“ਕਾਮਯਾਬ ਜ਼ਿੰਦਗੀ ਜਿਊਣ ਲਈ ਹਰ ਵਿਅਕਤੀ ਨੂੰ ਉਹ ਗਿਆਰਾਂ ਗੱਲਾਂ ਪੜ੍ਹਨੀਆਂ ਅਤੇ ਸੁਣਨੀਆਂ ਹੀ ਨਹੀਂ ਚਾਹੀਦੀਆਂ ਸਗੋਂ ...”
(22 ਸਤੰਬਰ 2024)
ਦੁਨੀਆਂ ਦੇ ਧਨਾਢ, ਵਿਦਵਾਨ ਅਤੇ ਜ਼ਿੰਦਗੀ ਦੇ ਵਡਮੁੱਲੇ ਅਨੁਭਵ ਰੱਖਣ ਵਾਲੇ ਲੋਕਾਂ ਵਿੱਚੋਂ ਇੱਕ ਬਿੱਲ ਗੇਟਸ ਦਾ ਜਨਮ ਅਮਰੀਕਾ ਦੇ ਪੱਛਮੀ ਪ੍ਰਾਂਤ ਵਾਸ਼ਿੰਗਟਨ ਦੇ ਸ਼ਹਿਰ ਸਿਆਟਲ ਵਿੱਚ 28 ਅਕਤੂਬਰ 1955 ਨੂੰ ਪਿਤਾ ਵਿਲੀਅਮ ਐੱਚ ਗੇਟਸ, ਸੀਨੀਅਰ ਅਤੇ ਮਾਤਾ ਮੈਰੀ ਮੈਕਸਵੈੱਲ ਗੇਟਸ ਦੇ ਉੱਚ ਮੱਧ ਵਰਗੀ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਨਾਮੀ ਵਕੀਲ ਸਨ। ਉਹ ਉਚੇਰੀ ਸਿੱਖਿਆ ਲਈ ਅਮਰੀਕਾ ਦੀ ਹਾਰਵਰਡ ਯੂਨੀਵਰਸਟੀ ਵਿੱਚ ਦਾਖਲ ਹੋਏ ਪਰ ਉਹ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਸਕੇ। ਉਨ੍ਹਾਂ ਦੀ ਸ਼ਾਦੀ ਫਰਾਂਸੀਸੀ ਲੜਕੀ ਮੇਲਿੰਡਾ ਨਾਲ ਇਲਾਸ ਟੈਕਸਸ ਵਿੱਚ ਹੋਈ। ਉਨ੍ਹਾਂ ਦੇ ਤਿੰਨ ਬੱਚੇ ਸਨ। ਉਨ੍ਹਾਂ ਨੇ ਸਨ 1975 ਵਿੱਚ ਕੰਪਿਊਟਰ ਦੀ ਦੁਨੀਆ ਦੀ ਸਭ ਤੋਂ ਵੱਡੀ ਮਾਈਕਰੋਸਾਫਟ ਵੇਅਰ ਕੰਪਨੀ ਖੋਲ੍ਹੀ। ਉਨ੍ਹਾਂ ਨੂੰ ਕੰਪਿਊਟਰ ਦੇ ਖੇਤਰ ਵਿੱਚ ਕ੍ਰਾਂਤੀ ਲਿਆਉਣ ਵਾਲੇ ਮੋਹਰੀ ਵਿਅਕਤੀਆਂ ਵਿੱਚੋਂ ਇੱਕ ਮੰਨਿਆ ਗਿਆ ਹੈ। ਉਨ੍ਹਾਂ ਨੇ ਮਾਈਕਰੋਸਾਫਟ ਵੇਅਰ ਕੰਪਨੀ ਸਥਾਪਿਤ ਕਰਨ ਦਾ ਆਪਣਾ ਸੁਪਨਾ ਪੂਰਾ ਕਰਨ ਲਈ ਆਪਣੀ ਪੜ੍ਹਾਈ ਵਿਚਕਾਰ ਹੀ ਛੱਡ ਦਿੱਤੀ। 