“ਚੰਗੇ ਸੁਭਾਅ ਵਾਲੇ ਲੋਕ ਭਾਵੇਂ ਸੱਤ ਸਮੁੰਦਰੋਂ ਪਾਰ ਵਸਦੇ ਹੋਣ ਪਰ ਫਿਰ ਵੀ ਉਹ ਦੇਰ ਸਵੇਰ ਯਾਦ ...”
(8 ਅਗਸਤ 2024)
ਸੁਭਾਅ, ਸਮਝਦਾਰੀ ਤੇ ਸੰਬੰਧ ਭਾਵੇਂ ਵੇਖਣ ਅਤੇ ਸੁਣਨ ਨੂੰ ਵੱਖਰੇ ਵੱਖਰੇ ਤਿੰਨ ਸ਼ਬਦ ਹਨ ਪਰ ਇਨ੍ਹਾਂ ਤਿੰਨਾਂ ਸ਼ਬਦਾਂ ਦਾ ਪਹਿਲਾ ਅੱਖਰ ‘ਸ’ ਹੀ ਇਨ੍ਹਾਂ ਤਿੰਨਾਂ ਸ਼ਬਦਾਂ ਦੀ ਆਪਸੀ ਸਾਂਝ ਹੋਣ ਦਾ ਪ੍ਰਤੀਕ ਹੈ। ਸਮਝਦਾਰ ਲੋਕਾਂ ਦਾ ਹੀ ਸੁਭਾਅ ਚੰਗਾ ਹੁੰਦਾ ਹੈ। ਸਮਝਦਾਰ ਲੋਕ ਆਪਣੇ ਚੰਗੇ ਸੁਭਾਅ ਕਾਰਨ ਹੀ ਦੂਜਿਆਂ ਨਾਲ ਚੰਗੇ ਸੰਬੰਧ ਬਣਾਕੇ ਰੱਖਦੇ ਹਨ। ਬਿਨਾਂ ਸਮਝਦਾਰੀ ਤੋਂ ਚੰਗਾ ਸੁਭਾਅ ਹੋਣਾ ਵੀ ਮੁਮਕਿਨ ਨਹੀਂ ਹੁੰਦਾ ਕਿਉਂਕਿ ਸਮਝਦਾਰ ਲੋਕ ਹੀ ਆਪਣੇ ਚੰਗੇ ਸੁਭਾਅ ਦੀ ਬਦੌਲਤ ਦੂਜਿਆਂ ਨਾਲ ਚੰਗਾ ਵਿਵਹਾਰ ਕਰਦੇ ਹਨ ਤੇ ਦੂਜਿਆਂ ਨਾਲ ਚੰਗੀ ਤਰ੍ਹਾਂ ਪੇਸ਼ ਆਉਂਦੇ ਹਨ। ਤੰਗ ਦਿਲ, ਦੂਜਿਆਂ ਦੀ ਤਰੱਕੀ ਵੇਖ ਕੇ ਸੜਨ ਵਾਲੇ, ਚੁਗਲਖੋਰ, ਹੈਂਕੜਬਾਜ਼, ਖੁਦਗਰਜ਼, ਕੰਮਚੋਰ, ਧੋਖੇਬਾਜ਼, ਗੁਸੈਲੇ, ਜਾਹਲ਼ਸਾਜ਼, ਖਚਰੇ, ਦੋਗਲੇ ਅਤੇ ਵਾਅਦਾ ਖਿਲਾਫੀ ਕਰਨ ਵਾਲੇ ਲੋਕ ਨਾ ਤਾਂ ਸਮਝਦਾਰ ਹੋ ਸਕਦੇ ਹਨ ਅਤੇ ਨਾ ਹੀ ਉਨ੍ਹਾਂ ਦਾ ਸੁਭਾਅ ਚੰਗਾ ਹੋ ਸਕਦਾ ਹੈ। ਸਾਰੇ ਮਨੁੱਖ ਵੇਖਣ ਨੂੰ ਤਾਂ ਇੱਕੋ ਜਿਹੇ ਹੀ ਲੱਗਦੇ ਹਨ, ਉਨ੍ਹਾਂ ਦਾ ਚੰਗਾ ਮਾੜਾ ਸੁਭਾਅ ਹੀ ਉਨ੍ਹਾਂ ਨੂੰ ਸਮਝਦਾਰ ਜਾਂ ਮੂਰਖ ਲੋਕਾਂ ਦੀ ਸੂਚੀ ਵਿੱਚ ਸ਼ਾਮਿਲ ਕਰਦਾ ਹੈ। ਚੰਗੇ ਸੁਭਾਅ ਵਾਲੇ ਲੋਕ ਭਾਵੇਂ ਸੱਤ ਸਮੁੰਦਰੋਂ ਪਾਰ ਵਸਦੇ ਹੋਣ ਪਰ ਫਿਰ ਵੀ ਉਹ ਦੇਰ ਸਵੇਰ ਯਾਦ ਆਉਂਦੇ ਹੀ ਰਹਿੰਦੇ ਹਨ। ਉਨ੍ਹਾਂ ਨੂੰ ਮਿਲਣ ਦੀ ਉਡੀਕ ਰਹਿੰਦੀ ਹੈ। ਉਹ ਦੂਰ ਹੁੰਦੇ ਹੋਏ ਵੀ ਨੇੜੇ ਲੱਗਦੇ ਹਨ। ਉਨ੍ਹਾਂ ਨਾਲ ਹਰ ਵੇਲੇ ਚੰਗੇ ਸੰਬੰਧ ਬਣੇ ਰਹਿੰਦੇ ਹਨ ਪਰ ਮਾੜੇ ਸੁਭਾਅ ਵਾਲੇ ਲੋਕ ਕੋਲ ਰਹਿੰਦੇ ਹੋਏ ਵੀ ਦੂਰ ਹੁੰਦੇ ਹਨ ਤੇ ਉਹ ਬਿਗਾਨਿਆਂ ਵਰਗੇ ਹੀ ਲਗਦੇ ਹਨ। ਇਹ ਅਖਾਣ ਕਿ ਚੰਗੇ ਗੁਆਂਢੀ ਚੰਗੀ ਕਿਸਮਤ ਨਾਲ ਹੀ ਮਿਲਦੇ ਹਨ, ਮਾੜਾ ਗੁਆਂਢੀ ਸਦਾ ਹੀ ਰਿਸਣ ਵਾਲੇ ਜ਼ਖਮ ਵਾਂਗ ਹੁੰਦਾ ਹੈ, ਮਾੜੇ ਚੰਗੇ ਸੁਭਾਅ ਵਾਲੇ ਲੋਕਾਂ ਲਈ ਹੀ ਬਣਿਆ ਹੋਇਆ ਹੈ।
ਮਾੜੇ ਸੁਭਾਅ ਵਾਲੇ ਲੋਕ ਹੀ ਇਹ ਗੱਲ ਕਹਿੰਦੇ ਨੇ ਕਿ ਭਰਾ ਜੇਕਰ ਇੱਕ ਦੂਜੇ ਤੋਂ ਦੂਰ ਰਹਿੰਦੇ ਹੋਣ ਤਾਂ ਉਨ੍ਹਾਂ ਦਾ ਆਪਸ ਵਿੱਚ ਪਿਆਰ ਬਣਿਆ ਰਹਿੰਦਾ ਹੈ। ਇਹ ਗੱਲ ਕਹਿਣ ਵਾਲਿਆਂ ਨੂੰ ਕਹਿਣ ਤੋਂ ਪਹਿਲਾਂ ਇਹ ਸੋਚਣਾ ਚਾਹੀਦਾ ਹੈ ਕਿ ਚੰਗੇ ਸੁਭਾਅ ਅਤੇ ਚੰਗੇ ਸੰਬੰਧਾਂ ਵਾਲੇ ਸਮਝਦਾਰ ਭਰਾ ਇੱਕ ਦੂਜੇ ਤੋਂ ਦੂਰ ਰਹਿੰਦੇ ਹੀ ਨਹੀਂ। ਚੰਗੇ ਸੁਭਾਅ ਵਾਲੇ, ਸਮਝਦਾਰ ਵਿਅਕਤੀ ਬਣਨ ਲਈ ਅਤੇ ਚੰਗੇ ਸੰਬੰਧ ਬਣਾਕੇ ਰੱਖਣ ਲਈ ਬੰਦੇ ਨੂੰ ਸਭ ਕੁਝ ਵੇਖਕੇ ਵੀ ਚੁੱਪ ਰਹਿਣ ਦੀ ਆਦਤ ਪਾਉਣੀ ਪੈਂਦੀ ਹੈ। ਬਹੁਤ ਕੁਝ ਨਜ਼ਰ ਅੰਦਾਜ਼ ਕਰਨਾ ਪੈਦਾ ਹੈ। ਬਹੁਤ ਕੁਝ ਸਹਿਣਾ ਪੈਂਦਾ ਹੈ। ਜਿਨ੍ਹਾਂ ਅਦਾਰਿਆਂ ਵਿੱਚ ਜਿੰਨੇ ਜ਼ਿਆਦਾ ਚੰਗੇ ਸੁਭਾਅ ਵਾਲੇ ਸਮਝਦਾਰ ਕਰਮਚਾਰੀ ਅਤੇ ਅਧਿਕਾਰੀ ਹੁੰਦੇ ਹਨ, ਉਨ੍ਹਾਂ ਅਦਾਰਿਆਂ ਵਿੱਚ ਆਪਸੀ ਮਿਲਵਰਤਨ, ਸ਼ਾਂਤੀ ਵਾਲਾ ਮਾਹੌਲ ਅਤੇ ਵੱਧ ਕੰਮ ਹੁੰਦਾ ਹੈ। ਉਨ੍ਹਾਂ ਵਿੱਚ ਕੰਮ ਕਰਦੇ ਅਧਿਕਾਰੀ ਅਤੇ ਕਰਮਚਾਰੀ ਬਿਨਾਂ ਕਾਰਨ ਉਨ੍ਹਾਂ ਅਦਾਰਿਆਂ ਨੂੰ ਛੱਡ ਕੇ ਜਾਣ ਲਈ ਤਿਆਰ ਨਹੀਂ ਹੁੰਦੇ। ਉਨ੍ਹਾਂ ਦੇ ਇੱਕ ਦੂਜੇ ਨਾਲ ਪਰਿਵਾਰਕ ਸੰਬੰਧ ਵੀ ਬਣ ਜਾਂਦੇ ਹਨ। ਉਨ੍ਹਾਂ ਪਰਿਵਾਰਾਂ ਦੀ ਸਮਾਜ ਵਿੱਚ ਕਦੇ ਵੀ ਸ਼ੋਭਾ ਨਹੀਂ ਹੁੰਦੀ, ਜਿਨ੍ਹਾਂ ਦੇ ਮਾੜੇ ਸੁਭਾਅ ਵਾਲੇ ਜੀਅ ਛੋਟੇ ਛੋਟੇ ਮਸਲਿਆਂ ਨੂੰ ਲੈਕੇ ਆਪਸ ਵਿੱਚ ਲੜਦੇ ਝਗੜਦੇ ਹੀ ਰਹਿੰਦੇ ਹਨ। ਉਨ੍ਹਾਂ ਪਰਿਵਾਰਾਂ ਦਾ ਇਕੱਠ ਜ਼ਿਆਦਾ ਦੇਰ ਤਕ ਨਹੀਂ ਚੱਲਦਾ। ਉਹ ਇੱਕ ਦੂਜੇ ਨੂੰ ਕੋਸਦੇ ਹੀ ਰਹਿੰਦੇ ਹਨ। ਸਭ ਕੁਝ ਹੁੰਦੇ ਹੋਏ ਵੀ ਉਨ੍ਹਾਂ ਪੱਲੇ ਸਬਰ ਸੰਤੋਖ ਨਹੀਂ ਹੁੰਦਾ। ਪਰ ਚੰਗੇ ਸੁਭਾਅ ਵਾਲੇ ਸਮਝਦਾਰ ਲੋਕ ਗੁਜ਼ਾਰੇ ਯੋਗ ਸਾਧਨ ਨਾ ਹੋਣ ਦੇ ਬਾਵਜੂਦ ਆਪਣੇ ਸੰਬੰਧਾਂ ਨੂੰ ਤਰਜੀਹ ਦਿੰਦੇ ਹਨ ਨਾ ਕਿ ਛੋਟੀਆਂ ਛੋਟੀਆਂ ਗੱਲਾਂ ਨੂੰ। ਕਿਉਂਕਿ ਉਨ੍ਹਾਂ ਨੂੰ ਇਸ ਗੱਲ ਦੀ ਸਮਝ ਹੁੰਦੀ ਹੈ ਕਿ ਪਰਿਵਾਰਾਂ ਦਾ ਇਕੱਠ ਕਿਵੇਂ ਕਾਇਮ ਰਹਿੰਦਾ ਹੈ।
ਮੇਰੇ ਇੱਕ ਜਾਣਕਾਰ ਪਰਿਵਾਰ ਵਿੱਚ ਜਦੋਂ ਕੁੜੀ ਆਪਣੇ ਵਿਆਹ ਵੇਲੇ ਆਪਣੇ ਸਹੁਰਿਆਂ ਨੂੰ ਤੁਰਨ ਲੱਗੀ ਤਾਂ ਉਸਦੇ ਤੁਰਨ ਵੇਲੇ ਐਨੀ ਉਸਦੀ ਮਾਂ ਨਹੀਂ ਰੋ ਰਹੀ ਸੀ, ਜਿੰਨੀਆਂ ਉਸਦੀਆਂ ਭਰਜਾਈਆਂ ਰੋ ਰਹੀਆਂ ਸਨ ਕਿਉਂਕਿ ਭਰਜਾਈਆਂ ਨੇ ਉਸ ਨੂੰ ਆਪਣੀ ਧੀ ਵਾਲਾ ਹੀ ਪਿਆਰ ਦਿੱਤਾ ਸੀ। ਉਸ ਕੁੜੀ ਨੇ ਵੀ ਉਨ੍ਹਾਂ ਨੂੰ ਆਪਣੀ ਮਾਂ ਹੀ ਸਮਝਿਆ ਸੀ। ਸਾਡੇ ਸਮਾਜ ਦੀ ਕਿੰਨੀ ਵੱਡੀ ਤ੍ਰਾਸਦੀ ਹੈ ਕਿ ਅਸੀਂ ਆਪਣੀ ਨੂੰਹ ਦੇ ਮਾੜੇ ਸੁਭਾਅ ਲਈ ਉਸ ਨੂੰ ਸਮਝਾਉਣ ਦੀ ਬਜਾਏ ਉਸ ਦੀ ਚਾਰੇ ਪਾਸੇ ਡੌਂਡੀ ਪਿੱਟ ਦਿੰਦੇ ਹਾਂ ਪਰ ਆਪਣੀ ਧੀ ਦੇ ਮਾੜੇ ਸੁਭਾਅ ਉੱਤੇ ਪਰਦਾ ਪਾਉਂਦੇ ਰਹਿੰਦੇ ਹਾਂ। ਧੀਆਂ ਹੀ ਨੂੰਹਾਂ ਬਣਦੀਆਂ ਹਨ। ਚੰਗੇ, ਨੇਕ ਅਤੇ ਸਿਆਣੇ ਸਿਆਸੀ ਲੋਕ ਸੱਤਾ ਵਿੱਚ ਹੋਣ ਜਾਂ ਨਾ ਹੋਣ, ਫਿਰ ਵੀ ਉਹ ਲੋਕਾਂ ਵਿੱਚ ਹਰਮਨ ਪਿਆਰੇ ਹੁੰਦੇ ਹਨ। ਚੰਗੇ ਅਧਿਆਪਕ ਆਪਣੇ ਚੰਗੇ ਸੁਭਾਅ ਨਾਲ ਪੜ੍ਹਾਈ ਵਿੱਚ ਨਲਾਇਕ ਬੱਚਿਆਂ ਨੂੰ ਕਦੇ ਵੀ ਇਹ ਸ਼ਬਦ ਨਹੀਂ ਕਹਿੰਦੇ ਕਿ ਤੈਨੂੰ ਰੱਬ ਵੀ ਪਾਸ ਨਹੀਂ ਕਰਾ ਸਕਦਾ। ਹੁਸ਼ਿਆਰ ਬੱਚਿਆਂ ਨਾਲੋਂ ਨਲਾਇਕ ਬੱਚੇ ਆਪਣੇ ਅਧਿਆਪਕਾਂ ਨੂੰ ਕਦੇ ਨਹੀਂ ਭਲਾਉਂਦੇ। ਚੰਗੇ ਸੁਭਾਅ ਵਾਲੇ ਡਾਕਟਰ ਆਪਣੇ ਮਰੀਜ਼ ਨੂੰ ਡਰਾਉਣ ਨਾਲੋਂ ਉਸ ਨੂੰ ਇਹ ਕਹਿੰਦੇ ਹਨ, ਹੌਸਲਾ ਰੱਖੋ, ਮੈਂ ਤੁਹਾਨੂੰ ਯਕੀਨਨ ਤੌਰ ’ਤੇ ਠੀਕ ਕਰਨ ਦਾ ਯਤਨ ਕਰਾਂਗਾ। ਚੰਗੇ ਸੁਭਾਅ ਵਾਲੇ ਲੋਕ ਸਾਨੂੰ ਨਾ ਵੀ ਵੇਖਣ, ਅਸੀਂ ਉਨ੍ਹਾਂ ਨੂੰ ਫਿਰ ਵੀ ਬੁਲਾਉਣ ਲਈ ਯਤਨਸ਼ੀਲ ਹੁੰਦੇ ਹਾਂ ਪਰ ਮਾੜੇ ਬੰਦੇ ਨੂੰ ਵੇਖਕੇ ਅਸੀਂ ਪਾਸਾ ਵੱਟ ਲੈਂਦੇ ਹਾਂ। ਚੰਗੇ ਸੁਭਾਅ ਵਾਲੇ ਲੋਕ ਸਤਿਕਾਰ ਯੋਗ ਹੁੰਦੇ ਹਨ ਪਰ ਮਾੜੇ ਸੁਭਾਅ ਵਾਲੇ ਨਿੰਦਣ ਯੋਗ ਹੁੰਦੇ ਹਨ ਪਰ ਫਿਰ ਵੀ ਸਾਡੇ ਸਮਾਜ ਵਿੱਚ ਮਾੜੇ ਸੁਭਾਅ ਵਾਲੇ ਲੋਕਾਂ ਦੀ ਕੋਈ ਘਾਟ ਨਹੀਂ। ਮਨੁੱਖ ਦੀ ਸਮਝਦਾਰੀ ਇਸ ਵਿੱਚ ਹੀ ਹੈ ਕਿ ਉਹ ਚੰਗੇ ਸੁਭਾਅ ਵਾਲਾ ਸਮਝਦਾਰ ਇਨਸਾਨ ਬਣੇ। ਮਾੜੇ ਸੁਭਾਅ ਵਾਲੇ ਵਿਅਕਤੀ ਨੂੰ ਉਸਦੇ ਮੂੰਹ ਉੱਤੇ ਮਾੜਾ ਭਾਵੇਂ ਕੋਈ ਨਾ ਕਹੇ ਪਰ ਉਸਦੀ ਸੰਗਤ ਕਿਸੇ ਨੂੰ ਵੀ ਪਸੰਦ ਨਹੀਂ ਹੁੰਦੀ। ਉਸ ਨੂੰ ਕੋਈ ਵੀ ਮੂੰਹ ਲਗਾਉਣ ਲਈ ਤਿਆਰ ਨਹੀਂ ਹੁੰਦਾ। ਚੰਗੇ ਸੁਭਾਅ ਵਾਲੇ ਰਿਸ਼ਤੇਦਾਰ ਆਰਥਿਕ ਤੌਰ ’ਤੇ ਭਾਵੇਂ ਕਮਜ਼ੋਰ ਹੀ ਹੋਣ ਪਰ ਫਿਰ ਵੀ ਹਰ ਕੋਈ ਉਨ੍ਹਾਂ ਨਾਲ ਸੰਬੰਧ ਬਣਾਕੇ ਰੱਖਣ ਦਾ ਚਾਹਵਾਨ ਹੁੰਦਾ ਹੈ। ਮਾੜੇ ਸੁਭਾਅ ਵਾਲੇ ਮੂਰਖ ਰਿਸ਼ਤੇਦਾਰ ਭਾਵੇਂ ਜਿੰਨੇ ਮਰਜ਼ੀ ਸਮਰੱਥ ਹੋਣ ਪਰ ਫਿਰ ਵੀ ਉਹ ਬਿਗਾਨਿਆਂ ਵਰਗੇ ਹੀ ਹੁੰਦੇ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5199)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: