“ਹਾਰੀ ਹੋਈ ਟੀਮ ਦੇ ਕਪਤਾਨ ਨੂੰ ਕਿਸੇ ਨੇ ਪੁੱਛਿਆ ਗਿਆ, “ਤੁਹਾਡੀ ਟੀਮ ਵੀ ਬਹੁਤ ਚੰਗੀ ਖੇਡੀ ਸੀ, ਫੇਰ ਤੁਸੀਂ ਕਿਵੇਂ ਹਾਰ ਗਏ?”
(14 ਸਤੰਬਰ 2024)
ਸਬਰ ਸ਼ਬਦ ਲਿਖਣ ਲਈ ਤਿੰਨ ਅੱਖਰ ਤੇ ਸਫਲਤਾ ਸ਼ਬਦ ਲਿਖਣ ਲਈ ਚਾਰ ਅੱਖਰ ਵਰਤੇ ਜਾਂਦੇ ਹਨ। ਵੇਖਣ ਨੂੰ ਤਾਂ ਸਬਰ ਦੇ ਮੁਕਾਬਲੇ ਸਫਲਤਾ ਸ਼ਬਦ ਵੱਡਾ ਲੱਗਦਾ ਹੈ ਪਰ ਜੇਕਰ ਇਨ੍ਹਾਂ ਦੋਹਾਂ ਸ਼ਬਦਾਂ ਦੇ ਭਾਵਨਾਤਮਕ ਅਰਥਾਂ ਦੀ ਪਰਖ ਪੜਚੋਲ ਕੀਤੀ ਜਾਵੇ ਤਾਂ ਦੋਵੇਂ ਸ਼ਬਦ ਇੱਕ ਦੂਜੇ ਨਾਲ ਜੁੜੇ ਹੋਏ ਅਤੇ ਸਕਾਰਾਤਮਕ ਹੋਣ ਦੇ ਬਾਵਜੂਦ ਵੀ ਜਿੰਦਗੀ ਦੇ ਵੱਖ ਵੱਖ ਪਹਿਲੂਆਂ ਨੂੰ ਦਰਸਾਉਂਦੇ ਹਨ। ਸਬਰ ਦੇ ਸਮਾਨਾਰਥਕ ਸ਼ਬਦ ਸੰਤੁਸ਼ਟੀ, ਤਸੱਲੀ ਅਤੇ ਸਿਦਕ ਹੁੰਦੇ ਹਨ ਤੇ ਸਫਲਤਾ ਦੇ ਸਮਾਨਾਰਥਕ ਸ਼ਬਦ ਕਾਮਯਾਬੀ ਅਤੇ ਟੀਚੇ ਦੀ ਪ੍ਰਾਪਤੀ ਹੁੰਦੇ ਹਨ। ਸਬਰ ਅਤੇ ਸਫ਼ਲਤਾ ਦੋਹਾਂ ਲਈ ਸਾਧਨਾ ਕਰਨੀ ਪੈਂਦੀ ਹੈ ਪਰ ਜਦੋਂ ਮਨੁੱਖ ਨੂੰ ਸਬਰ ਹਾਸਲ ਹੋ ਜਾਂਦਾ ਹੈ ਤਾਂ ਉਸ ਦੀਆਂ ਲਾਲਸਾਵਾਂ ਖਤਮ ਹੋ ਜਾਂਦੀਆਂ ਹਨ। ਸਬਰ ਦੀ ਪ੍ਰਾਪਤੀ ਤੋਂ ਬਾਅਦ ਉਸ ਨੂੰ ਕੁੱਝ ਹੋਰ ਪ੍ਰਾਪਤ ਹੋਣ ਦੀ ਬਹੁਤੀ ਖੁਸ਼ੀ ਨਹੀਂ ਹੁੰਦੀ ਤੇ ਨਾ ਹੀ ਖੁਸ ਜਾਣ ਅਤੇ ਖੋ ਜਾਣ ਦਾ ਮਲਾਲ ਹੁੰਦਾ ਹੈ। ਉਹ ਲਾਲਚ, ਸਵਾਰਥ, ਹਸਦ, ਦਵੇਸ਼ ਅਤੇ ਦੂਜਿਆਂ ਦੀ ਤਰੱਕੀ ਨੂੰ ਵੇਖਕੇ ਸਾੜੇ ਦੀ ਸੌੜੀ ਸੋਚ ਤੋਂ ਮੁਕਤ ਹੋ ਜਾਂਦਾ ਹੈ। ਸਬਰ ਦੀ ਪ੍ਰਾਪਤੀ ਮਨੁੱਖ ਦੀ ਆਤਮਾ ਦੇ ਜਾਗਣ ਤੋਂ ਬਾਅਦ ਹੁੰਦੀ ਹੈ। ਮਨੁੱਖ ਦੀ ਆਤਮਾ ਉਦੋਂ ਜਾਗਦੀ ਹੈ, ਜਦੋਂ ਉਹ ਗਿਆਨ ਅਤੇ ਅਧਿਆਤਮ ਨਾਲ ਜੁੜ ਜਾਂਦਾ ਹੈ। ਸਬਰ ਦੀ ਪ੍ਰਾਪਤੀ ਲਈ ਮੁਕਾਬਲਾ ਦੂਜਿਆਂ ਨਾਲ ਨਹੀਂ, ਸਗੋਂ ਆਪਣੇ ਆਪ ਨਾਲ ਹੁੰਦਾ ਹੈ। ਸਫਲਤਾ ਪ੍ਰਾਪਤ ਕਰਨ ਦੀ ਪ੍ਰਵਿਰਤੀ ਮਨੁੱਖ ਦੇ ਬਚਪਨ ਤੋਂ ਲੈਕੇ ਜਿੰਦਗੀ ਦੇ ਆਖ਼ਰੀ ਸਾਹਾਂ ਤੱਕ ਚੱਲਦੀ ਰਹਿੰਦੀ ਹੈ। ਇਸ ਪ੍ਰਵਿਰਤੀ ਦਾ ਕਦੇ ਅੰਤ ਨਹੀਂ ਹੁੰਦਾ। ਸਫਲਤਾ ਦੇ ਪੜ੍ਹਾਈ, ਪ੍ਰੀਖਿਆ, ਵਪਾਰ, ਖੇਡਾਂ, ਨੌਕਰੀ, ਤਰੱਕੀ, ਕੋਈ ਕਲਾ ਸਿੱਖਣ ਆਦਿ ਅਨੇਕਾਂ ਖੇਤਰ ਹਨ।
ਇੱਕ ਵੇਰ ਸਫਲਤਾ ਹਾਸਲ ਹੋਣ ਤੋਂ ਬਾਅਦ ਮਨੁੱਖ ਦੀ ਤਸੱਲੀ ਨਹੀਂ ਹੁੰਦੀ ਸਗੋਂ ਹੋਰ ਅੱਗੇ ਵਧਣ ਲਈ ਉਸਦੇ ਮਨ ਵਿਚ ਨਵੇਂ ਟੀਚੇ ਸਰ ਕਰਨ ਦੀ ਤੜਪ ਪੈਦਾ ਹੋ ਜਾਂਦੀ ਹੈ। ਉਹ ਨਵੀਂ ਤੋਂ ਨਵੀਂ ਸਫਲਤਾ ਲਈ ਹਰ ਵੇਲੇ ਬੇਚੈਨ ਰਹਿੰਦਾ ਹੈ। ਸਫਲਤਾ ਪ੍ਰਾਪਤ ਕਰਨ ਲਈ ਮੁਕਾਬਲਾ ਆਪਣੇ ਆਪ ਨਾਲ ਨਹੀਂ ਸਗੋਂ ਦੂਜਿਆਂ ਨਾਲ ਹੁੰਦਾ ਹੈ। ਸਬਰ ਸਿਦਕ ਵਾਲੇ, ਇਮਾਨਦਾਰ, ਉੱਦਮੀ, ਅਸੂਲੀ ਅਤੇ ਦਿਆਨਤਦਾਰ ਲੋਕ ਸਫਲਤਾ ਹਾਸਲ ਕਰਨ ਲਈ ਕਦੇ ਵੀ ਗਲਤ ਰਾਹ ਨਹੀਂ ਅਪਣਾਉਂਦੇ ਪਰ ਆਲਸੀ, ਨਿਕੰਮੇ, ਬੇਈਮਾਨ, ਲਾਲਚੀ, ਮੌਕਾ ਪ੍ਰਸਤ ਅਤੇ ਬੇਅਸੂਲੇ ਲੋਕ ਸਫਲਤਾ ਪ੍ਰਾਪਤੀ ਦੇ ਪਾਗ਼ਲਪਨ ਵਿੱਚ ਮਾੜਾ ਰਾਹ ਵੀ ਅਖਤਿਆਰ ਕਰਨ ਤੋਂ ਗੁਰੇਜ਼ ਨਹੀਂ ਕਰਦੇ । ਸਫਲਤਾ ਲਈ ਗਲਤ ਰਾਹ ਵੀ ਉਹੀ ਲੋਕ ਅਪਣਾਉਂਦੇ ਹਨ, ਜਿਨ੍ਹਾਂ ਦੇ ਪੱਲੇ ਸਬਰ ਨਹੀਂ ਹੁੰਦਾ। ਬੁੱਧੀਮਾਨ ਅਤੇ ਸਿਦਕੀ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਤਾੜੀਆਂ ਇਮਾਨਦਾਰੀ ਨਾਲ ਪ੍ਰਾਪਤ ਕੀਤੀ ਸਫਲਤਾ ਲਈ ਹੀ ਵਜਦੀਆਂ ਹਨ। ਧੋਖੇ, ਰੋਂਦੀ ਤੇ ਬੇਈਮਾਨੀ ਨਾਲ ਪ੍ਰਾਪਤ ਕੀਤੀ ਸਫਲਤਾ ਅਸਫਲਤਾ ਨਾਲੋਂ ਵੀ ਮਾੜੀ ਹੁੰਦੀ ਹੈ ਕਿਉਂਕਿ ਉਸਦੀ ਲੋਕ ਮਨਾਂ ਵਿੱਚ ਇੱਜ਼ਤ ਅਤੇ ਕਦਰ ਨਹੀਂ ਹੁੰਦੀ। ਬੇਸਬਰੇ ਖਿਡਾਰੀ ਹੀ ਖੇਡ ਦੇ ਮੈਦਾਨ ਵਿੱਚ ਆਪਣੀ ਵਿਰੋਧੀ ਟੀਮ ਦੀ ਸਫਲਤਾ ਨੂੰ ਵੇਖਕੇ ਆਪਣੇ ਮਨ ਦਾ ਸੰਤੁਲਨ ਖੋ ਬੈਠਦੇ ਹਨ ਤੇ ਲੜਾਈ ਝਗੜੇ ’ਤੇ ਉੱਤਰ ਆਉਂਦੇ ਹਨ। ਜਦੋਂ ਹਾਰੀ ਹੋਈ ਟੀਮ ਦੇ ਖਿਡਾਰੀ ਜਿੱਤੀ ਹੋਈ ਟੀਮ ਦੇ ਖਿਡਾਰੀਆਂ ਦੀ ਪਿੱਠ ਥਾਪੜਦੇ ਹਨ, ਉਨ੍ਹਾਂ ਨਾਲ ਜੱਫੀਆਂ ਪਾਕੇ ਹੱਸਦੇ ਹਨ ਤਾਂ ਉਦੋਂ ਉਹ ਉਨ੍ਹਾਂ ਦੇ ਸਬਰ ਦਾ ਪ੍ਰਗਟਾਵਾ ਹੀ ਹੁੰਦਾ ਹੈ। ਦੋ ਟੀਮਾਂ ਦੀ ਜਿੱਤ ਹਾਰ ਤੋਂ ਬਾਅਦ ਹਾਰੀ ਹੋਈ ਟੀਮ ਦੇ ਕਪਤਾਨ ਨੂੰ ਕਿਸੇ ਨੇ ਪੁੱਛਿਆ ਗਿਆ, “ਤੁਹਾਡੀ ਟੀਮ ਵੀ ਬਹੁਤ ਚੰਗੀ ਖੇਡੀ ਸੀ, ਫੇਰ ਤੁਸੀਂ ਕਿਵੇਂ ਹਾਰ ਗਏ?”
