“ਨਾਨੀ ਨੇ ਬਗੈਰ ਕਿਸੇ ਅਲਟਰਾਸਾਊਂਡ ਤੋਂ ਪਹਿਲਾਂ ਹੀ ਦੱਸ ਦਿੱਤਾ ਕਿ ਬੱਚੇ ਦੋ ਹਨ, ਪਰ ਘਬਰਾਓ ਨਾ ...”
(17 ਮਈ 2025)
ਡਾਕਟਰ ਨਾਨੀ ਕੋਰੀ ਅਨਪੜ੍ਹ ਸੀ। ਉਸਨੇ ਸਕੂਲ ਦਾ ਮੂੰਹ ਤਕ ਨਹੀਂ ਵੇਖਿਆ ਹੋਇਆ ਸੀ। ਲੋੜ ਪੈਣ ’ਤੇ ਜੇਕਰ ਕਿਸੇ ਸਰਕਾਰੀ ਕਾਗਜ਼ ਉੱਤੇ ਉਸ ਨੂੰ ਅੰਗੂਠਾ ਲਾਉਣਾ ਪੈ ਜਾਂਦਾ ਤਾਂ ਉਹ ਅੰਗੂਠਾ ਲਾਉਣ ਤੋਂ ਪਹਿਲਾਂ ਸੌ ਤਰ੍ਹਾਂ ਦੇ ਸਵਾਲ ਕਰਦੀ ਹੁੰਦੀ ਸੀ। ਜੇਕਰ ਹਾਸੇ ਵਿੱਚ ਨਾਨੀ ਨੂੰ ਕੋਈ ਇਹ ਸਵਾਲ ਕਰ ਦਿੰਦਾ ਸੀ ਕਿ ਨਾਨੀ ਤੂੰ ਪੜ੍ਹੀ ਕਿਉਂ ਨਹੀਂ, ਤਾਂ ਉਸਦੇ ਦੋ ਰਟੇ ਰਟਾਏ ਜਵਾਬ ਹੁੰਦੇ ਸਨ, ਬੱਚਾ, “ਸਾਡੇ ਵੇਲੇ ਕੁੜੀਆਂ ਨੂੰ ਭਲਾ ਕੌਣ ਪੜ੍ਹਾਉਂਦਾ ਹੁੰਦਾ ਸੀ ਤੇ ਨਾਲੇ ਅੱਜਕੱਲ੍ਹ ਵਾਂਗ ਸਕੂਲ ਵੀ ਕਿੱਥੇ ਹੁੰਦੇ ਸਨ?”
ਨਾਨੀ ਦੀ ਜ਼ਿੰਦਗੀ ਨਾਲ ਜੁੜੇ ਦੋ ਸਵਾਲਾਂ ਬਾਰੇ ਹਰ ਕੋਈ ਜਾਣਨ ਦੀ ਇੱਛਾ ਰੱਖਦਾ ਸੀ। ਪਹਿਲਾ ਸਵਾਲ ਹੁੰਦਾ ਸੀ ਕਿ ਕੋਰੀ ਅਨਪੜ੍ਹ ਹੋਣ ਦੇ ਬਾਵਜੂਦ ਉਸ ਨੂੰ ਡਾਕਟਰ ਨਾਨੀ ਕਿਉਂ ਕਹਿੰਦੇ ਸਨ। ਦੂਜਾ ਸਵਾਲ ਹੁੰਦਾ ਸੀ ਕਿ ਉਸ ਨੂੰ ਤਾਈ, ਚਾਚੀ ਅਤੇ ਭੂਆ ਨਾ ਕਹਿ ਕੇ ਨਾਨੀ ਹੀ ਕਿਉਂ ਕਿਹਾ ਜਾਂਦਾ ਸੀ? ਨਾਨੀ ਦਾ ਨਾਮ ਸਰਨੀ ਸੀ। ਜਿਹੋ ਜਿਹਾ ਉਸ ਦਾ ਨਾਂ ਸੀ, ਉਸੇ ਤਰ੍ਹਾਂ ਦਾ ਉਸਦਾ ਸੁਭਾਅ ਹੁੰਦਾ ਸੀ। ਹਰ ਇੱਕ ਦੇ ਦੁੱਖ ਸੁਖ ਵਿੱਚ ਕੰਮ ਆਉਣਾ ਉਸਦੀ ਆਦਤ ਸੀ। ਨਾਨੀ ਨੂੰ ਬੱਚਿਆਂ ਦੀਆਂ ਬਿਮਾਰੀਆਂ ਦਾ ਦੇਸੀ ਇਲਾਜ ਅਤੇ ਬੱਚਿਆਂ ਦੇ ਜਣੇਪੇ ਬਾਰੇ ਬਹੁਤ ਗਿਆਨ ਸੀ। ਸਾਡੇ ਪਿੰਡ ਵਿੱਚ ਆਰ.ਐੱਮ.ਪੀ ਡਾਕਟਰਾਂ ਦੀਆਂ ਦੁਕਾਨਾਂ ਅਤੇ ਇੱਕ ਸਰਕਾਰੀ ਹਸਪਤਾਲ ਵੀ ਸੀ ਪਰ ਸਾਡੇ ਪਿੰਡ ਦੇ ਲੋਕਾਂ ਦਾ ਜ਼ਿਆਦਾਤਰ ਇਹ ਵਿਸ਼ਵਾਸ ਹੁੰਦਾ ਸੀ ਕਿ ਨਾਨੀ ਦੇ ਹੱਥ ਵਿੱਚ ਜੱਸ ਹੈ, ਬੱਚੇ ਉਸਦੇ ਹੱਥੋਂ ਹੀ ਠੀਕ ਹੁੰਦੇ ਹਨ। ਉਸਦੀਆਂ ਦਵਾਈਆਂ ਵੀ ਆਪਣੀਆਂ ਦੇਸੀ ਹੀ ਹੁੰਦੀਆਂ ਸਨ। ਉਹ ਬੱਚਿਆਂ ਨੂੰ ਅੰਗਰੇਜ਼ੀ ਦਵਾਈ ਤਾਂ ਦੇਣ ਹੀ ਨਹੀਂ ਸੀ ਦਿੰਦੀ। ਬੱਚਿਆਂ ਨੂੰ ਟੱਟੀਆਂ, ਉਲਟੀਆਂ ਲੱਗਣ, ਗਲਾ ਖਰਾਬ, ਬੁਖਾਰ, ਸਿਰਦਰਦ, ਕਬਜ਼, ਦਾੜ੍ਹ-ਦੰਦ ਦਰਦ ਅਤੇ ਹੋਰ ਛੋਟੀ ਮੋਟੀ ਬਿਮਾਰੀ ਹੋਣ ’ਤੇ ਉਹ ਕਾਹ ਜੁਐਣ ਦਾ ਅਰਕ, ਸੌਂਫ ਅਤੇ ਪਦੀਨੇ ਦਾ ਪਾਣੀ, ਮਗਾਂ, ਜੈਫਲ, ਲੌਂਗ, ਮਲੱਠੀ, ਹਰੜ, ਬਹੇੜੇ ਅਤੇ ਆਮਲੇ ਦੀ ਫੱਕੀ, ਇਸਬਗੋਲ, ਭੁੱਜੀ ਹੋਈ ਹਿੰਗ ਅਤੇ ਹੋਰ ਉਸਦੇ ਦੇਸੀ ਨੁਸਖੇ ਬੱਚਿਆਂ ਨੂੰ ਝੱਟ ਠੀਕ ਕਰ ਦਿੰਦੇ ਸਨ। ਬੱਚਿਆਂ ਦਾ ਗਲਾ ਖਰਾਬ ਹੋਣ ’ਤੇ ਨਾਨੀ ਦੇ ਹੱਥੋਂ ਉਨ੍ਹਾਂ ਦੇ ਗਲੇ ਵਿੱਚ ਗਲੈਸਲੀਨ ਦਾ ਲਗਾਇਆ ਹੋਇਆ ਤੂੰਬਾ ਰਾਮ ਬਾਣ ਹੁੰਦਾ ਸੀ।
