“ਜਦੋਂ ਅਧਿਕਾਰ ਦਿੱਤੇ ਨਹੀਂ ਜਾਂਦੇ ਤਾਂ ਸਰਕਾਰਾਂ, ਕਾਰਖਾਨੇਦਾਰਾਂ ਤੋਂ ...”
(16 ਫਰਵਰੀ 2025)
ਸ਼ਾਂਤਮਈ ਜ਼ਿੰਦਗੀ ਜੀਓ, ਗੁੱਸਾ ਨਾ ਕਰੋ। ਘਮੰਡ ਮਨੁੱਖ ਦਾ ਨਾਸ ਕਰਦਾ ਹੈ ਅਤੇ ਲੜਾਈ ਝਗੜੇ ਵਿੱਚ ਪੈਕੇ ਮਨੁੱਖ ਆਪਣੇ ਦਿਮਾਗ ਦਾ ਸਕੂਨ ਖੋ ਬੈਠਦਾ ਹੈ। ਮਨੁੱਖੀ ਜ਼ਿੰਦਗੀ ਵਿੱਚ ਸੱਚਮੁੱਚ ਹੀ ਇਨ੍ਹਾਂ ਗੱਲਾਂ ਦੀ ਬਹੁਤ ਅਹਿਮੀਅਤ ਹੈ। ਪਰ ਸਿਆਣੇ ਲੋਕਾਂ ਦੀਆਂ ਇਨ੍ਹਾਂ ਨਸੀਹਤਾਂ, ਜ਼ਿੰਦਗੀ ਦੇ ਇਨ੍ਹਾਂ ਸਕਾਰਾਤਮਕ ਸਿਧਾਂਤਾਂ ਅਤੇ ਕਿਤਾਬੀ ਗਿਆਨ ਦੇ ਨਾਲ ਨਾਲ ਮਨੁੱਖੀ ਜ਼ਿੰਦਗੀ ਦੀ ਤਲਖ਼ ਹਕੀਕਤ ਇਹ ਵੀ ਹੈ ਕਿ ਜਦੋਂ ਮਨੁੱਖ ਨੂੰ ਉਸਦੇ ਅਧਿਕਾਰਾਂ ਤੋਂ ਵਾਂਝਾ ਕਰ ਦਿੱਤਾ ਜਾਵੇ, ਉਸਦੇ ਚਰਿੱਤਰ ਉੱਤੇ ਉਂਗਲੀਆਂ ਉਠਾਈਆਂ ਜਾਣ ਅਤੇ ਉਸਦੇ ਸਨਮਾਨ ਨੂੰ ਆਂਚ ਆਉਂਦੀ ਹੋਵੇ ਤਾਂ ਇਹੋ ਜਿਹੇ ਹਾਲਾਤ ਨੂੰ ਅਨੁਭਵ ਕਰਦਿਆਂ ਚੁੱਪ ਰਹਿਣਾ ਤੇ ਉਨ੍ਹਾਂ ਨੂੰ ਚੁਣੌਤੀ ਸਮਝ ਕੇ ਉਨ੍ਹਾਂ ਦੇ ਵਿਰੁੱਧ ਖੜ੍ਹੇ ਨਾ ਹੋਣਾ ਅਤੇ ਲੜਾਈ ਨਾ ਲੜਨਾ ਵੀ ਕਾਇਰਤਾ ਹੀ ਹੁੰਦੀ ਹੈ। ਮਰਹੂਮ ਰਾਸ਼ਟਰਪਤੀ ਡਾਕਟਰ ਏ.ਪੀ.ਜੇ ਅਬਦੁਲ ਕਲਾਮ ਦਾ ਕਹਿਣਾ ਸੀ ਕਿ ਕਛੂਏ ਦਾ ਖ਼ਰਗੋਸ਼ ਨੂੰ ਦੌੜ ਵਿੱਚ ਹਰਾਉਣਾ ਸਮਝਾਉਣ ਲਈ ਇੱਕ ਸਿੱਖਿਆ ਤਾਂ ਹੋ ਸਕਦੀ ਹੈ ਪਰ ਜ਼ਿੰਦਗੀ ਦੀ ਹਕੀਕਤ ਨਹੀਂ ਹੈ। ਪਾਂਡਵਾਂ ਨੇ ਕੌਰਵਾਂ ਤੋਂ ਪੰਜ ਪਿੰਡ ਮੰਗ ਕੇ ਵੀ ਲੜਾਈ ਨੂੰ ਟਾਲਣ ਦਾ ਯਤਨ ਕੀਤਾ ਪਰ ਰਾਜਾ ਧ੍ਰਿਤਰਾਸ਼ਟਰ ਵੱਲੋਂ ਪੰਜ ਪਿੰਡ ਦੇਣ ਤੋਂ ਨਾਂਹ ਕਰਨ ਦੇ ਬਾਵਜੂਦ ਵੀ ਪਾਂਡਵ ਜੇਕਰ ਆਪਣੇ ਅਧਿਕਾਰ ਲਈ ਲੜਾਈ ਨਾ ਲੜਦੇ ਤਾਂ ਉਨ੍ਹਾਂ ਨੇ ਜੋਧੇ ਕਹਾਉਣ ਦੇ ਬਜਾਏ ਕਾਇਰ ਕਹਾਉਣਾ ਸੀ। ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨੇ ਮਜ਼ਾਕ ਦੇ ਪਾਤਰ ਬਣ ਜਾਣਾ ਸੀ। ਅਧਿਕਾਰ ਹੀ ਮਨੁੱਖ ਨੂੰ ਅਹੁਦੇ, ਗੱਦੀ, ਰਾਜ, ਮਾਨ ਸਨਮਾਨ ਅਤੇ ਸ਼ਾਨ ਪ੍ਰਦਾਨ ਕਰਦੇ ਹਨ। ਅਧਿਕਾਰਾਂ ਲਈ ਮਨੁੱਖ ਹੀ ਨਹੀਂ ਸਗੋਂ ਜਾਨਵਰ ਵੀ ਆਪਸ ਵਿੱਚ ਲੜਾਈ ਲੜਦੇ ਹਨ।
ਜਦੋਂ ਅਧਿਕਾਰ ਦਿੱਤੇ ਨਹੀਂ ਜਾਂਦੇ ਤਾਂ ਸਰਕਾਰਾਂ, ਕਾਰਖਾਨੇਦਾਰਾਂ ਤੋਂ ਆਪਣੇ ਅਧਿਕਾਰਾਂ ਦੀ ਮੰਗਾਂ ਲਈ ਮੁਲਾਜ਼ਮਾਂ ਅਤੇ ਕਿਸਾਨਾਂ ਦੇ ਸੰਘਰਸ਼, ਭੁੱਖ ਹੜਤਾਲਾਂ ਅਤੇ ਮਰਨ ਵਰਤ ਚੱਲਦੇ ਰਹਿੰਦੇ ਹਨ। ਚਰਿੱਤਰ ਮਨੁੱਖੀ ਜ਼ਿੰਦਗੀ ਦਾ ਬਹੁਤ ਵੱਡਾ ਸਰਮਾਇਆ ਹੁੰਦਾ ਹੈ। ਚਰਿੱਤਰ ਦੇ ਮਹੱਤਵ ਨੂੰ ਪ੍ਰਗਟਾਉਂਦਾ ਇਹ ਕਥਨ ਕਿ ਧਨ ਮੁੜ ਹਾਸਲ ਹੋ ਸਕਦਾ ਹੈ ਪਰ ਚਰਿੱਤਰ ਉੱਤੇ ਇੱਕ ਵਾਰ ਉਂਗਲ ਉੱਠਣ ’ਤੇ ਮਨੁੱਖ ਆਪਣੀ ਇੱਜ਼ਤ ਮੁੜ ਨਹੀਂ ਬਣਾ ਸਕਦਾ। ਕਈ ਵਾਰ ਮਨੁੱਖ ਨੂੰ ਅੱਗੇ ਵਧਦਿਆਂ ਵੇਖ ਲੋਕ ਉਸ ਨੂੰ ਬਦਨਾਮ ਕਰਨ ਵਾਸਤੇ ਉਸਦੇ ਚਰਿੱਤਰ ਉੱਤੇ ਤੋਹਮਤਾਂ ਲਗਾਉਣ ਲੱਗ ਪੈਂਦੇ ਹਨ। ਅਜਿਹੀ ਸਥਿਤੀ ਵਿੱਚ ਨਿਰਦੋਸ਼ ਹੁੰਦੇ ਹੋਏ ਆਪਣੇ ਚਰਿੱਤਰ ਉੱਤੇ ਤੋਹਮਤ ਲਗਾਉਣ ਵਾਲਿਆਂ ਵਿਰੁੱਧ ਖੜ੍ਹੇ ਨਾ ਹੋਣਾ ਅਤੇ ਉਨ੍ਹਾਂ ਨੂੰ ਜਵਾਬ ਨਾ ਦੇਣਾ, ਉਨ੍ਹਾਂ ਤੋਹਮਤਾਂ ਨਾਲ ਸਹਿਮਤ ਹੋਣਾ ਹੁੰਦਾ ਹੈ। ਜਿਹੜੇ ਲੋਕ ਚਰਿੱਤਰ ਉੱਤੇ ਤੋਹਮਤ ਲੱਗਣ ਸਮੇਂ ਇਹ ਤਰਕ ਦਿੰਦੇ ਹਨ ਕਿ ਰੱਬ ਤੋਹਮਤਾਂ ਲਗਾਉਣ ਵਾਲੇ ਨੂੰ ਆਪਣੇ ਆਪ ਜਵਾਬ ਦੇਵੇਗਾ, ਲੋਕਾਂ ਦਾ ਕੀ ਹੈ, ਲੋਕਾਂ ਦਾ ਕੰਮ ਬੋਲਣਾ ਹੀ ਹੁੰਦਾ ਹੈ, ਚੁੱਪ ਰਹਿਣਾ ਹੀ ਠੀਕ ਹੁੰਦਾ ਹੈ, ਇਹ ਸਾਰਾ ਕੁਝ ਮਨ ਨੂੰ ਸਮਝਾਉਣ ਅਤੇ ਚੁਣੌਤੀ ਤੋਂ ਪਿੱਛਾ ਛਡਾਉਣ ਦੀ ਗੱਲ ਹੁੰਦੀ ਹੈ। ਰੋਜ਼ਮਰ੍ਹਾ ਦੀ ਮਨੁੱਖੀ ਜ਼ਿੰਦਗੀ ਵਿੱਚ ਰਿਸ਼ਵਤਖੋਰਾਂ, ਚੁਗਲਖੋਰਾਂ, ਕੰਮਚੋਰਾਂ, ਲੁਟੇਰਿਆਂ, ਸ਼ੋਸ਼ਣ ਕਰਨ ਵਾਲਿਆਂ, ਦੋਗਲਿਆਂ ਅਤੇ ਚਾਪਲੂਸਾਂ ਵੱਲੋਂ ਅਜਿਹੀਆਂ ਤੋਹਮਤਾਂ ਆਪਣੇ ਵਿਰੋਧੀਆਂ ਉੱਤੇ ਲਗਾਉਣਾ ਆਮ ਜਿਹੀ ਗੱਲ ਬਣ ਚੁੱਕੀ ਹੈ। ਕਈ ਵਾਰ ਲੋਕ ਆਪਣਾ ਮਤਲਬ ਕੱਢਣ ਲਈ ਵੀ ਦੂਜੇ ਉੱਤੇ ਅਜਿਹੀਆਂ ਤੋਹਮਤਾਂ ਲਗਾਉਂਦੇ ਰਹਿੰਦੇ ਹਨ। ਅਜਿਹੇ ਹਾਲਾਤ ਵਿੱਚ ਆਪਣੇ ਸਵੈਮਾਣ ਨੂੰ ਕਾਇਮ ਰੱਖਣ ਲਈ ਚੁੱਪ ਰਹਿਣ ਦੀ ਬਜਾਏ ਜਵਾਬ ਦੇਣਾ ਮਨੁੱਖ ਦਾ ਇਖਲਾਕੀ ਫਰਜ਼ ਬਣ ਜਾਂਦਾ ਹੈ।
