“ਡਾਕਟਰ ਦੀਆਂ ਗੱਲਾਂ ਸੁਣਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਭਰਾਵਾਂ ਵਿੱਚੋਂ ਸਭ ਤੋਂ ਵੱਡਾ ਹੋਣ ਕਰਕੇ ...”
(16 ਫਰਵਰੀ 2024)
ਇਸ ਸਮੇਂ ਪਾਠਕ: 295.
ਵੀਹ-ਬਾਈ ਵਰ੍ਹੇ ਪਹਿਲਾਂ ਦੀ ਗੱਲ ਹੈ ਕਿ ਮੇਰੇ ਸਭ ਤੋਂ ਛੋਟੇ ਭਰਾ, ਜਿਸ ਨੂੰ ਮੈਂ ਆਪਣੇ ਬੱਚਿਆਂ ਵਾਂਗ ਪਿਆਰ ਕਰਦਾ ਹਾਂ, ਦੀ ਇੱਕ ਵੱਖੀ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ। ਅਸੀਂ ਪੱਥਰੀ ਸਮਝਕੇ ਉਸਦਾ ਵੈਦਾਂ ਹਕੀਮਾਂ ਤੋਂ ਇਲਾਜ ਕਰਾਉਂਦੇ ਰਹੇ ਪਰ ਦਰਦ ਘਟਣ ਦੀ ਬਜਾਏ ਵਧਦਾ ਗਿਆ। ਇੱਕ ਦਿਨ ਮੇਰੇ ਬੀਜੀ ਮੈਨੂੰ ਕਹਿਣ ਲੱਗੇ, “ਕਾਕਾ, ਜਵਾਨ ਮੁੰਡਾ ਹੈ, ਇਸਦਾ ਵਿਆਹ ਵੀ ਕਰਨਾ ਹੈ, ਕਿਤੇ ਕੋਈ ਹੋਰ ਬਿਮਾਰੀ ਨਾ ਹੋਵੇ, ਇਸ ਨੂੰ ਕਿਸੇ ਚੰਗੇ ਡਾਕਟਰ ਨੂੰ ਵਿਖਾ ਲਓ।”
ਮੈਂ ਪਹਿਲਾਂ ਹੀ ਆਪਣੇ ਭਰਾ ਨੂੰ ਕਿਸੇ ਚੰਗੇ ਡਾਕਟਰ ਕੋਲ ਲੈ ਕੇ ਜਾਣ ਦਾ ਮਨ ਬਣਾਇਆ ਹੋਇਆ ਸੀ, ਮਾਂ ਦੇ ਕਹਿਣ ਨੇ ਮੇਰੇ ਮਨ ਵਿੱਚ ਹੋਰ ਵੀ ਜ਼ਿਆਦਾ ਕਾਹਲ ਪੈਦਾ ਕਰ ਦਿੱਤੀ। ਮੈਂ ਆਪਣੇ ਭਰਾ ਨੂੰ ਦੂਜੇ ਦਿਨ ਆਪਣੇ ਇਲਾਕੇ ਦੇ ਬਹੁਤ ਹੀ ਮੰਨੇ ਪ੍ਰਮੰਨੇ ਸਰਜਨ ਡਾਕਟਰ ਪਰਮਾਰ ਕੋਲ ਲੈ ਗਿਆ। ਡਾਕਟਰ ਪਰਮਾਰ ਨੇ ਸਾਰੇ ਟੈੱਸਟ ਕਰਵਾਉਣ ਤੋਂ ਬਾਅਦ ਮੈਨੂੰ ਬੁਲਾਕੇ ਕਿਹਾ, “ਸਰ, ਮੈਨੂੰ ਤੁਹਾਡੇ ਭਰਾ ਦੇ ਗੱਲ ਬਲੈਡਰ ਵਿੱਚ ਕਾਫੀ ਵੱਡੀ ਪੱਥਰੀ ਲਗਦੀ ਹੈ, ਇਸਦਾ ਬਹੁਤ ਛੇਤੀ ਅਪਰੇਸ਼ਨ ਕਰਨਾ ਪੈਣਾ ਹੈ।”
ਸਾਡੇ ਵੱਲੋਂ ਹਾਂ ਸੁਣਕੇ ਡਾਕਟਰ ਨੇ ਦੂਜੇ ਦਿਨ ਹੀ ਅਪਰੇਸ਼ਨ ਰੱਖ ਦਿੱਤਾ। ਅਪਰੇਸ਼ਨ ਦੇ ਕਮਰੇ ਤੋਂ ਬਾਹਰ ਨਿਕਲਦਿਆਂ ਹੀ ਡਾਕਟਰ ਪਰਮਾਰ ਨੇ ਮੈਨੂੰ ਆਪਣੇ ਕਮਰੇ ਵਿੱਚ ਬੁਲਾਕੇ ਕਿਹਾ, “ਭਰਾ ਜੀ, ਤੁਹਾਡੇ ਭਰਾ ਦੇ ਗੱਲ ਬਲੈਡਰ ਵਿੱਚ ਪੱਥਰੀ ਨਹੀਂ, ਸਗੋਂ ਪਿਸ਼ਾਬ ਵਾਲੀ ਨਾਲੀ ਦੇ ਥੱਲੇ ਵਾਲੇ ਹਿੱਸੇ ਵਿੱਚ ਟਿਊਮਰ ਸੀ, ਮੈਂ ਅਪਰੇਸ਼ਨ ਕਰਕੇ ਟਿਊਮਰ ਕੱਢ ਦਿੱਤਾ ਹੈ। ਮੈਂ ਹੁਣ ਉਹ ਟਿਊਮਰ ਵਾਇਪਸੀ (ਕੈਂਸਰ ਦੀ ਬਿਮਾਰੀ ਦਾ ਇੱਕ ਟੈੱਸਟ) ਲਈ ਬਾਹਰ ਭੇਜ ਰਿਹਾ ਹਾਂ। ਇਹ ਕੈਂਸਰ ਦਾ ਟੈੱਸਟ ਹੁੰਦਾ ਹੈ। ਜੇਕਰ ਇਹ ਕੈਂਸਰ ਨਿਕਲਿਆ ਤਾਂ ਤੁਹਾਨੂੰ ਆਪਣੇ ਭਰਾ ਨੂੰ ਕਿਸੇ ਚੰਗੇ ਡਾਕਟਰ ਨੂੰ ਵਿਖਾਉਣਾ ਪਵੇਗਾ।”
ਡਾਕਟਰ ਦੀਆਂ ਗੱਲਾਂ ਸੁਣਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਭਰਾਵਾਂ ਵਿੱਚੋਂ ਸਭ ਤੋਂ ਵੱਡਾ ਹੋਣ ਕਰਕੇ ਅਤੇ ਉਹ ਬੱਚਿਆਂ ਵਾਂਗ ਸਭ ਤੋਂ ਛੋਟਾ ਭਰਾ ਹੋਣ ਕਰਕੇ ਉਸਦਾ ਦੁੱਖ ਮੇਰੇ ਲਈ ਅਸਹਿ ਅਤੇ ਅਕਹਿ ਸੀ। ਮੈਂ ਉਸ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਇਸ ਮੁੰਡੇ ਦਾ ਮੈਨੂੰ ਦੁੱਖ ਨਾ ਵਿਖਾਈਂ।
