“ਮੈਂ ਨਾ ਤਾਂ ਤੁਹਾਡੀ ਦੁਕਾਨ ਖਰੀਦਣੀ ਹੈ ਤੇ ਨਾ ਹੀ ਗਹਿਣੇ ਰੱਖਣੀ ਹੈ। ਜ਼ਿੰਦਗੀ ਵਿੱਚ ਚੰਗੇ ਮਾੜੇ ਦਿਨ ...”
(22 ਅਗਸਤ 2024)
ਇਸ ਸਮੇਂ ਪਾਠਕ: 350.
ਮੈਨੂੰ ਮੇਰੀ ਮਾਂ ਦੀ ਇਹ ਗੱਲ ਅਕਸਰ ਹੀ ਯਾਦ ਆਉਂਦੀ ਰਹਿੰਦੀ ਹੈ ਕਿ ਔਲਾਦ ਹੀ ਬੰਦੇ ਨੂੰ ਰਾਜ ਕਰਾ ਦਿੰਦੀ ਹੈ ਤੇ ਔਲਾਦ ਹੀ ਬੰਦੇ ਨੂੰ ਰੋਲ਼ ਦਿੰਦੀ ਹੈ। ਸਾਡੇ ਭਾਈਚਾਰੇ ਵਿੱਚ ਦੂਰ ਨੇੜੇ ਤੋਂ ਲੱਗਦੇ ਚਾਚਾ ਜੀ ਦਾ ਚੰਗਾ ਭਲਾ ਵਪਾਰ ਚੱਲ ਰਿਹਾ ਸੀ। ਅਚਾਨਕ ਚਾਚਾ ਜੀ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਚਾਚਾ ਜੀ ਦਾ ਇੱਕੋ ਪੁੱਤਰ ਸੀ, ਜਿਹੜਾ ਮਾੜੀ ਸੰਗਤ ਕਾਰਨ ਕਾਫੀ ਬਿਗੜਿਆ ਹੋਇਆ ਸੀ। ਇਕੱਲਾ ਪੁੱਤਰ ਹੋਣ ਕਰਕੇ ਚਾਚੇ ਚਾਚੀ ਨੇ ਇਹ ਸੋਚਕੇ ਕਿ ਸਮੇਂ ਨਾਲ ਉਹ ਆਪੇ ਹੀ ਸੁਧਰ ਜਾਵੇਗਾ, ਉਸ ਨੂੰ ਕਾਫੀ ਲਾਡ ਪਿਆਰ ਵਿੱਚ ਰੱਖਿਆ ਹੋਇਆ ਸੀ। ਉਹ ਪੜ੍ਹਾਈ ਵਿੱਚ ਕਾਫੀ ਹੁਸ਼ਿਆਰ ਸੀ ਪਰ ਚਾਚਾ ਜੀ ਨੇ ਦੁਕਾਨ ਦਾ ਕੰਮ ਚੰਗਾ ਹੋਣ ਅਤੇ ਇਕੱਲਾ ਪੁੱਤਰ ਹੋਣ ਕਰਕੇ ਉਸ ਨੂੰ ਆਪਣੀ ਦੁਕਾਨ ’ਤੇ ਹੀ ਬਿਠਾ ਲਿਆ। ਉਸ ਉੱਤੇ ਜ਼ਿੰਮੇਵਾਰੀ ਪਾਉਣ ਲਈ ਚਾਚਾ ਚਾਚੀ ਨੇ ਉਸਦਾ ਵਿਆਹ ਵੀ ਛੇਤੀ ਹੀ ਕਰ ਦਿੱਤਾ। ਵਿਆਹ ਤੋਂ ਬਾਅਦ ਵੀ ਉਸਦੀਆਂ ਆਦਤਾਂ ਵਿੱਚ ਕੋਈ ਸੁਧਾਰ ਨਾ ਆਇਆ।
ਚਾਚਾ ਜੀ ਦੀ ਮੌਤ ਹੋਣ ਤੋਂ ਬਾਅਦ ਦੁਕਾਨ ਉਨ੍ਹਾਂ ਦਾ ਪੁੱਤਰ ਚਲਾਉਣ ਲੱਗ ਪਿਆ। ਚਾਚਾ ਜੀ ਦੀ ਮੌਤ ਤੋਂ ਬਾਅਦ ਸਾਰੇ ਰਿਸ਼ਤੇਦਾਰਾਂ ਤੇ ਚਾਚੀ ਜੀ ਨੇ ਉਸ ਮੁੰਡੇ ਨੂੰ ਬਿਠਾਕੇ ਸਮਝਾਇਆ ਕਿ ਹੁਣ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਉਸ ਉੱਪਰ ਹੀ ਹੈ, ਇਸ ਲਈ ਹੁਣ ਉਹ ਆਪਣੀਆਂ ਮਾੜੀਆਂ ਆਦਤਾਂ ਛੱਡਕੇ ਦੁਕਾਨ ਚੰਗੀ ਤਰ੍ਹਾਂ ਚਲਾਵੇ। ਪਰ ਕਹਿੰਦੇ ਨੇ ਫਾਰੜੀਆਂ ਦੇ ਬਿਗੜੇ ਹੋਏ ਕਿੱਥੇ ਸੁਧਰਦੇ ਨੇ! ਉਸਦੇ ਆਪਣੇ ਵੀ ਇੱਕ ਪੁੱਤਰ ਹੋ ਗਿਆ। ਪਰ ਸ਼ਰਾਬ ਦੀ ਮਾੜੀ ਆਦਤ ਨੇ ਉਸ ਦਾ ਪਿੱਛਾ ਨਹੀਂ ਛੱਡਿਆ। ਉਸਦੀ ਪਤਨੀ, ਚਾਚੀ ਜੀ ਤੇ ਹੋਰ ਸਾਰੇ ਰਿਸ਼ਤੇਦਾਰਾਂ ਨੇ ਉਸ ਨੂੰ ਬਹੁਤ ਸਮਝਾਇਆ ਪਰ ਉਸ ਵਿੱਚ ਕੋਈ ਸੁਧਾਰ ਨਾ ਆਇਆ। ਚਲਦੀ ਦੁਕਾਨ ਫੇਲ ਹੋ ਗਈ। ਕੰਮ ਠੱਪ ਹੋ ਕੇ ਰਹਿ ਗਿਆ।
ਜ਼ਿਆਦਾ ਸ਼ਰਾਬ ਪੀਣ ਕਾਰਨ ਉਹ ਵੀ ਇਸ ਦੁਨੀਆ ਤੋਂ ਚੱਲਦਾ ਬਣਿਆ। ਉਸਦੇ ਅਤੇ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਚਾਚੀ ਜੀ ਉੱਤੇ ਆ ਗਈ। ਚਾਚੀ ਜੀ ਨੂੰ ਛੋਟੇ ਮੋਟੇ ਕੰਮ ਕਰਕੇ ਅਤੇ ਦੁਕਾਨ ਕਿਰਾਏ ਉੱਤੇ ਚੜ੍ਹਾਕੇ ਪਰਿਵਾਰ ਦਾ ਗੁਜ਼ਾਰਾ ਤੋਰਨਾ ਪਿਆ। ਚਾਚੀ ਜੀ ਨੇ ਆਪਣੇ ਪੋਤੇ ਦੀ ਸਕੂਲ ਦੀ ਬਾਰ੍ਹਵੀਂ ਜਮਾਤ ਤਕ ਦੀ ਪੜ੍ਹਾਈ ਕਿਸੇ ਨਾ ਕਿਸੇ ਢੰਗ ਨਾਲ ਪੂਰੀ ਕਰਵਾ ਦਿੱਤੀ। ਪੋਤਾ ਪੜ੍ਹਾਈ ਵਿੱਚ ਕਾਫੀ ਹੁਸ਼ਿਆਰ ਸੀ। ਚਾਚੀ ਜੀ ਚਾਹੁੰਦੇ ਸਨ ਕਿ ਪੋਤਾ ਕਿਸੇ ਨਾ ਕਿਸੇ ਤਰ੍ਹਾਂ ਪੜ੍ਹ ਜਾਵੇ ਪਰ ਡਿਗਰੀ ਦੀ ਪੜ੍ਹਾਈ ਕਰਾਉਣ ਲਈ ਪੈਸਾ ਕਿੱਥੋਂ ਆਵੇ? ਇਹ ਸਵਾਲ ਸਭ ਤੋਂ ਵੱਡਾ ਸੀ। ਚਾਚੀ ਜੀ ਨੇ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਮਦਦ ਲਈ ਬੇਨਤੀ ਕਰ ਲਈ ਪਰ ਕਿਸੇ ਨੇ ਉਸ ਨੂੰ ਲੜ ਪੱਲਾ ਨਾ ਫੜਾਇਆ। ਬੈਂਕ ਵਾਲਿਆਂ ਨੇ ਵੀ ਪੜ੍ਹਾਈ ਲਈ ਕਰਜ਼ਾ ਦੇਣ ਤੋਂ ਨਾਂਹ ਕਰ ਦਿੱਤੀ। ਅਖੀਰ ਚਾਚੀ ਜੀ ਨੇ ਆਪਣੀ ਦੁਕਾਨ ਵੇਚਣ ਦਾ ਫੈਸਲਾ ਕਰ ਲਿਆ। ਚਾਚੀ ਜੀ ਨੇ ਆਪਣੇ ਭਾਈਚਾਰੇ ਵਿੱਚ ਆਪਣੇ ਮੁਹੱਲੇ ਦੇ ਇੱਕ ਵਿਅਕਤੀ ਨੂੰ ਕਿਹਾ ਕਿ ਉਸਨੇ ਆਪਣੇ ਪੋਤੇ ਨੂੰ ਡਿਗਰੀ ਕਰਾਉਣੀ ਹੈ। ਉਸ ਨੂੰ ਪੈਸੇ ਦੀ ਲੋੜ ਹੈ। ਉਹ ਜਾਂ ਤਾਂ ਉਸਦੀ ਦੁਕਾਨ ਖਰੀਦ ਲਵੇ ਜਾਂ ਫਿਰ ਗਹਿਣੇ ਰੱਖਕੇ ਉਸ ਨੂੰ ਬਿਆਜ ਉੱਤੇ ਰੁਪਏ ਦੇ ਦੇਵੇ। ਉਸਦਾ ਪੋਤਾ ਉਸਦੇ ਪੈਸੇ ਬਿਆਜ ਸਮੇਤ ਮੋੜ ਦੇਵੇਗਾ।
ਉਸ ਵਿਅਕਤੀ ਨੇ ਅੱਗੋਂ ਕਿਹਾ, “ਮਾਸੀ ਜੀ, ਤੁਸੀਂ ਸਾਡੇ ਆਪਣੇ ਹੋ। ਮੈਂ ਨਾ ਤਾਂ ਤੁਹਾਡੀ ਦੁਕਾਨ ਖਰੀਦਣੀ ਹੈ ਤੇ ਨਾ ਹੀ ਗਹਿਣੇ ਰੱਖਣੀ ਹੈ। ਜ਼ਿੰਦਗੀ ਵਿੱਚ ਚੰਗੇ ਮਾੜੇ ਦਿਨ ਆਉਂਦੇ ਜਾਂਦੇ ਰਹਿੰਦੇ ਹਨ, ਇਸ ਦੁਕਾਨ ਨੂੰ ਸੰਭਾਲ ਕੇ ਰੱਖੋ। ਕੱਲ੍ਹ ਨੂੰ ਤੁਹਾਡਾ ਇਹ ਪੋਤਾ ਤੁਹਾਨੂੰ ਰੋਟੀ ਨਾ ਦਵੇ ਤਾਂ ਫਿਰ ਕੀ ਕਰੋਂਗੇ?”
ਚਾਚੀ ਜੀ ਨੇ ਉਸ ਨੂੰ ਸਵਾਲ ਕੀਤਾ, “ਕਾਕਾ, ਮੈਂ ਪੋਤਾ ਕਿਵੇਂ ਪੜ੍ਹਾਵਾਂ ਫਿਰ, ਮੈਂ ਤਾਂ ਸਾਰਿਆਂ ਅੱਗੇ ਪੱਲਾ ਅੱਡ ਕੇ ਵੇਖ ਲਿਆ ਹੈ।”
ਉਹ ਵਿਅਕਤੀ ਬੋਲਿਆ, “ਮਾਸੀ ਜੀ, ਤੁਸੀਂ ਆਪਣੇ ਪੋਤੇ ਨੂੰ ਡਿਗਰੀ ਵਿੱਚ ਦਾਖਲਾ ਕਰਵਾਓ। ਜਿੰਨਾ ਖਰਚਾ ਤੁਸੀਂ ਕਰ ਸਕਦੇ ਹੋ, ਕਰ ਦਿਓ, ਬਾਕੀ ਤੁਸੀਂ ਮੇਰੇ ਉੱਤੇ ਛੱਡ ਦਿਓ। ਦੋ ਲੱਖ ਮੈਥੋਂ ਲੈ ਲਓ, ਵਾਧਾ ਘਾਟਾ ਦੱਸ ਦਿਓ।”
ਚਾਚੀ ਜੀ ਨੇ ਅੱਗੋਂ ਕਿਹਾ, “ਕਾਕਾ, ਤੂੰ ਸਾਡੇ ਵਾਸਤੇ ਰੱਬ ਬਣਕੇ ਬਹੁੜਿਆ ਹੈਂ।”