ਚੰਗੇ ਐਕਸਪਰਟ ਡਾਕਟਰ ਵਾਂਗ ਉਹ ਬੱਚਿਆਂ ਦੇ ਗਲੇ ਵਿੱਚ ਤੂੰਬਾ ਲਗਾਉਂਦੀ ਸੀ। ਬੱਚਾ ਰੋਂਦਾ ਰਹਿ ਜਾਂਦਾ ਸੀ ਕਿ ਉਹ ਤੂੰਬਾ ਲਗਾਕੇ ਇਹ ਸ਼ਬਦ ਬੋਲ ਦਿੰਦੀ ਸੀ, ਇੱਕ ਵਾਰ ਤੂੰਬਾ ਹੋਰ ਲਵਾ ਲਿਓ, ਠੀਕ ਹੋ ਜਾਵੇਗਾ। ਬੱਚਿਆਂ ਦੇ ਮਾਂ ਬਾਪ ਆਪਣੇ ਬੱਚਿਆਂ ਨੂੰ ਡਾਕਟਰਾਂ ਕੋਲ ਉਦੋਂ ਹੀ ਲਿਜਾਂਦੇ ਸਨ, ਜਦੋਂ ਨਾਨੀ ਉਨ੍ਹਾਂ ਨੂੰ ਇਹ ਕਹਿ ਦਿੰਦੀ ਸੀ ਕਿ ਭਾਈ ਇਸ ਨੂੰ ਡਾਕਟਰ ਨੂੰ ਹੀ ਵਿਖਾ ਲਓ। ਪਿੰਡ ਵਿੱਚ ਕੋਈ ਵੀ ਜਣੇਪਾ ਨਾਨੀ ਤੋਂ ਬਗੈਰ ਨਹੀਂ ਹੁੰਦਾ ਸੀ। ਨਾਨੀ ਦਾਈ ਨਹੀਂ ਸਗੋਂ ਇੱਕ ਅਨੁਭਵੀ ਔਰਤ ਸੀ। ਨਾਨੀ ਖੁਦ ਹੀ ਬੱਚਾ ਹੋਣ ਵਾਲੇ ਪਰਿਵਾਰ ਦੇ ਸੰਪਰਕ ਵਿੱਚ ਰਹਿੰਦੀ ਸੀ। ਉਹ ਬੱਚਾ ਹੋਣ ਤਕ ਹੀ ਨਹੀਂ ਸਗੋਂ ਜਣੇਪੇ ਤੋਂ ਬਾਅਦ ਵੀ ਮਾਂ ਅਤੇ ਉਸਦੇ ਬੱਚੇ ਦਾ ਪੂਰਾ ਧਿਆਨ ਰੱਖਦੀ ਸੀ। ਜਣੇਪੇ ਤੋਂ ਬੱਚੇ ਦੀ ਮਾਂ ਦੀਆਂ ਮਾਲਿਸ਼ਾਂ, ਬੱਚੇ ਅਤੇ ਉਸਦੀ ਮਾਂ ਦੀ ਖੁਰਾਕ ਅਤੇ ਦੇਖਭਾਲ, ਸਭ ਕੁਝ ਨਾਨੀ ਦੇ ਕਹਿਣ ਅਨੁਸਾਰ ਹੁੰਦਾ ਸੀ। ਇੱਕ ਵਾਰ ਸਾਡੇ ਮੁਹੱਲੇ ਦੀ ਇੱਕ ਕੁੜੀ ਕਿਸੇ ਵੱਡੇ ਸ਼ਹਿਰ ਵਿੱਚ ਵਿਆਹੀ ਹੋਈ ਸੀ। ਉਸਦਾ ਸਹੁਰਾ ਪਰਿਵਾਰ ਕਾਫੀ ਪੜ੍ਹਿਆ ਲਿਖਿਆ ਸੀ। ਉਸ ਕੁੜੀ ਦੇ ਹੋਣ ਵਾਲਾ ਬੱਚਾ ਪਹਿਲਾ ਸੀ। ਪੇਕੇ ਪਰਿਵਾਰ ਦੀ ਪਰੰਪਰਾ ਅਨੁਸਾਰ ਪਹਿਲਾ ਬੱਚਾ ਕੁੜੀ ਦੇ ਪੇਕੇ ਘਰ ਹੋਣਾ ਸੀ। ਕੁੜੀ ਦੇ ਸ਼ਹਿਰੀ ਸਹੁਰੇ ਪਿੰਡ ਅਤੇ ਜਣੇਪੇ ਦਾ ਕੇਸ ਖਰਾਬ ਹੋਣ ਦੇ ਡਰ ਕਾਰਨ ਕੁੜੀ ਨੂੰ ਜਣੇਪੇ ਲਈ ਉਸਦੇ ਪੇਕੇ ਘਰ ਨਹੀਂ ਭੇਜਣਾ ਚਾਹੁੰਦੇ ਸਨ। ਕੁੜੀ ਦੇ ਪੇਕੇ ਪਰਿਵਾਰ ਨੇ ਨਾਨੀ ਨੂੰ ਪੁੱਛਿਆ ਕਿ ਕੁੜੀ ਦੇ ਸਹੁਰੇ ਉਸ ਨੂੰ ਜਣੇਪੇ ਲਈ ਪਿੰਡ ਹੋਣ ਕਰਕੇ ਸਾਡੇ ਕੋਲ ਭੇਜਣਾ ਨਹੀਂ ਚਾਹੁੰਦੇ, ਤੂੰ ਦੱਸ ਕੀ ਕਰੀਏ? ਨਾਨੀ ਨੇ ਅੱਗੋਂ ਕਿਹਾ, “ਤੁਸੀਂ ਬੇਫ਼ਿਕਰ ਹੋਕੇ ਕੁੜੀ ਨੂੰ ਬੁਲਾ ਲਓ, ਰੱਬ ਸੁੱਖ ਰੱਖੇ, ਸਭ ਕੁਝ ਠੀਕ ਹੋ ਜਾਵੇਗਾ।”
ਨਾਨੀ ਦੀ ਗੱਲ ਮੰਨਕੇ ਕੁੜੀ ਦੇ ਮਾਪਿਆਂ ਨੇ ਕੁੜੀ ਨੂੰ ਜਣੇਪੇ ਲਈ ਆਪਣੇ ਕੋਲ ਬੁਲਾ ਲਿਆ। ਨਾਨੀ ਨੇ ਬਗੈਰ ਕਿਸੇ ਅਲਟਰਾਸਾਊਂਡ ਤੋਂ ਪਹਿਲਾਂ ਹੀ ਦੱਸ ਦਿੱਤਾ ਕਿ ਬੱਚੇ ਦੋ ਹਨ, ਪਰ ਘਬਰਾਓ ਨਾ, ਸਭ ਕੁਝ ਠੀਕ ਹੋ ਜਾਵੇਗਾ। ਕੁੜੀ ਦੇ ਮਾਪਿਆਂ ਅਤੇ ਸਹੁਰਿਆਂ ਦਾ ਫਿਕਰ ਹੋਰ ਵਧ ਗਿਆ। ਜਣੇਪੇ ਤੋਂ ਕੁਝ ਦਿਨਾਂ ਪਹਿਲਾਂ ਕੁੜੀ ਨੂੰ ਤਕਲੀਫ਼ ਹੋਰ ਵਧ ਗਈ। ਨਾਨੀ ਨੇ ਕੁੜੀ ਨੂੰ ਕਿਹਾ, ਬੱਚਾ, ਮੈਂ ਅੱਜ ਤਕ ਅਨੇਕਾਂ ਬੱਚਿਆਂ ਦਾ ਜਣੇਪਾ ਕਰਵਾਇਆ ਹੈ, ਜੇਕਰ ਮੈਨੂੰ ਕੋਈ ਫ਼ਿਕਰ ਵਾਲੀ ਗੱਲ ਲਗਦੀ ਤਾਂ ਮੈਂ ਤੇਰੇ ਮਾਪਿਆਂ ਨੂੰ ਪਹਿਲਾਂ ਹੀ ਕਹਿ ਦੇਣਾ ਸੀ। ਮੇਰੀ ਵੀ ਇੱਜ਼ਤ ਦਾ ਸਵਾਲ ਹੈ। ਤੂੰ ਮੇਰੇ ਕਹਿਣ ਅਨੁਸਾਰ ਚੱਲਦੀ ਜਾ। ਪਰਮਾਤਮਾ ਭਲੀ ਕਰੇਗਾ। ਨਾਨੀ ਜਣੇਪੇ ਤੋਂ ਦੋ ਦਿਨ ਪਹਿਲਾਂ ਹੀ ਉਨ੍ਹਾਂ ਦੇ ਘਰ ਬੈਠ ਗਈ।
ਕੁੜੀ ਦੇ ਜੁੜਵਾਂ ਬੱਚੇ ਹੀ ਹੋਏ। ਜਣੇਪਾ ਵੀ ਠੀਕ ਢੰਗ ਨਾਲ ਹੋ ਗਿਆ। ਕੁੜੀ ਦੇ ਸਹੁਰੇ ਨਾਨੀ ਨੂੰ ਵਿਸ਼ੇਸ਼ ਤੋਂ ਮਿਲਣ ਆਏ। ਉਨ੍ਹਾਂ ਨੇ ਨਾਨੀ ਨੂੰ ਆਪਣੀ ਖੁਸ਼ੀ ਨਾਲ ਕੱਪੜੇ ਅਤੇ ਹੋਰ ਕੀਮਤੀ ਚੀਜ਼ਾਂ ਦੇਣ ਦੀ ਕੋਸ਼ਿਸ਼ ਕੀਤੀ। ਨਾਨੀ ਨੇ ਅੱਗੋਂ ਕਿਹਾ, ਅਸੀਂ ਕੁੜੀ ਵਾਲੇ ਹਾਂ। ਕੁੜੀ ਵਾਲੇ, ਮੁੰਡੇ ਵਾਲਿਆਂ ਤੋਂ ਲੈਂਦੇ ਨਹੀਂ, ਸਗੋਂ ਉਨ੍ਹਾਂ ਨੂੰ ਦਿੰਦੇ ਹਨ। ਨਾਨੀ ਨੇ ਆਪਣੀ ਹਿੰਮਤ ਅਨੁਸਾਰ ਉਨ੍ਹਾਂ ਨੂੰ ਕੋਲੋਂ ਦੇ ਕੇ ਤੋਰਿਆ। ਉਹ ਕਿਸੇ ਤੋਂ ਨਵਾਂ ਪੈਸਾ ਨਹੀਂ ਲੈਂਦੀ ਸੀ। ਦਵਾਈਆਂ ਵੀ ਆਪਣੇ ਪਲਿਓਂ ਦਿੰਦੀ ਸੀ।
