“ਸਾਡੇ ਮੁਲਕ ਦੀਆਂ ਸਰਕਾਰਾਂ ਨੂੰ ਇਹ ਗੱਲ ਕਦੋਂ ਸਮਝ ਆਵੇਗੀ ਕਿ ਸਾਫ ਸਫਾਈ, ਸਖ਼ਤ ਕਾਨੂੰਨ ਅਤੇ ਜਾਨਵਰਾਂ ਦੀ ...”
(28 ਅਪਰੈਲ 2024)
ਇਸ ਸਮੇਂ ਪਾਠਕ: 245.
ਕਿਸੇ ਵੀ ਮੁਲਕ ਦੇ ਕਾਨੂੰਨ ਉਸ ਮੁਲਕ ਦੀਆਂ ਸਰਕਾਰਾਂ ਦੀ ਸਿਆਣਪ, ਸੂਝ ਬੂਝ a ਤੇ ਉਨ੍ਹਾਂ ਦੀ ਆਪਣੇ ਦੇਸ਼ ਦੇ ਲੋਕਾਂ ਪ੍ਰਤੀ ਫਿਕਮੰਦੀ ਦੀ ਹਾਮੀ ਭਰਦੇ ਹਨ। ਕਾਨੂੰਨੀ ਸ਼ਕਤੀ ਹੀ ਉੱਥੋਂ ਦੇ ਲੋਕਾਂ ਨੂੰ ਅਪਰਾਧ ਕਰਨ, ਬਦਅਮਨੀ ਫੈਲਾਉਣ ਤੋਂ ਰੋਕਦੀ ਹੈ ਅਤੇ ਨਿਯਮਾਂ ਵਿੱਚ ਰਹਿਕੇ ਜ਼ਿੰਦਗੀ ਜਿਊਣ ਵੱਲ ਨੂੰ ਤੋਰਦੀ ਹੈ। ਸਰਕਾਰਾਂ ਦਾ ਕੰਮ ਕੇਵਲ ਕਾਨੂੰਨ ਬਣਾਉਣਾ ਹੀ ਨਹੀਂ ਹੁੰਦਾ, ਸਗੋਂ ਆਪਣੇ ਸਿਆਸੀ ਹਿਤਾਂ ਤੋਂ ਲਾਂਭੇ ਹੋ ਕੇ ਲੋਕ ਹਿਤਾਂ ਵਾਸਤੇ ਉਨ੍ਹਾਂ ਨੂੰ ਸਖਤੀ ਨਾਲ ਲਾਗੂ ਕਰਨਾ ਵੀ ਹੁੰਦਾ ਹੈ। ਸਖਤੀ ਅਤੇ ਇਮਾਨਦਾਰੀ ਨਾਲ ਲਾਗੂ ਕੀਤੇ ਕਾਨੂੰਨ ਸਰਕਾਰਾਂ ਦੇ ਅਕਸ ਨੂੰ ਚੰਗਾ ਬਣਾਉਂਦੇ ਹਨ ਤੇ ਲੋਕਾਂ ਨੂੰ ਅਮਨ ਚੈਨ ਦੀ ਜ਼ਿੰਦਗੀ ਜਿਊਣ ਦਾ ਸਾਧਨ ਬਣਦੇ ਹਨ। ਪਰ ਕਾਨੂੰਨ ਬਣਾਕੇ ਉਨ੍ਹਾਂ ਨੂੰ ਸਖਤੀ ਨਾਲ ਲਾਗੂ ਨਾ ਕਰ ਸਕਣ ਵਾਲੀਆਂ ਸਰਕਾਰਾਂ ਖੁਦ ਤਾਂ ਮਜ਼ਾਕ ਦਾ ਪਾਤਰ ਬਣਦੀਆਂ ਹੀ ਹਨ ਅਤੇ ਨਾਲ ਹੀ ਲੋਕਾਂ ਅਤੇ ਦੇਸ਼ ਲਈ ਕਈ ਸਮੱਸਿਆਵਾਂ ਵੀ ਖੜ੍ਹੀਆਂ ਕਰਦੀਆਂ ਹਨ।
