤੇ ਕੰਮਕਾਰ ਵੀ ਕਰਦੇ ਹਨ। ਇੱਥੋਂ ਦੇ ਲੋਕਾਂ ਦਾ ਜਿੰਦਗੀ ਜਿਉਣ ਦਾ ਢੰਗ ਆਤਮ ਨਿਰਭਰਤਾ, ਕੁਦਰਤ ਨਾਲ ਪਿਆਰ ਕਰਨਾ, ਕੰਮ ਸਮੇਂ ਕੇਵਲ ਕੰਮ ਕਰਨਾ ਅਤੇ ਜਿੰਦਗੀ ਦਾ ਆਨੰਦ ਲੈਣਾ ਸਿਖਾਉਂਦਾ ਹੈ।
* * *
(“ਇਸ ਮੁਲਕ ਵਿੱਚ ਸਾਡੇ ਮੁਲਕ ਵਾਂਗ ਨੌਕਰ ਨੌਕਰਾਣੀਆਂ ਨਹੀਂ ਮਿਲਦੇ ...” - ਇਹ ਗੱਲ ਸਹੀ ਨਹੀਂ। ਘਰ ਵਿਚਲਾ ਅਤੇ ਘਰੋਂ ਬਾਹਰਲਾ ਹਰ ਕੰਮ ਕਰਨ ਵਾਲੇ ਹਰ ਸੂਬੇ, ਹਰ ਸ਼ਹਿਰ ਵਿੱਚ ਮਿਲ ਜਾਂਦੇ ਹਨ, ਕੋਈ ਘਾਟ ਨਹੀਂ। ਜਿੰਨੇ ਥੋੜ੍ਹੇ ਪੈਸਿਆਂ ਵਿੱਚ ਭਾਰਤ ਵਿੱਚ ਗਰੀਬੀ ਕਾਰਨ ਕੰਮ ਕਰਨ ਵਾਲੇ ਕਿਰਤੀ ਕੰਮ ਕਰਦੇ ਹਨ, ਉੰਨੇ ਥੋੜ੍ਹੇ ਪੈਸਿਆਂ ਵਿੱਚ ਕੈਨੇਡਾ ਵਿੱਚ ਭੁੱਲ ਜਾਵੋ। ਉਨ੍ਹਾਂ ਕਿਰਤੀਆਂ ਨੇ ਵੀ ਆਪਣੇ ਪਰਿਵਾਰ ਸੰਭਾਲਣੇ ਹਨ। ਹਰ ਸੂਬੇ ਵਿੱਚ ਘੱਟੋ-ਘੱਟ ਪ੍ਰਤੀ ਘੰਟਾ ਮਿਹਨਤਾਨਾ ਮੁਕਰਰ ਕੀਤਾ ਹੋਇਆ ਹੈ। ਭਾਰਤ ਵਾਂਗ ਕਿਰਤ ਦੀ ਲੁੱਟ ਇੱਥੇ ਨਹੀਂ ਹੁੰਦੀ ... --- ਸੰਪਾਦਕ)
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4814)
(ਸਰੋਕਾਰ ਨਾਲ ਸੰਪਰਕ ਲਈ: (