“ਸ਼ਹੀਦ ਭਗਤ ਸਿੰਘ ਦੀ ਜ਼ਿੰਦਗੀ ਦੇ ਇਹ ਦਲੇਰੀ ਨਾਲ ਭਰੇ ਪ੍ਰਸੰਗ ਆਉਣ ਵਾਲੀਆਂ ...”
(22 ਮਾਰਚ 2025)
ਦੇਸ਼ ਦੀ ਜੰਗੇ ਆਜ਼ਾਦੀ ਦੇ ਗੌਰਵਮਈ ਇਤਿਹਾਸ ਵਿੱਚ ਸ਼ਹੀਦ ਭਗਤ ਸਿੰਘ ਦੀ ਲਾਸਾਨੀ ਕੁਰਬਾਨੀ ਨੂੰ ਪੜ੍ਹਕੇ ਅਤੇ ਸੁਣਕੇ ਹਰ ਭਾਰਤਵਾਸੀ ਦਾ ਖੂਨ ਖੌਲ੍ਹਣ ਲੱਗ ਪੈਂਦਾ ਹੈ। ਦੁਨੀਆ ਭਰ ਦੇ ਇਤਿਹਾਸਕਾਰਾਂ ਨੇ ਉਸ ਨੂੰ ਸ਼ਹੀਦੇ ਆਜ਼ਮ ਕਹਿਕੇ ਸਤਿਕਾਰਿਆ ਹੈ। ਦੇਸ਼ ਦੀ ਆਜ਼ਾਦੀ ਲਈ ਉਸਦਾ ਬਲੀਦਾਨ ਉਹ ਪ੍ਰਕਾਸ਼ ਸਤੰਭ ਹੈ ਜੋ ਜੁਗਾਂ ਜੁਗਾਂਤਰਾਂ ਤੀਕ ਧਰੂ ਤਾਰੇ ਵਾਂਗ ਰੁਸ਼ਨਾਉਂਦਾ ਰਹੇਗਾ। ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਵਿੱਚ ਮੀਲ ਪੱਥਰ ਵਾਂਗ ਕਾਇਮ ਰਹੇਗਾ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਰਾਹ ਦਸੇਰਾ ਬਣਿਆ ਰਹੇਗਾ। 26 ਸਤੰਬਰ 1907 ਨੂੰ ਜ਼ਿਲ੍ਹਾ ਲਾਇਲਪੁਰ, ਪਿੰਡ ਬੰਗਾ, ਚੱਕ ਨੰਬਰ 105 ਵਿੱਚ ਜਨਮਿਆ ਮਾਤਾ ਵਿਦਿਆਵਤੀ ਅਤੇ ਪਿਤਾ ਕਿਸ਼ਨ ਸਿੰਘ ਦਾ ਲਾਡਲਾ ਭਗਤ ਸਿੰਘ ਭਾਰਤ ਮਾਤਾ ਦਾ ਸਪੂਤ ਬਣ ਗਿਆ। ਉਸਦੀ ਦਾਦੀ ਨੇ ਉਸ ਨੂੰ ਉਸਦੇ ਜਨਮ ’ਤੇ ਹੀ ਭਾਗਾਂ ਵਾਲਾ ਕਿਹਾ ਸੀ ਜੋ ਬਾਅਦ ਵਿੱਚ ਭਗਤ ਸਿੰਘ ਬਣ ਗਿਆ। ਬਚਪਨ ਵਿੱਚ ਉਸਦੇ ਖਿਡੌਣੇ ਬੰਦੂਕਾਂ ਅਤੇ ਤਲਵਾਰਾਂ ਸਨ। ਉਸਦੀ ਕੁਰਬਾਨੀ ਕਰਕੇ ਹੀ ਉਸਦਾ ਜੱਦੀ ਪਿੰਡ ਖਟਕੜਕ ਕਲਾਂ ਤੀਰਥ ਸਥਾਨ ਬਣ ਗਿਆ ਹੈ, ਉਸ ਥਾਂ ’ਤੇ ਸਾਰੇ ਦੇਸ਼ ਵਾਸੀਆਂ ਦਾ ਸਿਰ ਝੁਕਦਾ ਹੈ। ਉਸਦੇ ਪਿਤਾ ਜੀ ਅਤੇ ਚਾਚਾ ਅਜੀਤ ਸਿੰਘ ਵੀ ਕ੍ਰਾਂਤੀਕਾਰੀ ਗਤੀਵਿਧੀਆਂ ਨਾਲ ਜੁੜੇ ਹੋਏ ਸਨ। ਸ਼ਹੀਦ ਭਗਤ ਸਿੰਘ ਕੇਵਲ ਕ੍ਰਾਂਤੀਕਾਰੀ ਜੋਧਾ ਹੀ ਨਹੀਂ ਸਗੋਂ ਪੁਸਤਕ ਪ੍ਰੇਮੀ, ਪੱਤਰਕਾਰ, ਦਾਰਸ਼ਨਿਕ, ਲੇਖਕ, ਕਵੀ ਸੰਪਾਦਕ, ਕਲਾਕਾਰ ਅਤੇ ਰਾਜਨੀਤੀਵਾਨ ਵੀ ਸੀ। ਰਾਜਨੀਤੀ ਸ਼ਾਸਤਰ ਅਤੇ ਅਰਥ ਸ਼ਾਸਤਰ ਨੂੰ ਪੜ੍ਹਨ ਵਿੱਚ ਉਸਦੀ ਵਿਸ਼ੇਸ਼ ਦਿਲਚਸਪੀ ਸੀ। ਕਰਤਾਰ ਸਿੰਘ ਸਰਾਭਾ, ਲਾਲਾ ਲਾਜਪਤ ਰਾਏ ਅਤੇ ਲੈਨਿਨ ਉਸਦੇ ਆਦਰਸ਼ ਸਨ।
ਭਗਤ ਸਿੰਘ ਦੀ ਧਾਰਨਾ ਸੀ ਕਿ ਅਜ਼ਾਦੀ ਜਿਹਾ ਅਨਮੋਲ ਰਤਨ ਬਿਨਾਂ ਕੁਰਬਾਨੀ ਅਤੇ ਸੰਘਰਸ਼ ਤੋਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਉਸਨੇ ਲਾਹੌਰ ਦੇ ਡੀ.ਏ .ਵੀ ਸਕੂਲ ਤੋਂ ਦਸਵੀਂ ਅਤੇ ਨੈਸ਼ਨਲ ਕਾਲਜ ਲਾਹੌਰ ਤੋਂ ਉੱਚ ਸਿੱਖਿਆ ਪ੍ਰਾਪਤ ਕੀਤੀ। ਨੈਸ਼ਨਲ ਕਾਲਜ ਲਾਹੌਰ ਉਸ ਸਮੇਂ ਕ੍ਰਾਂਤੀਕਾਰੀ ਗਤੀਵਿਧੀਆਂ ਦਾ ਕੇਂਦਰ ਸੀ। ਇਸ ਕਾਲਜ ਵਿੱਚ ਉਸਦਾ ਸੰਬੰਧ ਅਨੇਕ ਕ੍ਰਾਂਤੀਕਾਰੀਆਂ ਨਾਲ ਬਣਿਆ। ਜਲ੍ਹਿਆਂਵਾਲਾ ਬਾਗ ਦੇ ਖੂਨੀ ਹੱਤਿਆ ਕਾਂਡ ਨੇ ਉਸ ਨੂੰ ਝੰਜੋੜ ਕੇ ਰੱਖ ਦਿੱਤਾ। ਭਗਤ ਸਿੰਘ ਦੇ ਅਜ਼ਾਦੀ ਨਾਲ ਜੁੜੇ ਸੰਘਰਸ਼ ਦੇ ਕਈ ਅਜਿਹੇ ਪ੍ਰਸੰਗ ਵੀ ਹਨ, ਜਿਨ੍ਹਾਂ ਬਾਰੇ ਜਾਣਨਾ ਜ਼ਰੂਰੀ ਬਣਦਾ ਹੈ। ਜਦੋਂ ਭਗਤ ਸਿੰਘ ਸਿੰਘ ਨੂੰ ਫਾਂਸੀ ਦੀ ਸਜਾ ਸੁਣਾ ਦਿੱਤੀ ਗਈ, ਉਸ ਦਿਨ ਤੋਂ ਹੀ ਉਹ ਹੋਰ ਜ਼ਿਆਦਾ ਪੁਸਤਕਾਂ ਪੜ੍ਹਨ ਲੱਗ ਪਿਆ, ਆਜ਼ਾਦੀ ਦੇ ਗੀਤ ਗਾਉਣ ਲੱਗ ਪਿਆ। ਪਹਿਲਾਂ ਨਾਲੋਂ ਵੀ ਜ਼ਿਆਦਾ ਖੁਸ਼ ਰਹਿਣ ਲੱਗ ਪਿਆ। ਇੱਕ ਦਿਨ ਜੇਲ੍ਹ ਦੇ ਦਰੋਗੇ ਨੇ ਉਸ ਨੂੰ ਪੁੱਛਿਆ, “ਨੌਜਵਾਨ, ਤੈਨੂੰ ਕੁਝ ਦਿਨਾਂ ਤੋਂ ਬਾਅਦ ਫਾਂਸੀ ਹੋਣ ਵਾਲੀ ਹੈ ਪਰ ਤੂੰ ਪਹਿਲਾਂ ਨਾਲੋਂ ਵੀ ਖੁਸ਼ ਹੈ। ਕੀ ਤੈਨੂੰ ਮੌਤ ਤੋਂ ਡਰ ਨਹੀਂ ਲਗਦਾ?” ਭਗਤ ਸਿੰਘ ਅੱਗੋਂ ਬੋਲਿਆ, “ਦਰੋਗਾ ਸਾਹਿਬ, ਮੌਤ ਦਾ ਡਰ ਤਾਂ ਡਰਪੋਕ ਲੋਕਾਂ ਨੂੰ ਹੁੰਦਾ ਹੈ। ਇਸ ਮੌਤ ਨੇ ਇੱਕ ਦਿਨ ਤਾਂ ਆਉਣਾ ਹੀ ਹੈ। ਦੇਸ਼ ਲਈ ਕੁਰਬਾਨ ਹੋਣ ਦਾ ਮਾਣ ਅਤੇ ਮੌਕਾ ਵਿਰਲੇ ਖੁਸ਼ਕਿਸਮਤ ਇਨਸਾਨਾਂ ਨੂੰ ਮਿਲਦਾ ਹੈ। ਇਹ ਡਰਨ ਦਾ ਮੌਕਾ ਨਹੀਂ ਸਗੋਂ ਜਸ਼ਨ ਮਨਾਉਣ ਦਾ ਵੇਲਾ ਹੈ। ਕਹਿੰਦੇ ਹਨ ਕਿ ਭਗਤ ਸਿੰਘ ਦਾ ਜਵਾਬ ਸੁਣਕੇ ਦਰੋਗੇ ਨੇ ਕਿਹਾ ਸੀ, “ਭਗਤ ਸਿੰਘ, ਜਿਸ ਮੁਲਕ ਵਿੱਚ ਤੇਰੇ ਜਿਹੇ ਨੌਜਵਾਨ ਹੋਣ, ਉਸ ਮੁਲਕ ਨੂੰ ਅਜ਼ਾਦ ਹੋਣ ਤੋਂ ਕੌਣ ਰੋਕ ਸਕਦਾ ਹੈ?”
ਫਾਂਸੀ ਦਿੱਤੇ ਜਾਣ ਤੋਂ ਪਹਿਲਾਂ ਭਗਤ ਸਿੰਘ ਦੀ ਮਾਂ ਵਿਦਿਆਵਤੀ ਉਸ ਨਾਲ ਮੁਲਾਕਾਤ ਕਰਨ ਲਈ ਆਈ। ਉਸਨੇ ਆਪਣੀ ਮਾਂ ਨੂੰ ਕਿਹਾ ਕਿ ਉਹ ਫਾਂਸੀ ਵਾਲੇ ਦਿਨ ਮੈਨੂੰ ਮਿਲਣ ਲਈ ਨਾ ਆਵੇ। ਮਾਂ ਨੇ ਉਸ ਨੂੰ ਨਾ ਆਉਣ ਦਾ ਕਾਰਨ ਪੁੱਛਿਆ। ਭਗਤ ਸਿੰਘ ਨੇ ਅੱਗੋਂ ਜਵਾਬ ਦਿੱਤਾ, “ਮਾਂ ਤੂੰ ਮੇਰੀ ਮਾਂ ਹੈ। ਮਾਂ ਦਾ ਦਿਲ ਬਹੁਤ ਹੀ ਕੋਮਲ ਹੁੰਦਾ ਹੈ। ਉਹ ਆਪਣੇ ਬੱਚੇ ਨੂੰ ਦੁਖੀ ਨਹੀਂ ਵੇਖ ਸਕਦੀ। ਮੈਨੂੰ ਫਾਂਸੀ ਹੁੰਦੀ ਵੇਖਕੇ ਤੇਰੀਆਂ ਅੱਖਾਂ ਵਿੱਚ ਹੰਝੂ ਆਉਣੇ ਸੁਭਾਵਿਕ ਜਿਹੀ ਗੱਲ ਹੈ। ਮੈਂ ਨਹੀਂ ਚਾਹੁੰਦਾ ਕਿ ਕੱਲ੍ਹ ਨੂੰ ਇਤਿਹਾਸ ਵਿੱਚ ਇਹ ਲਿਖਿਆ ਜਾਵੇ ਕਿ ਭਗਤ ਸਿੰਘ ਦੀ ਮਾਂ ਆਪਣੇ ਪੁੱਤਰ ਦੇ ਦੇਸ਼ ’ਤੇ ਸ਼ਹੀਦ ਹੋਣ ’ਤੇ ਰੋ ਪਈ ਸੀ।”
ਕਹਿੰਦੇ ਹਨ ਕਿ ਸ਼ਹੀਦ ਭਗਤ ਸਿੰਘ ਨੂੰ ਉਨ੍ਹਾਂ ਦੇ ਚਾਚਾ ਅਜੀਤ ਸਿੰਘ ਜੀ ਨੇ ਲਾਹੌਰ ਵਿੱਚ ਦੁੱਧ ਦਾ ਕੰਮ ਖੋਲ੍ਹਕੇ ਦੇ ਦਿੱਤਾ ਤੇ ਉਨ੍ਹਾਂ ਨੂੰ ਕਿਹਾ ਕਿ ਉਹ ਦੁੱਧ ਦਾ ਵਪਾਰ ਕਰੇ। ਦੁੱਧ ਦੀ ਦੁਕਾਨ ਕਰਦਿਆਂ ਉਨ੍ਹਾਂ ਦੀ ਮੰਗਣੀ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਉਨ੍ਹਾਂ ਨੂੰ ਕੁੜੀ ਵਾਲੇ ਵੇਖਣ ਵੀ ਆਏ ਪਰ ਭਗਤ ਸਿੰਘ ਦੁੱਧ ਦੀ ਦੁਕਾਨ ਛੱਡਕੇ ਕ੍ਰਾਂਤੀਕਾਰੀ ਗਤੀਵਿਧੀਆਂ ਵਿੱਚ ਰੁੱਝ ਗਏ ਤੇ ਮੰਗਣੀ ਤੋਂ ਵੀ ਨਾਂਹ ਕਰ ਦਿੱਤੀ। ਸ਼ਹੀਦ ਭਗਤ ਸਿੰਘ ਆਪਣੇ ਕਾਲਜ ਅਤੇ ਦੇਸ਼ ਦੀ ਅਜ਼ਾਦੀ ਲਈ ਕੀਤੇ ਜਾ ਰਹੇ ਸੰਘਰਸ਼ ਦੇ ਦਿਨਾਂ ਵਿੱਚ ਰਾਜਾ ਰਾਮ ਸ਼ਾਸਤਰੀ ਕੋਲ ਆਉਂਦੇ ਰਹਿੰਦੇ ਸਨ। ਸ਼੍ਰੀ ਰਾਜਾ ਰਾਮ ਲਾਹੌਰ ਵਿਖੇ ਦਵਾਰਕਾ ਦਾਸ ਲਾਇਬਰੇਰੀ ਵਿਖੇ ਬਤੌਰ ਲਾਇਬਰੇਰੀਅਨ ਨੌਕਰੀ ਕਰਦੇ ਸਨ ਤੇ ਉਸ ਲਾਇਬਰੇਰੀ ਦੇ ਨਾਲ ਪੈਂਦੇ ਇੱਕ ਛੋਟੇ ਜਿਹੇ ਕਮਰੇ ਵਿੱਚ ਰਹਿੰਦੇ ਸਨ। ਸ਼ਹੀਦ ਭਗਤ ਸਿੰਘ ਦੇ ਨਾਲ ਸ਼ਹੀਦ ਸੁਖਦੇਵ ਵੀ ਅਤੇ ਭਗਵਤੀ ਚਰਨ ਵੋਹਰਾ ਵੀ ਆਉਂਦੇ ਹੁੰਦੇ ਸਨ। ਸ਼੍ਰੀ ਰਾਜਾ ਰਾਮ ਉਨ੍ਹਾਂ ਦੇ ਨਾਲ ਬਹੁਤ ਜ਼ਿਆਦਾ ਘੁਲ ਮਿਲ ਚੁੱਕੇ ਸਨ। ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਨਾਲ ਗੁਜ਼ਾਰੇ ਜੀਵਨ ਦੀਆਂ ਘਟਨਾਵਾਂ ਨੂੰ ਕਲਮਬੱਧ ਕੀਤਾ ਹੈ। ਉਨ੍ਹਾਂ ਦੀ ਪੁਸਤਕ ਦੇ ਸ੍ਰੀ ਨਰਭਿੰਦਰ ਵੱਲੋਂ ਕੀਤੇ ਗਏ ਪੰਜਾਬੀ ਅਨੁਵਾਦ ਨੂੰ ਤਰਕਭਾਰਤੀ ਪ੍ਰਕਾਸ਼ਨ ਬਰਨਾਲਾ ਨੇ ਪ੍ਰਕਾਸ਼ਿਤ ਕੀਤਾ ਹੈ। ਸਰਦਾਰ ਭਗਤ ਸਿੰਘ ਦੇ ਜੀਵਨ ਦੇ ਉਹ ਪ੍ਰਸੰਗ ਬਹੁਤ ਹੀ ਦਿਲਚਸਪ ਹਨ। ਸ਼ਹੀਦ ਭਗਤ ਸਿੰਘ ਦਾ ਸੁਭਾਅ ਬਹੁਤ ਹੀ ਮਜ਼ਾਕੀਆ ਸੀ। ਸ਼੍ਰੀ ਰਾਜਾ ਰਾਮ ਸ਼ਾਸਤਰੀ ਜਦੋਂ ਵੀ ਹੋਟਲ ’ਤੇ ਰੋਟੀ ਖਾਣ ਜਾਂਦੇ, ਭਗਤ ਸਿੰਘ, ਸ਼ਹੀਦ ਸੁਖਦੇਵ ਨੂੰ ਨਾਲ ਲੈਕੇ ਉਸ ਹੋਟਲ ਵਿੱਚ ਪਹੁੰਚ ਜਾਂਦੇ। ਉਨ੍ਹਾਂ ਨੇ ਖੀਰ ਅਤੇ ਰਸਗੁੱਲੇ ਖਾਣੇ ਤਾਂ ਆਪ ਹੁੰਦੇ ਪਰ ਉਹ ਇਹ ਕਹਿਕੇ ਹੋਟਲ ਵਾਲੇ ਨੂੰ ਖੀਰ ਅਤੇ ਰਸਗੁਲਿਆਂ ਦਾ ਆਰਡਰ ਦੇ ਦਿੰਦੇ ਕਿ ਸ਼ਾਸਤਰੀ ਜੀ ਨੂੰ ਖੀਰ ਅਤੇ ਰਸਗੁੱਲੇ ਬਹੁਤ ਪਸੰਦ ਹਨ।
ਸ਼ਾਸਤਰੀ ਜੀ ਨੂੰ ਉਨ੍ਹਾਂ ਦੇ ਵੀ ਪੈਸੇ ਦੇਣੇ ਪੈ ਜਾਂਦੇ। ਸ਼ਾਸਤਰੀ ਜੀ ਨੇ ਉਨ੍ਹਾਂ ਤੋਂ ਤੰਗ ਆਕੇ ਰੋਟੀ ਖਾਣ ਵਾਲਾ ਹੋਟਲ ਵੀ ਬਦਲ ਲਿਆ। ਭਗਤ ਸਿੰਘ ਅਤੇ ਸੁਖਦੇਵ ਉਸ ਹੋਟਲ ਵਿੱਚ ਵੀ ਪਹੁੰਚ ਗਏ। ਇੱਕ ਦਿਨ ਸ਼ਾਸਤਰੀ ਜੀ ਨੂੰ ਵੀ ਇੱਕ ਸ਼ਰਾਰਤ ਸੁੱਝੀ। ਉਹ ਖਾਣਾ ਖਾਣ ਤੋਂ ਬਾਅਦ ਉਨ੍ਹਾਂ ਤੋਂ ਅੱਖ ਬਚਾ ਕੇ ਨਿਕਲ ਗਏ। ਭਗਤ ਸਿੰਘ ਹੋਰਾਂ ਦੀ ਜੇਬ ਵਿੱਚ ਪੈਸੇ ਨਹੀਂ ਸਨ। ਹੋਟਲ ਵਾਲਾ ਉਨ੍ਹਾਂ ਤੋਂ ਪੈਸੇ ਲੈਣ ਲਈ ਉਨ੍ਹਾਂ ਨਾਲ ਬਹਿਸ ਰਿਹਾ ਸੀ। ਸ਼ਾਸਤਰੀ ਜੀ ਉਨ੍ਹਾਂ ਨੂੰ ਵੇਖਕੇ ਹੱਸ ਰਹੇ ਸਨ। ਬਾਅਦ ਵਿੱਚ ਉਨ੍ਹਾਂ ਨੇ ਹੋਟਲ ਵਾਲੇ ਨੂੰ ਪੈਸੇ ਦੇ ਦਿੱਤੇ। ਭਗਤ ਸਿੰਘ ਨੇ ਸ਼ਾਸਤਰੀ ਜੀ ਨੂੰ ਕਿਹਾ ਕਿ ਉਨ੍ਹਾਂ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ ਹੈ। ਸ਼ਾਸਤਰੀ ਜੀ ਨੇ ਅੱਗੋਂ ਹੱਸਕੇ ਕਿਹਾ, ਤੁਸੀਂ ਮੇਰਾ ਹਰ ਰੋਜ਼ ਹਾਸਾ ਪਾਉਂਦੇ ਹੋ, ਤਾਂ ਕੀ ਹੋਇਆ ਜੇਕਰ ਮੈਂ ਵੀ ਇੱਕ ਦਿਨ ਤੁਹਾਡਾ ਮਜ਼ਾਕ ਉਡਾ ਲਿਆ। ਭਗਤ ਸਿੰਘ ਨੇ ਇੱਕ ਵਾਰ ਸ਼ਾਸਤਰੀ ਜੀ ਦੇ ਬਜਾਰੋਂ ਲਿਆਂਦੇ ਸਮਾਨ ਵਿੱਚ ਦੇਸੀ ਤੇਲ ਦੀ ਸ਼ੀਸ਼ੀ ਵੇਖ ਲਈ। ਉਸ ਨੂੰ ਵੇਖਕੇ ਉਹ ਰਾਜਾ ਰਾਮ ਸ਼ਾਸਤਰੀ ਜੀ ਤੋਂ ਆਪਣੇ ਵਾਲਾਂ ਨੂੰ ਤੇਲ ਲਗਾਉਣ ਲਈ ਤੇਲ ਦੀ ਸ਼ੀਸ਼ੀ ਮੰਗਣ ਲੱਗ ਪਏ। ਸ਼ਾਸਤਰੀ ਜੀ ਨੇ ਸ਼ੀਸ਼ੀ ਦੇਣ ਤੋਂ ਨਾਂਹ ਕਰ ਦਿੱਤੀ। ਭਗਤ ਸਿੰਘ ਨੇ ਉਨ੍ਹਾਂ ਦੀ ਬਾਂਹ ਮਰੋੜ ਕੇ ਤੇਲ ਦੀ ਸ਼ੀਸ਼ੀ ਖੋਹਕੇ ਸਾਰਾ ਤੇਲ ਆਪਣੇ ਸਿਰ ਵਿੱਚ ਨਿਚੋੜ ਲਿਆ। ਸ਼ਾਸਤਰੀ ਜੀ ਉਨ੍ਹਾਂ ਦੀ ਇਸ ਹਰਕਤ ਤੋਂ ਗੁੱਸੇ ਹੋ ਗਏ। ਭਗਤ ਸਿੰਘ ਨੇ ਉਨ੍ਹਾਂ ਨਾਲ ਮਜ਼ਾਕ ਕਰਦਿਆਂ ਕਿਹਾ ਕਿ ਜੇਕਰ ਤੁਸੀਂ ਮੈਨੂੰ ਥੋੜ੍ਹਾ ਜਿਹਾ ਤੇਲ ਦੇ ਦਿੰਦੇ ਤਾਂ ਬਾਕੀ ਤੇਲ ਬਚ ਜਾਣਾ ਸੀ। ਸ਼ਾਸਤਰੀ ਜੀ ਉਸ ਘਟਨਾ ਨੂੰ ਯਾਦ ਕਰਦਿਆਂ ਕਹਿੰਦੇ ਹਨ ਕਿ ਤੇਲ ਦੀ ਸ਼ੀਸ਼ੀ ਨੂੰ ਲੈਕੇ ਸਾਡੇ ਦੋਹਾਂ ਵਿੱਚ ਇਨਕਲਾਬ ’ਤੇ ਚਰਚਾ ਛਿੜ ਪਈ। ਭਗਤ ਸਿੰਘ ਧਰਮ ਦੇ ਨਾਂਅ ’ਤੇ ਹੋਣ ਵਾਲੇ ਦੰਗਿਆਂ ਤੋਂ ਬਹੁਤ ਦੁਖੀ ਹੋਕੇ ਕਹਿੰਦੇ ਸਨ ਕਿ ਧਰਮ ਦੇ ਨਾਂ ’ਤੇ ਹੋਣ ਵਾਲੇ ਫਸਾਦ ਦੁਨੀਆ ਵਿੱਚ ਮਨੁੱਖੀ ਏਕਤਾ ਅਤੇ ਭਾਈਚਾਰਕ ਸਾਂਝ ਨਹੀਂ ਰਹਿਣ ਦੇਣਗੇ। ਸ਼ਾਸਤਰੀ ਜੀ ਨੇ ਉਨ੍ਹਾਂ ਨਾਲ ਅਸਹਿਮਤ ਹੁੰਦਿਆਂ ਹੋਇਆਂ ਕਿਹਾ ਕਿ ਇਹ ਮਨੁੱਖ ਦਾ ਹੀ ਕਸੂਰ ਹੈ ਕਿ ਉਹ ਧਰਮਾਂ ਦੇ ਨਾਂ ’ਤੇ ਦੰਗੇ ਫਸਾਦ ਕਰਦਾ ਹੈ। ਰਾਜਾ ਰਾਮ, ਭਗਤ ਸਿੰਘ ਬਾਰੇ ਆਪਣੀਆਂ ਯਾਦਾਂ ਦੀ ਪਟਾਰੀ ਨੂੰ ਖੋਲ੍ਹਦਿਆਂ ਲਿਖਦੇ ਹਨ ਕਿ ਸ਼ਹੀਦ ਭਗਤ ਸਿੰਘ ਨੂੰ ਜ਼ਿਆਦਾਤਰ ਇਨਕਲਾਬੀ ਸਾਹਿਤ ਪੜ੍ਹਨਾ ਪਸੰਦ ਸੀ। ਉਹ ਆਇਰਲੈਂਡ ਦੇ ਡੇਨ ਬ੍ਰੀਨ ਦੀ ਪੁਸਤਕ, ਆਇਰਸ਼ ਆਜ਼ਾਦੀ ਲਈ ਮੇਰਾ ਸੰਘਰਸ਼, ਵੀਰ ਸਰਵਾਰਕਰ ਦੀ ਜੀਵਨੀ, ਇਟਲੀ ਦਾ ਇਨਕਲਾਬ, ਮੈਜਿਨੀ ਅਤੇ ਗੈਰੀ ਬਾਲਡੀ ਦੀਆਂ ਜੀਵਨੀਆਂ, ਨਿਆਂ ਲਈ ਪੁਕਾਰ ਪੁਸਤਕਾਂ ਨੂੰ ਦਵਾਰਕਦਾਸ ਲਾਇਬਰੇਰੀ ਵਿੱਚੋਂ ਲੈ ਕੇ ਪੜ੍ਹਦੇ ਸਨ।
ਉਹ ਆਪਣੀਆਂ ਯਾਦਾਂ ਵਿੱਚੋਂ ਇੱਕ ਯਾਦ ਇਹ ਵੀ ਲਿਖਦੇ ਹਨ ਕਿ ਭਗਤ ਸਿੰਘ ਮੈਨੂੰ ਆਕੇ ਕਹਿਣ ਲੱਗਾ ਕਿ ਮੈਨੂੰ ਅਜਿਹੀ ਪੁਸਤਕ ਲੱਭਕੇ ਦਿਓ ਜਿਸ ਵਿੱਚ ਬੰਬ ਬਣਾਉਣ ਦਾ ਨੁਸਖ਼ਾ ਹੋਵੇ। ਮੈਂ ਕਈ ਦਿਨਾਂ ਤਕ ਅਜਿਹੀ ਪੁਸਤਕ ਲੱਭਦਾ ਰਿਹਾ ਪਰ ਸਫ਼ਲ ਨਾ ਹੋ ਸਕਿਆ। ਇੱਕ ਦਿਨ ਮੇਰਾ ਯਤਨ ਸਫਲ ਹੋ ਗਿਆ। ਮੈਨੂੰ ਉਹ ਨੁਸਖ਼ਾ ਇਨਸਾਈਕਲੋਪੀਡੀਆ ਆਫ ਬ੍ਰਿਟਨੀਕ ਵਿੱਚੋਂ ਮਿਲ ਗਿਆ। ਉਸ ਨੁਸਖੇ ਨੂੰ ਵੇਖਕੇ ਭਗਤ ਸਿੰਘ ਨੇ ਮੇਰੀ ਪਿੱਠ ਥਾਪੜੀ। ਉਸਨੇ ਉਸ ਨੂੰ ਆਪਣੇ ਕੋਲ ਲਿਖ ਲਿਆ।
ਸ਼ਾਸਤਰੀ ਜੀ ਇੱਕ ਬਹੁਤ ਹੀ ਭਾਵੁਕ ਕਰਨ ਵਾਲੀ ਘਟਨਾ ਦਾ ਜ਼ਿਕਰ ਕਰਦਿਆਂ ਲਿਖਦੇ ਹਨ ਕਿ ਅੰਗਰੇਜ਼ਾਂ ਦੇ ਤਸ਼ੱਦਦ ਦਾ ਸ਼ਿਕਾਰ ਭਗਤ ਸਿੰਘ ਅਦਾਲਤ ਦੇ ਬਰਾਂਡੇ ਵਿੱਚ ਇੱਕ ਸਟੈਚਰ ’ਤੇ ਪਿਆ ਸੀ। ਅਸੀਂ ਦੋਵੇਂ ਇੱਕ ਦੂਜੇ ਵੱਲ ਤਕ ਰਹੇ ਸਾਂ। ਉਹ ਮੇਰੇ ਮੋਢੇ ’ਤੇ ਹੱਥ ਰੱਖਕੇ ਬੋਲੇ, ਸ਼ਾਸਤਰੀ ਜੀ, ਮੇਰੇ ਸਿਰ ਉੱਤੇ ਤੁਹਾਡਾ ਦਸ ਰੁਪਏ ਦਾ ਕਰਜ਼ ਹੈ, ਮੈਨੂੰ ਦੁੱਖ ਹੈ ਕਿ ਮੈਂ ਤੁਹਾਡਾ ਕਰਜ਼ ਨਹੀਂ ਉਤਾਰ ਸਕਿਆ। ਭਗਤ ਸਿੰਘ ਦੇ ਉਨ੍ਹਾਂ ਸ਼ਬਦਾਂ ਨੇ ਮੈਨੂੰ ਭਾਵੁਕ ਕਰ ਦਿੱਤਾ। ਸ਼ਹੀਦ ਭਗਤ ਸਿੰਘ ਦੇ ਜੀਵਨ ਨਾਲ ਜੁੜੀਆਂ ਹੋਈਆਂ ਉਨ੍ਹਾਂ ਯਾਦਾਂ ਦੀ ਇੱਕ ਹੋਰ ਘਟਨਾ ਦਾ ਜ਼ਿਕਰ ਕਰਦਿਆਂ ਸ਼ਾਸਤਰੀ ਜੀ ਲਿਖਦੇ ਹਨ ਕਿ ਸ਼ਹੀਦ ਭਗਤ ਸਿੰਘ ਨੂੰ ਹੱਥਕੜੀਆਂ ਅਤੇ ਬੇੜੀਆਂ ਵਿੱਚ ਦੂਜੇ ਕ੍ਰਾਂਤੀਕਾਰੀਆਂ ਨਾਲ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਭਗਤ ਸਿੰਘ ਉਨ੍ਹਾਂ ਸਾਥੀ ਕ੍ਰਾਂਤੀਕਾਰੀਆਂ ਨਾਲ ਉੱਚੀ ਉੱਚੀ ਹੱਸ ਰਿਹਾ ਸੀ। ਜੱਜ ਨੇ ਭਗਤ ਸਿੰਘ ਦੇ ਉੱਚੀ ਹੱਸਣ ਦੀ ਆਵਾਜ਼ ਸੁਣਕੇ ਕਿਹਾ, ਭਗਤ ਸਿੰਘ, ਐਨੀ ਉੱਚੀ ਕਿਉਂ ਹੱਸ ਰਹੇ ਹੋ? ਭਗਤ ਸਿੰਘ ਨੇ ਜੱਜ ਨੂੰ ਕਿਹਾ, ਜੱਜ ਸਾਹਿਬ, ਹੁਣ ਤਾਂ ਤੁਹਾਨੂੰ ਮੇਰੇ ਹੱਸਣ ਦੀ ਆਵਾਜ਼ ਬੁਰੀ ਲੱਗੀ ਹੈ, ਤੁਸੀਂ ਉਸ ਦਿਨ ਕੀ ਕਰੋਗੇ ਜਿਸ ਦਿਨ ਮੈਂ ਫਾਂਸੀ ਚੜ੍ਹਨ ਲੱਗਿਆਂ ਹੋਰ ਵੀ ਉੱਚੀ ਉੱਚੀ ਹੱਸਾਂਗਾ। ਸ਼ਹੀਦ ਭਗਤ ਸਿੰਘ ਦੀ ਜ਼ਿੰਦਗੀ ਦੇ ਇਹ ਦਲੇਰੀ ਨਾਲ ਭਰੇ ਪ੍ਰਸੰਗ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਦੇ ਰਹਿਣਗੇ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (