“ਸੀਨੀਅਰ ਸੈਕੰਡਰੀ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਖੇਡਾਂ ਵੱਲ ...”
(25 ਜਨਵਰੀ 2025)
ਜੇਕਰ ਅੰਤਰਰਾਸ਼ਟਰੀ ਪੱਧਰ ਉੱਤੇ ਵਿਗਿਆਨ ਅਤੇ ਖੇਡਾਂ ਦੇ ਖੇਤਰ ਵਿੱਚ ਅਸੀਂ ਆਪਣੇ ਮੁਲਕ ਦੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਕਰੀਏ ਤਾਂ 143 ਕਰੋੜ ਲੋਕਾਂ ਦੀ ਅਬਾਦੀ ਵਾਲਾ ਸਾਡਾ ਮੁਲਕ ਅਜ਼ਾਦੀ ਦੇ ਅਠੱਤਰ ਵਰ੍ਹਿਆਂ ਬਾਅਦ ਵੀ ਛੋਟੇ ਛੋਟੇ ਮੁਲਕਾਂ ਦੇ ਮੁਕਾਬਲੇ ਖੇਡਾਂ ਅਤੇ ਵਿਗਿਆਨ ਦੇ ਖੇਤਰ ਵਿੱਚ ਪਛੜਿਆ ਹੋਇਆ ਹੈ। ਓਲੰਪਿਕ ਵਿੱਚ ਅਮਰੀਕਾ, ਚੀਨ, ਜਪਾਨ ਅਤੇ ਜਰਮਨੀ ਵਰਗੇ ਮੁਲਕਾਂ ਦੀ ਗੱਲ ਤਾਂ ਛੱਡੋ, ਛੋਟੇ ਛੋਟੇ ਮੁਲਕ, ਜਿਨ੍ਹਾਂ ਦੀ ਅਬਾਦੀ ਲੱਖਾਂ ਵਿੱਚ ਹੈ, ਉਹ ਸਾਡੇ ਮੁਲਕ ਨਾਲੋਂ ਵੱਧ ਤਮਗੇ ਲੈ ਜਾਂਦੇ ਹਨ। ਸਾਡੇ ਮੁਲਕ ਦਾ ਕਿਧਰੇ ਇੱਕ ਸੋਨੇ ਦਾ ਤਮਗਾ ਆ ਜਾਵੇ ਤਾਂ ਸਾਡੇ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੁੱਖ ਮੰਤਰੀ ਅਤੇ ਦੇਸ਼ ਦੇ ਲੋਕ ਖੁਸ਼ੀਆਂ ਮਨਾਉਂਦੇ ਨਹੀਂ ਥੱਕਦੇ। ਵਧਾਈਆਂ ਦੇਣ ਦਾ ਸਿਲਸਿਲਾ ਕਈ ਕਈ ਦਿਨ ਤਕ ਚੱਲਦਾ ਰਹਿੰਦਾ ਹੈ। ਮੀਡੀਆ ਤਾਰੀਫ਼ਾਂ ਕਰਦਾ ਨਹੀਂ ਹਟਦਾ। ਸਾਡੇ ਦੇਸ਼ ਵਿੱਚ ਕ੍ਰਿਕਟ ਦਾ ਬਹੁਤ ਜ਼ਿਆਦਾ ਪ੍ਰਭਾਵ ਹੋਣ ਕਰਕੇ ਦੂਜੀਆਂ ਖੇਡਾਂ ਵਿੱਚ ਬੱਚਿਆਂ ਦਾ ਰੁਝਾਨ ਘਟਦਾ ਜਾ ਰਿਹਾ ਹੈ। ਜੇਕਰ ਵਿਗਿਆਨ ਦੇ ਖੇਤਰ ਦੀ ਗੱਲ ਕਰੀਏ ਤਾਂ ਸਾਡੇ ਦੇਸ਼ ਦੀਆਂ ਸਰਕਾਰਾਂ ਜਿੰਨੀਆਂ ਮਰਜ਼ੀ ਫੜ੍ਹਾਂ ਮਾਰੀ ਜਾਣ ਪਰ ਸਾਨੂੰ ਬੁਲੇਟ ਟਰੇਨ ਲਈ ਵੀ ਜਪਾਨ ਦੀ ਮਦਦ ਲੈਣੀ ਪਈ। ਸਾਡਾ ਮੁਲਕ ਅੱਜ ਤਕ ਅਮਰੀਕਾ ਵਰਗਾ ਨਾਸਾ ਸਪੇਸ ਸਟੇਸ਼ਨ ਨਹੀਂ ਬਣਾ ਸਕਿਆ। ਅੱਜ ਤਕ ਵੀ ਦੁਨੀਆ ਦੀਆਂ ਵੱਡੀਆਂ ਅਤੇ ਹੈਰਾਨੀਜਨਕ ਖੋਜਾਂ ਪੱਛਮੀ ਦੇਸ਼ਾਂ ਦੇ ਮਹਾਨ ਵਿਗਿਆਨੀਆਂ ਗ੍ਰਾਹਮ ਬੈੱਲ, ਜੋਸਫ ਜਾਨ ਥਾਮਸਨ ਅਤੇ ਥਾਮਸ ਅਲਵਾ ਐਡੀਸਨ ਦੇ ਨਾਂ ਹੀ ਹਨ। ਕਲਪਨਾ ਚਾਵਲਾ ਤੇ ਸੁਨੀਤਾ ਵਿਲੀਅਮਜ਼ ਵਰਗੀਆਂ ਮਹਾਨ ਵਿਗਿਆਨੀਆਂ ਨੂੰ ਅਮਰੀਕਾ ਵਿੱਚ ਜਾਕੇ ਇਸ ਲਈ ਵਸਣਾ ਪਿਆ ਕਿਉਂਕਿ ਉਨ੍ਹਾਂ ਨੂੰ ਆਪਣੇ ਦੇਸ਼ ਵਿੱਚ ਆਪਣਾ ਭਵਿੱਖ ਸੁਰੱਖਿਅਤ ਨਹੀਂ ਲੱਗਾ। ਉਨ੍ਹਾਂ ਨੂੰ ਲੱਗਾ ਕਿ ਉਨ੍ਹਾਂ ਨੂੰ ਤਰੱਕੀ ਲਈ ਵਿਦੇਸ਼ਾਂ ਦੇ ਮੁਕਾਬਲੇ ਆਪਣੇ ਦੇਸ਼ ਵਿੱਚ ਉਹ ਸਹੂਲਤਾਂ ਨਹੀਂ ਮਿਲ ਸਕਣਗੀਆਂ ਤੇ ਨਾ ਵੀ ਵਿਦੇਸ਼ਾਂ ਦੇ ਮੁਕਾਬਲੇ ਉਨ੍ਹਾਂ ਦੀ ਆਪਣੇ ਮੁਲਕ ਵਿੱਚ ਕਦਰ ਪਵੇਗੀ। ਨੌਜਵਾਨ ਵਿਗਿਆਨੀ ਬੱਚੇ ਵਿਦੇਸ਼ਾਂ ਵਿੱਚ ਜਾਕੇ ਇਸ ਲਈ ਵਸ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਆਪਣੇ ਦੇਸ਼ ਦੇ ਮੁਕਾਬਲੇ ਬਾਹਰਲੇ ਦੇਸ਼ਾਂ ਵਿੱਚ ਆਪਣਾ ਭਵਿੱਖ ਜ਼ਿਆਦਾ ਬਿਹਤਰ ਨਜ਼ਰ ਆਉਂਦਾ ਹੈ।
ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੇ ਇਲਾਜ ਅਤੇ ਦਵਾਈ ਦੀ ਖੋਜ ਵਿਦੇਸ਼ਾਂ ਵਿੱਚ ਹੀ ਹੁੰਦੀ ਹੈ। ਸਾਡੇ ਦੇਸ਼ ਦੇ ਸਿਆਸੀ ਲੋਕ ਅਤੇ ਪੂੰਜੀਪਤੀ ਲੋਕ ਆਪਣੀਆਂ ਭਿਆਨਕ ਅਤੇ ਲਾ ਇਲਾਜ ਬਿਮਾਰੀਆਂ ਦਾ ਇਲਾਜ ਕਰਵਾਉਣ ਲਈ ਵਿਦੇਸ਼ਾਂ ਨੂੰ ਭੱਜਦੇ ਹਨ। ਹੁਣ ਸਵਾਲ ਇਹ ਹੈ ਕਿ ਸਾਡਾ ਦੇਸ਼ ਖੇਡਾਂ ਅਤੇ ਵਿਗਿਆਨ ਦੇ ਖੇਤਰਾਂ ਵਿੱਚ ਤਰੱਕੀ ਕਿਵੇਂ ਕਰੇ? ਸਭ ਤੋਂ ਪਹਿਲਾਂ ਸਾਡੇ ਦੇਸ਼ ਦੀਆਂ ਸਰਕਾਰਾਂ ਨੂੰ ਵਿਗਿਆਨ ਅਤੇ ਖੇਡਾਂ ਦੇ ਖੇਤਰ ਵਿੱਚ ਮਿਸਾਲੀ ਤਰੱਕੀ ਕਰਨ ਵਾਲੇ ਦੇਸ਼ਾਂ ਦੀਆਂ ਖ਼ੂਬੀਆਂ ਅਤੇ ਆਪਣੇ ਦੇਸ਼ ਦੀ ਉਨ੍ਹਾਂ ਦੇਸ਼ਾਂ ਦੇ ਮੁਕਾਬਲੇ ਤਰੱਕੀ ਨਾ ਕਰ ਸਕਣ ਦੇ ਕਾਰਨਾਂ ਦੀ ਨਿਸ਼ਾਨਦੇਹੀ ਕਰਨੀ ਹੋਵੇਗੀ। ਦੁਨੀਆ ਦੇ ਉਹ ਦੇਸ਼, ਜਿਹੜੇ ਖੇਡਾਂ ਦੇ ਖੇਤਰ ਵਿੱਚ ਵੱਧ ਮੈਡਲ ਹਾਸਲ ਕਰਦੇ ਹਨ, ਉਹ ਸਕੂਲਾਂ ਨੂੰ ਖੇਡਾਂ ਦੀ ਨਰਸਰੀ ਮੰਨਦੇ ਹਨ। ਸਾਡੇ ਮੁਲਕ ਨੂੰ ਸਕੂਲਾਂ ਨੂੰ ਖੇਡਾਂ ਦੀ ਨਰਸਰੀ ਬਣਾਉਣ ਦੇ ਉਦੇਸ਼ ਨਾਲ ਸਕੂਲੀ ਪੱਧਰ ’ਤੇ ਖੇਡਾਂ ਵੱਲ ਵੱਧ ਤੋਂ ਵੱਧ ਧਿਆਨ ਦੇਣਾ ਪਵੇਗਾ। ਸਰਕਾਰ ਨੂੰ ਦੇਸ਼ ਦੇ ਹਰ ਸਕੂਲ ਵਿੱਚ ਉਨ੍ਹਾਂ ਸਰੀਰਕ ਸਿੱਖਿਆ ਅਧਿਆਪਕਾਂ ਦੀ ਨਿਯੁਕਤੀ ਕਰਨੀ ਪਵੇਗੀ, ਜਿਨ੍ਹਾਂ ਦੀ ਕਿਸੇ ਨਾ ਕਿਸੇ ਖੇਡ ਵਿੱਚ ਵਿਸ਼ੇਸ਼ ਮੁਹਾਰਤ ਹਾਸਲ ਹੋਵੇ। ਹਰ ਬਲਾਕ ਜਾਂ ਜ਼ਿਲ੍ਹਾ ਪੱਧਰ ਉੱਤੇ ਖੇਡ ਅਕਾਦਮੀ ਬਣਾਕੇ, ਖੇਡਾਂ ਦੇ ਕੋਚਾਂ ਦੀ ਨਿਯੁਕਤੀ ਕੀਤੀ ਜਾਵੇ ਜੋ ਕਿ ਸਮੇਂ ਸਮੇਂ ’ਤੇ ਸਕੂਲਾਂ ਵਿੱਚ ਜਾਕੇ ਬੱਚਿਆਂ ਨੂੰ ਤਿਆਰੀ ਕਰਵਾਉਣ। ਹਰ ਸਕੂਲ ਵਿੱਚ ਚੰਗੀਆਂ ਸਹੂਲਤਾਂ ਵਾਲਾ ਖੇਡ ਦਾ ਮੈਦਾਨ ਹੋਵੇ। ਬੱਚਿਆਂ ਨੂੰ ਆਪਣੀ ਮਰਜ਼ੀ ਦੀ ਖੇਡ ਚੁਣਨ ਦੀ ਖੁੱਲ੍ਹ ਹੋਵੇ।
ਸਕੂਲਾਂ ਨੂੰ ਖੇਡਾਂ ਲਈ ਮਿਆਰੀ ਪੱਧਰ ਦਾ ਸਮਾਨ ਮੁਹਈਆ ਕਰਵਾਇਆ ਜਾਵੇ। ਖੇਡਾਂ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਸਕੂਲਾਂ ਦੇ ਬੱਚਿਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣ। ਉਨ੍ਹਾਂ ਦੀ ਸਾਰੀ ਪੜ੍ਹਾਈ ਮੁਫ਼ਤ ਕੀਤੀ ਜਾਵੇ। ਉਨ੍ਹਾਂ ਬੱਚਿਆਂ ਦੀ ਖੁਰਾਕ, ਪੜ੍ਹਾਈ ਅਤੇ ਕੋਚਿੰਗ ਲਈ ਪ੍ਰਾਈਵੇਟ ਤੌਰ ’ਤੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣ। ਖੇਡਾਂ ਲਈ ਵੱਧ ਤੋਂ ਵੱਧ ਬੱਜਟ ਰੱਖਿਆ ਜਾਵੇ। ਸੀਨੀਅਰ ਸੈਕੰਡਰੀ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਖੇਡਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਸਕੂਲਾਂ ਵਿੱਚ ਹੋਣ ਵਾਲੇ ਟੂਰਨਾਮੈਂਟ ਕੇਵਲ ਖਾਨਾ ਪੂਰਤੀ ਲਈ ਨਹੀਂ ਸਗੋਂ ਖੇਡਾਂ ਦੇ ਸੰਪੂਰਨ ਵਿਕਾਸ ਲਈ ਹੋਣੇ ਚਾਹੀਦੇ ਹਨ। ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਖਿਡਾਰੀਆਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਦਿੱਤੇ ਜਾਣ। ਕ੍ਰਿਕਟ ਦੀ ਖੇਡ ਦੇ ਨਾਲ ਨਾਲ ਹਾਕੀ, ਕਬੱਡੀ, ਵਾਲੀਵਾਲ, ਬਾਸਕਟਬਾਲ, ਫੁੱਟਬਾਲ, ਤੈਰਾਕੀ, ਐਥਲੈਟਿਕ, ਸ਼ੂਟਿੰਗ, ਕੁਸ਼ਤੀ ਅਤੇ ਹੋਰ ਖੇਡਾਂ ਵਿੱਚ ਵੀ ਬੱਚਿਆਂ ਦੀ ਦਿਲਚਸਪੀ ਪੈਦਾ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਇਨ੍ਹਾਂ ਖੇਡਾਂ ਦੀ ਵਿਸ਼ੇਸ਼ ਤਿਆਰੀ ਕਰਵਾਈ ਜਾਵੇ। ਸਕੂਲੀ ਛੁੱਟੀਆਂ ਵਿੱਚ ਖਿਡਾਰੀਆਂ ਦੇ ਵਿਸ਼ੇਸ਼ ਖੇਡ ਕੈਂਪ ਲਗਾਏ ਜਾਣ। ਉਨ੍ਹਾਂ ਨੂੰ ਅੰਤਰਰਾਜੀ ਮੁਕਾਬਲਿਆਂ ਵਿੱਚ ਲੈਕੇ ਜਾਇਆ ਜਾਵੇ। ਸਰੀਰਕ ਸਿੱਖਿਆ ਅਧਿਆਪਕਾਂ ਨੂੰ ਉਨ੍ਹਾਂ ਦੀ ਖੇਡ ਅਨੁਸਾਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਸਿਖਲਾਈ ਦਿੱਤੀ ਜਾਵੇ ਤਾਂ ਕਿ ਉਹ ਚੰਗੇ ਖਿਡਾਰੀ ਪੈਦਾ ਕਰ ਸਕਣ। ਕ੍ਰਿਕਟ ਦੀ ਖੇਡ ਵਾਂਗ ਦੂਜੀਆਂ ਖੇਡਾਂ ਦੇ ਵੀ ਟੂਰਨਾਮੈਂਟ ਹੋਣ ਅਤੇ ਉਨ੍ਹਾਂ ਵਿੱਚੋਂ ਵਧੀਆ ਖਿਡਾਰੀਆਂ ਦੀ ਅੰਤਰਰਾਸ਼ਟਰੀ ਪੱਧਰ ਲਈ ਚੋਣ ਹੋਵੇ। ਖਿਡਾਰੀਆਂ ਨੂੰ ਭਵਿੱਖ ਵਿੱਚ ਆਪਣੀ ਰੋਟੀ ਰੋਜ਼ੀ ਦਾ ਫ਼ਿਕਰ ਨਾ ਹੋਵੇ। ਦੂਜੀਆਂ ਖੇਡਾਂ ਨੂੰ ਵੀ ਕ੍ਰਿਕਟ ਦੇ ਖੇਡ ਵਾਂਗ ਮਹੱਤਵ ਪ੍ਰਦਾਨ ਕੀਤਾ ਜਾਵੇ। ਚੰਗੇ ਖਿਡਾਰੀਆਂ ਨੂੰ ਵਿਦੇਸ਼ ਜਾਣ ਤੋਂ ਰੋਕਣ ਲਈ ਉਨ੍ਹਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਅਤੇ ਚੰਗੀਆਂ ਨੌਕਰੀਆਂ ਦਿੱਤੀਆਂ ਜਾਣ।
ਜੇਕਰ ਹੁਣ ਵਿਗਿਆਨ ਦੇ ਖੇਤਰ ਦੀ ਗੱਲ ਕੀਤੀ ਜਾਵੇ ਤਾਂ ਵਿਗਿਆਨ ਦੇ ਖੇਤਰ ਵਿੱਚ ਮੋਹਰੀ ਮੁਲਕਾਂ ਵਾਂਗ ਆਪਣੇ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਖੋਜ ਅਧਾਰਿਤ ਕੀਤਾ ਜਾਵੇ ਤਾਂਕਿ ਬੱਚਿਆਂ ਵਿੱਚ ਖੋਜ ਪ੍ਰਵਿਰਤੀ ਪੈਦਾ ਕੀਤੀ ਜਾ ਸਕੇ। ਪ੍ਰਾਇਮਰੀ ਪੱਧਰ ਤੋਂ ਹੀ ਵਿਗਿਆਨ ਦੇ ਵਿਸ਼ੇ ਵਿੱਚ ਬੱਚਿਆਂ ਦੀ ਦਿਲਚਸਪੀ ਪੈਦਾ ਕੀਤੀ ਜਾਵੇ। ਵਿਗਿਆਨ ਦੇ ਵਿਸ਼ੇ ਨੂੰ ਪੜ੍ਹਾਉਣ ਲਈ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਅੰਤਰਰਾਸ਼ਟਰੀ ਪੱਧਰ ਦੀਆਂ ਨਵੀਂਆਂ ਤਕਨੀਕਾਂ ਲਾਗੂ ਕੀਤੀਆਂ ਜਾਣ। ਹਰ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਮਿਆਰੀ ਵਿਗਿਆਨ ਪ੍ਰਯੋਗਸ਼ਾਲਾ ਦਾ ਪ੍ਰਬੰਧ ਕੀਤਾ ਜਾਵੇ ਅਤੇ ਵਿਗਿਆਨ ਦੀ ਪ੍ਰਯੋਗੀ ਤੇ ਖੋਜੀ ਪੜ੍ਹਾਈ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਵੇ। ਬੱਚਿਆਂ ਨੂੰ ਦੁਨੀਆ ਦੇ ਮਹਾਨ ਵਿਗਿਆਨੀਆਂ ਬਾਰੇ ਜਾਣਕਾਰੀ ਦਿੱਤੀ ਜਾਵੇ। ਹਰ ਸਕੂਲ ਵਿੱਚ ਵਿਗਿਆਨ ਦੇ ਵਿਸ਼ੇ ਦਾ ਅਧਿਆਪਕ ਹੋਣਾ ਯਕੀਨੀ ਬਣਾਇਆ ਜਾਵੇ। ਵਿਗਿਆਨ ਦੇ ਵਿਸ਼ੇ ਵਿੱਚ ਦਿਲਚਸਪੀ ਅਤੇ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਬੱਚਿਆਂ ਵੱਲ ਵੱਧ ਤੋਂ ਵੱਧ ਧਿਆਨ ਦਿੱਤਾ ਜਾਵੇ। ਪ੍ਰਾਇਮਰੀ ਪੱਧਰ ਤੋਂ ਲੈਕੇ ਯੂਨੀਵਰਸਟੀ ਪੱਧਰ ਤਕ ਵਿਗਿਆਨ ਦੇ ਵਿਸ਼ੇ ਦੀ ਪੜ੍ਹਾਈ ਵੱਲ ਰਾਜ ਅਤੇ ਕੇਂਦਰੀ ਸਰਕਾਰਾਂ ਵੱਲੋਂ ਆਪਸੀ ਸਹਿਯੋਗ ਨਾਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਮਿਡਲ ਪੱਧਰ ਤੋਂ ਹੀ ਬੱਚਿਆਂ ਦੇ ਬੌਧਿਕ ਪੱਧਰ ਅਤੇ ਵਿਗਿਆਨ ਦੇ ਵਿਸ਼ੇ ਵਿੱਚ ਦਿਲਚਸਪੀ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਬੱਚਿਆਂ ਨੂੰ ਵੱਧ ਤੋਂ ਵੱਧ ਪ੍ਰੇਰਿਤ ਕੀਤਾ ਜਾਵੇ।
ਵਿਗਿਆਨ ਦੇ ਖੇਤਰ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਆਪਕਾਂ ਅਤੇ ਬੱਚਿਆਂ ਨੂੰ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਸਿਖਲਾਈ ਦਿੱਤੀ ਜਾਵੇ। ਕੇਂਦਰ ਅਤੇ ਰਾਜ ਸਰਕਾਰਾਂ ਵਿਗਿਆਨ ਦੇ ਖੇਤਰ ਵਿੱਚ ਅੱਗੇ ਵਧਣ ਲਈ ਵੱਧ ਤੋਂ ਵੱਧ ਬੱਜਟ ਰੱਖਣ। ਸਕੂਲੀ ਪੱਧਰ ਉੱਤੇ ਹੋਣ ਵਾਲੀਆਂ ਸਾਇੰਸ ਪ੍ਰਦਰਸ਼ਨੀਆਂ ਕੇਵਲ ਖ਼ਾਨਾ ਪੂਰਤੀ ਨਾ ਹੋਣ। ਸਕੂਲ ਲਾਇਬਰੇਰੀਆਂ ਵਿੱਚ ਸਾਇੰਸ ਮੈਗਜ਼ੀਨ ਭੇਜੇ ਜਾਣ ਅਤੇ ਬੱਚਿਆਂ ਨੂੰ ਉਨ੍ਹਾਂ ਨੂੰ ਪੜ੍ਹਨ ਲਈ ਪ੍ਰੇਰਿਆ ਜਾਵੇ। ਵਿਗਿਆਨ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਬੱਚਿਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣ। ਉਨ੍ਹਾਂ ਨੂੰ ਵਿਸ਼ੇਸ਼ ਵਜ਼ੀਫੇ ਦਿੱਤੇ ਜਾਣ। ਸਾਇੰਸ ਨਾਲ ਸੰਬੰਧਿਤ ਈਸਰੋ ਵਰਗੇ ਖੋਜੀ ਸੰਸਥਾਨ ਵੱਧ ਤੋਂ ਵੱਧ ਖੋਲ੍ਹੇ ਜਾਣ। ਉਨ੍ਹਾਂ ਸੰਸਥਾਨਾਂ ਵਿੱਚ ਖੋਜ ਕਾਰਜਾਂ ਲਈ ਵੱਧ ਤੋਂ ਵੱਧ ਵਿਗਿਆਨੀ ਨਿਯੁਕਤ ਕੀਤੇ ਜਾਣ, ਬੱਚਿਆਂ ਨੂੰ ਵਿਗਿਆਨਕ ਬਣਨ ਲਈ ਪ੍ਰੀਖਿਆਵਾਂ ਪਾਸ ਕਰਨ ਲਈ ਕੋਚਿੰਗ ਲੈਣ ਲਈ ਲੱਖਾਂ ਰੁਪਏ ਖਰਚ ਨਾ ਕਰਨੇ ਪੈਣ। ਸਕੂਲਾਂ ਵਿੱਚ ਐਜੂਸੈੱਟ ਅਤੇ ਹਾਈਟੈੱਕ ਕਲਾਸ ਰੂਮਾਂ ਦੀ ਪੜ੍ਹਾਈ ਨੂੰ ਮਿਆਰੀ ਪੱਧਰ ਦਾ ਬਣਾਇਆ ਜਾਵੇ। ਜ਼ਿਲ੍ਹਾ ਪੱਧਰ ਉੱਤੇ ਚੱਲ ਰਹੇ ਅਧਿਆਪਕ ਸਿਖਲਾਈ ਸੈਂਟਰਾਂ ਵਿੱਚ ਵਿਸ਼ੇਸ਼ ਵਿਗਿਆਨ ਖੋਜ ਸਿਖਲਾਈ ਸੈੱਲ ਖੋਲ੍ਹੇ ਜਾਣ। ਆਪਣੇ ਦੇਸ਼ ਵਿੱਚ ਨਾਸਾ ਵਰਗੇ ਸਪੇਸ ਸਟੇਸ਼ਨ ਖੋਲ੍ਹੇ ਜਾਣ ਤਾਂਕਿ ਸਾਡੇ ਦੇਸ਼ ਦੇ ਵਿਗਿਆਨਕਾਂ ਨੂੰ ਵਿਦੇਸ਼ਾਂ ਵਿੱਚ ਨਾ ਜਾਣਾ ਪਵੇ। ਹੋਣਹਾਰ ਨੌਜਵਾਨ ਵਿਗਿਆਨਕਾਂ ਨੂੰ ਬਾਹਰਲੇ ਦੇਸ਼ਾਂ ਵਿੱਚ ਜਾਣ ਤੋਂ ਰੋਕਣ ਲਈ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣ ਅਤੇ ਉਨ੍ਹਾਂ ਨੂੰ ਇਹ ਯਕੀਨ ਦਿਵਾਇਆ ਜਾਵੇ ਕਿ ਉਨ੍ਹਾਂ ਦੇ ਦੇਸ਼ ਵਿੱਚ ਹੀ ਉਨ੍ਹਾਂ ਦਾ ਭਵਿੱਖ ਬਿਹਤਰ ਹੈ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)