ਹਾਰੀ ਹੋਈ ਟੀਮ ਦੇ ਕਪਤਾਨ ਨੇ ਕਿਹਾ, “ਜਿੱਤਾਂ ਹਾਰਾਂ ਖੇਡ ਦਾ ਹਿੱਸਾ ਹਨ, ਇਹ ਕਿਵੇਂ ਹੋ ਸਕਦਾ ਹੈ ਕਿ ਹਰ ਵੇਲੇ ਹ ਸਾਡੀ ਟੀਮ ਦੀ ਜਿੱਤ ਜਿੱਤ ਹੋਵੇ। ਅਸੀਂ ਜੇਤੂ ਟੀਮ ਦੀ ਖੇਡ ਦੀ ਪ੍ਰਸ਼ੰਸਾ ਕਰਦੇ ਹਾਂ। ਅਸੀਂ ਜਿਹੜੀਆਂ ਗਲਤੀਆਂ ਇਸ ਵੇਰ ਕੀਤੀਆਂ ਹਨ, ਉਹ ਅੱਗੇ ਤੋਂ ਨਹੀਂ ਕਰਾਂਗੇ।”
ਉਸ ਕਪਤਾਨ ਦੀਆਂ ਗੱਲਾਂ ਤੋਂ ਸਬਰ ਦਾ ਸਬਕ ਸਿੱਖਣ ਨੂੰ ਮਿਲਦਾ ਹੈ। ਮਨੁੱਖ ਦੀ ਜ਼ਿੰਦਗੀ ਦੀ ਕਿੰਨੀ ਵੱਡੀ ਤ੍ਰਾਸਦੀ ਹੈ ਕਿ ਉਹ ਦਸ ਵੇਰ ਸਫਲਤਾ ਹਾਸਲ ਕਰਕੇ ਉਸ ਅਕਾਲ ਪੁਰਖ ਦਾ ਸ਼ੁਕਰ ਗੁਜ਼ਾਰ ਨਹੀਂ ਹੁੰਦਾ ਪਰ ਜੇਕਰ ਇਕ ਵੇਰ ਅਸਫਲ ਹੋ ਜਾਵੇ ਤਾਂ ਆਪਣੀ ਕਿਸਮਤ ਨੂੰ ਕੋਸਦਾ ਨਹੀਂ ਹਟਦਾ। ਸਫਲਤਾ ਨੂੰ ਉਹ ਆਪਣੀ ਕਾਬਲੀਅਤ ਦੱਸਦਾ ਹੈ ਤੇ ਅਸਫਲਤਾ ਨੂੰ ਉਸ ਪ੍ਰਮਾਤਮਾ ਦੀ ਕਰੋਪੀ ਸਮਝਦਾ ਹੈ। ਸਬਰ ਦਾ ਸੰਬੰਧ ਆਤਮਾ ਨਾਲ ਅਤੇ ਸਫਲਤਾ ਦਾ ਸੰਬੰਧ ਮਨ ਨਾਲ ਹੈ। ਸਬਰ ਆਉਣ ਨਾਲ ਸਫਲਤਾ ਅਤੇ ਅਸਫਲਤਾ ਵਿਚਲਾ ਫਰਕ ਖਤਮ ਹੋ ਜਾਂਦਾ ਹੈ। ਸਬਰ ਅਤੇ ਸਫ਼ਲਤਾ, ਦੋਵੇਂ ਮਨੁੱਖ ਦੇ ਮਨ ਦਾ ਸੰਤੁਲਨ ਵਿਗੜਨ ਨਹੀਂ ਦਿੰਦੇ। ਸਬਰ ਸਫਲਤਾ ਤੋਂ ਬਾਅਦ ਮਨੁੱਖ ਦੇ ਪੈਰ ਧਰਤੀ ਨਾਲ ਟਿਕਾਈ ਰੱਖਦਾ ਹੈ ਤੇ ਉਸ ਵਿਚ ਹੰਕਾਰ ਪੈਦਾ ਨਹੀਂ ਹੋਣ ਦਿੰਦਾ।
ਇੱਕ ਵਿਅਕਤੀ ਨੇ ਆਪਣੇ ਪਿੰਡ ਦੀ ਦੋ ਵੇਰ ਸਰਪੰਚੀ ਦੀ ਚੋਣ ਜਿੱਤਣ ਤੋਂ ਬਾਅਦ ਆਪਣੇ ਪਿੰਡ ਦੇ ਲੋਕਾਂ ਅੱਗੇ ਹੱਥ ਜੋੜਕੇ ਕਿਹਾ ਕਿ ਉਹ ਹੁਣ ਤੀਜੀ ਵੇਰ ਸਰਪੰਚੀ ਦੀ ਚੋਣ ਨਹੀਂ ਲੜੇਗਾ। ਪਰ ਪਿੰਡ ਦੇ ਲੋਕਾਂ ਨੇ ਉਸ ਨੂੰ ਚੋਣ ਲੜਨ ਲਈ ਜ਼ੋਰ ਪਾਇਆ ਪਰ ਉਹ ਨਹੀਂ ਮੰਨਿਆ। ਪਿੰਡ ਦੇ ਲੋਕਾਂ ਨੇ ਉਸਨੂੰ ਚੋਣ ਨਾ ਲੜਨ ਦਾ ਕਾਰਨ ਪੁੱਛਿਆ। ਉਸਨੇ ਲੋਕਾਂ ਨੂੰ ਕਿਹਾ, “ਭਰਾਵੋ, ਸਰਪੰਚੀ ਦਾ ਅਹੁਦਾ ਇਸ ਤਰ੍ਹਾਂ ਦਾ ਹੈ ਕਿ ਇਸ ਉੱਤੇ ਕੰਮ ਕਰਦਿਆਂ ਲੋਕ ਖੁਸ਼ ਘੱਟ ਤੇ ਨਰਾਜ਼ ਜਿਆਦਾ ਹੁੰਦੇ ਹਨ। ਤੁਸੀਂ ਮੈਨੂੰ ਦੋ ਵੇਰ ਜਿਤਾਇਆ ਹੈ, ਉਸ ਲਈ ਮੈਂ ਤੁਹਾਡਾ ਰਿਣੀ ਹਾਂ ਪਰ ਹੁਣ ਮੈਂ ਤੀਜੀ ਵੇਰ ਹਾਰਕੇ ਤੁਹਾਡਾ ਅਕ੍ਰਿਤਘਣ ਨਹੀਂ ਹੋਣਾ ਚਾਹੁੰਦਾ। ਮੈਂ ਇੱਜ਼ਤ ਨਾਲ ਆਪਣਾ ਇਹ ਅਹੁਦਾ ਛੱਡਣਾ ਚਾਹੁੰਦਾ ਹਾਂ। ਇਸ ਸਰਪੰਚ ਦੇ ਸਬਰ ਦੀ ਪਿੰਡ ਦੇ ਲੋਕ ਅੱਜ ਵੀ ਸ਼ਲਾਘਾ ਕਰਦੇ ਹਨ।
ਸਫਲਤਾ ਅਨੇਕਾਂ ਲੋਕ ਹਾਸਲ ਕਰਦੇ ਹਨ ਪਰ ਜਿਨ੍ਹਾਂ ਲੋਕਾਂ ਨੇ ਸਬਰ ਅਤੇ ਸਿਧਾਂਤਾ ਦੇ ਰਾਹ ’ਤੇ ਚੱਲਦਿਆਂ ਸਫਲਤਾ ਪ੍ਰਾਪਤ ਕੀਤੀ ਹੁੰਦੀ ਹੈ, ਉਹ ਵਿਰਲੇ ਹੀ ਹੁੰਦੇ ਹਨ। ਲੋਕ ਉਨ੍ਹਾਂ ਦੇ ਕਿਰਦਾਰ ਦੀ ਮਨੋਂ ਇੱਜ਼ਤ ਕਰਦੇ ਹਨ। ਸਬਰ ਅਤੇ ਸਫਲਤਾ ਦਾ ਸੁਯੋਗ ਬਣਾਕੇ ਅੱਗੇ ਵਧਣ ਵਾਲੇ ਲੋਕ ਦੂਜਿਆਂ ਲਈ ਚਾਨਣ ਮੁਨਾਰੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਲੋਕ ਵੱਲੋਂ ਯੁੱਗਾਂ ਤੱਕ ਚੇਤੇ ਰੱਖਿਆ ਜਾਂਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5294)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.