ਸੱਚੇ ਮਨ ਨਾਲ ਕੀਤੀ ਅਰਦਾਸ ਜ਼ਰੂਰ ਸੁਣੀ ਜਾਂਦੀ ਹੈ। ਵਾਇਪਸੀ ਦੀ ਰਿਪੋਰਟ ਠੀਕ ਆ ਗਈ। ਉਹ ਟਿਊਮਰ ਕੈਂਸਰ ਨਹੀਂ ਨਿਕਲ਼ਿਆ ਪਰ ਮਹੀਨੇ ਕੁ ਬਾਅਦ ਭਰਾ ਨੇ ਪਿਸ਼ਾਬ ਵਾਲੀ ਨਾੜੀ ਵਿੱਚ ਕੋਈ ਹੋਰ ਸ਼ਿਕਾਇਤ ਕਰਨੀ ਸ਼ੁਰੂ ਕਰ ਦਿੱਤੀ। ਭਰਾ ਦੀ ਸ਼ਿਕਾਇਤ ’ਤੇ ਮੈਂ ਉਸ ਨੂੰ ਨਾਲ ਲੈ ਕੇ ਮੁੜ ਡਾਕਟਰ ਪਰਮਾਰ ਕੋਲ ਪਹੁੰਚ ਗਿਆ। ਡਾਕਟਰ ਸਾਹਿਬ ਨੇ ਸਾਰੇ ਟੈੱਸਟ ਕਰਵਾਉਣ ਤੋਂ ਬਾਅਦ ਮੈਨੂੰ ਕਿਹਾ, ਸਰ, ਤੁਹਾਡਾ ਭਰਾ ਬਿਲਕੁਲ ਠੀਕ ਹੈ, ਇਹ ਵਹਿਮ ਦਾ ਸ਼ਿਕਾਰ ਹੋ ਗਿਆ ਹੈ ਪਰ ਫਿਰ ਵੀ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਕਿਸੇ ਚੰਗੇ ਨਿਉਰੋਸਰਜਨ ਨੂੰ ਵਿਖਾ ਸਕਦੇ ਹੋ। ਕਿਸੇ ਚੰਗੇ ਨਿਓਰੋਸਰਜਨ ਦਾ ਪਤਾ ਲੈ ਕੇ ਮੈਂ ਆਪਣੇ ਭਰਾ ਨੂੰ ਲੈਕੇ ਚੰਡੀਗੜ੍ਹ ਦੇ ਸੀ.ਐੱਮ.ਸੀ ਹਸਪਤਾਲ ਦੇ ਬਹੁਤ ਹੀ ਕਾਬਲ ਅਤੇ ਮੰਨੇ ਜਾਂਦੇ ਨਿਊਰੋਸਰਜਨ ਡਾਕਟਰ ਕਪੂਰ ਕੋਲ ਪਹੁੰਚ ਗਿਆ। ਆਪਣਾ ਨੰਬਰ ਆਉਣ ’ਤੇ ਮੈਂ ਡਾਕਟਰ ਸਾਹਿਬ ਨੂੰ ਬੇਨਤੀ ਕੀਤੀ, “ਡਾਕਟਰ ਸਾਹਿਬ, ਇਹ ਮੇਰਾ ਸਭ ਤੋਂ ਛੋਟਾ ਭਰਾ ਹੈ। ਪਿਤਾ ਜੀ ਦੀ ਮੌਤ ਤੋਂ ਬਾਅਦ ਇਸ ਨੂੰ ਮੈਂ ਹੀ ਪੜ੍ਹਾਇਆ ਹੈ। ਮੈਥੋਂ ਇਸਦਾ ਦੁੱਖ ਵੇਖਿਆ ਨਹੀਂ ਜਾਂਦਾ। ਭਾਵੇਂ ਅਸੀਂ ਬਹੁਤ ਜ਼ਿਆਦਾ ਅਮੀਰ ਤਾਂ ਨਹੀਂ ਪਰ ਮੈਂ ਕਰਜ਼ਾ ਚੱਕਕੇ ਵੀ ਇਸਦਾ ਇਲਾਜ ਕਰਾਉਣ ਲਈ ਤਿਆਰ ਹਾਂ। ਕ੍ਰਿਪਾ ਕਰਕੇ ਇਸ ਨੂੰ ਚੰਗੀ ਤਰ੍ਹਾਂ ਚੈੱਕ ਕਰਕੇ ਇਸਦਾ ਇਲਾਜ ਕਰੋ, ਅਜੇ ਤਾਂ ਇਸਦਾ ਵਿਆਹ ਵੀ ਨਹੀਂ ਹੋਇਆ।”
