“ਸਮਾਂ ਲੈਣਾ ਹੀ ਜ਼ਰੂਰੀ ਨਹੀਂ, ਸਗੋਂ ਸਮੇਂ ਸਿਰ ਪਹੁੰਚਣਾ ਵੀ ਜ਼ਰੂਰੀ ਹੁੰਦਾ ਹੈ। ਸਮੇਂ ਸਿਰ ਨਾ ਪਹੁੰਚਣ ’ਤੇ ਤੁਹਾਨੂੰ ਅਗਲੇ ਦਿਨ ...”
(26 ਅਗਸਤ 2024)
ਕੁਦਰਤ ਨੇ ਸੂਰਜ ਦੇ ਚੜ੍ਹਨ ਤੋਂ ਲੈਕੇ ਛਿਪਣ ਤਕ ਦੁਨੀਆ ਦੇ ਹਰ ਵਿਅਕਤੀ ਨੂੰ ਇੱਕ ਦਿਨ ਵਿੱਚ ਚੌਵੀ ਘੰਟੇ ਦਾ ਸਮਾਂ ਦਿੱਤਾ ਹੋਇਆ ਹੈ। ਮਜ਼ਦੂਰ ਤੋਂ ਲੈਕੇ ਪ੍ਰਧਾਨ ਮੰਤਰੀ ਤਕ, ਕਿਸਾਨ ਤੋਂ ਵਪਾਰੀ ਤਕ, ਕਰਮਚਾਰੀ ਤੋਂ ਅਧਿਕਾਰੀ ਤਕ ਅਤੇ ਸੰਤਰੀ ਤੋਂ ਮੰਤਰੀ ਤਕ ਹਰ ਇੱਕ ਨੂੰ 24 ਘੰਟੇ ਦਾ ਸਮਾਂ ਮਿਲਿਆ ਹੋਇਆ ਹੈ ਪਰ ਉਨ੍ਹਾਂ ਚੌਵੀ ਘੰਟਿਆਂ ਦੀ ਵਰਤੋਂ ਕਿਸ ਢੰਗ ਨਾਲ ਕਰਨੀ ਹੈ, ਇਹ ਮਨੁੱਖ ਦੀ ਇੱਛਾ ਅਤੇ ਸੂਝਬੂਝ ਉੱਤੇ ਨਿਰਭਰ ਕਰਦਾ ਹੈ। ਸਿੱਖਿਆ ਸੰਸਥਾਵਾਂ ਦੀਆਂ ਕੰਧਾਂ ’ਤੇ ਇਹ ਪੜ੍ਹਨ ਨੂੰ ਮਿਲਦਾ ਹੈ ਕਿ ਸਮਾਂ ਧਨ ਨਾਲੋਂ ਵੀ ਕੀਮਤੀ ਹੈ ਪਰ ਸਮੇਂ ਦੀ ਤੁਲਨਾ ਧਨ ਨਾਲ ਕਰਨੀ ਗਲਤ ਹੈ। ਕਿਉਂਕਿ ਧਨ ਤਾਂ ਘਟਦਾ ਵਧਦਾ ਰਹਿੰਦਾ ਹੈ ਪਰ ਸਮਾਂ ਕਦੇ ਵੀ ਵਧਦਾ ਘਟਦਾ ਨਹੀਂ। ਕਈ ਸਾਮਰਾਜ ਸਥਾਪਿਤ ਹੋਏ ਤੇ ਕਈ ਉੱਜੜ ਗਏ ਪਰ ਸਮਾਂ ਕਦੇ ਵੀ ਘੱਟ ਵੱਧ ਨਹੀਂ ਹੋ ਸਕਿਆ। ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਚਲੇ ਜਾਓ, ਦਿਨ ਦੇ ਚੌਵੀ ਘੰਟੇ ਹੀ ਹੋਣਗੇ। ਪ੍ਰੀਖਿਆਵਾਂ, ਮੈਚ, ਦਫਤਰਾਂ, ਸਿੱਖਿਆ ਸੰਸਥਾਵਾਂ ਗੱਡੀਆਂ ਅਤੇ ਜਹਾਜ਼ਾਂ ਦੀਆਂ ਉਡਾਣਾਂ ਇਨ੍ਹਾਂ ਚੌਵੀ ਘੰਟਿਆਂ ਦੇ ਹਿਸਾਬ ਨਾਲ ਹੀ ਚੱਲਦੇ ਹਨ। ਇੱਕ ਮਿੰਟ ਦਾ ਅੱਗਾ ਪਿੱਛਾ ਵੀ ਕੁਝ ਦਾ ਕੁਝ ਬਣਾ ਦਿੰਦਾ ਹੈ, ਝਗੜੇ ਖੜ੍ਹੇ ਕਰ ਦਿੰਦਾ ਹੈ ਤੇ ਦੁਰਘਟਨਾਵਾਂ ਦੇ ਘਟਣ ਦਾ ਕਾਰਨ ਬਣ ਜਾਂਦਾ ਹੈ। ਨੈਪੋਲੀਅਨ ਦੇ ਪੰਜ ਮਿੰਟ ਲੜਾਈ ਦੇ ਮੈਦਾਨ ਵਿਚ ਦੇਰ ਨਾਲ ਪਹੁੰਚਣ ਕਾਰਨ ਉਹ ਲੜਾਈ ਹਾਰ ਗਿਆ ਸੀ। ਕੁਸ਼ਤੀ ਹਾਰਨ ਤੇ ਜਿੱਤਣ ਵਾਲੇ ਭਲਵਾਨ ਵਿੱਚ ਮਿੰਟ ਸੈਕਿੰਡ ਦਾ ਫਰਕ ਹੀ ਹੁੰਦਾ ਹੈ। ਛਾਲ ਮਾਰਕੇ ਇੱਕ ਟਾਹਣੀ ਤੋਂ ਦੂਜੀ ਟਾਹਣੀ ਤਕ ਪਹੁੰਚਣ ਵਾਲਾ ਬਾਂਦਰ ਜੇਕਰ ਇੱਕ ਸਕਿੰਟ ਵੀ ਅੱਗੇ ਪਿੱਛੇ ਹੋ ਜਾਵੇ ਤਾਂ ਉਸਦੀ ਜਾਨ ਜਾ ਸਕਦੀ ਹੈ।
ਏਸ਼ੀਆ ਦੇ ਮੁਲਕਾਂ ਦੇ ਮੁਕਾਬਲੇ ਪੱਛਮੀ ਮੁਲਕਾਂ ਦੇ ਗੋਰੇ ਲੋਕ ਸਮੇਂ ਦੇ ਮਹੱਤਵ ਅਤੇ ਪਾਬੰਦੀ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਨ। ਕੈਨੇਡਾ ਦੇ ਮੁਲਕ ਵਿੱਚ ਨੌਕਰੀ, ਵਪਾਰ, ਘਰੇਲੂ ਜ਼ਿੰਦਗੀ, ਮਹਿਮਾਨ ਨਿਵਾਜ਼ੀ, ਸੈਲੂਨਾਂ, ਡਾਕਟਰਾਂ, ਫੀਜ਼ੀਓਥੈਰੇਪੀ ਸੈਂਟਰਾਂ ਅਤੇ ਹੋਰ ਕੰਮਾਂਕਾਰਾਂ ਲਈ ਸਮੇਂ ਦੀ ਪਾਬੰਦੀ ਦਾ ਪੂਰਾ ਪੂਰਾ ਧਿਆਨ ਰੱਖਿਆ ਜਾਂਦਾ ਹੈ। ਇਸ ਮੁਲਕ ਵਿੱਚ ਜ਼ਿਆਦਾਤਰ ਲੋਕ ਇੱਕ ਦੂਜੇ ਦੇ ਘਰ ਹਫਤੇ ਦੇ ਆਖ਼ਰੀ ਦੋ ਦਿਨਾਂ ਵਿੱਚ ਹੀ ਜਾਂਦੇ ਹਨ। ਕੋਈ ਵੀ ਕਿਸੇ ਦੇ ਘਰ ਬਿਨਾਂ ਕੰਮ ਦੇ ਨਹੀਂ ਜਾਂਦਾ। ਕਿਸੇ ਦੇ ਘਰ ਜਾਣ ਤੋਂ ਪਹਿਲਾਂ ਉਸ ਤੋਂ ਸਮਾਂ ਲਿਆ ਜਾਂਦਾ ਹੈ। ਸਮਾਂ ਲੈਣ ਦੇ ਬਾਵਜੂਦ ਘਰ ਤੋਂ ਤੁਰਨ ਤੋਂ ਪਹਿਲਾਂ ਫੋਨ ਕਰਕੇ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਆ ਰਹੇ ਹਨ। ਡਾਕਟਰ ਨੂੰ ਵਿਖਾਉਣ ਤੋਂ ਪਹਿਲਾਂ ਹਰ ਇੱਕ ਮਰੀਜ਼ ਨੂੰ ਉਸ ਤੋਂ ਫੋਨ ਉੱਤੇ ਜਾਂ ਕਲੀਨਿਕ ’ਤੇ ਜਾ ਕੇ ਸਮਾਂ ਲੈਣਾ ਪੈਂਦਾ ਹੈ। ਜੇਕਰ ਕੋਈ ਬਿਨਾਂ ਸਮਾਂ ਲਏ ਜਾਂਦਾ ਹੈ ਤਾਂ ਉਸ ਨੂੰ ਬਿਨਾਂ ਵਿਖਾਏ ਮੁੜਨਾ ਪੈ ਸਕਦਾ ਹੈ। ਕੇਵਲ ਸਮਾਂ ਨਾ ਲੈਣ ਦੀ ਛੋਟ ਐਮਰਜੈਂਸੀ ਦੀ ਹਾਲਤ ਵਿੱਚ ਹੀ ਹੁੰਦੀ ਹੈ। ਸਮਾਂ ਲੈਣ ਦੀ ਸਥਿਤੀ ਵਿੱਚ ਵੀ ਹਰ ਮਰੀਜ਼ ਨੂੰ ਫੋਨ ’ਤੇ ਪੁੱਛਿਆ ਜਾਂਦਾ ਹੈ ਕਿ ਉਹ ਆ ਰਿਹਾ ਹੈ ਜਾਂ ਨਹੀਂ ਤਾਂ ਕਿ ਉਹ ਸਮਾਂ ਕਿਸੇ ਹੋਰ ਮਰੀਜ਼ ਨੂੰ ਦਿੱਤਾ ਜਾ ਸਕੇ। ਐਕਸਰੇ, ਅਲਟਰਾਸਾਊਂਡ, ਐੱਮ.ਆਰ.ਆਈ ਅਤੇ ਹੋਰ ਟੈਸਟਾਂ ਲਈ ਦਿਨ ਅਤੇ ਸਮਾਂ ਲੈਣਾ ਪੈਂਦਾ ਹੈ। ਸੰਬੰਧਤ ਕੰਮ ਅਤੇ ਸਥਾਨ ’ਤੇ ਜਾਣ ’ਤੇ ਸਭ ਤੋਂ ਪਹਿਲਾਂ ਸਵਾਲ ਇਹ ਪੁੱਛਿਆ ਜਾਂਦਾ ਹੈ ਕਿ ਸਮਾਂ ਲਿਆ ਹੋਇਆ ਹੈ। ਸਾਡੇ ਮੁਲਕ ਵਾਂਗ ਇਸ ਮੁਲਕ ਵਿੱਚ ਇਹ ਕੋਈ ਨਹੀਂ ਕਹਿੰਦਾ ਕਿ ਮੈਨੂੰ ਛੇਤੀ ਹੈ, ਪਹਿਲਾਂ ਮੇਰਾ ਕੰਮ ਕਰ ਦਿਓ। ਜੇਕਰ ਕੋਈ ਕਹਿੰਦਾ ਵੀ ਹੈ ਤਾਂ ਇਸ ਨੂੰ ਮੂਰਖਤਾ ਅਤੇ ਅਨਪੜ੍ਹਤਾ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਕਿਸੇ ਵੀ ਵਿਅਕਤੀ ਦੀ ਕੋਈ ਸਿਫਾਰਸ਼ ਨਹੀਂ ਮੰਨੀ ਜਾਂਦੀ। ਜੇਕਰ ਕਿਸੇ ਵਿਅਕਤੀ ਨੂੰ ਪਹੁੰਚਣ ਵਿੱਚ ਦੇਰ ਹੋ ਜਾਂਦੀ ਹੈ ਤਾਂ ਉਸ ਨੂੰ ਫੋਨ ਉੱਤੇ ਪੁੱਛਕੇ ਜਾਂ ਤਾਂ ਉਸਦੀ ਵਾਰੀ ਰੱਦ ਕਰ ਦਿੱਤੀ ਜਾਂਦੀ ਹੈ ਜਾਂ ਫਿਰ ਉਸ ਨੂੰ ਅਗਲਾ ਸਮਾਂ ਦੇ ਦਿੱਤਾ ਜਾਂਦਾ ਹੈ।
ਸੈਲੂਨਾਂ ਅਤੇ ਬਿਊਟੀ ਪਾਰਲਰਾਂ ਉੱਤੇ ਬੱਚੇ, ਬੁੱਢੇ, ਔਰਤਾਂ ਅਤੇ ਮਰਦਾਂ ਦੀ ਕਟਿੰਗ, ਕਲਰ ਅਤੇ ਹੋਰ ਕੁਝ ਕਰਵਾਉਣ ਲਈ ਸਮਾਂ ਲੈਣਾ ਹੀ ਪੈਂਦਾ ਹੈ। ਦਿੱਤੇ ਗਏ ਸਮੇਂ ਅਨੁਸਾਰ ਸੈਲੂਨ ਜਾਂ ਬਿਊਟੀ ਪਾਰਲਰ ਵੱਲੋਂ ਅਲਾਟ ਕੀਤੇ ਵਿਅਕਤੀ ਨੇ ਹੀ ਉਸ ਗਾਹਕ ਦਾ ਕੰਮ ਕਰਨਾ ਹੁੰਦਾ ਹੈ। ਜੇਕਰ ਗਾਹਕ ਸਮੇਂ ਸਿਰ ਨਹੀਂ ਪਹੁੰਚਦਾ ਜਾਂ ਫਿਰ ਬਿਨਾਂ ਸਮਾਂ ਲਏ ਤੋਂ ਜਾਂਦਾ ਹੈ ਤਾਂ ਉਸ ਨੂੰ ਖਾਲੀ ਮੁੜਨਾ ਪੈਂਦਾ ਹੈ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪ੍ਰਿੰਸੀਪਲ, ਕੋਈ ਅਧਿਆਪਕ, ਡਾਇਰੈਕਟਰ, ਵਾਈਸ ਚਾਂਸਲਰ, ਅਧਿਕਾਰੀ ਅਤੇ ਕਰਮਚਾਰੀ ਬਿਨਾਂ ਸਮੇਂ ਲਏ ਕਿਸੇ ਨੂੰ ਨਹੀਂ ਲੈਣਗੇ। ਸਮਾਂ ਲੈਣਾ ਹੀ ਜ਼ਰੂਰੀ ਨਹੀਂ, ਸਗੋਂ ਸਮੇਂ ਸਿਰ ਪਹੁੰਚਣਾ ਵੀ ਜ਼ਰੂਰੀ ਹੁੰਦਾ ਹੈ। ਸਮੇਂ ਸਿਰ ਨਾ ਪਹੁੰਚਣ ’ਤੇ ਤੁਹਾਨੂੰ ਅਗਲੇ ਦਿਨ ਸਮਾਂ ਲੈ ਕੇ ਆਉਣਾ ਪਵੇਗਾ। ਸਮੇਂ ਨੂੰ ਇਸ ਲਈ ਮਹੱਤਵ ਦਿੱਤਾ ਜਾਂਦਾ ਹੈ ਤਾਂਕਿ ਕਿਸੇ ਦੀ ਗਲਤੀ ਦਾ ਖਮਿਆਜ਼ਾ ਕਿਸੇ ਹੋਰ ਨੂੰ ਨਾ ਭੁਗਤਣਾ ਪਵੇ। ਅੱਖਾਂ, ਦੰਦਾਂ ਤੇ ਫੀਜ਼ੀਓਥੈਰੇਪੀ ਕਲਿਨਕਾਂ ’ਤੇ ਬਿਨਾਂ ਸਮਾਂ ਲਏ ਤੁਹਾਨੂੰ ਡਾਕਟਰ ਨਹੀਂ ਮਿਲਣਗੇ ਤਾਂਕਿ ਹਰ ਵਿਅਕਤੀ ਨੂੰ ਸਮੇਂ ਸਿਰ ਵੇਖਿਆ ਜਾ ਸਕੇ। ਦਫਤਰਾਂ ਵਿੱਚ ਵੀ ਹਰ ਵਿਅਕਤੀ ਨੂੰ ਜਾਣ ਤੋਂ ਪਹਿਲਾਂ ਸਮਾਂ ਜ਼ਰੂਰ ਲੈਣਾ ਪੈਂਦਾ ਹੈ। ਸਮਾਂ ਲਏ ਤੋਂ ਬਗੈਰ ਕੋਈ ਵੀ ਤੁਹਾਡੇ ਨਾਲ ਗੱਲ ਨਹੀਂ ਕਰੇਗਾ। ਸੈਰ ਸਪਾਟੇ ਅਤੇ ਹੋਰ ਮਨੋਰੰਜਨ ਵਾਲੀਆਂ ਥਾਵਾਂ ’ਤੇ ਜਾਣ ਤੋਂ ਪਹਿਲਾਂ ਆਨਲਾਈਨ ਬੁਕਿੰਗ ਨੂੰ ਹਰ ਕੋਈ ਤਰਜੀਹ ਦਿੰਦਾ ਹੈ ਤਾਂ ਕਿ ਵੱਧ ਤੋਂ ਵੱਧ ਸਮਾਂ ਬਚਾਇਆ ਜਾ ਸਕੇ। ਵਿਆਹਾਂ ਅਤੇ ਹੋਰ ਸਮਾਗਮਾਂ ਲਈ ਕਾਰਡ ਦੇਣ ਵੇਲੇ ਹਰ ਵਿਅਕਤੀ ਨੂੰ ਪੁੱਛਿਆ ਜਾਂਦਾ ਹੈ ਕਿ ਉਨ੍ਹਾਂ ਦੇ ਕਿੰਨੇ ਬੰਦੇ ਆਉਣਗੇ ਤਾਂ ਕਿ ਕਿਸੇ ਵੀ ਬੰਦੇ ਨੂੰ ਕੋਈ ਅਸੁਵਿਧਾ ਨਾ ਹੋਵੇ। ਹਰ ਬੰਦੇ ਨੂੰ ਠੀਕ ਸਮਾਂ ਦਿੱਤਾ ਜਾ ਸਕੇ। ਇਸ ਦੇਸ਼ ਦੇ ਗੋਰੇ ਲੋਕ ਦੂਜੇ ਦੇਸ਼ਾਂ ਤੋਂ ਆ ਕੇ ਇਸ ਮੁਲਕ ਵਿੱਚ ਵਸੇ ਪ੍ਰਵਾਸੀ ਲੋਕਾਂ ਵਾਂਗ ਨਾ ਤਾਂ ਪਾਰਕਾਂ ਵਿਚ ਅਤੇ ਜਨਤਕ ਥਾਵਾਂ ’ਤੇ ਬੈਠਕੇ ਆਪਣਾ ਸਮਾਂ ਬਰਬਾਦ ਕਰਦੇ ਹਨ, ਨਾ ਤਾਸ਼ ਖੇਡਦੇ ਹਨ, ਨਾ ਇੱਕ ਦੂਜੇ ਦੀਆਂ ਚੁਗਲੀਆਂ ਕਰਦੇ ਹਨ ਤੇ ਨਾ ਹੀ ਇੱਧਰ ਉੱਧਰ ਦੀਆਂ ਯਭਲ਼ੀਆਂ ਮਾਰਦੇ ਹਨ।
ਇਸ ਮੁਲਕ ਵਿੱਚ ਆਪਣੀ ਗੱਲ ਕਹਿਣ ਅਤੇ ਕੋਈ ਕੰਮ ਕਰਵਾਉਣ ਲਈ ਫੋਨ ਉੱਤੇ ਗੱਲ ਕਰਨ ਨਾਲੋਂ ਸੁਨੇਹੇ ਦੇਣ ਨੂੰ ਤਰਜੀਹ ਦਿੱਤੀ ਜਾਂਦੀ ਹੈ। ਬਹੁਤ ਜ਼ਰੂਰੀ ਕੰਮ ਹੋਣ ’ਤੇ ਹੀ ਫੋਨ ਕੀਤਾ ਜਾਂਦਾ ਹੈ। ਵਿਹਲੜ, ਨਿਕੰਮੇ, ਮੂਰਖ, ਪ੍ਰੇਮ ਸੰਬੰਧਾਂ ਵਾਲੇ ਮੁੰਡੇ ਕੁੜੀਆਂ ਹੀ ਜ਼ਿਆਦਾ ਸਮਾਂ ਫੋਨਾਂ ਉੱਤੇ ਗੁਜ਼ਾਰਦੇ ਹਨ। ਇਸ ਮੁਲਕ ਦੇ ਗੋਰੇ ਲੋਕ ਆਪਣੇ ਵਿਹਲੇ ਸਮੇਂ ਵਿੱਚ ਆਪਣੇ ਘਰ ਦੇ ਪਿੱਛੇ ਗਾਰਡਨਿੰਗ ਕਰਦੇ ਹਨ। ਸੰਗੀਤ ਸੁਣਦੇ ਹਨ ਅਤੇ ਕੁਝ ਨਾ ਕੁਝ ਸਿੱਖਦੇ ਹਨ। ਸੈਰ ਸਪਾਟੇ ਵਾਲੀਆਂ ਥਾਵਾਂ ’ਤੇ, ਖੇਡ ਦੇ ਮੈਦਾਨਾਂ ਵਿੱਚ, ਤੈਰਾਕੀ ਕਰਨ ਜਾਂਦੇ ਹਨ ਅਤੇ ਲਾਇਬ੍ਰੇਰੀਆਂ ਵਿੱਚ ਜਾਕੇ ਪੁਸਤਕਾਂ ਪੜ੍ਹਦੇ ਹਨ। ਇਨ੍ਹਾਂ ਗੋਰੇ ਲੋਕਾਂ ਦੀ ਜ਼ਿੰਦਗੀ ਤੋਂ ਸਮੇਂ ਦੀ ਵਰਤੋਂ ਅਤੇ ਪਾਬੰਦੀ ਸਿੱਖੀ ਜਾ ਸਕਦੀ ਹੈ ਪਰ ਦੂਜੇ ਦੇਸ਼ਾਂ ਤੋਂ ਆਕੇ ਇਸ ਮੁਲਕ ਵਿੱਚ ਵਸੇ ਪ੍ਰਵਾਸੀ ਲੋਕ ਇਨ੍ਹਾਂ ਗੋਰੇ ਲੋਕਾਂ ਤੋਂ ਸਿੱਖਣ ਦੀ ਬਜਾਏ ਪਾਰਕਾਂ ਵਿੱਚ ਤਾਸ਼ ਖੇਡਦੇ ਮਿਲਣਗੇ। ਬੇਕਾਰ ਦੀਆਂ ਗੱਲਾਂ ਮਾਰਕੇ ਸਮਾਂ ਬਰਬਾਦ ਕਰਨਗੇ। ਲਾਇਬ੍ਰੇਰੀਆਂ ਵਿੱਚ ਨਹੀਂ ਜਾਣਗੇ, ਫੋਨਾਂ ਵਿੱਚ ਲੱਗੇ ਰਹਿਣਗੇ। ਇੱਕ ਦੂਜੇ ਦੇ ਘਰ ਬਿਨਾਂ ਸਮਾਂ ਲਏ ਤੁਰੇ ਰਹਿਣਗੇ। ਇਸ ਮੁਲਕ ਵਿੱਚ ਦੂਜੇ ਦੇਸ਼ਾਂ ਤੋਂ ਆਕੇ ਵਸੇ ਪ੍ਰਵਾਸੀ ਲੋਕਾਂ ਨੂੰ ਇਨ੍ਹਾਂ ਗੋਰੇ ਲੋਕਾਂ ਤੋਂ ਸਮੇਂ ਦੀ ਸੁਯੋਗ ਵਰਤੋਂ ਅਤੇ ਪਾਬੰਦੀ ਸਿੱਖਣੀ ਚਾਹੀਦੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5247)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.