32 ਸਾਲ ਦੀ ਉਮਰ ਵਿੱਚ ਉਹ ਦੁਨੀਆ ਦੇ ਅਰਬਪਤੀ ਲੋਕਾਂ ਵਿੱਚ ਸ਼ਾਮਿਲ ਹੋ ਗਏ ਸਨ। ਉਹ ਜ਼ਿੰਦਗੀ ਦੀਆਂ ਬੁਲੰਦੀਆਂ ਨੂੰ ਛੂਹਣ ਲਈ ਕੇਵਲ ਸੱਤ ਘੰਟੇ ਹੀ ਸੌਂਦੇ ਸਨ। ਉਨ੍ਹਾਂ ਨੇ ਲੋੜਵੰਦ ਲੋਕਾਂ ਦੀ ਸਹਾਇਤਾ ਲਈ 2 ਹਜ਼ਾਰ ਕਰੋੜ ਡਾਲਰ ਦਾਨ ਵਿੱਚ ਦੇ ਦਿੱਤੇ। ਉਨ੍ਹਾਂ ਨੂੰ ਇੱਕ ਵਾਰ ਇੱਕ ਹਾਈ ਸਕੂਲ ਦੇ ਬੱਚਿਆਂ ਨੂੰ ਪ੍ਰੇਰਨਾ ਦੇਣ ਵਾਸਤੇ ਭਾਸ਼ਣ ਦੇਣ ਲਈ ਬੁਲਾਇਆ ਗਿਆ। ਉਹ ਆਪਣੇ ਹੈਲੀਕਾਪਟਰ ਵਿੱਚੋਂ ਉੱਤਰੇ, ਉਨ੍ਹਾਂ ਨੇ ਭਾਸ਼ਣ ਦੇਣ ਵਾਲੀ ਸਟੇਜ ਉੱਤੇ ਪਹੁੰਚਕੇ ਆਪਣੀ ਜੇਬ ਵਿੱਚੋਂ ਇੱਕ ਕਾਗਜ਼ ਕੱਢਿਆ। ਉਸ ਕਾਗਜ਼ ਉੱਤੇ ਕੇਵਲ ਗਿਆਰਾਂ ਗੱਲਾਂ ਲਿਖੀਆਂ ਹੋਈਆਂ ਸਨ। ਉਨ੍ਹਾਂ ਨੇ ਉਹ ਦਿਲਚਸਪ ਅਤੇ ਪ੍ਰੇਰਨਾਦਾਇਕ ਗਿਆਰਾਂ ਗੱਲਾਂ ਬੱਚਿਆਂ ਨੂੰ ਦਸ ਮਿੰਟਾਂ ਵਿੱਚ ਹੀ ਦੱਸ ਦਿੱਤੀਆਂ ਪਰ ਉਨ੍ਹਾਂ ਦੀਆਂ ਉਹ ਗਿਆਰਾਂ ਗੱਲਾਂ ਸੁਣਕੇ ਉਸ ਸਭਾ ਵਿੱਚ ਬੈਠੇ ਵਿਅਕਤੀ ਪੰਦਰਾਂ ਮਿੰਟ ਤਾੜੀਆਂ ਮਾਰਦੇ ਰਹੇ।
ਕਾਮਯਾਬ ਜ਼ਿੰਦਗੀ ਜਿਊਣ ਲਈ ਹਰ ਵਿਅਕਤੀ ਨੂੰ ਉਹ ਗਿਆਰਾਂ ਗੱਲਾਂ ਪੜ੍ਹਨੀਆਂ ਅਤੇ ਸੁਣਨੀਆਂ ਹੀ ਨਹੀਂ ਚਾਹੀਦੀਆਂ ਸਗੋਂ ਉਨ੍ਹਾਂ ਉੱਤੇ ਅਮਲ ਵੀ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਹਰ ਵਿਅਕਤੀ ਨੂੰ ਇਹ ਗੱਲ ਆਪਣੇ ਦਿਮਾਗ ਵਿੱਚ ਬਿਠਾ ਲੈਣੀ ਚਾਹੀਦੀ ਹੈ ਕਿ ਜ਼ਿੰਦਗੀ ਜਿਉਣੀ ਆਸਾਨ ਨਹੀਂ ਅਤੇ ਇਸਦੀ ਆਪਣੇ ਆਪ ਨੂੰ ਆਦਤ ਵੀ ਪਾ ਲੈਣੀ ਚਾਹੀਦੀ ਹੈ। ਜਿਹੜੇ ਲੋਕ ਇਸ ਗੱਲ ਨੂੰ ਸਮਝ ਲੈਂਦੇ ਹਨ, ਉਹ ਨਾ ਤਾਂ ਜ਼ਿੰਦਗੀ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਤੋਂ ਘਬਰਾਉਂਦੇ ਹਨ ਅਤੇ ਨਾ ਹੀ ਉਨ੍ਹਾਂ ਵਿਰੁੱਧ ਸੰਘਰਸ਼ ਕਰਨ ਤੋਂ ਪਿੱਛੇ ਹਟਦੇ ਹਨ। ਇਸ ਤਰ੍ਹਾਂ ਇੱਕ ਦਿਨ ਉਹ ਆਪਣੀ ਮੰਜ਼ਿਲ ਹਾਸਲ ਕਰ ਹੀ ਲੈਂਦੇ ਹਨ।
ਬਿੱਲ ਗੇਟਸ ਨੇ ਅਗਲੀ ਗੱਲ ਇਹ ਕਹੀ ਕਿ ਦੁਨੀਆ ਤੋਂ ਕਦੇ ਵੀ ਇੱਜ਼ਤ ਦੀ ਉਮੀਦ ਨਾ ਰੱਖੋ। ਜਿਸ ਦਿਨ ਤੁਸੀਂ ਇੱਜ਼ਤ ਕਰਨ ਵਾਲਾ ਕੁਝ ਅਜਿਹਾ ਕਰਕੇ ਵਿਖਾਓਗੇ ਤਾਂ ਲੋਕ ਆਪਣੇ ਆਪ ਤੁਹਾਡੀ ਇੱਜ਼ਤ ਕਰਨ ਲੱਗ ਪੈਣਗੇ। ਉਨ੍ਹਾਂ ਨੇ ਇੱਕ ਔਰਤ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਇੱਕ ਰੈਸਟੋਰੈਂਟ ਵਿੱਚ ਸਫਾਈ ਕਰਨ ਵਾਲੀ ਇੱਕ ਔਰਤ ਨੇ ਸੁਪਨਾ ਲਿਆ ਕਿ ਉਸਦਾ ਵੀ ਇਸ ਤਰ੍ਹਾਂ ਦਾ ਆਪਣਾ ਰੈਸਟੋਰੈਂਟ ਹੋਣਾ ਚਾਹੀਦਾ ਹੈ। ਉਹ ਆਪਣਾ ਸੁਪਨਾ ਪੂਰਾ ਕਰਨ ਲਈ ਪਹਿਲਾਂ ਇੱਕ ਕਾਬਲ ਸ਼ੈਫ ਬਣੀ ਤੇ ਫਿਰ ਕੁਸ਼ਲ ਪ੍ਰਬੰਧਕ ਬਣੀ। ਉਸ ਤੋਂ ਬਾਅਦ ਉਸਨੇ ਆਪਣਾ ਰੈਸਟੋਰੈਂਟ ਖੋਲ੍ਹਕੇ ਆਪਣਾ ਸੁਪਨਾ ਪੂਰਾ ਕੀਤਾ।
ਬਿੱਲ ਗੇਟਸ ਨੇ ਅਗਲੀ ਗੱਲ ਇਹ ਕਹੀ ਕਿ ਇਹ ਜ਼ਰੂਰੀ ਨਹੀਂ ਕਿ ਸਕੂਲ ਜਾਂ ਕਾਲਜ ਵਿੱਚੋਂ ਨਿਕਲਦਿਆਂ ਹੀ ਤੁਹਾਨੂੰ ਵੀਹ ਹਜ਼ਾਰ ਡਾਲਰ, ਕਾਰ, ਫੋਨ ਅਤੇ ਹੋਰ ਸਹੂਲਤਾਂ ਵਾਲੀ ਨੌਕਰੀ ਮਿਲੇ। ਇਹ ਵੀ ਜ਼ਰੂਰੀ ਨਹੀਂ ਕਿ ਤੁਸੀਂ ਕਿਸੇ ਕੰਪਨੀ ਦੇ ਪ੍ਰੈਜ਼ੀਡੈਂਟ ਜਾਂ ਵਾਈਸ ਪ੍ਰੈਜ਼ੀਡੈਂਟ ਬਣ ਜਾਓ। ਤੁਹਾਡੀ ਇਹ ਇੱਛਾ ਉਦੋਂ ਪੂਰੀ ਹੋਵੇਗੀ, ਜਿਸ ਦਿਨ ਤੁਹਾਡੇ ਕੋਲ ਆਪਣੀ ਕਾਰ, ਫੋਨ ਤੇ ਹੋਰ ਸਹੂਲਤਾਂ ਹੋਣਗੀਆਂ। ਉਨ੍ਹਾਂ ਨੇ ਅਗਲੀ ਗੱਲ ਇਹ ਦੱਸੀ ਕਿ ਆਪਣੀ ਜ਼ਿੰਦਗੀ ਦੀਆਂ ਨਾਕਾਮੀਆਂ ਜਾਂ ਅਸਫਲਤਾਵਾਂ ਲਈ ਆਪਣੇ ਮਾਤਾ ਪਿਤਾ ਨੂੰ ਕੋਸਣ ਦੀ ਬਜਾਏ ਆਪਣੀਆਂ ਉਨ੍ਹਾਂ ਗਲਤੀਆਂ ਬਾਰੇ ਸੋਚੋ ਜਿਨ੍ਹਾਂ ਕਰਕੇ ਤੁਸੀਂ ਸਫਲ ਨਹੀਂ ਹੋ ਸਕੇ।
ਬਿੱਲ ਗੇਟਸ ਨੇ ਕਾਮਯਾਬ ਜ਼ਿੰਦਗੀ ਲਈ ਅਗਲੀ ਗੱਲ ਇਹ ਦੱਸੀ ਕਿ ਆਪਣੇ ਕੰਮਾਂ ਲਈ ਆਪਣੇ ਮਾਂ ਬਾਪ ਉੱਤੇ ਨਿਰਭਰ ਕਰਨ ਦੀ ਬਜਾਏ ਆਪਣੇ ਸਾਰੇ ਕੰਮ ਖੁਦ ਕਰੋ। ਜੋ ਤੁਹਾਡੇ ਬਜ਼ੁਰਗ ਕਰਦੇ ਰਹੇ, ਉਹ ਕੁਝ ਤੁਸੀਂ ਆਪ ਨਾ ਕਰੋ। ਉਨ੍ਹਾਂ ਨੇ ਜਿੱਤ ਨੂੰ ਹੀ ਨਹੀਂ ਹਾਰ ਨੂੰ ਵੀ ਮਹੱਤਵਪੂਰਨ ਦੱਸਿਆ। ਸਕੂਲਾਂ ਵਿੱਚ ਬੱਚਿਆਂ ਦੇ ਮਨਾਂ ਵਿੱਚ ਹਾਰ ਦਾ ਇਹ ਧੁੰਦਲਾ ਪੱਖ ਬਿਠਾ ਦੇਣਾ ਕਿ ਹਾਰਿਆ ਹੋਇਆ, ਅਸਫਲ ਬੰਦਾ ਮੁੜ ਜਿੱਤ ਜਾਂ ਸਫਲਤਾ ਪ੍ਰਾਪਤ ਨਹੀਂ ਕਰ ਸਕਦਾ, ਇਹ ਵਿਚਾਰ ਬੱਚਿਆਂ ਵਿੱਚ ਨਕਾਰਾਤਮਕਤਾ ਦੀ ਭਾਵਨਾ ਪੈਦਾ ਕਰਦਾ ਹੈ। ਹਾਰੇ ਹੋਏ ਜਾਂ ਅਸਫਲ ਲੋਕ ਵੀ ਬੁਲੰਦੀਆਂ ਛੂਹ ਸਕਦੇ ਹਨ।
ਬਿੱਲ ਗੇਟਸ ਨੇ ਅੱਗੇ ਕਿਹਾ ਕਿ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ। ਅਖ਼ਬਾਰ ਵੇਚਣਾ ਜਾਂ ਛੁੱਟੀ ਵਾਲੇ ਦਿਨ ਕੰਮ ਕਰਨਾ ਮਾੜੀ ਗੱਲ ਨਹੀਂ ਸਗੋਂ ਮਿਹਨਤ ਕਰਨਾ ਹੁੰਦਾ ਹੈ। ਮੌਕੇ ਮਿਲਦੇ ਨਹੀਂ ਸਗੋਂ ਪ੍ਰਾਪਤ ਕੀਤੇ ਜਾਂਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜ਼ਿੰਦਗੀ ਪੜ੍ਹਾਈ ਦੀ ਸਮੈਸਟਰ ਪ੍ਰਣਾਲੀ ਵਾਂਗ ਨਹੀਂ ਹੈ। ਜ਼ਿੰਦਗੀ ਵਿੱਚ ਮੌਕਾ ਵਾਰ ਵਾਰ ਨਹੀਂ, ਸਗੋਂ ਇੱਕੋ ਵਾਰ ਮਿਲਦਾ ਹੈ, ਇਸਦਾ ਫਾਇਦਾ ਉਠਾਉਣਾ ਮਨੁੱਖ ਦੀ ਮਿਹਨਤ ਉੱਤੇ ਨਿਰਭਰ ਕਰਦਾ ਹੈ।
ਬਿੱਲ ਗੇਟਸ ਨੇ ਆਪਣੇ ਭਾਸ਼ਣ ਵਿੱਚ ਦੱਸਿਆ ਕਿ ਟੈਲੀਵਿਜ਼ਨ ਉੱਤੇ ਵਿਖਾਇਆ ਜਾਣ ਵਾਲਾ ਜ਼ਿੰਦਗੀ ਦਾ ਸੱਚ ਨਹੀਂ ਹੁੰਦਾ। ਜਿਨ੍ਹਾਂ ਪਾਤਰਾਂ ਨੂੰ ਬਿਨਾਂ ਮਿਹਨਤ ਤੋਂ ਮਜ਼ੇ ਕਰਦੇ ਵਿਖਾਇਆ ਜਾਂਦਾ ਹੈ, ਅਸਲ ਜ਼ਿੰਦਗੀ ਵਿੱਚ ਉਹ ਮਿਹਨਤ ਵੀ ਕਰਦੇ ਹਨ। ਜੋ ਤੁਹਾਡੀ ਬੁਰਾਈ ਅਤੇ ਆਲੋਚਨਾ ਕਰਦੇ ਹਨ, ਇੱਕ ਦਿਨ ਉਹ ਤੁਹਾਡੇ ਕੋਲ ਕੰਮ ਜਾਂ ਤੁਹਾਡੀ ਸਹਾਇਤਾ ਮੰਗਣ ਵੀ ਆ ਸਕਦੇ ਹਨ। ਜ਼ਿੰਦਗੀ ਵਿੱਚ ਮੌਕਾ ਮਿਲਣ ’ਤੇ ਦੂਜਿਆਂ ਨੂੰ ਸਵਾਲ ਪੁੱਛਣਾ ਨਾ ਛੱਡੋ, ਪਤਾ ਨਹੀਂ ਕਿਸ ਸਵਾਲ ਦਾ ਉੱਤਰ ਤੁਹਾਡੀ ਜ਼ਿੰਦਗੀ ਬਦਲ ਦੇਵੇ। ਅਖੀਰ ਵਿੱਚ ਉਨ੍ਹਾਂ ਕਿਹਾ ਕਿ ਮਹਾਨ ਲੋਕਾਂ ਦੀਆਂ ਉਦਾਹਰਣਾਂ ਦੇਣ ਦੇ ਨਾਲ ਨਾਲ ਖੁਦ ਵੀ ਦੂਜਿਆਂ ਲਈ ਉਦਾਹਰਣ ਬਣੋ। ਆਟੋਗ੍ਰਾਫ ਲੈਣ ਵਾਲੇ ਹੀ ਨਹੀਂ, ਦੇਣ ਵਾਲੇ ਵੀ ਬਣੋ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5305)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.