ਕੈਨੇਡਾ ਦੇ ਚੰਗੇ ਕਾਨੂੰਨਾਂ ਵਿੱਚੋਂ ਇੱਕ ਕਾਨੂੰਨ ਜਾਨਵਰ ਰੱਖਣ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਲਈ ਬਣਾਇਆ ਗਿਆ ਇੱਕ ਕਾਨੂੰਨ ਵੀ ਹੈ। ਇਸ ਦੇਸ਼ ਵਿੱਚ ਜਦੋਂ ਦੂਜੇ ਦੇਸ਼ਾਂ ਵਿੱਚੋਂ ਲੋਕ ਘੁੰਮਣ ਫਿਰਨ ਜਾਂ ਇੱਥੇ ਪੱਕੇ ਤੌਰ ’ਤੇ ਰਹਿਣ ਲਈ ਆਉਂਦੇ ਹਨ ਤਾਂ ਉਹ ਇਹ ਵੇਖਕੇ ਬਹੁਤ ਹੈਰਾਨ ਰਹਿ ਜਾਂਦੇ ਹਨ ਕਿ ਸੜਕਾਂ ਉੱਤੇ ਗੰਦਗੀ ਦੇ ਢੇਰ ਵਿਖਾਈ ਨਹੀਂ ਦਿੰਦੇ, ਕਿਧਰੇ ਵੀ ਅਵਾਰਾ ਜਾਨਵਰ ਘੁੰਮਦੇ ਨਜ਼ਰ ਨਹੀਂ ਆਉਂਦੇ। ਲੋਕਾਂ ਨੇ ਆਪਣੇ ਘਰਾਂ ਦੇ ਅੱਗੇ ਪਸ਼ੂ ਨਹੀਂ ਬੰਨ੍ਹੇ ਹੋਏ ਅਤੇ ਨਾ ਹੀ ਗਲੀਆਂ, ਸੜਕਾਂ ਅਤੇ ਜਨਤਕ ਥਾਵਾਂ ਉੱਤੇ ਗੋਹੇ ਦੇ ਢੇਰ ਲੱਗੇ ਹੋਏ ਵਿਖਾਈ ਦਿੰਦੇ ਹਨ। ਇਹ ਸਾਰਾ ਕੁਝ ਜਾਨਵਰਾਂ ਦੀ ਸਾਂਭ ਸੰਭਾਲ ਲਈ ਸਰਕਾਰ ਵੱਲੋਂ ਬਣਾਏ ਗਏ ਕਾਨੂੰਨ ਅਤੇ ਉਨ੍ਹਾਂ ਦੀ ਸਖਤੀ ਨਾਲ ਪਾਲਣਾ ਕਰਵਾਉਣ ਕਰਕੇ ਹੀ ਹੈ। ਜਾਨਵਰਾਂ ਲਈ ਕਾਨੂੰਨ ਤਾਂ ਭਾਰਤ ਵਿੱਚ ਵੀ ਬਣੇ ਹੋਏ ਪਰ ਉਨ੍ਹਾਂ ਨੂੰ ਲਾਗੂ ਕਰਨ ਵਾਲੀਆਂ ਨਾ ਤਾਂ ਸਰਕਾਰਾਂ ਸੰਜੀਦਾ ਹਨ ਅਤੇ ਨਾ ਹੀ ਕਾਨੂੰਨਾਂ ਦਾ ਪਾਲਣ ਕਰਨ ਵਾਲੇ ਲੋਕ ਇਮਾਨਦਾਰ ਹਨ। ਸਾਡੇ ਦੇਸ਼ ਵਾਂਗ ਕੈਨੇਡਾ ਵਿੱਚ ਕਾਨੂੰਨ ਤੋੜਨ ਵਾਲੇ ਨੂੰ ਨੋਟਿਸ ਨਹੀਂ ਭੇਜੇ ਜਾਂਦੇ ਸਗੋਂ ਸਿੱਧਾ ਜੁਰਮਾਨਾ ਕੀਤਾ ਜਾਂਦਾ ਹੈ। ਸਾਡੇ ਮੁਲਕ ਵਾਂਗ ਨਾ ਤਾਂ ਕਾਨੂੰਨਾਂ ਵਿੱਚ ਚੋਰ ਮੋਰੀਆਂ ਹਨ ਤੇ ਨਾ ਹੀ ਲੋਕ ਨੁਮਾਇੰਦੇ ਕਾਨੂੰਨ ਤੋੜਨ ਵਾਲੇ ਦੋਸ਼ੀਆਂ ਨੂੰ ਛੱਡਣ ਲਈ ਫੋਨ ਕਰਦੇ ਹਨ।
ਸਾਡੇ ਦੇਸ਼ ਦੇ ਲੋਕ ਜਦੋਂ ਕਿਸੇ ਅਪਰਾਧ ਦਾ ਖੁਦ ਸ਼ਿਕਾਰ ਹੁੰਦੇ ਹਨ, ਉਦੋਂ ਉਹ ਕਾਨੂੰਨਾਂ ਦੀ ਬਹੁਤ ਦੁਹਾਈ ਪਾਉਂਦੇ ਹਨ ਪਰ ਉਹੀ ਲੋਕ ਜਦੋਂ ਆਪ ਅਪਰਾਧ ਕਰਕੇ ਦੂਜੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਹਨ ਤਾਂ ਉਹ ਉਨ੍ਹਾਂ ਕਾਨੂੰਨਾਂ ਤੋਂ ਬਚਣ ਦਾ ਯਤਨ ਕਰਦੇ ਹਨ। ਕੈਨੇਡਾ ਵਿੱਚ ਜੇਕਰ ਪਾਲਤੂ ਜਾਨਵਰਾਂ ਕੁੱਤਿਆਂ, ਘੋੜਿਆਂ ਬਿੱਲੀਆਂ, ਖ਼ਰਗੋਸ਼ਾਂ ਅਤੇ ਤੋਤਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਮੁਲਕ ਦੇ ਲੋਕ ਉਨ੍ਹਾਂ ਨੂੰ ਕੇਵਲ ਰੱਖਦੇ ਹੀ ਨਹੀਂ, ਸਗੋਂ ਉਨ੍ਹਾਂ ਨੂੰ ਬੇਹੱਦ ਪਿਆਰ ਵੀ ਕਰਦੇ ਹਨ। ਇਸ ਮੁਲਕ ਦਾ ਸਮਾਜਿਕ ਵਰਤਾਰਾ ਇਹ ਹੈ ਕਿ ਗੋਰਿਆਂ ਦੇ ਬੱਚੇ ਸਕੂਲ ਕਾਲਜ ਵਿੱਚੋ ਪੜ੍ਹਕੇ ਨਿਕਲਦਿਆਂ ਹੀ ਆਪਣੇ ਮਾਂ ਬਾਪ ਨੂੰ ਛੱਡਕੇ ਬਿਨਾਂ ਵਿਆਹ ਤੋਂ ਅਲੱਗ ਰਹਿਣ ਲੱਗ ਪੈਂਦੇ ਹਨ। ਇਹ ਪਾਲਤੂ ਜਾਨਵਰ ਹੀ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਹੁੰਦੇ ਹਨ। ਇਹ ਲੋਕ ਜਾਨਵਰਾਂ ਨੂੰ ਬਹੁਤ ਪਿਆਰ ਕਰਦੇ ਹਨ ਤੇ ਉਨ੍ਹਾਂ ਦੀ ਸੁਚੱਜੀ ਸਾਂਭ ਸੰਭਾਲ ਵੀ ਕਰਦੇ ਹਨ। ਉਨ੍ਹਾਂ ਦੇ ਸੌਣ ਪੈਣ, ਖਾਣ ਪੀਣ ਅਤੇ ਇਲਾਜ ਦਾ ਧਿਆਨ ਆਪਣੇ ਵਾਂਗ ਹੀ ਰੱਖਦੇ ਹਨ। ਕੁੱਤਿਆਂ, ਬਿੱਲੀਆਂ ਅਤੇ ਖ਼ਰਗੋਸ਼ਾਂ ਨੂੰ ਆਪਣੇ ਸੌਣ ਵਾਲੇ ਕਮਰਿਆਂ ਵਿੱਚ ਵੀ ਸੁਲਾ ਲੈਂਦੇ ਹਨ। ਕੁੱਤਿਆਂ ਲਈ ਇਸ ਮੁਲਕ ਦੀ ਸਰਕਾਰ ਨੇ ਕੈਨੇਡਾ ਕੈਲਨ ਕਲਬ ਬਣਾਇਆ ਹੋਇਆ ਹੈ ਅਤੇ ਵੱਧ ਤੋਂ ਵੱਧ ਵੈਟਰਨਰੀ ਹਸਪਤਾਲ ਖੋਲ੍ਹੇ ਹਨ। ਘਰਾਂ ਵਿਚ ਰੱਖੇ ਹੋਏ ਕੁੱਤਿਆਂ ਦੇ ਸਰੀਰ ਵਿੱਚ ਟੀਕੇ ਨਾਲ ਰੱਖੀ ਗਈ ਚਿਪ ਦੇ ਮਾਧਿਅਮ ਰਾਹੀਂ ਉਨ੍ਹਾਂ ਕੁੱਤਿਆਂ ਦਾ ਉਸ ਕੈਲਨ ਕਲਬ ਵਿੱਚ ਪੂਰਾ ਰਿਕਾਰਡ ਹੁੰਦਾ ਹੈ। ਜਦੋਂ ਵੀ ਉਨ੍ਹਾਂ ਕੁੱਤਿਆਂ ਦੇ ਕੋਈ ਟੀਕਾ ਲੱਗਣਾ ਹੁੰਦਾ ਹੈ, ਉਦੋਂ ਉਸਦੇ ਮਾਲਕਾਂ ਨੂੰ ਕੈਲਨ ਕਲਬ ਤੋਂ ਫੋਨ ਚਲਾ ਜਾਂਦਾ ਹੈ। ਬੰਦਿਆਂ ਵਾਂਗ ਹੀ ਉਨ੍ਹਾਂ ਦੇ ਸਾਰੇ ਟੈੱਸਟ ਹੁੰਦੇ ਹਨ। ਕੁੱਤਿਆਂ ਨੂੰ ਰੱਖਣ, ਘੁਮਾਉਣ ਫਿਰਾਉਣ ਅਤੇ ਟੱਟੀ ਪਿਸ਼ਾਬ ਕਰਾਉਣ ਲਈ ਸਰਕਾਰ ਵੱਲੋਂ ਬਕਾਇਦਾ ਕਾਨੂੰਨ ਬਣਾਇਆ ਗਿਆ ਹੈ।
ਕੁੱਤੇ ਨੂੰ ਸੈਰ ਕਰਾਉਂਦਿਆਂ ਉਸ ਨੂੰ ਖੁੱਲ੍ਹਾ ਨਹੀਂ ਛੱਡਿਆ ਜਾ ਸਕਦਾ। ਉਸਦੀ ਕੀਤੀ ਹੋਈ ਟੱਟੀ ਨੂੰ ਚੁੱਕਕੇ ਕੂੜਾਦਾਨ ਵਿੱਚ ਪਾਉਣਾ ਸਬੰਧਤ ਵਿਅਕਤੀ ਦੀ ਜ਼ਿੰਮੇਵਾਰੀ ਹੁੰਦੀ ਹੈ ਤਾਂ ਕਿ ਗੰਦਗੀ ਨਾ ਫੈਲੇ। ਕੁੱਤੇ ਨੂੰ ਹਲਕਾਅ ਅਤੇ ਹੋਰ ਬਿਮਾਰੀਆਂ ਤੋਂ ਲੱਗਣ ਵਾਲੇ ਇੱਕ ਤੇ ਤਿੰਨ ਮਹੀਨੇ ਬਾਅਦ ਲੱਗਣ ਵਾਲੇ ਟੀਕੇ ਲੱਗਣੇ ਬਹੁਤ ਜ਼ਰੂਰੀ ਹੁੰਦੇ ਹਨ। ਕੁੱਤੇ ਨੂੰ ਆਵਾਰਾ ਨਹੀਂ ਛੱਡਿਆ ਜਾ ਸਕਦਾ। ਕਿਸੇ ਵੀ ਕੁੱਤੀ ਦੇ ਗਰਭਵਤੀ ਹੋਣ ਦੀ ਸੂਚਨਾ ਰੱਖਣ ਤੇ ਉਸ ਦੇ ਹੋਣ ਵਾਲੇ ਬੱਚਿਆਂ ਨੂੰ ਚਾਹਵਾਨ ਲੋਕਾਂ ਨੂੰ ਸੌਂਪਣ ਦੀ ਭੂਮਿਕਾ ਕੈਲਨ ਕਲਬ ਵੱਲੋਂ ਨਿਭਾਈ ਜਾਂਦੀ ਹੈ। ਕੁੱਤੇ ਦੇ ਮਰਨ ਅਤੇ ਉਸ ਨੂੰ ਜਲਾਉਣ ਲਈ ਸਰਕਾਰ ਵੱਲੋਂ ਬਣਾਏ ਗਏ ਕੈਲਨ ਕਲਬ ਕੋਲ ਜਾਣਾ ਪੈਂਦਾ ਹੈ ਤੇ ਉਸ ਲਈ 500 ਡਾਲਰ ਦੀ ਅਦਾਇਗੀ ਕਰਨੀ ਪੈਂਦੀ ਹੈ। ਕੁੱਤੇ ਨੂੰ ਉਹੀ ਖੁਰਾਕ ਦੇਣੀ ਪੈਂਦੀ ਹੈ ਜਿਸਦੀ ਵੈਟਰਨਟੀ ਡਾਕਟਰ ਵੱਲੋਂ ਸਿਫਾਰਸ਼ ਕੀਤੀ ਜਾਂਦੀ ਹੈ। ਕੁੱਤੇ ਨੂੰ ਬੱਸ, ਗੱਡੀ ਅਤੇ ਜਹਾਜ਼ ਵਿੱਚ ਲਿਜਾਣ ਲਈ ਵਿਸ਼ੇਸ਼ ਤੌਰ ’ਤੇ ਨਿਯਮ ਬਣਾਏ ਗਏ ਹਨ, ਜਿਸਦੀ ਸਖਤੀ ਨਾਲ ਪਾਲਣਾ ਕਰਵਾਈ ਜਾਂਦੀ ਹੈ। ਇਹੋ ਕਾਰਨ ਹੈ ਕਿ ਇਸ ਮੁਲਕ ਵਿਚ ਸਾਡੇ ਦੇਸ਼ ਵਾਂਗ ਕੁੱਤੇ ਸੜਕਾਂ ਉੱਤੇ ਅਵਾਰਾ ਨਹੀਂ ਘੁੰਮਦੇ ਤੇ ਨਾ ਹੀ ਲੋਕਾਂ ਨੂੰ ਵੱਢਕੇ ਉਨ੍ਹਾਂ ਦੀ ਜਾਨ ਲੈਂਦੇ ਹਨ। ਕਿਸੇ ਵੀ ਵਿਅਕਤੀ ਨੂੰ ਕਿਸੇ ਦੇ ਕੁੱਤੇ ਵੱਲੋਂ ਵਢੇ ਜਾਣ ’ਤੇ ਸਜ਼ਾ ਅਤੇ ਜੁਰਮਾਨਾ ਦੋਵੇਂ ਹੁੰਦੇ ਹਨ।
ਇਸੇ ਤਰ੍ਹਾਂ ਬਿੱਲੀਆਂ, ਖ਼ਰਗੋਸ਼, ਤੋਤੇ ਅਤੇ ਕਬੂਤਰ ਰੱਖਣ ਵਾਲੇ ਲੋਕਾਂ ਨੂੰ ਵੀ ਇਸ ਮੁਲਕ ਦੇ ਕਾਇਦੇ ਕਾਨੂੰਨਾਂ ਦਾ ਪਾਲਣ ਕਰਨਾ ਪੈਂਦਾ ਹੈ। ਹੁਣ ਜੇਕਰ ਦੁਧਾਰੁ ਪਸ਼ੂਆਂ, ਗਊਆਂ, ਮੱਝਾਂ, ਬੱਕਰੀਆਂ, ਭੇਡਾਂ, ਘੋੜਿਆਂ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਦੇ ਰੱਖਣ ਲਈ ਇਸ ਮੁਲਕ ਦੀ ਸਰਕਾਰ ਵੱਲੋਂ ਵਿਸ਼ੇਸ਼ ਕਾਨੂੰਨ ਬਣਾਏ ਗਏ ਹਨ। ਦੁਧਾਰੂ ਪਸ਼ੂਆਂ ਅਤੇ ਘੋੜਿਆਂ, ਭੇਡਾਂ ਨੂੰ ਰਿਹਾਇਸ਼ੀ ਇਲਾਕਿਆਂ ਵਿੱਚ ਰੱਖਣ ਦੀ ਇਜਾਜ਼ਤ ਨਹੀਂ ਹੈ ਤਾਂਕਿ ਰਿਹਾਇਸ਼ੀ ਇਲਕਿਆਂ ਵਿੱਚ ਗੰਦਗੀ ਨਾ ਫੈਲ ਸਕੇ। ਦੁਧਾਰੂ ਪਸ਼ੂਆਂ ਨੂੰ ਰਿਹਾਇਸ਼ੀ ਇਲਾਕਿਆਂ ਤੋਂ ਬਾਹਰ ਫਾਰਮਾਂ ਵਿੱਚ ਰੱਖਿਆ ਜਾਂਦਾ ਹੈ। ਘੋੜੇ, ਭੇਡਾਂ ਤੇ ਹੋਰ ਜਾਨਵਰ ਰੱਖਣ ਲਈ ਘਰ ਰਿਹਾਇਸ਼ੀ ਆਬਾਦੀ ਤੋਂ ਬਾਹਰ ਬਣਾਏ ਜਾਂਦੇ ਹਨ। ਦੁਧਾਰੂ ਅਤੇ ਦੂਜੇ ਪਸ਼ੂਆਂ ਦਾ ਵੈਟਰੀਨਰੀ ਹਸਪਟਲਾਂ ਵਿੱਚ ਪੂਰਾ ਪੂਰਾ ਰਿਕਾਰਡ ਹੁੰਦਾ ਹੈ। ਇਨ੍ਹਾਂ ਪਸ਼ੂਆਂ ਨੂੰ ਕੋਈ ਬਿਮਾਰੀ ਨਾ ਲੱਗ ਸਕੇ, ਇਸ ਲਈ ਉਨ੍ਹਾਂ ਦੇ ਸਮੇਂ ਸਮੇਂ ’ਤੇ ਟੀਕੇ ਲਗਵਾਉਣਾ ਤੇ ਉਨ੍ਹਾਂ ਦਾ ਚੈੱਕਅੱਪ ਕਰਵਾਉਣਾ ਮਾਲਕ ਦੀ ਜ਼ਿੰਮੇਵਾਰੀ ਹੁੰਦੀ ਹੈ। ਇਸ ਮੁਲਕ ਦਾ ਜਾਨਵਰਾਂ ਦਾ ਸਿਹਤ ਵਿਭਾਗ ਫਾਰਮਾਂ ਵਿੱਚ ਜੰਮੇ ਪਸ਼ੂਆਂ ਦਾ ਨਿਰੀਖਣ ਕਰਦਾ ਹੈ। ਜਿੰਮੇਵਾਰ ਵਿਅਕਤੀ ਵੱਲੋਂ ਕੀਤੀ ਜਾਣ ਵਾਲੀ ਕੁਤਾਹੀ ਲਈ ਉਸ ਨੂੰ ਕਾਫੀ ਰਾਸ਼ੀ ਵਾਲੇ ਜੁਰਮਾਨੇ ਕੀਤੇ ਜਾਂਦੇ ਹਨ। ਇ ਨ੍ਹਾ ਜਾਨਵਰਾਂ ਦੇ ਗੋਹੇ ਯਾਨੀ ਕਿ ਗੰਦਗੀ ਨਾਲ ਗੰਦ ਪੈਣ ਤੋਂ ਬਚਾਉਣ ਲਈ ਬਕਾਇਦਾ ਇੱਕ ਪ੍ਰਕਿਰਿਆ ਨੂੰ ਅਪਣਾਇਆ ਗਿਆ ਹੈ। ਇਹੋ ਕਾਰਨ ਹੈ ਕਿ ਇਸ ਮੁਲਕ ਵਿੱਚ ਰਿਹਾਇਸ਼ੀ ਆਬਾਦੀ ਵਿੱਚ ਘਰਾਂ ਦੇ ਅੱਗੇ ਨਾ ਤਾਂ ਪਸ਼ੂ ਬੰਨ੍ਹੇ ਮਿਲਦੇ ਹਨ ਅਤੇ ਨਾ ਹੀ ਉਨ੍ਹਾਂ ਲਈ ਬਣਾਈਆਂ ਗਈਆਂ ਝੁੱਗੀਆਂ ਦਿਸਦੀਆਂ ਹਨ, ਨਾ ਤੂੜੀ ਦੇ ਕੁੱਪ ਜਾਂ ਟਾਂਡਿਆਂ, ਗੋਹੇ ਅਤੇ ਪਾਥੀਆਂ ਦੇ ਢੇਰ।
ਸਾਡੇ ਦੇਸ਼ ਵਾਂਗ ਇਸ ਮੁਲਕ ਵਿੱਚ ਸੜਕਾਂ ਉੱਤੇ ਘੁੰਮਦੇ ਅਵਾਰਾ ਪਸ਼ੂ ਦੁਰਘਟਨਾਵਾਂ ਅਤੇ ਲੋਕਾਂ ਦੀ ਜਾਨ ਲੈਣ ਦਾ ਕਾਰਨ ਨਹੀਂ ਬਣਦੇ ਕਿਉਂਕਿ ਇਸ ਮੁਲਕ ਦੇ ਕਾਨੂੰਨ ਬਹੁਤ ਸਖ਼ਤ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਸਾਡਾ ਦੇਸ਼ ਭਾਰਤ ਖੇਤੀ ਪ੍ਰਧਾਨ ਦੇਸ਼ ਹੈ, ਅਬਾਦੀ ਜ਼ਿਆਦਾ ਅਤੇ ਖੇਤਰਫਲ ਘੱਟ ਹੈ ਇਸ ਲਈ ਅਵਾਰਾ ਪਸ਼ੂਆਂ, ਗੰਦਗੀ ਅਤੇ ਘਾਹ ਫੂਸ ਦੇ ਕੁੱਪ ਹੋਣਾ ਸੁਭਾਵਿਕ ਹੈ। ਇਹ ਦਲੀਲ ਦੇਣ ਵਾਲੇ ਲੋਕਾਂ ਦੀ ਗੱਲ ਕਿਸੇ ਹੱਦ ਤਕ ਠੀਕ ਵੀ ਹੈ ਪਰ ਉਨ੍ਹਾਂ ਲੋਕਾਂ ਨੂੰ ਇਹ ਗੱਲ ਵੀ ਮੰਨ ਲੈਣੀ ਚਾਹੀਦੀ ਹੈ ਕਿ ਨਾ ਤਾਂ ਸਾਡੀਆਂ ਸਰਕਾਰਾਂ ਨੂੰ ਇਸ ਮੁਲਕ ਨਾਲ ਲਗਾਓ ਹੈ ਤੇ ਨਾ ਕਾਨੂੰਨ ਤੋੜਨ ਵਾਲਿਆਂ ਨੂੰ। ਇਸ ਮੁਲਕ ਦੀ ਸਰਕਾਰ ਨੇ ਜਾਨਵਰਾਂ ਦੀ ਸੁਰੱਖਿਆ ਅਤੇ ਸ਼ਿਕਾਰ ਲਈ ਵਿਸ਼ੇਸ਼ ਕਾਨੂੰਨ ਬਣਾਇਆ ਹੋਇਆ ਹੈ। ਕਿਹੜੇ ਜਾਨਵਰਾਂ ਦਾ, ਕਿਹੜੇ ਮੌਸਮ ਅਤੇ ਕਿਹੜੇ ਖੇਤਰਾਂ ਵਿੱਚ ਸ਼ਿਕਾਰ ਹੋ ਸਕਦਾ ਹੈ, ਇਹ ਸਾਰਾ ਕੁਝ ਨਿਸ਼ਚਿਤ ਕੀਤਾ ਗਿਆ ਹੈ। ਸਾਡੇ ਮੁਲਕ ਵਾਂਗ ਇਸ ਮੁਲਕ ਵਿੱਚ ਜੰਗਲੀ ਜਾਨਵਰ ਰਿਹਾਇਸ਼ੀ ਇਲਾਕਿਆਂ ਵਿੱਚ ਨਹੀਂ ਘੁੰਮਦੇ। ਜੇਕਰ ਭੁੱਲਕੇ ਆ ਵੀ ਜਾਣ ਤਾਂ ਉਹ ਲੋਕਾਂ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ।