ਡਾਕਟਰ ਕਪੂਰ ਮੇਰੀ ਬੇਨਤੀ ਸੁਣਕੇ ਭਾਵੁਕ ਹੋ ਗਏ। ਉਨ੍ਹਾਂ ਦੀਆਂ ਅੱਖਾਂ ਭਰ ਆਈਆਂ। ਉਨ੍ਹਾਂ ਨੇ ਮੈਨੂੰ ਵੀ ਰੁਆ ਦਿੱਤਾ। ਉਨ੍ਹਾਂ ਨੇ ਮੇਰੇ ਭਰਾ ਨੂੰ ਚੈੱਕ ਕਰਨ ਤੋਂ ਪਹਿਲਾਂ ਕਿਹਾ, “ਭਰਾ ਜੀ, ਜਿਸ ਮਰੀਜ਼ ਦਾ ਤੁਹਾਡੇ ਵਰਗਾ ਪਿਓ ਵਰਗਾ ਭਰਾ ਹੋਵੇ, ਉਸ ਨੂੰ ਕੁਝ ਨਹੀਂ ਹੋ ਸਕਦਾ। ਮੇਰੇ ਕੋਲ ਲੋਕ ਅਕਸਰ ਹੀ ਆਪਣੇ ਬੱਚਿਆਂ ਨੂੰ ਜਾਂ ਆਪਣੇ ਸਹੁਰੇ ਪਰਿਵਾਰ ਵਿੱਚੋਂ ਰਿਸ਼ਤੇਦਾਰਾਂ ਨੂੰ ਲੈਕੇ ਆਉਂਦੇ ਹਨ ਪਰ ਤੁਹਾਡੀ ਆਪਣੇ ਭਰਾ ਪ੍ਰਤੀ ਐਨੀ ਫ਼ਿਕਰਮੰਦੀ ਅਤੇ ਪਿਆਰ ਦੀ ਭਾਵਨਾ ਨੇ ਮੈਨੂੰ ਭਾਵੁਕ ਕਰ ਦਿੱਤਾ ਹੈ। ਤੁਹਾਡੇ ਭਰਾ ਦੇ ਆਪ੍ਰੇਸ਼ਨ ਦੀਆਂ ਰਿਪੋਰਟਾਂ ਮੈਂ ਵੇਖ ਲਈਆਂ ਹਨ। ਇਸ ਕੇਸ ਬਾਰੇ ਮੈਂ ਪਹਿਲਾਂ ਹੀ ਜਾਣਦਾ ਹਾਂ ਕਿਉਂਕਿ ਡਾਕਟਰ ਪਰਮਾਰ ਇਸ ਬਾਰੇ ਮੇਰੇ ਨਾਲ ਪਹਿਲਾਂ ਹੀ ਵਿਚਾਰ ਵਟਾਂਦਰਾ ਕਰ ਚੁੱਕੇ ਹਨ। ਤੁਹਾਡਾ ਭਰਾ ਬਿਲਕੁਲ ਠੀਕ ਹੈ। ਮਰੀਜ਼ ਨੂੰ ਅਪ੍ਰੇਸ਼ਨ ਤੋਂ ਬਾਅਦ ਇਸ ਤਰ੍ਹਾਂ ਦੀ ਸ਼ਿਕਾਇਤ ਆਮ ਹੋ ਹੀ ਜਾਂਦੀ ਹੈ, ਜੋ ਕਿ ਮਰੀਜ਼ ਦਾ ਬਿਲਕੁਲ ਵਹਿਮ ਹੀ ਹੁੰਦਾ ਹੈ। ਸਮਾਂ ਪਾ ਕੇ ਇਹ ਵਹਿਮ ਆਪਣੇ ਆਪ ਹੀ ਦੂਰ ਹੋ ਜਾਂਦਾ ਹੈ। ਜੇਕਰ ਤੁਸੀਂ ਚਾਹੋ ਤਾਂ ਮੈਂ ਤੁਹਾਨੂੰ ਇੱਕ ਮਨੋਵਿਗਿਆਨਕ ਡਾਕਟਰ ਕੋਲ ਭੇਜ ਦਿੰਦਾ ਹਾਂ। ਉਹ ਤੁਹਾਨੂੰ ਹੋਰ ਚੰਗੀ ਸਲਾਹ ਦੇ ਸਕੇਗਾ।”
ਡਾਕਟਰ ਕਪੂਰ ਦੀ ਸਲਾਹ ਮੰਨਕੇ ਅਸੀਂ ਮਨੋਵਿਗਿਆਨਕ ਡਾਕਟਰ ਕੋਲ ਪਹੁੰਚ ਗਏ। ਉਸ ਡਾਕਟਰ ਨੇ ਮੇਰੇ ਭਰਾ ਨੂੰ ਚੈੱਕ ਕਰਨ ਤੋਂ ਬਾਅਦ ਆਖਿਆ, “ਫ਼ਿਕਰ ਕਰਨ ਦੀ ਲੋੜ ਹੀ ਨਹੀਂ, ਦੋ ਹਫਤੇ ਦੀ ਦਵਾਈ ਖਾਓ। ਇਹ ਬਿਲਕੁਲ ਠੀਕ ਹੋ ਜਾਵੇਗਾ।”
ਉਸ ਡਾਕਟਰ ਦੀ ਸਲਾਹ ਮੰਨਕੇ ਮੇਰੇ ਭਰਾ ਨੇ ਦੋ ਹਫਤੇ ਦੀ ਦਵਾਈ ਖਾਧੀ। ਡਾਕਟਰ ਨੇ ਉਸ ਨੂੰ ਕੋਈ ਬਿਮਾਰੀ ਨਾ ਹੋਣ ਦੀ ਗੱਲ ਕਹਿਕੇ ਉਸਦਾ ਹੌਸਲਾ ਪਹਿਲਾਂ ਹੀ ਬੁਲੰਦ ਕਰ ਦਿੱਤਾ ਸੀ। ਉਸ ਅਕਾਲ ਪੁਰਖ ਦੀ ਕਿਰਪਾ ਨਾਲ ਮੇਰਾ ਭਰਾ ਦੋ ਹਫਤੇ ਦੀ ਦਵਾਈ ਖਾ ਕੇ ਬਿਲਕੁਲ ਠੀਕ ਹੋ ਗਿਆ। ਅੱਜ ਉਹ ਆਪਣੇ ਪਰਿਵਾਰ ਨਾਲ ਬੜੀ ਖੁਸ਼ੀ ਨਾਲ ਵਸ ਰਿਹਾ ਹੈ। ਉਹ ਮੇਰੇ ਨਾਲ ਬਹੁਤ ਮੋਹ ਕਰਦਾ ਹੈ। ਮੇਰੇ ਬੱਚੇ ਜਦੋਂ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਸਨ ਤਾਂ ਉਹ ਉਨ੍ਹਾਂ ਨੂੰ ਮੈਥੋਂ ਚੋਰੀ ਪੈਸੇ ਭੇਜਦਾ ਹੁੰਦਾ ਸੀ ਤੇ ਉਨ੍ਹਾਂ ਨੂੰ ਕਹਿੰਦਾ ਸੀ ਕਿ ਤੁਹਾਡੇ ਪਾਪਾ ਨੇ ਮੈਨੂੰ ਆਪਣੇ ਬੱਚਿਆਂ ਵਾਂਗ ਹੀ ਪੜ੍ਹਾਇਆ ਹੋਇਆ ਹੈ। ਉਹ ਮੇਰੇ ਪੁੱਤਰਾਂ ਨੂੰ ਨਾਲ ਹੀ ਇਹ ਵੀ ਕਹਿ ਦਿੰਦਾ ਸੀ ਕਿ ਤੁਸੀਂ ਪੈਸੇ ਭੇਜਣ ਬਾਰੇ ਆਪਣੇ ਪਾਪਾ ਨੂੰ ਨਾ ਦੱਸਿਓ, ਉਹ ਮੈਨੂੰ ਗੁੱਸੇ ਹੋਣਗੇ। ਉਸਨੇ ਮੇਰੇ ਕੋਲ ਮੇਰੇ ਪੁੱਤਰਾਂ ਨੂੰ ਪੈਸੇ ਭੇਜਣ ਦਾ ਕਦੇ ਜ਼ਿਕਰ ਨਹੀਂ ਕੀਤਾ, ਇਸ ਗੱਲ ਦਾ ਮੈਨੂੰ ਮੇਰੇ ਪੁੱਤਰਾਂ ਕੋਲੋਂ ਬਹੁਤ ਦੇਰ ਬਾਅਦ ਪਤਾ ਲੱਗਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4729)
(ਸਰੋਕਾਰ ਨਾਲ ਸੰਪਰਕ ਲਈ: (