ਸਨਮਾਨ ਦੇਣਾ ਅਤੇ ਦੂਜਿਆਂ ਤੋਂ ਸਨਮਾਨ ਲੈਣ ਦੀ ਇੱਛਾ ਰੱਖਣਾ ਸਮਝਦਾਰ, ਦੂਰ ਅੰਦੇਸ਼, ਜ਼ਿੰਦਗੀ ਜਿਊਣ ਦੇ ਅਰਥਾਂ ਨੂੰ ਸਮਝਣ ਵਾਲੇ ਅਤੇ ਚੰਗੇ ਸੁਭਾਅ ਵਾਲੇ ਦਿਆਨਤਦਾਰ ਸੱਜਣ ਲੋਕਾਂ ਦੀ ਸ਼ਖਸੀਅਤ ਦਾ ਹਿੱਸਾ ਹੁੰਦਾ ਹੈ। ਪ੍ਰਸਿੱਧ ਵਾਰਤਕ ਲੇਖਕ ਨਰਿੰਦਰ ਸਿੰਘ ਕਪੂਰ ਦਾ ਕਹਿਣਾ ਹੈ ਕਿ ਸਨਮਾਨ ਦੇ ਬਦਲੇ ਦੂਜੇ ਨੂੰ ਵੱਧ ਤੋਂ ਵੱਧ ਸਨਮਾਨ ਦਿਓ ਪਰ ਅਪਮਾਨ ਨੂੰ ਸਹਿ ਕੇ ਦੁੱਖ ਕਦੇ ਵੀ ਨਾ ਕੱਟੋ। ਜਦੋਂ ਤਕ ਤੁਸੀਂ ਅਪਮਾਨ ਸਹਿਣਾ ਨਹੀਂ ਛੱਡੋਗੇ, ਉਦੋਂ ਤਕ ਲੋਕ ਤੁਹਾਨੂੰ ਸਨਮਾਨ ਨਹੀਂ ਦੇਣਗੇ। ਦੂਜਿਆਂ ਤੋਂ ਸਨਮਾਨ ਲੈਣ ਲਈ ਉਨ੍ਹਾਂ ਨੂੰ ਸਨਮਾਨ ਦੇਣ ਦਾ ਗੁਣ ਕਦੇ ਨਾ ਛੱਡੋ ਅਤੇ ਛੋਟੇ ਛੋਟੇ ਆਪਣੇ ਹਿਤਾਂ ਲਈ ਕਦੇ ਵੀ ਆਪਣੇ ਸਨਮਾਨ ਨਾਲ ਸਮਝੌਤਾ ਨਾ ਕਰੋ। ਸਨਮਾਨ ਨਾਲ ਹੋਈਆਂ ਹਾਰਾਂ ਅਪਮਾਨ ਨਾਲ ਹੋਈਆਂ ਜਿੱਤਾਂ ਨਾਲੋਂ ਜ਼ਿਆਦਾ ਮਹੱਤਵਪੂਰਨ ਹੁੰਦੀਆਂ ਹਨ। ਜਿਹੜੇ ਲੋਕ ਆਪਣੇ ਅਧਿਕਾਰਾਂ, ਚਰਿੱਤਰ ਅਤੇ ਸਨਮਾਨ ਲਈ ਚੁਣੌਤੀਆਂ ਨੂੰ ਕਬੂਲ ਕਰਦੇ ਹਨ, ਲੋਕ ਉਨ੍ਹਾਂ ਦੇ ਕਿਰਦਾਰ ਦੀ ਕਦਰ ਉਨ੍ਹਾਂ ਦੇ ਸੰਸਾਰ ਤੋਂ ਤੁਰ ਜਾਣ ਤੋਂ ਬਾਅਦ ਵੀ ਕਰਦੇ ਹਨ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)