ਖੈਰ, ਚਾਚੀ ਜੀ ਦੇ ਪੋਤੇ ਨੇ ਆਪਣੇ ਪਰਿਵਾਰ ਦੀ ਗਰੀਬੀ ਨੂੰ ਨਹੀਂ ਭੁਲਾਇਆ। ਪੋਤੇ ਦੀ ਡਿਗਰੀ ਵਾਲਾ ਕਾਲਜ ਕਾਫੀ ਵਧੀਆ ਸੀ। ਉਸਦੀ ਕਾਲਜ ਵਿੱਚ ਪੜ੍ਹਦਿਆਂ ਹੀ ਚੰਗੇ ਪੈਕੇਜ ਵਾਲੀ ਨੌਕਰੀ ਲੱਗ ਗਈ। ਸਾਲ ਬਾਅਦ ਕੰਪਨੀ ਨੇ ਉਸ ਨੂੰ ਅਮਰੀਕਾ ਭੇਜ ਦਿੱਤਾ। ਪੋਤੇ ਨੇ ਆਪਣੀ ਡਿਗਰੀ ਲਈ ਉਧਾਰ ਲਏ ਹੋਏ ਪੈਸੇ ਅਮਰੀਕਾ ਤੋਂ ਭੇਜਦੇ ਹੋਏ ਆਪਣੀ ਮਾਂ ਨੂੰ ਕਿਹਾ ਕਿ ਅੰਕਲ ਦੇ ਪੈਸੇ ਮੋੜਕੇ ਉਨ੍ਹਾਂ ਦਾ ਧੰਨਵਾਦ ਕਰਕੇ ਆਓ।
ਚਾਚੀ ਜੀ ਨੇ ਉਸ ਵਿਅਕਤੀ ਦੇ ਦੋ ਲੱਖ ਰੁਪਏ ਮੋੜਦੇ ਹੋਏ ਕਿਹਾ, “ਕਾਕਾ, ਤੇਰੀ ਮਿਹਰਬਾਨੀ ਨਾਲ ਮੇਰਾ ਪੋਤਾ ਪੜ੍ਹਾਈ ਕਰਕੇ ਅੱਜ ਅਮਰੀਕਾ ਚਲਾ ਗਿਆ ਹੈ। ਮੈਂ ਤੇਰੇ ਪਰਿਵਾਰ ਦਾ ਇਹ ਇਹਸਾਨ ਕਦੇ ਨਹੀਂ ਭੁਲਾਵਾਂਗੀ।”
ਉਸ ਵਿਅਕਤੀ ਨੇ ਅੱਗੋਂ ਜਵਾਬ ਦਿੱਤਾ, “ਮਾਸੀ, ਮੈਂ ਤੁਹਾਡੇ ਉੱਤੇ ਕੋਈ ਇਹਸਾਨ ਨਹੀਂ ਕੀਤਾ। ਇਹ ਮਾਸੜ ਦੇ ਹਾਂ ਦੇ ਨਾਅਰੇ ਦਾ ਮੋੜ ਹੈ। ਜਦੋਂ ਸਾਡੇ ਦਾਦਾ ਜੀ ਨੂੰ ਕੈਂਸਰ ਹੋਇਆ ਸੀ ਤਾਂ ਤੁਹਾਡੇ ਘਰ ਵਾਲੇ ਨੇ ਪਾਪਾ ਦੇ ਹੱਥ ਉੱਤੇ ਇੱਕ ਲੱਖ ਰੁਪਏ ਰੱਖਦੇ ਹੋਏ ਕਿਹਾ ਸੀ, “ਲਾਲਾ ਜੀ, ਆਪਣੇ ਪਿਤਾ ਜੀ ਦਾ ਚੰਗੀ ਤਰ੍ਹਾਂ ਇਲਾਜ ਕਰਵਾਓ, ਘਬਰਾਣਾ ਨਹੀਂ, ਹੋਰ ਪੈਸੇ ਦੀ ਲੋੜ ਹੋਵੇ ਤਾਂ ਦੱਸ ਦੇਣਾ। ਮੈਨੂੰ ਉਨ੍ਹਾਂ ਦਾ ਉਹ ਹਾਂ ਦਾ ਨਾਅਰਾ ਅੱਜ ਤਕ ਨਹੀਂ ਭੁੱਲਾ।”
ਚਾਚੀ ਜੀ ਨੇ ਅੱਗੋਂ ਕਿਹਾ, “ਕਾਕਾ, ਇਹ ਵੀ ਕੋਈ ਵਿਰਲਾ ਇਨਸਾਨ ਹੀ ਯਾਦ ਰੱਖਦਾ ਹੈ। ਅੱਜ ਸਾਡਾ ਪੋਤਾ ਚੰਗੇ ਘਰ ਵਿਹਾਇਆ ਗਿਆ ਹੈ ਤੇ ਅਮਰੀਕਾ ਵਿੱਚ ਵਸ ਰਿਹਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5237)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.