ਸਾਡੇ ਮੁਲਕ ਦੀਆਂ ਸਰਕਾਰਾਂ ਨੂੰ ਇਹ ਗੱਲ ਕਦੋਂ ਸਮਝ ਆਵੇਗੀ ਕਿ ਸਾਫ ਸਫਾਈ, ਸਖ਼ਤ ਕਾਨੂੰਨ ਅਤੇ ਜਾਨਵਰਾਂ ਦੀ ਸਾਂਭ ਸੰਭਾਲ ਜਿੱਥੇ ਮੁਲਕ ਦੇ ਲੋਕਾਂ ਦੀ ਜ਼ਿੰਦਗੀ ਨੂੰ ਸੋਹਣਾ ਅਤੇ ਸੁਖਾਲਾ ਬਣਾਉਂਦੇ ਹਨ, ਉੱਥੇ ਅੰਤਰਰਾਸ਼ਟਰੀ ਪੱਧਰ ਉੱਤੇ ਮੁਲਕ ਦੇ ਵਕਾਰ ਨੂੰ ਚੰਗਾ ਬਣਾਉਂਦੇ ਹਨ। ਇਸ ਉਦੇਸ਼ ਦੀ ਪ੍ਰਾਪਤੀ ਲਈ ਸਰਕਾਰ ਨੂੰ ਆਪਣੇ ਬਣਾਏ ਕਾਨੂੰਨਾਂ ਵਿੱਚ ਬਣਦੇ ਸੁਧਾਰ ਕਰਕੇ ਉਨ੍ਹਾਂ ਨੂੰ ਸਖ਼ਤੀ ਨਾਲ ਲਾਗੂ ਕਰਨਾ ਚਾਹੀਦਾ ਹੈ। ਦੇਸ਼ ਦੀ ਅਬਾਦੀ ਉੱਤੇ ਕਾਬੂ ਪਾਉਣਾ ਚਾਹੀਦਾ ਹੈ। ਜੁਰਮਾਨੇ ਅਤੇ ਸਜ਼ਾਵਾਂ ਸਖ਼ਤ ਹੋਣੀਆਂ ਚਾਹੀਦੀਆਂ ਹਨ। ਅਵਾਰਾ ਕੁੱਤਿਆਂ ਅਤੇ ਪਸ਼ੂਆਂ ਉੱਤੇ ਹਰ ਹਾਲਤ ਵਿੱਚ ਰੋਕ ਲਗਾਉਣੀ ਚਾਹੀਦੀ ਹੈ। ਸੜਕਾਂ, ਜਨਤਕ ਥਾਵਾਂ ਅਤੇ ਸ਼ਾਮਲਾਟਾਂ ਉੱਤੇ ਗੰਦਦੀ ਦੇ ਢੇਰ ਲਗਾਉਣ, ਪਸ਼ੂ ਬੰਨ੍ਹਣ ਅਤੇ ਘਾਹ ਫੂਸ ਦੇ ਕੁੱਪ ਬਣਾਉਣ ਉੱਤੇ ਸਖ਼ਤ ਪਾਬੰਦੀ ਹੋਣੀ ਚਾਹੀਦੀ ਹੈ। ਕੁੱਤਿਆਂ ਨੂੰ ਖੁੱਲ੍ਹੇ ਛੱਡਕੇ ਨਾ ਘੁਮਾਉਣ ਅਤੇ ਉਨ੍ਹਾਂ ਦੀ ਗੰਦਗੀ ਨੂੰ ਚੁੱਕ ਕੇ ਕੂੜਾਦਾਨ ਵਿੱਚ ਪਾਉਣ ਲਈ ਸਖ਼ਤ ਹਦਾਇਤ ਕੀਤੀ ਜਾਵੇ। ਸਿਆਸੀ ਲੋਕਾਂ ਨੂੰ ਕਾਨੂੰਨ ਤੋੜਨ ਵਾਲਿਆਂ ਨੂੰ ਬਚਾਉਣਾ ਬੰਦ ਕਰਨਾ ਪਵੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4922)
(ਸਰੋਕਾਰ ਨਾਲ ਸੰਪਰਕ ਲਈ:(This email address is being protected from spambots. You need JavaScript enabled to view it.)