“ਬੱਚਿਓ, ਸਾਡੇ ਇੱਕ ਫੌਜੀ ਅਫਸਰ ਨੇ ਪਾਣੀ ਦੇ ਮੁੱਲ ਬਾਰੇ ਦੱਸਦੇ ਹੋਏ ਕਿਹਾ ਸੀ ਕਿ ਉਸਦਾ ਸੰਬੰਧ ਇਹੋ ਜਿਹੇ ਇਲਾਕੇ ਨਾਲ ਹੈ ...”
(19 ਅਕਤੂਬਰ 2024)
ਇਹ ਘਟਨਾ ਭਾਵੇਂ ਮੇਰੇ ਵਿਦਿਆਰਥੀ ਜੀਵਨ ਦੀ ਹੈ ਪਰ ਇਸਦੀ ਸਾਰਥਕਤਾ ਦਾ ਜ਼ਿਕਰ ਸਦਾ ਹੀ ਹੁੰਦਾ ਰਹੇਗਾ। ਉਦੋਂ ਪਾਣੀ ਨੂੰ ਬਚਾਉਣ ਤੇ ਇਸਦੀ ਵਰਤੋਂ ਸੋਚ ਸਮਝਕੇ ਕਰਨ ਦਾ ਜ਼ਿਕਰ ਨਾ ਲੋਕਾਂ ਦੇ ਮੂੰਹੋਂ ਸੁਣਨ ਨੂੰ ਮਿਲਦਾ ਸੀ ਤੇ ਨਾ ਹੀ ਮੀਡੀਏ ਵਿੱਚ ਇਸਦੇ ਵਿਗਿਆਪਨ ਆਉਂਦੇ ਸਨ। ਸਿੱਖਿਆ ਸੰਸਥਾਵਾਂ ਵਿੱਚ ਵੀ ਅਧਿਆਪਕ ਬੱਚਿਆਂ ਨੂੰ ਪਾਣੀ ਨੂੰ ਬਚਾਉਣ ਦੀ ਨਸੀਹਤ ਕਦੇ ਨਹੀਂ ਸਨ ਦਿੰਦੇ। ਮੈਂ ਜੇ.ਬੀ.ਟੀ ਦਾ ਡਿਪਲੋਮਾ ਕਰ ਰਿਹਾ ਸਾਂ। ਸਾਡੇ ਜੇ.ਬੀ.ਟੀ ਸਕੂਲ ਵਿੱਚ ਪਾਣੀ ਦੀ ਸਪਲਾਈ ਬੀ.ਬੀ.ਐੱਮ.ਬੀ ਵਿਭਾਗ ਦੀ ਹੁੰਦੀ ਸੀ। ਸਕੂਲ ਦੀ ਇਮਾਰਤ ਬੀ.ਬੀ.ਐੱਮ.ਬੀ ਦੀ ਹੋਣ ਕਰਕੇ ਪਾਣੀ ਦਾ ਬਿੱਲ ਵੀ ਕੋਈ ਨਹੀਂ ਸੀ ਆਉਂਦਾ। ਸਕੂਲ ਵਿੱਚ ਪਾਣੀ ਦੀਆਂ ਲੱਗੀਆਂ ਸੱਤ ਅੱਠ ਟੂਟੀਆਂ ਹਰ ਵੇਲੇ ਚਲਦੀਆਂ ਰਹਿੰਦੀਆਂ ਸਨ। ਪਾਣੀ ਦੀਆਂ ਚਲਦੀਆਂ ਟੂਟੀਆਂ ਨੂੰ ਵੇਖਕੇ ਨਾ ਤਾਂ ਉਨ੍ਹਾਂ ਨੂੰ ਕੋਈ ਬੰਦ ਕਰਦਾ ਸੀ ਅਤੇ ਨਾ ਹੀ ਕੋਈ ਕਿਸੇ ਨੂੰ ਬੰਦ ਕਰਨ ਲਈ ਕਹਿੰਦਾ ਸੀ। ਜੇ.