VijayKumarPri 7ਜਿਹੜੇ ਲੋਕ ਇੱਕ ਵਾਰ ਅਸਫਲ ਰਹਿਣ ਦੀ ਸਥਿਤੀ ਵਿੱਚ ਸਬਰ ਅਤੇ ...
(10 ਜਨਵਰੀ 2025)

 

ਕਿਸੇ ਵੀ ਖੇਤਰ ਵਿੱਚ ਸਫ਼ਲਤਾ ਹਾਸਲ ਕਰਨਾ ਸੌਖਾ ਕਾਰਜ ਨਹੀਂ ਹੁੰਦਾ। ਜੇਕਰ ਸਫਲਤਾ ਬਹੁਤ ਸੌਖਿਆਂ ਪ੍ਰਾਪਤ ਹੋ ਜਾਂਦੀ ਤਾਂ ਦੁਨੀਆ ਦੇ ਕਿਸੇ ਵੀ ਬੰਦੇ ਨੂੰ ਆਪਣੀ ਮੰਜ਼ਿਲ ਪ੍ਰਾਪਤੀ ਵਿੱਚ ਅਸਫਲ ਰਹਿਣ ਤੇ ਨਿਰਾਸ਼ ਨਾ ਹੋਣਾ ਪੈਂਦਾ। ਸਫਲਤਾ ਹਾਸਲ ਕਰਨ ਲਈ ਨਿਰੰਤਰ ਯਤਨ ਕਰਨੇ ਪੈਂਦੇ ਹਨ। ਕੋਈ ਵੀ ਕਾਰਜ ਆਰੰਭ ਕਰਨ ਤੋਂ ਪਹਿਲਾਂ ਮਨੁੱਖ ਦੇ ਮਨ ਵਿੱਚ ਸਫਲਤਾ ਪ੍ਰਾਪਤ ਕਰਨ ਦੀ ਖੁਸ਼ੀ, ਪ੍ਰਸਿੱਧੀ, ਰੋਜ਼ਗਾਰ ਪ੍ਰਾਪਤੀ, ਵਾਹ ਵਾਹ ਖੱਟਣ ਅਤੇ ਅੱਗੇ ਵਧਣ ਦੇ ਅਨੇਕਾਂ ਸੁਪਨੇ ਹੁੰਦੇ ਹਨ ਪਰ ਬਹੁਤ ਮਿਹਨਤ ਕਰਨ ਅਤੇ ਯੋਗ ਹੁੰਦੇ ਹੋਏ ਵੀ ਕਈ ਵਾਰ ਮਨੁੱਖ ਆਪਣੇ ਉਦੇਸ਼ ਨੂੰ ਪ੍ਰਾਪਤ ਕਰਨ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਸਫਲ ਨਹੀਂ ਹੋ ਪਾਉਂਦਾ। ਅਸਫਲ ਹੋਣ ਦੀ ਸਥਿਤੀ ਵਿੱਚ ਸਬਰ ਅਤੇ ਹੌਸਲੇ ਦੀ ਲੋੜ ਹੁੰਦੀ ਹੈ। ਜਿਹੜੇ ਲੋਕ ਇੱਕ ਵਾਰ ਅਸਫਲ ਰਹਿਣ ਦੀ ਸਥਿਤੀ ਵਿੱਚ ਸਬਰ ਅਤੇ ਹੌਸਲਾ ਨਹੀਂ ਰੱਖ ਪਾਉਂਦੇ, ਉਹ ਹਿੰਮਤ ਛੱਡ ਬੈਠਦੇ ਹਨ। ਉਹ ਇਹ ਸੋਚ ਕੇ ਕਿ ਉਨ੍ਹਾਂ ਨੂੰ ਸਫਲਤਾ ਹਾਸਲ ਹੋ ਨਹੀਂ ਸਕਦੀ, ਆਪਣਾ ਆਰੰਭਿਆ ਕਾਰਜ ਛੱਡ ਬੈਠਦੇ ਹਨ ਪਰ ਪਹਿਲੀ ਵਾਰ ਸਫਲਤਾ ਨਾ ਮਿਲਣ ਦੀ ਹਾਲਤ ਵਿੱਚ ਸਬਰ ਅਤੇ ਹੌਸਲਾ ਰੱਖਣ ਵਾਲੇ ਉਮੀਦ ਅਤੇ ਹਿੰਮਤ ਦਾ ਪੱਲਾ ਨਹੀਂ ਛੱਡਦੇ। ਉਨ੍ਹਾਂ ਦਾ ਸੋਚਣਾ ਇਹ ਹੁੰਦਾ ਹੈ ਕਿ ਉਨ੍ਹਾਂ ਦਾ ਕੰਮ ਹੈ ਮਿਹਨਤ ਕਰਨਾ, ਜੇਕਰ ਇੱਕ ਵਾਰ ਸਫਲਤਾ ਹਾਸਲ ਨਹੀਂ ਹੋਈ ਤਾਂ ਕੀ ਹੋਇਆ, ਅਗਲੀ ਵਾਰ ਹੋ ਜਾਵੇਗੀ। ਦੁਨੀਆ ਦੇ ਪ੍ਰਸਿੱਧ ਵਿਗਿਆਨਕਾਂ, ਲੇਖਕਾਂ, ਕਲਾਕਾਰਾਂ, ਪ੍ਰਸ਼ਾਸਕਾਂ ਅਤੇ ਪ੍ਰਵਤਰੋਹੀਆਂ ਦੀ ਜ਼ਿੰਦਗੀ ਇਸ ਗੱਲ ਦਾ ਪ੍ਰਮਾਣ ਹੈ ਕਿ ਉਨ੍ਹਾਂ ਨੂੰ ਆਪਣੀ ਮੰਜ਼ਿਲ ਤਕ ਪਹੁੰਚਣ ਲਈ ਅਨੇਕ ਔਕੜਾਂ ਦਾ ਸਾਹਮਣਾ ਕਰਨਾ ਪਿਆ। ਉਹ ਸਫਲਤਾ ਹਾਸਲ ਕਰਨ ਵਿੱਚ ਅਨੇਕ ਵਾਰ ਅਸਫਲ ਹੋਏ ਪਰ ਉਨ੍ਹਾਂ ਨੇ ਆਪਣੀ ਯੋਗਤਾ ਉੱਤੇ ਭਰੋਸਾ ਰੱਖਿਆ। ਉਨ੍ਹਾਂ ਨੇ ਸਬਰ ਅਤੇ ਹੌਸਲੇ ਨੂੰ ਆਪਣੇ ਤੋਂ ਦੂਰ ਨਹੀਂ ਹੋਣ ਦਿੱਤਾ।

ਹਿਮਾਲਾ ਪਰਬਤ ਦੀ ਮਾਊਂਟ ਐਵਰੈਸਟ ਦੀ ਚੋਟੀ ਉੱਤੇ ਪਹਿਲੀ ਵਾਰ ਚੜ੍ਹਨ ਵਾਲੇ ਤੇਂਜਿੰਗ ਹਿਲੇਰੀ ਨੂੰ ਅਨੇਕਾਂ ਵਾਰ ਅਸਫਲਤਾ ਹਾਸਲ ਹੋਈ ਪਰ ਉਸਨੇ ਨਾ ਸਬਰ ਛੱਡਿਆ ਤੇ ਨਾ ਹੀ ਹੌਸਲਾ। ਉਹ ਆਪਣੇ ਮਿਸ਼ਨ ਵਿੱਚ ਕਾਮਯਾਬ ਹੋਣ ਲਈ ਸੰਘਰਸ਼ ਕਰਦਾ ਰਿਹਾ। ਆਖਰ 29 ਮਈ 1953 ਨੂੰ ਉਸਨੇ ਮਾਊਂਟ ਐਵਰੈਸਟ ਦੀ ਚੋਟੀ ਉੱਤੇ ਚੜ੍ਹਕੇ ਸਫਲਤਾ ਹਾਸਲ ਕਰ ਲਈ ਤੇ ਆਪਣੇ ਨਾਂ ਇਤਿਹਾਸ ਦੇ ਪੰਨੇ ’ਤੇ ਲਿਖਕੇ ਉਹ ਦੁਨੀਆ ਲਈ ਰਾਹ ਦਸੇਰਾ ਬਣ ਗਿਆ। ਜੇ ਕਰ ਉਹ ਸਬਰ ਅਤੇ ਹੌਸਲਾ ਛੱਡਕੇ ਆਪਣਾ ਮਿਸ਼ਨ ਛੱਡ ਬੈਠਦਾ ਤਾਂ ਉਸਨੇ ਦੁਨੀਆ ਲਈ ਹਾਸੇ ਅਤੇ ਮਜ਼ਾਕ ਦਾ ਪਾਤਰ ਬਣ ਜਾਣਾ ਸੀ। ਇਤਿਹਾਸ ਇਸ ਗੱਲ ਨੂੰ ਤਸਦੀਕ ਕਰਦਾ ਹੈ ਕਿ ਰੇਗਿਸਤਾਨ ਵਿੱਚੋਂ ਪਾਣੀ ਦੇ ਝਰਨੇ ਕੱਢਣ, ਪਰਬਤਾਂ ਨੂੰ ਚੀਰ ਕੇ ਰਸਤੇ ਬਣਾਉਣ, ਚੰਦਰਮਾ ਉੱਤੇ ਪਾਣੀ ਅਤੇ ਧਰਤੀ ਲੱਭਣ ਵਾਲਿਆਂ ਨੂੰ ਆਪਣੀ ਯੋਗਤਾ ਦੇ ਨਾਲ ਨਾਲ ਸਬਰ ਅਤੇ ਹੌਸਲਾ ਵੀ ਰੱਖਣਾ ਪਿਆ। ਸੰਘਰਸ਼ ਅਤੇ ਸਫਲਤਾ ਦੇ ਪੜਾਅ ਵਿੱਚੋਂ ਲੰਘਦਿਆਂ ਸਬਰ ਅਤੇ ਹੌਸਲੇ ਨੂੰ ਨਾਲ ਲੈਕੇ ਚੱਲਣ ਨਾਲ ਸਫਲਤਾ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ ਪਰ ਇੱਕ ਵਾਰ ਅਸਫਲ ਹੋਣ ਨਾਲ, ਹਿੰਮਤ ਹਾਰ ਜਾਣ ਨਾਲ ਅਸਫਲਤਾ ਯਕੀਨੀ ਬਣ ਜਾਂਦੀ ਹੈ।

ਨਿਊਟਨ ਨੇ ਜਦੋਂ ਧਰਤੀ ਦੀ ਗੁਰੂਤਾ ਆਕਰਸ਼ਣ ਦੇ ਸਿਧਾਂਤ ਦੀ ਖੋਜ ਕੀਤੀ ਤਾਂ ਲੋਕਾਂ ਨੇ ਉਸ ਦੀ ਖੋਜ ਨੂੰ ਸਵੀਕਾਰਿਆ ਨਹੀਂ ਪਰ ਅੱਜ ਉਸਦੀ ਇਸ ਖੋਜ ਨੂੰ ਮੰਨਕੇ ਸਾਇੰਸਦਾਨ ਨਿੱਤ ਨਵੀਂਆਂ ਖੋਜਾਂ ਕਰ ਰਹੇ ਹਨ। ਪਹਿਲੀ ਵਾਰ ਵਿੱਚ ਸਫਲਤਾ ਹਾਸਲ ਕਰਨ ਵਾਲੇ ਲੋਕਾਂ ਨਾਲੋਂ ਅਨੇਕ ਵਾਰ ਯਤਨ ਕਰਕੇ ਸਫਲਤਾ ਹਾਸਲ ਕਰਨ ਵਾਲੇ ਲੋਕਾਂ ਦੇ ਹੌਸਲੇ ਅਤੇ ਸਬਰ ਦੀ ਲੋਕ ਜ਼ਿਆਦਾ ਤਾਰੀਫ਼ ਕਰਦੇ ਹਨ।

ਗੈਲੀਲੀਓ ਨੇ ਜਦੋਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਸੂਰਜ ਧਰਤੀ ਦੁਆਲੇ ਨਹੀਂ ਘੁੰਮਦਾ ਸਗੋਂ ਧਰਤੀ ਸੂਰਜ ਦੁਆਲੇ ਘੁੰਮਦੀ ਹੈ ਤਾਂ ਉਸਦਾ ਬਹੁਤ ਵਿਰੋਧ ਹੋਇਆ। ਉਸ ਨੂੰ ਪਾਗ਼ਲ ਅਤੇ ਨਾਸਤਿਕ ਕਿਹਾ ਗਿਆ ਪਰ ਉਸਨੇ ਆਪਣੀ ਯੋਗਤਾ ਉੱਤੇ ਭਰੋਸਾ ਰੱਖਿਆ ਤੇ ਆਪਣੀ ਖੋਜ ਨੂੰ ਪ੍ਰਮਾਣਿਤ ਹੁੰਦਾ ਵੇਖਣ ਲਈ ਸਬਰ ਅਤੇ ਹੌਸਲਾ ਨਹੀਂ ਛੱਡਿਆ। ਅੱਜ ਸਾਰੀ ਦੁਨੀਆ ਉਸਦੇ ਸਿਧਾਂਤ ਨੂੰ ਮੰਨ ਰਹੀ ਹੈ। ਯੋਗਤਾ, ਸਬਰ ਅਤੇ ਹੌਸਲੇ ਵਿੱਚ ਸੰਤੁਲਨ ਰੱਖਣਾ ਬਹੁਤ ਜ਼ਰੂਰੀ ਹੈ। ਬਿਨਾਂ ਸਖ਼ਤ ਮਿਹਨਤ ਤੋਂ ਵੀ ਯੋਗਤਾ ਦੀ ਕਦਰ ਨਹੀਂ ਪੈਂਦੀ। ਜਦੋਂ ਸਫਲਤਾ ਪ੍ਰਾਪਤ ਕਰਨ ਲਈ ਲੋੜੀਂਦੀ ਮਿਹਨਤ ਨਹੀਂ ਹੁੰਦੀ ਤਾਂ ਵੀ ਸਬਰ ਅਤੇ ਹੌਸਲਾ ਨਹੀਂ ਹੁੰਦਾ। ਕਈ ਵਾਰ ਘੱਟ ਮਿਹਨਤ ਕਰਨ ਵਾਲੇ ਵਿਦਿਆਰਥੀ ਆਪਣੀਆਂ ਖਾਮੀਆਂ ਉੱਤੇ ਵਿਚਾਰ ਕਰਨ, ਸਬਰ ਅਤੇ ਹੌਸਲਾ ਛੱਡਕੇ ਸਫਲਤਾ ਦੇ ਰਾਹ ਤੋਂ ਭਟਕ ਕੇ ਆਤਮ ਹੱਤਿਆ ਵਰਗੇ ਕਦਮ ਵੀ ਚੁੱਕ ਬੈਠਦੇ ਹਨ। ਚੰਗੀਆਂ ਪੁਸਤਕਾਂ ਪੜ੍ਹਕੇ ਅਤੇ ਲੰਬੇ ਸੰਘਰਸ਼ ਵਿੱਚੋਂ ਲੰਘ ਕੇ ਸਫਲਤਾ ਪ੍ਰਾਪਤ ਕਰਨ ਵਾਲੇ ਲੋਕਾਂ ਤੋਂ ਪ੍ਰੇਰਨਾ ਲੈਕੇ ਵੀ ਸਬਰ ਅਤੇ ਹੌਸਲਾ ਰੱਖਣ ਦਾ ਸਬਕ ਮਿਲਦਾ ਹੈ।

*     *     *     *     *

ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।

(5605)

ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ:  (This email address is being protected from spambots. You need JavaScript enabled to view it.)

About the Author

ਪ੍ਰਿੰ. ਵਿਜੈ ਕੁਮਾਰ

ਪ੍ਰਿੰ. ਵਿਜੈ ਕੁਮਾਰ

Phone: (91 - 98726 - 27136)
Email: (vijaykumarbehki@gmail.com)

More articles from this author