ਨਾਨੀ ਸਾਡੇ ਪਿੰਡ ਦੀ ਧੀ ਨਹੀਂ ਸਗੋਂ ਨੂੰਹ ਸੀ। ਉਹ ਪਿੰਡ ਦੇ ਲੋਕਾਂ ਦੇ ਬੱਚਿਆਂ ਦਾ ਇਲਾਜ, ਨੂੰਹਾਂ ਅਤੇ ਕੁੜੀਆਂ ਦਾ ਜਣੇਪਾ ਕਰਾਉਣ ਕਾਰਨ ਉਨ੍ਹਾਂ ਨੂੰ ਆਪਣੀਆਂ ਧੀਆਂ ਕਹਿਣ ਲੱਗ ਪੈਂਦੀ ਸੀ ਅਤੇ ਉਹ ਉਸ ਨੂੰ ਆਪਣੀ ਮਾਂ ਕਹਿਣ ਲੱਗ ਪੈਂਦੀਆਂ ਸਨ। ਬੱਚੇ ਉਸ ਨੂੰ ਨਾਨੀ ਕਹਿਣ ਲੱਗ ਪੈਂਦੇ ਸਨ। ਨਾਨੀ ਦੀ ਆਪਣੀ ਇੱਕੋ ਕੁੜੀ ਸੀ, ਜਿਸਦਾ ਵਿਆਹ ਹੋ ਚੁੱਕਾ ਸੀ। ਪਿੰਡ ਦੇ ਬੱਚੇ ਉਸ ਨੂੰ ਨਾਨੀ ਪਰ ਉਸਦੇ ਘਰ ਵਾਲੇ ਨੂੰ ਤਾਇਆ ਕਹਿੰਦੇ ਸਨ। ਨਾਨੀ ਆਪਣੇ ਘਰ ਵਾਲੇ ਨਾਲ ਆਪਣੇ ਦਿਉਰ ਦੇ ਘਰ ਦੇ ਨਾਲ ਹੀ ਰਹਿੰਦੀ ਸੀ। ਸਾਡੇ ਪਰਿਵਾਰ ਨਾਲ ਤਾਂ ਨਾਨੀ ਦਾ ਬਹੁਤ ਜ਼ਿਆਦਾ ਪਿਆਰ ਹੁੰਦਾ ਸੀ। ਉਸਨੇ ਮੇਰੀ ਮਾਂ ਨੂੰ ਸੱਚਮੁੱਚ ਦੀ ਧੀ ਬਣਾਇਆ ਹੋਇਆ ਸੀ। ਸਾਡੇ ਪਰਿਵਾਰ ਦੇ ਸੁੱਖ ਦੁੱਖ ਵਿੱਚ ਉਹ ਝੱਟ ਆ ਖੜ੍ਹੀ ਹੁੰਦੀ। ਜਦੋਂ ਸਾਡਾ ਪਰਿਵਾਰ ਕਿਸੇ ਜ਼ਰੂਰੀ ਕੰਮ ਬਾਹਰ ਜਾਂਦਾ ਸੀ ਤਾਂ ਸਾਰਾ ਘਰ ਨਾਨੀ ਦੇ ਹਵਾਲੇ ਹੁੰਦਾ ਸੀ। ਉਹ ਨੇਕ ਰੂਹ ਅੱਜ ਭਾਵੇਂ ਇਸ ਦੁਨੀਆ ਵਿੱਚ ਨਹੀਂ ਹੈ ਪਰ ਆਪਣੇ ਨੇਕ ਕੰਮਾਂ ਅਤੇ ਪਰਉਪਕਾਰੀ ਸੁਭਾਅ ਕਾਰਨ ਹਰ ਦਿਲ ਵਿੱਚ ਵਸਦੀ ਹੈ। ਉਸ ਨੂੰ ਉਸ ਅਕਾਲ ਪੁਰਖ ਨੇ ਯਕੀਨੀ ਤੌਰ ’ਤੇ ਆਪਣੇ ਚਰਨਾਂ ਵਿੱਚ ਨਿਵਾਸ ਦਿੱਤਾ ਹੋਵੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)