ਬੀ.ਟੀ ਦਾ ਮੇਰਾ ਪਹਿਲਾ ਸਾਲ ਸੀ। ਸਾਡੇ ਸਕੂਲ ਵਿੱਚ ਇੱਕ ਲੰਮਾ ਝੰਮਾ ਨਰੋਆ ਬੰਦਾ ਫੌਜ ਦੀ ਨੌਕਰੀ ਤੋਂ ਸੇਵਾ ਮੁਕਤ ਹੋਕੇ ਸਿੱਖਿਆ ਵਿਭਾਗ ਵਿਚ ਦਰਜਾ ਚਾਰ ਦੀ ਅਸਾਮੀ ਉੱਤੇ ਭਰਤੀ ਹੋਕੇ ਆਇਆ। ਉਸ ਦਾ ਨਾਂ ਰੌਸ਼ਨ ਲਾਲ ਸੀ ਤੇ ਉਹ ਹਿਮਾਚਲ ਦੇ ਬਹੁਤ ਹੀ ਰਿਮੋਟ ਇਲਾਕੇ ਨਾਲ ਸੰਬੰਧ ਰੱਖਦਾ ਸੀ। ਉਹ ਦੋਂਹ ਮਹੀਨਿਆਂ ਵਿੱਚ ਹੀ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਖਿੱਚ ਦਾ ਪਾਤਰ ਬਣ ਗਿਆ। ਉਂਝ ਬੋਲਚਾਲ ਵਿੱਚ ਉਹ ਬਹੁਤ ਮਿੱਠਾ ਸੀ ਪਰ ਕਿਸੇ ਵੱਲੋਂ ਉਸ ਦੀ ਕਹੀ ਗਈ ਗੱਲ ਨਾ ਮੰਨੇ ਜਾਣ ’ਤੇ ਥੋੜ੍ਹਾ ਕੌੜਾ ਵੀ ਹੋ ਜਾਂਦਾ ਸੀ। ਸਾਨੂੰ ਇੱਕ ਵਿਸ਼ਾ ਖੇਤੀਬਾੜੀ ਵੀ ਲੱਗਿਆ ਹੋਇਆ ਸੀ। ਖੇਤੀਬਾੜੀ ਦਾ ਵਿਸ਼ਾ ਡਰਾਇੰਗ ਅਧਿਆਪਕ ਨੂੰ ਦਿੱਤਾ ਹੋਇਆ ਸੀ, ਜਿਸ ਨੂੰ ਖੇਤੀ ਬਾੜੀ ਦਾ ਇੱਲ ਤੇ ਕੁੱਕੜ ਨਹੀਂ ਸੀ ਆਉਂਦਾ।
ਖੇਤੀਬਾੜੀ ਵਿਸ਼ੇ ਦੀ ਲਿਖਤੀ ਪ੍ਰੀਖਿਆ ਹੋਣ ਦੇ ਨਾਲ ਨਾਲ ਪ੍ਰਯੋਗੀ ਪ੍ਰੀਖਿਆ ਵੀ ਹੁੰਦੀ ਸੀ। ਖੇਤੀਬਾੜੀ ਦਾ ਗਿਆਨ ਦੇਣ ਲਈ ਸਕੂਲ ਵਿੱਚ ਬਕਾਇਦਾ ਥਾਂ ਸੀ। ਸਿੱਖਿਆ ਵਿਭਾਗ ਵੱਲੋਂ ਇਹ ਹਦਾਇਤਾਂ ਸਨ ਕਿ ਇਸ ਥਾਂ ਵਿੱਚ ਬੱਚਿਆਂ ਨੂੰ ਖੇਤੀਬਾੜੀ ਬਾਰੇ ਸਿਖਾਉਣ ਲਈ ਉਨ੍ਹਾਂ ਤੋਂ ਹੱਥੀਂ ਕੰਮ ਕਰਵਾਇਆ ਜਾਵੇ। ਉਸ ਡਰਾਇੰਗ ਅਧਿਆਪਕ ਨੇ ਖੇਤੀਬਾੜੀ ਦੇ ਵਿਸ਼ੇ ਦੀ ਲਿਖਤੀ ਪ੍ਰੀਖਿਆ ਦੇ ਡਰ ਤੋਂ ਕਿਤਾਬ ਪੜ੍ਹਾਉਣ ਤੋਂ ਇਲਾਵਾ ਕਦੇ ਕੁਝ ਨਹੀਂ ਸੀ ਕੀਤਾ।
ਸਾਨੂੰ ਖੇਤੀਬਾੜੀ ਦੀ ਪ੍ਰਯੋਗੀ ਪ੍ਰੀਖਿਆ ਬਾਰੇ ਕੁਝ ਨਹੀਂ ਆਉਂਦਾ ਸੀ, ਇਸ ਲਈ ਖੇਤੀਬਾੜੀ ਵਾਲੀ ਥਾਂ ਉਜਾੜ ਪਈ ਹੋਈ ਸੀ। ਰੌਸ਼ਨ ਲਾਲ ਨੂੰ ਜਦੋਂ ਖੇਤੀਬਾੜੀ ਵਾਲੀ ਥਾਂ ਅਤੇ ਵਿਸ਼ੇ ਬਾਰੇ ਪਤਾ ਲੱਗਾ ਤਾਂ ਉਸਨੇ ਡਰਾਇੰਗ ਅਧਿਆਪਕ ਅਤੇ ਪ੍ਰਿੰਸੀਪਲ ਦੀ ਜ਼ਿੰਮੇਵਾਰੀ ਆਪਣੇ ਜ਼ਿੰਮੇ ਲੈ ਲਈ। ਉਸਨੇ ਵਿਦਿਆਰਥੀਆਂ ਦੀ ਸਹਾਇਤਾ ਨਾਲ ਖੇਤੀਬਾੜੀ ਵਾਲੀ ਥਾਂ ਤਿਆਰ ਕਰ ਲਈ। ਉਹ ਸਕੂਲ ਲੱਗਣ ਤੋਂ ਇੱਕ ਘੰਟਾ ਪਹਿਲਾਂ ਆ ਜਾਂਦਾ ਤੇ ਖੇਤੀਬਾੜੀ ਦੇ ਕੰਮ ਵਿੱਚ ਰੁੱਝ ਜਾਂਦਾ। ਖੇਤੀਬਾੜੀ ਵਾਲੀ ਥਾਂ, ਜਿਹੜੀ ਭਾਵੇਂ ਸਕੂਲ ਦੇ ਨਾਲ ਹੀ ਲਗਦੀ ਸੀ, ਨੂੰ ਪਾਣੀ ਚੰਗੀ ਤਰ੍ਹਾਂ ਨਹੀਂ ਲਗਦਾ ਸੀ। ਰੌਸ਼ਨ ਲਾਲ ਨੇ ਉਸ ਥਾਂ ਲਈ ਪਾਣੀ ਦਾ ਪ੍ਰਬੰਧ ਕਰਨ ਲਈ ਸਭ ਤੋਂ ਪਹਿਲਾਂ ਟੂਟੀਆਂ ਦੇ ਪਾਣੀ ਦੀ ਦੁਰਵਰਤੋਂ ਬੰਦ ਕੀਤੀ। ਸਕੂਲ ਦੇ ਬੱਚੇ ਪਾਣੀ ਦੀਆਂ ਟੂਟੀਆਂ ’ਤੇ ਜਾਕੇ ਓਕ ਨਾਲ ਪਾਣੀ ਪੀਂਦੇ ਸਨ, ਉਸ ਨਾਲ ਪਾਣੀ ਦੀ ਬਰਬਾਦੀ ਹੁੰਦੀ ਸੀ। ਬੱਚਿਆਂ ਨੂੰ ਉਨ੍ਹਾਂ ਪਾਣੀ ਦੀਆਂ ਟੂਟੀਆਂ ’ਤੇ ਜਾਣ ਤੋਂ ਰੋਕਣ ਲਈ ਉਨ੍ਹਾਂ ਲਈ ਪਾਣੀ ਦੀਆਂ ਬਾਲਟੀਆਂ, ਘੜਿਆਂ ਅਤੇ ਗਲਾਸਾਂ ਦਾ ਪ੍ਰਬੰਧ ਕੀਤਾ।
ਜਿਹੜੇ ਬੱਚੇ ਟੂਟੀਆਂ ਤੋਂ ਹੀ ਪਾਣੀ ਪੀਂਦੇ ਸਨ ਉਨ੍ਹਾਂ ਲਈ ਟੂਟੀਆਂ ਥੱਲੇ ਬਾਲਟੀਆਂ ਰੱਖੀਆਂ ਗਈਆਂ ਤਾਂਕਿ ਵਾਧੂ ਪਾਣੀ ਬਾਲਟੀਆਂ ਵਿੱਚ ਪੈਂਦਾ ਰਹੇ। ਜਦੋਂ ਉਹ ਬਾਲਟੀਆਂ ਭਰ ਜਾਂਦੀਆਂ ਤਾਂ ਉਨ੍ਹਾਂ ਦਾ ਪਾਣੀ ਟੂਟੀਆਂ ਕੋਲ ਰੱਖੇ ਢੋਲਾਂ ਵਿੱਚ ਪਾ ਦਿੱਤਾ ਜਾਂਦਾ। ਢੋਲਾਂ ਦਾ ਪਾਣੀ ਖੇਤੀਬਾੜੀ ਵਾਲੀ ਥਾਂ ਲਈ ਵਰਤ ਲਿਆ ਜਾਂਦਾ। ਜਿਹੜਾ ਵੀ ਪਾਣੀ ਦੀ ਟੂਟੀ ਨੂੰ ਖੁੱਲ੍ਹੀ ਛੱਡਦਾ ਜਾਂ ਪਾਣੀ ਦੀ ਬਰਬਾਦੀ ਕਰਦਾ, ਰੌਸ਼ਨ ਲਾਲ ਉਸ ਨੂੰ ਫੱਟ ਟੋਕ ਦਿੰਦਾ, ਭਾਵੇਂ ਉਹ ਅਧਿਆਪਕ ਹੁੰਦੇ ਜਾਂ ਸਕੂਲ ਦੇ ਵਿਦਿਆਰਥੀ। ਉਸਦੀ ਟੋਕਾਟਾਕੀ ਦਾ ਬੁਰਾ ਮਨਾਇਆ ਜਾਂਦਾ, ਉਸਦੀ ਆਲੋਚਨਾ ਵੀ ਕੀਤੀ ਜਾਂਦੀ। ਉਹ ਕਦੇ ਵੀ ਕਿਸੇ ਦਾ ਗੁੱਸਾ ਨਹੀਂ ਮਨਾਉਂਦਾ ਸੀ। ਉਹ ਚੁੱਪ ਚਾਪ ਆਪਣੇ ਕੰਮ ਵਿੱਚ ਲੱਗਿਆ ਰਹਿੰਦਾ। ਰੌਸ਼ਨ ਲਾਲ ਨੇ ਉਨ੍ਹਾਂ ਟੂਟੀਆਂ ਦੇ ਪਾਣੀ ਨਾਲ ਸਕੂਲ ਦੀਆਂ ਕਿਆਰੀਆਂ ਵਿੱਚ ਫੁੱਲ ਹੀ ਫੁੱਲ ਉਗਾ ਦਿੱਤੇ। ਸਵਾਮੀ ਵਿਵੇਕਾਨੰਦ ਕਹਿੰਦੇ ਸਨ ਕਿ ਲੋਕ ਪਹਿਲਾਂ ਤੁਹਾਡੇ ਚੰਗੇ ਕੰਮ ਦੀ ਆਲੋਚਨਾ ਕਰਦੇ ਹਨ ਫਿਰ ਵਿਰੋਧ ਕਰਦੇ ਹਨ ਉਸ ਤੋਂ ਬਾਅਦ ਤੁਹਾਡੇ ਨਾਲ ਚੱਲ ਪੈਂਦੇ ਹਨ। ਰੌਸ਼ਨ ਲਾਲ ਦੀ ਆਲੋਚਨਾ ਕਰਨ ਵਾਲੇ ਅਧਿਆਪਕ ਤੇ ਵਿਦਿਆਰਥੀ ਉਸਦੇ ਪ੍ਰਸ਼ੰਸਕ ਬਣ ਗਏ। ਸਕੂਲ ਵਿੱਚ ਜਿਹੜਾ ਵੀ ਅਫਸਰ ਆਉਂਦਾ, ਸਭ ਤੋਂ ਪਹਿਲਾਂ ਉਹ ਸਕੂਲ ਵਿੱਚ ਫੁੱਲਾਂ ਦੀ ਰੌਣਕ ਅਤੇ ਸੁੰਦਰਤਾ ਵੇਖਕੇ ਰੌਸ਼ਨ ਲਾਲ ਨੂੰ ਸ਼ਾਬਾਸ਼ ਦਿੰਦਾ। ਖੇਤੀ ਬਾੜੀ ਵਾਲੀ ਥਾਂ ’ਤੇ ਲੱਗੀਆਂ ਸਬਜ਼ੀਆਂ ਅਤੇ ਫੁੱਲਾਂ ਦੀ ਵਰਤੋਂ ਕਰਕੇ ਸਾਰੇ ਰੌਸ਼ਨ ਲਾਲ ਦੇ ਗੁਣ ਗਾਉਂਦੇ। ਇੱਕ ਦਿਨ ਸਕੂਲ ਦੀ ਪ੍ਰਾਥਨਾ ਸਭਾ ਵਿੱਚ ਪ੍ਰਿੰਸੀਪਲ ਨੇ ਦੱਸਿਆ ਕਿ ਰੌਸ਼ਨ ਲਾਲ ਨੂੰ ਹਿਮਾਚਲ ਵਿੱਚ ਉਸਦੇ ਘਰ ਦੇ ਨੇੜੇ ਬੈਂਕ ਵਿੱਚ ਦਰਜਾ ਚਾਰ ਦੀ ਨੌਕਰੀ ਮਿਲ ਗਈ ਹੈ, ਉਹ ਕੁਝ ਦਿਨਾਂ ਬਾਅਦ ਇਹ ਸਕੂਲ ਛੱਡਕੇ ਚਲਾ ਜਾਵੇਗਾ। ਉਹ ਅੱਜ ਤੁਹਾਨੂੰ ਆਪਣਾ ਕੋਈ ਸੁਨੇਹਾ ਦੇਣਾ ਚਾਹੁੰਦਾ ਹੈ।
ਰੌਸ਼ਨ ਲਾਲ ਨੇ ਸਾਨੂੰ ਆਪਣਾ ਸੁਨੇਹਾ ਦਿੰਦੇ ਹੋਏ ਕਿਹਾ, “ਬੱਚਿਓ, ਸਾਡੇ ਇੱਕ ਫੌਜੀ ਅਫਸਰ ਨੇ ਪਾਣੀ ਦੇ ਮੁੱਲ ਬਾਰੇ ਦੱਸਦੇ ਹੋਏ ਕਿਹਾ ਸੀ ਕਿ ਉਸਦਾ ਸੰਬੰਧ ਇਹੋ ਜਿਹੇ ਇਲਾਕੇ ਨਾਲ ਹੈ, ਜਿੱਥੇ ਲੋਕਾਂ ਨੂੰ ਪਾਣੀ ਦੀ ਬੂੰਦ ਬੂੰਦ ਲਈ ਤਰਸਣਾ ਪੈਂਦਾ ਹੈ। ਸਾਨੂੰ ਆਪਣੇ ਪਿੰਡ ਦੇ ਉਸ ਟੋਭੇ ਦੇ ਪਾਣੀ ਨਾਲ ਨਹਾਉਣਾ ਪੈਂਦਾ ਸੀ ਜੋਕਿ ਵਰਖਾ ਨਾਲ ਇਕੱਠਾ ਹੋਇਆ ਹੁੰਦਾ ਸੀ। ਅਸੀਂ ਆਪਣੇ ਲਈ ਸਾਫ ਪਾਣੀ ਚਾਰ ਪੰਜ ਕਿਲੋਮੀਟਰ ਤੋਂ ਲੈਣ ਜਾਂਦੇ ਸੀ। ਤੁਸੀਂ ਮੇਰੀ ਇੱਕ ਗੱਲ ਆਪਣੇ ਦਿਮਾਗ ਵਿੱਚ ਬਿਠਾ ਲਓ ਕਿ ਜੇਕਰ ਅਸੀਂ ਪਾਣੀ ਦੀ ਸੰਭਾਲ ਨਾ ਕੀਤੀ ਤਾਂ ਆਉਣ ਵਾਲਾ ਸਮਾਂ ਸਾਡੇ ਲਈ ਬਹੁਤ ਭਿਆਨਕ ਹੋਵੇਗਾ। ਮੈਂ ਉਸ ਅਫਸਰ ਦੀ ਕਹੀ ਗੱਲ ਇਸ ਲਈ ਗੱਠ ਬੰਨ੍ਹ ਲਈ ਕਿਉਂਕਿ ਸਾਡੇ ਇਲਾਕੇ ਵਿੱਚ ਵੀ ਪਾਣੀ ਦੀ ਬਹੁਤ ਤੰਗੀ ਹੈ। ਮੈਂ ਤੁਹਾਨੂੰ ਵੀ ਪਾਣੀ ਦੇ ਮੁੱਲ ਦਾ ਉਹ ਸੁਨੇਹਾ ਦੇਣਾ ਚਾਹਾਂਗਾ ਕਿ ਜੇਕਰ ਅਸੀਂ ਪਾਣੀ ਦੇ ਮੁੱਲ ਨੂੰ ਨਾ ਸਮਝਿਆ ਤਾਂ ਸਾਨੂੰ ਇਸਦਾ ਬਹੁਤ ਮੁੱਲ ਚੁਕਾਉਣਾ ਪਵੇਗਾ।”
ਸਾਡੇ ਸਕੂਲ ਵੱਲੋਂ ਰੌਸ਼ਨ ਲਾਲ ਨੂੰ ਉਨ੍ਹਾਂ ਫੁੱਲਾਂ ਦੇ ਹਾਰਾਂ ਨਾਲ ਹੀ ਵਿਦਾਇਗੀ ਦਿੱਤੀ ਗਈ ਜਿਹੜੇ ਉਸਨੇ ਖੁਦ ਕਿਆਰੀਆਂ ਵਿੱਚ ਉਗਾਏ ਹੋਏ ਸਨ। ਰੌਸ਼ਨ ਲਾਲ ਤਾਂ ਪਤਾ ਨਹੀਂ ਇਸ ਦੁਨੀਆ ਵਿੱਚ ਹੈ ਕਿ ਨਹੀਂ ਪਰ ਉਸ ਦੇ ਵਡਮੁੱਲੇ ਸੁਨੇਹੇ ਨੇ ਉਸ ਨੂੰ ਜਿਊਂਦਾ ਰੱਖਿਆ ਹੋਇਆ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5377)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: